ਮੰਡਿਆਣੀ (ਲੁਧਿਆਣਾ): 9 ਮਈ 2024 : ਵੋਟਾਂ ਦੀ ਜੰਗ ਬਹੁਤ ਐਸੇ ਮੌਕੇ ਆਉਂਦੇ ਹਨ ਜਦੋਂ ਵੋਟਾਂ ਦੀ ਗਿਣਤੀ ਦੌਰਨ ਅੱਗੇ ਚਲਦਾ ਕੋਈ ਉਮੀਦਵਾਰ ਅਖੀਰ ਚ ਹਾਰ ਜਾਵੇ ਜਾਂ ਕਿਸੇ ਹੋਰ ਕਾਰਨ ਕਰਕੇ ਜਿੱਤ ਜਾਵੇ ਜਾਂ ਕਿਸੇ ਹੋਰ ਵਜਾਹ ਕਰਕੇ ਚੋਣ ਮੁਹਿੰਮ ਉੱਖੜਨ ਜਾਵੇ ਤੇ ਜਿੱਤ ਹਾਰ ਦਾ ਰਿਜ਼ਲਟ ਹੀ ਉਮੀਦ ਤੋਂ ਉਲਟ ਚੱਲਿਆ ਜਾਵੇ।ਇਹ ਸੁਨਣ ਚ ਨਹੀਂ ਆਇਆ ਕਿ ਕਿਸੇ ਸਿਆਸਤਦਾਨ ਦੀਆਂ ਵੋਟਾਂ ਗਿਣਤੀ ਦੌਰਾਨ ਵੱਧ ਨਿਕਲੀਆਂ ਹੋਣ ਦੇ ਬਾਵਜੂਦ ਉਹਨੂੰ ਜਿੱਤ ਨਸੀਬ ਨਾ ਹੋਵੇ।ਤੇ ਕਿਸੇ ਇਲੈਕਸ਼ਨ ਚ ਉਸੇ ਸਿਆਸਤਦਾਨ ਦੀ ਸਾਹਮਣੇ ਆ ਖੜੀ ਹਾਰ ਨੂੰ ਉਹਦੀ ਕਿਸਮਤ ਕੁਝ ਹੀ ਮਿੰਟਾਂ ਪੁੱਠੇ ਪੈਰੀਂ ਮੋੜ ਦੇਵੇ।ਹਾਂ ਇਸ ਕਿਸਮ ਦੋਵੇਂ ਵਾਕਿਆਤ ਵਾਪਰੇ ਹਨ ਪੰਜਾਬ ਦੇ ਇੱਕ ਸਿਆਸਤਦਾਨ ਨਾਲ।ਆਓ ਦੇਖਦੇ ਹਾਂ ਕਿਵੇਂ ?
31 ਸਾਲ ਦੀ ਉਮਰ ਚ ਵਿਧਾਨ ਸਭਾ ਤੇ 35 ਸਾਲ ਦੀ ਉਮਰ ਵਿਚ ਹੀ ਲੋਕ ਸਭਾ ਦੀ ਮੈਂਬਰੀ ਜਿੱਤਣ ਵਾਲੇ ਤੇ 40 ਸਾਲ ਦੀ ਛੋਟੀ ਜਿਹੀ ਉਮਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਨੂੰ ਹੱਥ ਪਾਉਣ ਵਾਲੇ ਮਹਿੰਦਰ ਸਿੰਘ ਗਿੱਲ ਨਾਲ ਪੇਸ਼ ਆਏ ਸੀ ਜਿੱਤ ਕੇ ਹਾਰਨ ਤੇ ਸਾਹਮਣੇ ਦਿਸਦੀ ਹਾਰ ਜਿੱਤ ਚ ਬਦਲਨ ਵਾਲੇ ਅਜਿਹੇ ਦੋ ਵਾਅਕੇ।ਚੰਡੀਗੜ ਚ 17 ਨਵੰਬਰ 2020 ਨੂੰ 84 ਸਾਲ ਦੀ ਉਮਰੇ ਫੌਤ ਹੋਏ ਗਿੱਲ ਸਾਹਿਬ ਯਕ-ਲਖਤ ਹੀ ਸਿਆਸੀ ਝੜਾਈ ਕਰਨ ਤੋਂ ਬਾਅਦ 41 ਸਾਲ ਦੀ ਉਮਰ ਵਿਚ ਹੀ ਸਿਆਸੀ ਮੰਜ਼ਰ 'ਚੋਂ ਗਾਇਬ ਹੋ ਗਏ ਸਨ। 24 ਸਾਲ ਦਾ ਸਿਆਸੀ ਬਨਵਾਸ ਕੱਟਣ ਤੋਂ ਬਾਅਦ ਉਹਨਾਂ ਨੂੰ 1992 ਵਿਚ ਜਾ ਕੇ ਮੁੜ ਸਿਆਸੀ ਪਿੜ ਚ ਪੈਰ ਧਰਨਾ ਨਸੀਬ ਹੋਇਆ।ਉਹਨਾਂ ਦਾ ਪੰਜਾਬ ਦੀ ਸਿਆਸਤ ਵਿਚੋਂ ਆਉਟ ਹੋਣ ਤੇ ਮੁੜ ਪ੍ਰਗਟ ਹੋਣ ਦਾ ਕਿੱਸਾ ਵੀ ਕਾਫੀ ਦਿਲਚਸਪ ਹੈ।
20 ਸਤੰਬਰ 1936 'ਚ ਪੈਦਾ ਹੋਏ ਮਹਿੰਦਰ ਸਿੰਘ ਗਿੱਲ 1967 ਚ ਫ਼ਿਰੋਜ਼ਪੁਰ ਛਾਉਣੀ ਤੋਂ ਐਮ ਐਲ ਏ ਤੇ 1971 ਚ ਲੋਕ ਸਭਾ ਦੀ ਆਮ ਚੋਣ ਮੌਕੇ ਆਕਲੀ ਦਲ ਦੇ ਸਿਟਿੰਗ ਮੈਂਬਰ ਸ੍ਰ: ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੂੰ ਫ਼ਿਰੋਜ਼ਪੁਰ ਹਲਕੇ ਤੋਂ ਹਰਾ ਕੇ ਐਮ.ਪੀ ਬਣੇ।ਉਦੋਂ ਮੈਡਮ ਇੰਦਰਾ ਗਾਂਧੀ ਭਰਦਾਨ ਮੰਤਰੀ ਸਨ ਤੇ ਉਹਨਾਂ ਨੇ 1975 ਵਿਚ ਦੇਸ਼ 'ਚ ਐਮਰਜੈਂਸੀ ਲਾ ਕੇ ਅਥਾਹ ਤਾਕਤ ਆਪਦੇ ਹੱਥ 'ਚ ਕਰ ਲਈ ਸੀ। ਸ੍ਰੀਮਤੀ ਗਾਂਧੀ ਦਾ ਛੋਟਾ ਪੁੱਤਰ ਸੰਜੇ ਗਾਂਧੀ ਭਾਂਵੇ ਕੋਈ ਐਮ.ਐਲ.ਏ ਜਾਂ ਐਮ ਪੀ ਨਹੀਂ ਸੀ ਬਣਿਆ ਪਰ ਭਰਦਾਨ ਮੰਤਰੀ ਨੇ ਉਹਨੂੰ ਆਪਦਾ ਸਿਆਸੀ ਵਾਰਸ ਬਣਾਉਣ ਦੀ ਗਰਜ਼ ਨਾਲ ਭਰਦਾਨ ਮੰਤਰੀ ਅਤੇ ਕਾਂਗਰਸ ਭਰਦਾਨ ਦੀ ਪੂਰੀ ਤਾਕਤ ਇਸਤੇਮਾਲ ਕਰਨ ਦੀ ਸੰਜੇ ਗਾਂਧੀ ਨੂੰ ਛੁੱਟੀ ਦਿੱਤੀ ਹੋਈ ਸੀ।ਪੰਜਾਬ ਪ੍ਰਦੇਸ਼ ਕਾਂਗਰਸ ਦੇ ਭਰਦਾਨ ਸ੍ਰ: ਨਿਰੰਜਣ ਸਿੰਘ ਤਾਲਿਬ ਦੀ 1976 'ਚ ਫੌਤਗੀ ਤੋਂ ਬਾਅਦ ਸੰਜੇ ਗਾਂਧੀ ਦੀ ਮਨਸ਼ਾ ਮੁਤਾਬਿਕ ਮਹਿੰਦਰ ਸਿੰਘ ਗਿੱਲ ਨੂੰ ਪੰਜਾਬ ਕਾਂਗਰਸ ਦਾ ਭਰਦਾਨ ਥਾਪਿਆ ਗਿਆ। ਉਨੀਂ ਦਿਨੀਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ। ਆਮ ਤੌਰ 'ਤੇ ਮੁੱਖ ਮੰਤਰੀ ਕੋਲ ਹੀ ਸੱਤਾ ਦਾ ਚਾਬੁਕ ਹੁੰਦਾ ਹੈ ਪਰ ਸੰਜੇ ਗਾਂਧੀ ਦੀ ਸਰਪ੍ਰਸਤੀ ਕਰਕੇ ਮਹਿੰਦਰ ਸਿੰਘ ਗਿੱਲ ਦੀ ਵੱਧ ਚੜ੍ਹਤ ਸੀ।
ਇਸ ਗੱਲ ਦਾ ਜਾਹਿਰਾ ਸਬੂਤ 1 ਅਪ੍ਰੈਲ 1976 ਨੂੰ ਜੱਗ ਜਾਹਿਰ ਹੋਇਆ। ਇਸ ਦਿਨ ਸੰਜੇ ਗਾਂਧੀ ਨੇ ਪੰਜਾਬ ਦਾ ਦੌਰਾ ਕੀਤਾ। ਲੁਦੇਹਾਣੇ ਤੋਂ ਲੈ ਕੇ ਫਿਰੋਜਪੁਰ ਜਿਲ੍ਹੇ ਦੇ ਫੇਰੂ ਸ਼ਹਿਰ ਤੱਕ ਉਹਨਾਂ ਨੇ ਲਗਭਗ 100 ਕਿਲੋਮੀਟਰ ਦਾ ਸਫਰ ਖੁੱਲ੍ਹੀ ਗੱਡੀ ਵਿਚ ਕੀਤਾ।ਇਹ ਸਿਰਫ਼ ਸਫ਼ਰ ਹੀ ਨਹੀਂ ਸੀ ਬਲਕਿ ਇੱਕ ਜਲੂਸ ਸੀ ਜੀਹਦੇ ਵਿਚ ਸੰਜੇ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਖੁੱਲਾ ਇਸ਼ਾਰਾ ਕੀਤਾ ਕਿ ਮੇਰੀਆਂ ਨਜ਼ਰਾਂ ਵਿਚ ਮਹਿੰਦਰ ਸਿੰਘ ਗਿੱਲ ਦੀ ਅਹਮਿਅਤ ਮੁੱਖ ਮੰਤਰੀ ਜੈਲ ਸਿੰਘ ਤੋਂ ਵੱਧ ਹੈ। ਜਲੂਸ ਦੀ ਸੱਭ ਤੋਂ ਮੁਹਰਲੀ ਖੁੱਲ੍ਹੀ ਗੱਡੀ ਵਿਚ ਸੰਜੇ ਗਾਂਧੀ ਖੜ੍ਹਾ ਸੀ ਤੇ ਉਹਦੇ ਨਾਲ ਮਹਿੰਦਰ ਸਿੰਘ ਗਿੱਲ ਖੜ੍ਹਾ ਸੀ।ਮੁੱਖ ਮੰਤਰੀ ਜੈਲ ਸਿੰਘ ਦਾ ਮਗਰਲੀ ਗੱਡੀ ਵਿਚ ਹੋਣਾ ਇਸ ਗੱਲ ਦੀ ਕਸਰ ਬਾਕੀ ਨਹੀਂ ਸੀ ਛੱਡ ਰਿਹਾ ਕਿ ਕਿ ਪਾਰਟੀ ਹਾਈ ਕਮਾਂਡ ਦੀਆਂ ਨਜ਼ਰਾਂ 'ਚ ਮਹਿੰਦਰ ਸਿੰਘ ਗਿੱਲ ਮੁੱਖ ਮੰਤਰੀ ਨਾਲੋਂ ਉੱਤੇ ਹੈ। ਇੱਥੇ ਜਿਕਰਯੋਗ ਹੈ ਕਿ ਉਹਨਾਂ ਦਿਨਾਂ ਵਿਚ ਸੰਜੇ ਗਾਂਧੀ ਹੀ ਸਰਕਾਰ ਅਤੇ ਪਾਰਟੀ ਵਿਚ ਆਲ-ਇਨ-ਆਲ ਸੀ। ਲੁਦੇਹਾਣਾ-ਫਿਰੋਜਪੁਰ ਰੋਡ ਤੇ ਜੌੜੀਆਂ ਨਹਿਰਾਂ ਕੋਲ ਫਿਰੋਜਸ਼ਾਹ ਦੇ ਮੁਕਾਮ ਤੇ ਸੰਜੇ ਗਾਂਧੀ ਨੇ ਐਂਗਲੋਂ ਸਿੱਖ ਵਾਰ ਮਿਊਜੀਅਮ ਦਾ ਉਦਘਾਟਨ ਕੀਤਾ ਸੀ।ਜੋ ਕਿ ਮਹਿੰਦਰ ਸਿੰਘ ਗਿੱਲ ਦੇ ਲੋਕ ਸਭਾ ਹਲਕੇ 'ਚ ਪੈਂਦਾ ਸੀ।ਇਹ ਤੋਂ ਅਗਾਂਹ ਸੰਜੇ ਗਾਂਧੀ ਨੇ ਅੰਮ੍ਰਿਤਸਰ ਤੱਕ ਵੀ ਇਵੇਂ ਹੀ ਜਲੂਸ ਕੱਢਿਆ ਸੀ।ਇਹ ਦਿਨ ਮਹਿੰਦਰ ਸਿੰਘ ਗਿੱਲ ਦੇ ਸਿਆਸੀ ਜੀਵਨ ਦੀ ਸਿਖਰ ਦਪੈਹਰ ਹੋ ਨਿਬੜਿਆ ।
16 ਮਾਰਚ 1977 'ਚ ਨੂੰ ਹੋਈ ਲੋਕ ਸਭਾ ਇਲੈਕਸ਼ਨ ਵਿਚ ਮਹਿੰਦਰ ਸਿੰਘ ਗਿੱਲ ਮੁੜ ਫਿਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਣੇ। ਇਸ ਚੋਣ ਵਿਚ ਕਾਂਗਰਸ ਦੀ ਹਮਾਇਤ ਕਰਨ ਵਾਲੀ ਸੀ.ਪੀ.ਆਈ ਨੇ ਵੀ ਮਹਿੰਦਰ ਸਿੰਘ ਗਿੱਲ ਦੇ ਖਿਲਾਫ ਆਪਦਾ ਸੂਬਾਈ ਭਰਦਾਨ (ਸੂਬਾ ਸੈਕਟਰੀ) ਅਵਤਾਰ ਸਿੰਘ ਮਲਹੋਤਰਾ ਨੂੰ ਗਿੱਲ ਦੀਆਂ ਵੋਟਾਂ ਤੋੜਨ ਖਾਤਰ ਖੜ੍ਹਾ ਕੀਤਾ ਜੋ ਕਿ 50 ਹਜਾਰ ਵੋਟਾਂ ਤੋੜ ਗਿਆ। ਸੀ.ਪੀ.ਆਈ ਨੇ ਆਲ-ਇੰਡੀਆ ਪੱਧਰ ਤੇ ਕਾਂਗਰਸ ਨਾਲ ਰਲ ਕੇ ਚੋਣ ਲੜੀ ਸੀ ਪਰ ਕਈ ਥਾਂਵਾ ਤੇ ਸੰਜੇ ਗਾਂਧੀ ਦੇ ਉਮੀਦਵਾਰਾਂ ਦੀ ਮੁਖਾਲਫਤ ਕਰਨ ਬਹਾਨੇ ਆਪਦੇ ਬੰਦੇ ਖੜ੍ਹੇ ਕੀਤੇ ਸੀ। ਇਹ ਵੀ ਸੁਣਨ 'ਚ ਆਉਂਦਾ ਸੀ ਅਵਤਾਰ ਸਿੰਘ ਮਲਹੋਤਰਾ ਨੂੰ ਮੁੱਖ ਮੰਤਰੀ ਜੈਲ ਸਿੰਘ ਦੀ ਹਲਾ ਸ਼ੇਰੀ ਸੀ। ਇਸ ਸਭ ਕਾਸੇ ਦੇ ਬਾਵਜੂਦ ਵੀ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਸਾਈਂਆਵਾਲੇ ਨਾਲੋਂ ਵੱਧ ਨਿਕਲੀਆਂ ਸੀ ਪਰ ਸ੍ਰ: ਗਿੱਲ ਨੂੰ ਧੱਕੇ ਨਾਲ ਹਰਾਇਆ ਗਿਆ। ਗਿਣਤੀ ਮੌਕੇ ਆਕਲੀ ਦਲ ਦੇ ਤੇਜ ਤਰਾਰ ਖਰਾਂਟ ਆਗੂ ਤੇ ਸ੍ਰ: ਗਿੱਲ ਹੱਥੋਂ ਪਿਛਲੀ ਚੋਣ ਹਾਰ ਚੁੱਕੇ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੇ ਵੀ ਗਿਣਤੀ ਕੇਂਦਰਾਂ ਤੇ ਪਹੁੰਚ ਕੇ ਗਿੱਲ ਨੂੰ ਹਰਾਉਣ 'ਚ ਵੀ ਆਪਦਾ ਰੋਲ ਨਿਭਾਇਆ ਸੁਣਦੇ ਹੁੰਦੇ ਸੀ। ਵੋਟਾਂ ਦੀ ਗਿਣਤੀ 20 ਮਾਰਚ 1977 ਨੂੰ 9 ਕੇਂਦਰਾਂ ਤੇ ਸ਼ੁਰੂ ਹੋਈ।ਲੋਕ ਸਭਾ ਹਲਕੇ ਵਿਚ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਹੋਈ ਗਿਣਤੀ ਵਿਚ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਵਿਚ ਆਪਦੇ ਨੇੜਲੇ ਵਿਰੋਧੀ ਤੋਂ 1900 ਵੱਧ ਨਿਕਲੀਆਂ। 21 ਮਾਰਚ ਦੁਪਹਿਰ ਤਿੰਨ ਵਜੇ ਡਾਕ ਰਾਂਹੀ ਆਇਆਂ 769 ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ-ਕਮ ਡੀ.ਸੀ ਫਿਰੋਜਪੁਰ ਦੇ ਦਫ਼ਤਰ ਵਿਚ ਸ਼ੁਰੂ ਹੋਈ ਤਾਂ ਅਚਾਨਕ ਹੀ ਇੱਕ ਵੱਡੀ ਭੀੜ ਨੇ ਅੰਦਰ ਜਾ ਕੇ ਖਰੂਦ ਪਾ ਦਿੱਤਾ। ਦਫ਼ਤਰ ਦੀ ਭੰਨ ਤੋੜ ਕੀਤੀ ਚੋਣ ਅਮਲਾ ਕੁੱਟਿਆ ਤੇ ਡਾਕ ਰਾਂਹੀ ਆਏ ਬੈਲਟ ਪੇਪਰ ਪਾੜ ਦਿੱਤੇ। ਪੁਲਿਸ ਨੇ ਭੀੜ ਨੂੰ ਰੋਕਣ ਖਾਤਰ ਕੋਈ ਖਾਸ ਤਰੱਦਦ ਨਾ ਕੀਤਾ।ਗਿੱਲ ਦੀ ਮੁੱਖ ਮੰਤਰੀ ਨਾਲ ਵਿਗੜੀ ਹੋਣ ਦਾ ਪੂਰਾ ਅਸਰ ਦਿਖਾਈ ਦੇ ਰਿਹਾ ਸੀ। ਇਹੀ ਕੁਝ ਫਾਜਿਲਕਾ ਵਿਚ ਹੋਇਆ।ਫਾਜਿਲਕਾ ਵਿਧਾਨ ਸਭਾ ਹਲਕੇ ਵਿਚ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਬੈਲਟ ਬਾਕਸ ਸਟਰੌਂਗ ਵਿਚ ਜਮਾ ਕਰਾ ਦਿੱਤੇ ਗਏ ਸਨ ਤੇ ਮਹਿੰਦਰ ਸਿੰਘ ਗਿੱਲ ਦੀਆਂ ਇੱਥੋਂ ਕਾਫੀ ਵੋਟਾਂ ਵਧ ਗਈਆਂ ਸੀ।ਭੀੜ ਨੇ ਸਟਰੌਂਗ ਰੂਮ ਤੇ ਜਾ ਕੇ ਹਮਲਾ ਕੀਤਾ ਤੇ ਸਟਰੌਂਗ ਰੂਮ ਵਿਚ ਅੱਗ ਲਾ ਦਿੱਤੀ।ਚੋਣ ਕਮਿਸ਼ਨ ਨੇ ਸਾਰੇ ਲੋਕ ਸਭਾ ਹਲਕੇ ਵਿਚ ਮੁੜ ਵੋਟਾਂ ਪਾਉਣ ਦਾ ਹੁਕਮ ਦੇ ਦਿੱਤਾ। ਸ੍ਰ: ਮਹਿੰਦਰ ਸਿੰਘ ਗਿੱਲ ਨੇ ਇਸ ਫੈਸਲੇ ਨੂੰ ਧੱਕਾ ਕਰਾਰ ਦਿੱਤਾ। ਉਹਨਾਂ ਦਾ ਤਰਕ ਸੀ ਕਿ ਲੋਕ ਸਭਾ ਹਲਕੇ 'ਚ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਪੁਰ ਅਮਨ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਆਪੋ ਆਪਣੇ ਵਿਧਾਨ ਸਭਾ ਹਲਕੇ ਦੀ ਰਿਜ਼ਲਟ ਸ਼ੀਟ ਰਟਿਰਨਿੰਗ ਅਫ਼ਸਰ ਕੋਲ ਜਮ੍ਹਾ ਜਦੋਂ ਕਰਵਾ ਦਿੱਤੀ ਸੀ ਤਾਂ ਉਸ ਤੋਂ ਮਗਰੋਂ ਹੋਈ ਗੜਬੜ ਵਾਲਾ ਬਹਾਨਾ ਬੇਤੁਕਾ ਹੈ। ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦਾ ਟੋਟਲ ਵੀ ਰਿਟਰਨਿੰਗ ਅਫਸਰ (ਡੀ.ਸੀ) ਨੇ ਕਰ ਲਿਆ ਸੀ ਜਿਸ ਮੁਤਾਬਿਕ ਸ੍ਰ: ਗਿੱਲ ਨੂੰ 1 ਲੱਖ 96 ਹਜਾਰ ਤੇ 16 ਵੋਟਾਂ ਜਦਕਿ ਅਕਾਲੀ ਉਮੀਦਵਾਰ ਨੂੰ 1 ਲੱਖ 94 ਹਜਾਰ ਤੇ 95 ਵੋਟਾਂ ਮਿਲੀਆਂ ਤਸਦੀਕ ਹੋਈਆਂ ਸਨ। ਜੇ ਸਾਰੇ ਦੇ ਸਾਰੇ 769 ਡਾਕ ਬੈਲਟ ਪੇਪਰ ਉਹਨਾਂ ਦੇ ਖਿਲਾਫ ਵੀ ਮੰਨ ਲਏ ਜਾਣ ਤਾਂ ਵੀ ਉਹ ਨਤੀਜੇ ਤੇ ਕੋਈ ਅਸਰ ਨਹੀਂ ਪਾ ਸਕਦੇ। ਫਾਜਿਲਕਾ ਹਲਕੇ ਦੀ ਜਦੋਂ ਰਿਜ਼ਲਟ ਸ਼ੀਟ ਰਿਟਰਨਿੰਗ ਅਫ਼ਸਰ ਕੋਲ ਪਹੁੰਚ ਚੁੱਕੀ ਹੈ ਤਾਂ ਬਾਅਦ ਵਿਚ ਬੈਲਟ ਬਕਸਿਆਂ ਨੂੰ ਅੱਗ ਲੱਗਣ ਦੇ ਕੋਈ ਮਾਈਨੇ ਨਹੀਂ ਰਹਿ ਜਾਂਦੇ। ਸੋ ਰਿਟਰਨਿੰਗ ਅਫ਼ਸਰ ਮੇਰੇ ਹੱਕ ਜਿੱਤ ਦਾ ਐਲਾਨ ਕਰਨਾ ਚਾਹੀਦਾ ਸੀ।ਇਸ ਰੋਸ ਵਜੋਂ ਸ੍ਰ: ਗਿੱਲ ਨੇ ਅਪ੍ਰੈਲ 1977 ਨੂੰ ਸਮੁੱਚੇ ਲੋਕ ਸਭਾ ਹਲਕੇ 'ਚ ਦੁਬਾਰਾ ਕਰਾਈ ਗਈ ਪੋਲਿੰਗ ਦਾ ਬਾਈਕਾਟ ਕੀਤਾ ਜੀਹਦੇ 'ਚ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਸਾਂਈਂਆਵਾਲਾ ਜੇਤੂ ਰਹੇ।
ਮਹਿੰਦਰ ਸਿੰਘ ਗਿੱਲ ਚੋਣ ਕਮਿਸਨ ਦੇ ਖਿਲਾਫ ਸੁਪਰੀਮ ਕੋਰਟ ਵਿਚ ਗਏ। ਸੁਪਰੀਮ ਕੋਰਟ ਨੇ ਸਮੁੱਚੇ ਲੋਕ ਸਭਾ ਹਲਕੇ 'ਚ ਦੁਬਾਰਾ ਹੋਈ ਮੁੜ ਪੋਲਿੰਗ ਨੂੰ ਰੱਦ ਕਰ ਦਿੱਤਾ । ਹੁਕਮ ਚ ਸੁਪਰੀਮ ਨੇ ਆਖਿਆ ਕਿ ਸਿਰਫ਼ ਫਾਜਿਲਕਾ ਵਿਧਾਨ ਸਭਾ ਹਲਕੇ ਵਿਚ ਦੁਬਾਰਾ ਪੋਲਿੰਗ ਕਰਾਈ ਜਾਵੇ। ਬਾਕੀ 8 ਵਿਧਾਨ ਸਭਾ ਹਲਕਿਆਂ ਦੀ ਗਿਣਤੀ 16 ਮਾਰਚ ਵਾਲੀ ਹੀ ਮੰਨੀ ਜਾਵੇ ਤੇ ਫਾਜਿਲਕਾ ਵਿਚ ਸਿਰਫ ਨਵੀਂ ਪੋਲਿੰਗ ਦੀ ਗਿਣਤੀ ਨੂੰ ਬਾਕੀ 8 ਹਲਕਿਆਂ ਦੀ ਪੁਰਾਣੀ ਗਿਣਤੀ ਵਿਚ ਜੋੜ ਕੇ ਰਿਜ਼ਲਟ ਐਲਾਨਿਆਂ ਜਾਵੇ।ਸੋ ਫਾਜਿਲਕਾ ਵਿਚ ਦੁਬਾਰਾ ਪੋਲਿੰਗ ਹੋਈ ਉਦੋਂ ਤੱਕ ਸਿਆਸੀ ਹਾਲਾਤ ਬਦਲ ਚੁੱਕੇ ਸਨ। ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ-ਜਨਤਾ ਪਾਰਟੀ ਦੀ ਸਰਕਾਰ ਕਾਇਮ ਹੋ ਚੁੱਕੀ ਸੀ ਤੇ ਹਰਿਆਣੇ ਵਿਚ ਵੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਸੀ ਜਿਸ ਵਿਚ ਬਿਸ਼ਨੋਈ ਬਿਰਾਦਰੀ ਨਾਲ ਸੰਬੰਧਿਤ ਭਜਨ ਲਾਲ ਸਹਿਕਾਰਤਾ ਮੰਤਰੀ ਸੀ। ਫਾਜਿਲਕਾ ਹਲਕੇ ਵਿਚ ਵੱਡੀ ਗਿਣਤੀ ਵਿਚ ਬਿਸ਼ਨੋਈ ਵੋਟਰ ਹੋਣ ਕਰਕੇ ਸਰਦਾਰ ਬਾਦਲ ਨੇ ਭਜਨ ਲਾਲ ਨੂੰ ਵੀ ਅਕਾਲੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਸੱਦਿਆ ਸੀ। ਸੋ ਇੱਥੋਂ ਮਹਿੰਦਰ ਸਿੰਘ ਗਿੱਲ ਦੀਆਂ ਵੋਟਾਂ ਬਹੁਤ ਘੱਟ ਗਈਆਂ। ਜਦੋਂ ਇਹਨਾਂ ਨੂੰ ਬਾਕੀ 8 ਵਿਧਾਨ ਸਭਾ ਹਲਕਿਆਂ ਦੀਆਂ ਪਹਿਲੀਆਂ ਵੋਟਾਂ ਨਾਲ ਜੋੜ ਕੇ ਦੇਖਇਆ ਗਿਆ ਤਾਂ ਕੁੱਲ ਮਿਲਾ ਕੇ ਗਿੱਲ ਦੀਆਂ ਵੋਟਾਂ ਘਟ ਗਈਆਂ ਤੇ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ।ਯਾਨੀ ਕਿ ਸ੍ਰ ਮਹਿੰਦਰ ਸਿੰਘ ਗਿੱਲ ਜਿੱਤੀ ਹੋਈ ਬਾਜ਼ੀ ਹਾਰ ਗਏ।ਇਹ ਸੀ ਉਹਨਾਂ ਦੀ ਜਿੱਤ ਦੇ ਹਾਰ ਚ ਬਦਲਨ ਦਾ ਕਿੱਸਾ।ਇਹਤੋਂ ਕਈ ਸਾਲ ਬਾਅਦ ਹੋਈ ਵੋਟਾਂ ਦੀ ਜੰਗ ਚ ਉੱਨਾਂ ਦੀ ਕਿਸਮਤ ਨੇ ਸਾਹਮਣੇ ਤੁਰੀ ਆਉਂਦੀ ਹਾਰ ਨੂੰ ਕੁਝ ਹੀ ਪਲਾਂ ਚ ਪੁੱਠੇ ਪੈਰੀਂ ਪਿੱਛੇ ਮੋੜਿਆ।
1977 'ਚ ਹੋਈ ਲੋਕ ਸਭਾ ਚੋਣ ਦੌਰਾਨ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਸਣੇ ਸਾਰੀ ਕਾਂਗਰਸ ਪਾਰਟੀ ਚੋਣ ਹਾਰ ਗਈ ਸੀ ਤੇ ਜਨਤਾ ਪਾਰਟੀ ਸਰਕਾਰ ਬਣ ਗਈ ਸੀ।ਅੰਮ੍ਰਿਤਸਰ ਤੋਂ ਲੈ ਕੇ ਕੱਲਕੱਤੇ ਤੱਕ ਕਾਂਗਰਸ ਨੂੰ ਇੱਕ ਵੀ ਸੀਟ ਹਾਸਲ ਨਹੀਂ ਸੀ ਹੋਈ, ਸੋ ਅਜਿਹੇ ਹਾਲਾਤਾਂ ਵਿਚ ਵੀ ਮਹਿੰਦਰ ਸਿੰਘ ਗਿੱਲ ਦਾ ਚੋਣ ਵਿਚ ਆਪਦੇ ਵਿਰੋਧੀ ਉਮੀਦਵਾਰ ਤੋਂ ਵੱਧ ਵੋਟਾਂ ਲੈ ਜਾਣਾ ਮਾਅਨੇ-ਖੇਜ ਹੈ। ਕਾਂਗਰਸ ਪਾਰਟੀ ਨੇ ਇਸ ਹਾਰ ਲਈ ਇੰਦਰਾ ਗਾਂਧੀ ਨੂੰ ਜੁੰਮੇਵਾਰ ਕਰਾਰ ਦੇ ਕੇ ਦਰ-ਕਿਨਾਰ ਕਰਨਾ ਸ਼ੁਰੂ ਕਰ ਦਿੱਤਾ। 1978 'ਚ ਇੰਦਰਾਂ ਗਾਂਧੀ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਇਹਦਾ ਨਾਂ ਕਾਂਗਰਸ (ਇੰਦਰਾ) ਰੱਖ ਲਿਆ।ਮਹਿੰਦਰ ਸਿੰਘ ਗਿੱਲ ਇੰਦਰਾ ਵਾਲੀ ਕਾਂਗਰਸ ਵਿਚ ਨਾ ਗਏ। ਇੰਦਰਾ ਕਾਂਗਰਸ ਦੀ ਚੜਤ ਹੋ ਗਈ ਤੇ ਉਹ 1980 'ਚ ਮੁੜ ਸੱਤਾ 'ਚ ਆ ਗਈ। ਮੇਨ ਕਾਂਗਰਸ ਸਿਆਸੀ ਤੌਰ 'ਤੇ ਖਤਮ ਹੋ ਗਈ ਤੇ ਨਤੀਜੇ ਵਜੋਂ ਮਹਿੰਦਰ ਸਿੰਘ ਗਿੱਲ ਵੀ ਸਿਆਸੀ ਤੌਰ 'ਤੇ ਲੋਪ ਹੋ ਗਏ। ਹੁਣ ਗੱਲ ਕਰੀਏ ਉਸ ਦਿਲਚਸਪ ਕਿੱਸੇ ਦੀ ਜਦੋਂ ਇੱਕ ਟੈਲੀਫੋਨ ਕਾਲ ਨੇ ਉਹਨਾਂ ਦਾ ਸਿਆਸੀ ਬਨਵਾਸ ਤੋੜਿਆ। ਇਹ ਗੱਲ 1992 ਦੀ ਹੈ ਜਦੋਂ ਪੰਜਾਬ ਵਿਚ ਬਾਈਕਾਟ ਵਾਲੀ ਵਿਧਾਨ ਸਭਾ ਚੋਣ ਹੋਈ। ਮਹਿੰਦਰ ਸਿੰਘ ਗਿੱਲ ਆਪਣੇ ਪੁਰਾਣੇ ਸਿਆਸੀ ਰਿਸ਼ਤਿਆ ਦੀ ਬਦੌਲਤ ਬਨੂੜ ਹਲਕੇ ਤੋਂ ਟਿਕਟ ਲੈ ਆਏ। ਉਸ ਮੌਕੇ ਖੜਕੂਵਾਦ ਦੀ ਵਜਾਹ ਕਰਕੇ ਹਰੇਕ ਬੰਦਾ ਚੋਣ ਲੜ੍ਹਨ ਤੋਂ ਡਰਦਾ ਸੀ। 1991 ਵਾਲੀ ਰੱਦ ਹੋਈ ਚੋਣ 'ਚ ਕਾਂਗਰਸ ਨੇ ਬਾਈਕਾਟ ਕੀਤਾ ਸੀ ਤੇ ਅਕਾਲੀ ਦਲ ਨੇ ਚੋਣ ਲੜੀ ਸੀ ਤੇ ਅਕਾਲੀ ਦਲ ਸਮੇਤ ਹੋਰ ਦਰਜਨਾਂ ਉਮੀਦਵਾਰਾਂ ਦਾ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ। ਐਤਕੀ ਅਕਾਲੀ ਦਲ ਦਾ ਬਾਈਕਾਟ ਸੀ ਤੇ ਕਾਂਗਰਸ ਚੋਣ ਲੜ ਰਹੀ ਸੀ।ਖਾੜਕੂਆਂ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਵੋਟਾਂ ਪਾਉਣ ਵਾਲੀਆਂ ਤੇ ਹਮਲਿਆਂ ਦੀ ਚੇਤਾਵਨੀ ਦਿੱਤੀ ਹੋਈ ਸੀ।
ਸੋ ਇਸ ਹਾਲਾਤ ਵਿਚ ਟਿਕਟ ਹਾਸਲ ਕਰਨ ਖਾਤਰ ਕੋਈ ਖਾਸ ਤਰੱਦਦ ਨਹੀਂ ਸੀ ਕਰਨਾ ਪਿਆ ਬਲਕਿ ਕਈ ਥਾਈ ਤਾਂ ਬਹੁਤ ਜੋਰ ਪਾਕੇ ਉਮੀਦਵਾਰਾਂ ਨੂੰ ਕਾਂਗਰਸ ਦਾ ਟਿਕਟ ਲੈਣ ਲਈ ਮਨਾਇਆ ਗਿਆ। ਸੋ ਇਸ ਹਾਲਾਤ 'ਚ ਟਿਕਟ ਤਾਂ ਸੁਖਾਲਾ ਮਿਲ ਗਿਆ ਪਰ ਅਗਾਂਹ ਦੀ ਰਾਹ ਮਹਿੰਦਰ ਸਿੰਘ ਗਿੱਲ ਵਾਸਤੇ ਔਖੀ ਸੀ।ਬਨੂੜ ਹਲਕਾ ਉਹਨਾਂ ਦੇ ਆਪਦੇ ਹਲਕੇ ਤੋਂ 250 ਕਿਲੋਮੀਟਰ ਦੂਰ ਪੰਜਾਬ ਦੇ ਦੂਜੇ ਸਿਰੇ ਤੇ ਪੈਂਦਾ ਹੋਣ ਕਰਕੇ ਉਹਨਾਂ ਦੀ ਨਾ ਕੋਈ ਜਾਣ ਪਛਾਣ ਤੇ ਨਾ ਕੋਈ ਰਿਸ਼ਤੇਦਾਰੀ ਸੀ। ਪਾਰਟੀ ਵੱਲੋਂ ਕੋਈ ਚੋਣ ਮੁਹਿੰਮ ਨਹੀਂ ਸੀ ਤੇ ਸਾਰਾ ਕੰਮ ਉਮੀਦਵਾਰਾਂ ਖੁਦ ਹੀ ਕਰਨਾ ਪੈਣਾ ਸੀ। ਟਿਕਟ ਲੈ ਕੇ ਚੰਡੀਗੜ੍ਹੋ ਹਲਕੇ ਵਿਚ ਵੜਨ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨੇ ਦੱਸ ਪਾਈ ਸੀ ਕਿ ਹਲਕੇ ਇੱਕ ਵੱਡੇ ਪਿੰਡ ਲਾਲੜੂ ਮੰਡੀ ਵਿਚ ਇੱਕ ਪੈਟਰੋਲ ਪੰਪ ਦਾ ਮਾਲਕ ਲਾਲਾ ਵਾਸਦੇਵ ਕਾਂਗਰਸੀ ਹੈਗਾ ਸੋ ਤੂੰ ਉਹਦੇ ਕੋਲ ਚਲਿਆ ਜਾਹ। ਸੋ ਉਹਨਾਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਇਓਂ ਸ਼ੁਰੂ ਹੋਈ।ਮੇਨ ਅਕਾਲ਼ੀ ਦਲ ਭਾਵੇ ਬਾਈਕਾਟ ਸੀ ਪਰ ਇੱਕ ਛੋਟਾ ਜਿਹਾ ਬਰਨਾਲਾ ਅਕਾਲੀ ਦਲ ਪੰਜਾਬ ਦੀਆਂ 5-7 ਸੀਟਾਂ ਤੇ ਚੋਣ ਲੜ ਰਿਹਾ ਸੀ। ਬਨੂੜ ਤੋਂ ਕੈਪਟਨ ਕੰਵਲਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਉਮੀਦਵਾਰ ਸਨ ਜੋ ਕਿ ਕਾਂਗਰਸ ਅਤੇ ਮਹਿੰਦਰ ਸਿੰਘ ਦੇ ਮੁੱਖ ਵਿਰੋਧੀ ਉਮੀਦਵਾਰ ਸਨ। ਖਾੜਕੂਆਂ ਦੀ ਦਹਿਸ਼ਤ ਕਰਕੇ ਪੋਲਿੰਗ ਦੀ ਫੀਸਦ ਨਾ ਮਾਤਰ ਹੋਣ ਦਾ ਅੰਦਾਜਾ ਸਰਕਾਰ ਨੂੰ ਸੀ।ਅਕਾਲੀ ਵੋਟਰਾਂ ਨੇ ਤਾਂ ਆਪਦੀ ਮਰਜੀ ਨਾਲ ਹੀ ਘਰੇ ਬੈਠਣਾਂ ਸੀ ਜਦਕਿ ਦੂਜੇ ਵੋਟਰਾਂ ਨੇ ਦਹਿਸ਼ਤ ਕਰਕੇ ਪੋਲਿੰਗ ਬੂਥਾਂ ਤੇ ਨਹੀਂ ਸੀ ਆਉਣਾ ਜੀਹਦੇ ਕਰਕੇ ਕੇਂਦਰ ਸਰਕਾਰ ਦੀ ਫਜੀਹਤ ਹੋਣੀ ਸੀ।ਪੋਲਿੰਗ ਦੀ ਗਿਣਤੀ ਵਧਾਉਣ ਲਈ ਚੋਣ ਅਮਲੇ ਨੂੰ ਹਦਾਇਤ ਸੀ ਕਿ ਜਿਹੜਾ ਮਰਜੀ ਵੋਟ ਪਾਉਣ ਆਵੇ ਤੁਸੀ ਉਹਨੂੰ ਰੋਕਣਾ ਟੋਕਣਾ ਨਹੀਂ ਤੇ ਨਾਂ ਹੀ ਉਸਦੀ ਸ਼ਨਾਖਤ ਪੁੱਛਣੀ ਹੈ, ਬਸ ਵੋਟ ਪਰਚੀ ਉਹਦੇ ਹੱਥ 'ਚ ਫੜਾ ਦੇਣੀ ਹੈ। ਮਹਿੰਦਰ ਸਿੰਘ ਗਿੱਲ ਆਪਦੀ ਜਿੱਤ ਬਾਬਤ ਇਸ ਅੰਦਾਜੇ ਕਰਕੇ ਆਸਵੰਦ ਸਨ ਕਿ ਅਕਾਲੀ ਵੋਟਰਾਂ ਨੇ ਤਾਂ ਘਰੋਂ ਵੋਟ ਪਾਉਣ ਨਿਕਲਣਾ ਨਹੀਂ ਜਿੰਨੀਆ ਕੁ ਵੋਟਾਂ ਪਈਆਂ ਉਹ ਕਾਂਗਰਸ ਦੀਆਂ ਹੀ ਹੋਣਗੀਆਂ। ਮਰਹੂਮ ਸ੍ਰ ਮਹਿੰਦਰ ਸਿੰਘ ਗਿੱਲ ਨੇ ਮੈਨੂੰ ਚੰਡੀਗੜ੍ਹ ਵਿਚਲੀ ਦੋ ਸੈਕਟਰ ਵਾਲੀ ਕੋਠੀ ਵਿਚ 1998 ਦੌਰਾਨ ਇਹ ਗੱਲ ਸੁਣਾਈ ਕੇ 1992 ਵਾਲੀ ਇਲੈਕਸ਼ਨ 'ਚ ਬਨੂੜ ਦੇ ਪੋਲਿੰਗ ਸਟੇਸ਼ਨ ਦੇ ਬਾਹਰ ਜਾ ਕੇ ਮੈਂ ਦੇਖਿਆ ਕਿ ਕੈਪਟਨ ਕੰਵਲਜੀਤ ਸਿੰਘ ਦੇ ਬੰਦੇ ਭਈਆਂ ਦੀਆਂ ਵੋਟਾਂ ਭੁਗਤਾ ਰਹੇ ਸੀ। ਦੋ ਟਰੱਕਾਂ ਵਿਚ ਉਹਨਾ ਨੇ ਭਈਏ ਭਰੇ ਹੋਏ ਸੀ ਜੀਹਨਾ ਦਾ ਪ੍ਰੋਗਰਾਮ ਇਹ ਸੀ ਕਿ ਇੱਕ ਬੂਥ ਵਿਚ ਵੋਟਾਂ ਭੁਗਤਾ ਕੇ ਓਹੀ ਭੱਈਏ ਦੂਜੇ ਬੂਥਾਂ ਵਿਚ ਜਾ ਕੇ ਵੋਟਾਂ ਭੁਗਤਾ ਦੇਣ। ਕਿਉਂਕਿ ਰੋਕ ਟੋਕ ਕੋਈ ਨਹੀ ਸੀ ਤੇ ਇਹ ਵੀ ਹਦਾਇਤ ਸੀ ਕਿ ਜੇ ਕੋਈ ਉਂਗਲੀ ਤੇ ਨਿਸ਼ਾਨ ਲਵਾਉਣ ਤੋਂ ਮਨ੍ਹਾ ਕਰੇ ਤਾਂ ਨਿਸ਼ਾਨ ਨਾ ਲਾਇਆ ਜਾਵੇ। ਗਿੱਲ ਸਾਹਬ ਨੇ ਦੱਸਿਆ ਕਿ ਇਹ ਮੰਜ਼ਰ ਦੇਖਦਿਆਂ ਸਾਰ ਹੀ ਮੈਨੂੰ ਜਿੱਤਣ ਦੀ ਉਮੀਦ ਖਤਮ ਹੁੰਦੀ ਜਾਪੀ। ਨਿਰਾਸ਼ ਹੋ ਕੇ ਮੈਂ ਜੀਰਕਪੁਰ-ਰਾਜਪੁਰਾ ਰੋਡ ਤੇ ਬਨੂੜ ਦੇ ਬੱਸ ਸਟਾਪ ਕੋਲ ਇੱਕ ਬੈਂਚ ਤੇ ਆ ਕੇ ਬੈਠ ਗਿਆ।ਮੇਰੇ ਜ਼ਿਹਨ ਮੈਨੂੰ ਸਾਹਮਣਿਓ ਚੋਣ-ਹਾਰ ਮੇਰੇ ਵੱਲ ਨੂੰ ਆਉਂਦੀ ਦਿਸ ਰਹੀ ਸੀ।ਗਿੱਲ ਸਾਹਿਬ ਬਿਆਨ ਕਰਦੇ ਹਨ ਕਿ ਇਸੇ ਦੌਰਾਨ ਸੜਕ ਦੇ ਦੂਜੇ ਪਾਰ ਮੈਨੂੰ ਇੱਕ ਟੈਲੀਫੋਨ ਪੀ.ਸੀ.ਓ ਨਜ਼ਰ ਆਇਆ। ਮੇਰੇ ਕੋਲ ਪੰਜਾਬ ਸਰਕਾਰ ਦੀ ਸਰਕਾਰੀ ਟੈਲੀਫੋਨਾਂ ਵਾਲੀ ਡਾਇਰੀ ਸੀ। ਮੈਂ ਇੱਕ ਬੇਉਮੀਦਾ ਜਿਹਾ ਹੰਬਲਾ ਮਾਰਨ ਦੀ ਕੋਸ਼ਿਸ ਕੀਤੀ। ਪੀ.ਸੀ.ਓ ਤੇ ਜਾ ਕੇ ਮੈਂ ਡੀ.ਜੀ.ਪੀ ਪੰਜਾਬ ਦੀ ਰਿਹਾਇਸ਼ ਦਾ ਫੋਨ ਨੰਬਰ ਮਿਲਾਇਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੁਹਰਿਓਂ ਅਵਾਜ਼ ਆਈ, “ਮੈਂ ਕੇ.ਪੀ.ਐਸ. ਗਿੱਲ ਬੋਲਦਾ ਹਾਂ, ਦੱਸੋ ਕੀ ਪਰੌਬਲਮ ਹੈ” ਮੈਂ ਜਵਾਬ ਦਿੱਤਾ ਗਿੱਲ ਸਾਹਬ , ਮੈਂ ਤੁਹਾਡਾ ਗੋਤੀ ਮਹਿੰਦਰ ਸਿੰਘ ਗਿੱਲ ਬੋਲਦਾ ਹਾਂ। ਅੱਜ ਤੁਹਾਡੇ ਗਿੱਲ ਭਰਾ ਦੀ ਜਿੱਤ ਹਾਰ ਤੁਹਾਡੀ ਮੁੱਠੀ ਵਿਚ ਹੈ। “ਹਾਂ ਹਾਂ ਦੱਸੋ ਕੀ ਚਾਹੁੰਦੇ ਹੋ” ਡੀ.ਜੀ.ਪੀ ਨੇ ਜਵਾਬ ਦਿੱਤਾ। ਮੈਂ ਕਿਹਾ ਜਨਾਬ ਬਨੂੜ ਕਸਬੇ 'ਚ ਭਈਆਂ ਦੇ ਟਰੱਕ ਵੋਟਾਂ ਭੁਗਤਾ ਰਹੇ ਨੇ ਜੇ ਇਹ ਟਰੱਕ ਰੋਕ ਦਿਓਂ ਤਾਂ ਮੈਂ ਜਿੱਤ ਸਕਦਾ ਹਾਂ। ਕੇ.ਪੀ.ਐਸ ਗਿੱਲ ਨੇ ਮੇਰੀ ਗੱਲ ਅੱਧ ਵਿਚਾਲਿਓਂ ਬੁੱਚ ਕੇ ਕਿਹਾ, “ਹੁਣੇ ਲੈ ! ਇਕੱਲੇ ਬਨੂੜ ਕਸਬੇ ਕੀ ਮੈਂ ਹੁਣੇ ਸਮੁੱਚੇ ਹਲਕੇ 'ਚ ਹੀ ਘੁੰਮ ਰਹੇ ਸਾਰੇ ਟਰੱਕਾਂ ਦੀਆਂ ਥਾਏਂ ਬਰੇਕਾਂ ਲਾ ਦਿੰਨਾਂ ਵਾਂ, ਇੰਨੇ ਨਾਲ ਸਰ ਜਊ ?” ਮੈਂ ਕਿਹਾ ਨਹੀਂ ਗਿੱਲ ਭਰਾਵਾ ਇੰਨਾਂ ਹੀ ਬਥੇਰਾ ਹੈ। ਦਸਾਂ ਮਿੰਟਾਂ 'ਚ ਪੁਲਿਸ ਟਰੱਕਾਂ ਨੂੰ ਘੇਰ ਕੇ ਠਾਣੇ ਲੈ ਗਈ।ਟਰੱਕ ਰੁਕਣ ਦਾ ਨਤੀਜਾ ਇਹ ਨਿਕਲਿਆ ਕਿ ਮੈਂ ਜਿੱਤ ਗਿਆ।ਯਾਨੀ ਪੁਲਿਸ ਟਰੱਕਾਂ ਨੂੰ ਘੇਰ ਕੇ ਕਾਹਦੀ ਲੈ ਗਈ ਬਲਕਿ ਇਓਂ ਕਹੋ ਮੇਰੀ ਕਿਸਮਤ ਹੀ ਸਾਹਮਣੇ ਖੜੀ ਮੇਰੀ ਹਾਰ ਨੂੰ ਘੇਰ ਕੇ ਠਾਣੇ ਲੈ ਗਈ ।ਸੋ ਇਹ ਸੀ ਮਹਿੰਦਰ ਸਿੰਘ ਗਿੱਲ ਵੱਲੋਂ ਨਵਾਂ ਸਿਆਸੀ ਜਨਮ ਲੈਣ ਦੀ ਕਹਾਣੀ ਜਿਹੜੀ ਉਹਨਾਂ ਨੇ ਮੈਨੂੰ ਖੁਦ ਸੁਣਾਈ ਸੀ।
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ
gurpreetmandiani@gmail.com
88726 64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.