ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਨੂੰ ਟੁੰਬਣ ਵਾਲੀਆਂ ਰਚਨਾਵਾਂ ਲਿਖਣ ਵਾਲੀ ਬਾਲ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ, ਚਾਰ ਕਹਾਣੀ ਸੰਗ੍ਰਹਿ ਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ। ਚਰਚਾ ਅਧੀਨ ‘ਆ ਜਾ ਚਿੜੀਏ’ ਕਹਾਣੀ ਸੰਗ੍ਰਹਿ ਉਸ ਦੀ 11ਵੀਂ ਪੁਸਤਕ ਹੈ। ਇਨ੍ਹਾਂ ਪੁਸਤਕਾਂ ਵਿੱਚੋਂ ‘ਚਾਨਣ ਦੇ ਫੁੱਲ’ ਅਤੇ ‘ਮਾਂ ਦੀਆਂ ਮਿੱਠੀਆਂ ਲੋਰੀਆਂ’ ਨੂੰ ਹਰਿਆਣਾ ਸਾਹਿਤ ਅਕਾਡਮੀ ਨੇ ਸਰਵੋਤਮ ਪੁਸਤਕ ਪੁਰਸਕਾਰ ਦਿੱਤੇ ਹਨ। ਬੱਚਿਆਂ ਨਾਲ ਬਾਵਾਸਤਾ ਹੋਣ ਕਰਕੇ ਮਨਜੀਤ ਕੌਰ ਅੰਬਾਲਵੀ ਉਨ੍ਹਾਂ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਸਮਝਦੀ ਹੈ। ਇਸ ਲਈ ਉਹ ਆਪਣੀਆਂ ਰਚਨਾਵਾਂ ਰਾਹੀਂ ਬਾਲ ਮਨਾਂ ਨੂੰ ਰੂਹ ਦੀ ਖ਼ੁਰਾਕ ਦੇ ਕੇ ਤ੍ਰਿਪਤ ਕਰਦੀ ਹੈ। ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਵਿੱਚ ਕੁਲ 13 ਕਹਾਣੀਆਂ ਹਨ।
ਭਾਵੇਂ ਇਹ ਕਹਾਣੀਆਂ ਬੱਚਿਆਂ ਦੀ ਮਾਨਸਿਕਤਾ ਨੂੰ ਟੁੰਬਦੀਆਂ ਹੋਈਆਂ ਮਨਪ੍ਰਚਾਵਾ ਵੀ ਕਰਦੀਆਂ ਹਨ, ਪ੍ਰੰਤੂ ਇਹ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਹਾਣੀਆਂ ਹਨ, ਜਿਹੜੀਆਂ ਬੱਚਿਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਣਗੀਆਂ। ਇਹ ਸਾਰੀਆਂ ਕਹਾਣੀਆਂ ਸਿਖਿਆਦਾਇਕ ਹਨ। ਮੁੱਖ ਤੌਰ ‘ਤੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਪਾਤਰਾਂ ਰਾਹੀਂ ਕਹਾਣੀਆਂ ਸੁਣਾ ਕੇ ਬੱਚਿਆਂ ਨੂੰ ਸਿਖਿਆ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਵਿੱਚ ਚੰਗੇ ਗੁਣ ਪੈਦਾ ਹੋ ਸਕਣ। ਇਸ ਤੋਂ ਇਲਾਵਾ ਉਹ ਆਪਣੇ ਪੁਰਖਿਆਂ ਦੀ ਅਹਿਮੀਅਤ ਨੂੰ ਸਮਝ ਸਕਣ। ਇਸ ਲਈ ਇਹ ਕਹਾਣੀਆਂ ਬੱਚਿਆਂ ਨੂੰ ਸਮਾਜ ਦੇ ਤਾਣੇ ਬਾਣੇ ਵਿੱਚ ਵਿਚਰਣ ਸਹਾਈ ਹੋਣਗੀਆਂ। ਪਹਿਲੀ ਕਹਾਣੀ ‘ਦਿਲਪ੍ਰੀਤ ਦੀ ਸਿਆਣਪ’ ਬੱਚਿਆਂ ਨੂੰ ਮਿਹਨਤ ਕਰਨ, ਸਿਹਤਮੰਦ ਰਹਿਣ ਲਈ ਬਾਜ਼ਾਰ ਦਾ ਖਾਣਾ ਖਾਣ ਤੋਂ ਵਰਜਣ, ਲੜਕੀਆਂ ਨੂੰ ਆਪਣੀ ਹਿਫ਼ਾਜਤ ਆਪ ਕਰਨ, ਬਹਾਦਰ ਬਣਨ, ਬਜ਼ੁਰਗਾਂ ਦੇ ਗੁਣਾ ਨੂੰ ਗ੍ਰਹਿਣ ਕਰਨ ਦੀ ਸਲਾਹ ਦੇਣ ਅਤੇ ਕੁੜੀਆਂ ਨੂੰ ਚਿੜੀਆਂ ਬਣਨ ਦੀ ਥਾਂ ਬਹਾਦਰ ਬਣਨ ਵਿੱਚ ਮਦਦਗਾਰ ਬਣੇਗੀ।
‘ਖੱਬਚੂ ਬਿੱਲੀ’ ਹਰ ਮੁਸੀਬਤ ਦਾ ਮੁਕਾਬਲਾ ਕਰਨ, ਪਿਆਰ ਬਦਲੇ ਪਿਆਰ ਪਾਉਣ ਅਤੇ ਅੰਗਹੀਣਤਾ ਨੂੰ ਉਸਾਰੂ ਸੋਚ ਨਾਲ ਸੋਚਕੇ ਸਫਲ ਹੋਣ ਦੀ ਪ੍ਰੇਰਨਾ ਦਿੰਦੀ ਹੈ। ‘ਦਰਿਆ ਦਿਲ’ ਕਹਾਣੀ ਗੁੱਸੇ ਹੋਣ ਦੇ ਨੁਕਸਾਨ, ਮਿਹਨਤ ਦਾ ਫਲ ਮਿੱਠਾ ਹੋਣ ਅਤੇ ਆਰਥਿਕ ਕਮਜ਼ੋਰੀ ਨੂੰ ਦ੍ਰਿੜ੍ਹ ਇਰਾਦੇ ਨਾਲ ਦੂਰ ਕਰਨ ਦੀ ਨਸੀਅਤ ਦਿੰਦੀ ਹੈ। ਨਾਨੀਆਂ-ਦਾਦੀਆਂ ਦੀਆਂ ਕਹਾਣੀਆਂ ਹਮੇਸ਼ਾ ਜ਼ਿੰਦਗੀ ਸਫਲ ਬਣਾਉਣ ਲਈ ਸਾਰਥਿਕ ਹੁੰਦੀਆਂ ਹਨ। ਚੰਗਾ ਜੀਵਨ ਜਿਓਣ ਲਈ ਕਹਾਣੀਆਂ ਤਾਂ ਇਕ ਸਾਧਨ ਬਣਾਈਆਂ ਗਈਆਂ ਹਨ। ‘ਚਲਾਕ ਬਿੱਲਾ’ ਕਹਾਣੀ ਬੱਚਿਆਂ ਨੂੰ ਹਰ ਸਮਾਜਿਕ ਬੁਰਾਈ ਨਾਲ ਨਜਿੱਠਣ ਦਾ ਬਲ ਬਖ਼ਸ਼ਦੀ ਹੈ। ਚਲਾਕ ਬਿੱਲੇ ਭਾਵ ਸਮਾਜ ਵਿਰੋਧੀ ਅਨਸਰ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ, ਜਿਵੇਂ ਪੰਛੀਆਂ ਨੂੰ ਬਚਾਉਣ ਲਈ ਚੋਗਾ ਉਚੇ ਥਾਂ ਰੱਖ ਕੇ ਬਿੱਲੇ ਤੋਂ ਬਚਾਇਆ ਗਿਆ ਹੈ।
‘ਇੱਕ ਰੋਟੀ’ ਕਹਾਣੀ ਸਬਰ ਸੰਤੋਖ ਨਾਲ ਜੀਵਨ ਬਸਰ ਕਰਨ ਦੀ ਤਰਕੀਬ ਦੱਸਦੀ ਹੈ। ਇਸ ਤੋਂ ਇਲਾਵਾ ਬਜ਼ਾਰੂ ਮੈਦੇ ਦੀਆਂ ਬਣੀਆਂ ਮੈਗੀ ਵਰਗੀਆਂ ਸਵਾਦੀ ਚੀਜ਼ਾਂ ਸਿਹਤ ਲਈ ਕਿਵੇਂ ਹਾਨੀਕਾਰਕ ਬਣਦੀਆਂ ਹਨ। ਸਿਰਤਾਜ ਨੂੰ ਬਿਮਾਰ ਹੋਣ ਤੋਂ ਬਾਅਦ ਬਲਰਾਜ ਦੀ ਨਸੀਅਤ ਸਮਝ ਪੈਂਦੀ ਹੈ। ‘ਉਡਾਰੀ’ ਕਹਾਣੀ ਪੰਛੀਆਂ ਨੂੰ ਪਿੰਜਰੇ ਵਿੱਚ ਕੈਦ ਕਰਨ ਦਾ ਵਿਰੋਧ ਕਰਦੀ ਹੋਈ ਬੱਚਿਆਂ ਨੂੰ ਆਜ਼ਾਦੀ ਦੇ ਅਰਥ ਸਮਝਾਉਂਦੀ ਹੈ। ਤੋਤੇ ਦਾ ਪਿੰਜਰੇ ਵਿੱਚੋਂ ਬਾਹਰ ਕੱਢਣਾ ਅਤੇ ਉਡ ਜਾਣਾ ਆਜ਼ਾਦੀ ਦਾ ਪ੍ਰਤੀਕ ਹੈ। ‘ਮਿੱਠੂ ਮੇਰੇ ਮਿੱਠੂ’ ਕਹਾਣੀ ਸਮੇਂ ਦੀ ਨਜ਼ਾਕਤ ਮੁਤਾਬਕ ਬਹੁਤ ਢੁਕਵੀਂ ਹੈ ਕਿਉਂਕਿ ਬੱਚੇ ਮੋਬਾਈਲ ਦੀ ਵਰਤੋਂ ਲੋੜ ਤੋਂ ਵਧੇਰੇ ਕਰਦੇ ਰਹਿੰਦੇ ਹਨ, ਜਿਸ ਨਾਲ ਪੜ੍ਹਾਈ ਵਿੱਚ ਪਛੜ ਜਾਂਦੇ ਹਨ। ਇਸ ਕਹਾਣੀ ਵਿੱਚ ਵੱਡੀ ਭੈਣ ਕਮਲ ਆਪਣੇ ਭਰਾ ਅਮਨਪ੍ਰੀਤ ਸਿੰਘ ਨੂੰ ਸਮਝਾਉਣ ਵਿੱਚ ਸਫਲ ਹੁੰਦੀ ਹੈ, ਜੋ ਬੱਚਿਆ ਲਈ ਲਾਭਦਾਇਕ ਹੋ ਸਕਦੀ ਹੈ। ‘ਬੁਰੇ ਕੰਮ ਦਾ ਬੁਰਾ ਨਤੀਜਾ’ ਕਹਾਣੀ ਵੀ ਰਘੂਨਾਥ ਮਛੇਰੇ ਦੇ ਵੱਡੀ ਸ਼ਾਰਕ ਮੱਛਲੀ ਵੱਲੋਂ ਜ਼ਖ਼ਮੀ ਕਰਨ ਤੋਂ ਬਾਅਦ ਹੋਈ ਮੌਤ ਦਾ ਬਦਲਾ ਉਸ ਦਾ ਪੁੱਤਰ ਚਿਰਾਗ ਛੋਟੀਆਂ ਮੱਛੀਆਂ ਨੂੰ ਪਕੜ ਕੇ ਜੰਗਲ ਵਿੱਚ ਤੜਫ-ਤੜਫ ਕੇ ਮਰਨ ਲਈ ਛੱਡ ਦਿੰਦਾ ਹੈ।
ਇਕ ਦਿਨ ਜੰਗਲ ਵਿੱਚ ਚੀਤਾ ਆ ਜਾਂਦਾ ਹੈ, ਮੌਤ ਸਾਹਮਣੇ ਵਿਖਾਈ ਦਿੰਦੀ ਹੈ, ਪ੍ਰੰਤੂ ਇੱਕ ਸ਼ਿਕਾਰੀ ਅਚਨਚੇਤ ਮੌਕੇ ‘ਤੇ ਆ ਕੇ ਚੀਤੇ ਮਾਰ ਦਿੰਦਾ ਹੈ, ਜਿਸ ਕਰਕੇ ਚਿਰਾਗ ਬਚ ਗਿਆ। ਸ਼ਿਕਾਰੀ ਨੇ ਬਦਲੇ ਦੀ ਥਾਂ ਪਿਆਰ ਕਰਨ ਲਈ ਸਮਝਾਇਆ। ਇਹ ਕਹਾਣੀ ਚੰਗਾ ਸ਼ਹਿਰੀ ਬਣਨ ਦੀ ਸਿੱਖਿਆ ਦਿੰਦੀ ਹੈ। ‘ਬੱਬਰ ਸ਼ੇਰ’ ਕਹਾਣੀ ਵੀ ਬੱਚਿਆਂ ਨੂੰ ਅਲ੍ਹੜ ਉਮਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਅਤੇ ਬਹਾਦਰੀ ਦੀਆਂ ਕਹਾਣੀਆਂ ਦਾਦੀ ਵੱਲੋਂ ਸੁਣਾਉਣ ਨਾਲ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ, ਜਿਸ ਕਰਕੇ ਉਹ ਦੇਸ਼ ਤੇ ਕੌਮ ਲਈ ਜਾਨ ਨਿਛਾਵਰ ਕਰਨ ਲਈ ਤਤਪਰ ਹੋ ਜਾਂਦੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਦੀ ਗਾਥਾ ਸੁਣਨ ਕਰਕੇ ਬਬਲੂ ਬਹਾਦਰ ਬਣ ਜਾਂਦਾ ਹੈ। ਭਾਵ ਹਰ ਮੁਸ਼ਕਲ ਵਾਲੀ ਸਮੱਸਿਆ ਦੇ ਹਲ ਲਈ ਬੱਬਰ ਸ਼ੇਰ ਬਣਿਆਂ ਜਾ ਸਕਦਾ ਹੈ। ਇੱਕ ਕਿਸਮ ਨਾਲ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦਾ ਵੀ ਸੰਦੇਸ਼ ਦਿੰਦੀ ਹੈ। ‘ਆ ਜਾ ਚਿੜੀਏ’ ਕਹਾਣੀ ਵਿੱਚ ਪੰਛੀਆਂ ਨੂੰ ਪਿੰਜਰਿਆਂ ਵਿੱਚ ਕੈਦ ਕਰਕੇ ਵੇਚਣ, ਮੋਬਾਈਲ ਟਾਵਰਾਂ, ਕੀਟਨਾਸ਼ਕ ਦਵਾਈਆਂ, ਰੁੱਖਾਂ ਦੀ ਕਟਾਈ, ਬਾਲਿਆਂ ਵਾਲੀਆਂ ਛੱਤਾਂ ਅਤੇ ਰੌਸ਼ਨਦਾਨਾ ਤੋਂ ਬਿਨਾਂ ਘਰਾਂ ਦੇ ਪੰਛੀਆਂ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਦੱਸਿਆ ਗਿਆ ਹੈ। ਗੁਰਮਨ ਅਤੇ ਰਮਨ ਪਿੰਜਰਿਆਂ ਵਿੱਚ ਪੰਛੀਆਂ ਨੂੰ ਕੈਦ ਕਰਨ ਵਾਲਿਆਂ ਤੋਂ ਪੁਲਿਸ ਦਾ ਡਰਾਵਾ ਦੇ ਕੇ ਛੁਡਵਾ ਲੈਂਦੇ ਹਨ।
ਆਧੁਨਿਕਤਾ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨ ਬੱਚਿਆਂ ਵਿੱਚ ਜਾਗ੍ਰਤੀ ਲਿਆਉਣ ਦਾ ਕੰਮ ਕਰੇਗੀ। ‘ਘਣਛਾਵਾਂ ਬੂਟਾ’ ਬੱਚਿਆਂ ਵਿੱਚ ਪੰਛੀਆਂ ਦੀ ਵੇਖ ਭਾਲ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਭਾਵਨਾ ਪੈਦਾ ਕਰਦੀ ਹੈ। ਬੱਚੇ ਆਪਣੇ ਮਾਂ ਬਾਪ ਦੀ ਕਾਰੋਬਾਰ ਵਿੱਚ ਮਦਦ ਕਰਨ ਲਈ ਵੀ ਪ੍ਰੇਰਤ ਹੋਣਗੇ। ਟਟੀਰੀ ਜਿਵੇਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਆਪਣੀ ਜਾਨ ਦੀ ਬਾਜੀ ਲਾਉਂਦੀ ਹੈ, ਬਿਲਕੁਲ ਇਸੇ ਤਰ੍ਹਾਂ ਮਾਂ ਵੀ ਉਸ ਦੀ ਤਰ੍ਹਾਂ ਆਪਣੇ ਬੱਚਿਆਂ ਲਈ ਘਣਛਾਵਾਂ ਬੂਟਾ ਹੁੰਦੀ ਹੈ। ‘ਇਹ ਸਾਡੇ ਨੇ’ ਕਹਾਣੀ ਤਿੰਨ ਸਹੇਲੀਆਂ ਸੁਹਾਨਾ, ਦੀਪਾ ਅਤੇ ਅੰਬਰ ਦੀ ਹੈ, ਜਿਹੜੀਆਂ ਨੂੰ ਦਾਦੀ ਨੇ ਕਿਸੇ ਚੀਜ਼ ਤੇ ਮੇਰ-ਤੇਰ ਕਰਨ ਤੋਂ ਵਰਜਕੇ ਸਾਂਝੀ ਸਾਡੀ ਚੀਜ਼ ਕਹਿਣ ਦਾ ਬਲ ਸਿਖਾਇਆ ਅਤੇ ਵੱਡਿਆਂ ਦਾ ਸਤਿਕਾਰ ਕਰਨ ਦੀ ਨਸੀਅਤ ਦਿੱਤੀ। ਸਫਾਈ ਰੱਖਣਾ ਅਤੇ ਏਕੇ ਦੀ ਬਰਕਤ ਦੀ ਮਹੱਤਤਾ ਦੱਸੀ, ਜਿਸ ਨਾਲ ਬੱਚਿਆਂ ਦਾ ਜੀਵਨ ਬਿਹਤਰੀਨ ਢੰਗ ਨਾਲ ਵਿਚਰੇਗਾ। ‘ਅੰਮਾ’ ਕਹਾਣੀ ਲੋੜਮੰਦ ਦੀ ਮਦਦ ਕਰਨ ਅਤੇ ਉਸ ਨਾਲ ਹਮਦਰਦੀ ਜ਼ਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਪਿਤਾ ਦੀ ਮੌਤ ਤੋਂ ਬਾਅਦ ਇਨਸਾਨ ਮਿਹਨਤ ਮੁਸ਼ੱਕਤ ਕਰਕੇ ਪਰਿਵਾਰ ਦੀ ਪਾਲਣਾ ਕਰਦਾ ਹੈ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਪਿਆਰ ਵੰਡਣ ਨਾਲ ਦੂਜੇ ਪਾਸੇ ਤੋਂ ਵੀ ਪਿਆਰ ਮਿਲਦਾ ਹੈ, ਜਿਵੇਂ ਅੰਮਾ ਨੂੰ ਕਸ਼ਮੀਰੀ ਸ਼ਾਲ ਰਜ਼ਬ ਅਲੀ ਅਤੇ ਰਜਬ ਅਲੀ ਨੂੰ ਗਰਮ ਟੋਪੀ ਦਾਦੀ ਨੇ ਦਿੱਤੀ ਸੀ।
60 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਗੋਸਲ ਪ੍ਰਕਾਸ਼ਨ, ਪਿੰਡ ਗੋਸਲ, ਡਾਕ ਘਰ ਸਹਾਰਨਮਾਜਰਾ, ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
-
ਉਜਾਗਰ ਸਿੰਘ , ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.