ਨਸ਼ਿਆਂ ਖ਼ਿਲਾਫ਼ ਕੈਲਗਰੀ(ਕੈਨੇਡਾ) ਦੀ ਡਰੱਗ ਅਵੇਅਰਨੈੱਸ ਫਾਉਂਡੇਸ਼ਨ ਵੱਲੋਂ 12ਮਈ ਨੂੰ ਪੰਜ ਕਿਲੋਮੀਟਰ ਲੰਮੀ ਯਾਤਰਾ ਹੋ ਰਹੀ ਹੈ ਹਰ ਸਾਲ ਵਾਂਗ।
ਇਸ ਬਹਾਨੇ ਯਾਦ ਆਇਆ ਨਾਨੋਹਾਰਨੀ(ਗੁਰਦਾਸਪੁਰ) ਦਾ ਜੰਮਪਲ,ਸਰਾਭਾ ਨਗਰ ਲੁਧਿਆਣਾ (ਹੁਣ ਕੈਲਗਰੀ)ਵਾਸੀ ਮਿੱਤਰ ਪਿਆਰਾ ਬਲਵਿੰਦਰ ਸਿੰਘ ਕਾਹਲੋਂ।
ਚੜ੍ਹਦੀ ਜਵਾਨੀ ਵੇਲੇ ਮਿਲਿਆ ਭੰਗੜੇ ਦਾ ਅਲਬੇਲਾ ਕਲਾਕਾਰ ਅਤੇ ਸਰੂ ਕੱਦ ਵਾਲਾ ਬਲਵਿੰਦਰ ਕਾਹਲੋਂ ਅੱਜ ਵੀ ਕੈਨੇਡਾ ਵਿੱਚ ਨਸ਼ਿਆਂ ਦੇ ਖਿਲਾਫ ਮਹਾਂ ਸੰਗਰਾਮ ਛੇੜੀ ਬੈਠਾ ਹੈ।
ਨਸ਼ਿਆਂ ਦੇ ਖਾਤਮੇ ਲਈ ਕੈਨੇਡਾ ਵਿੱਚ ਉਹ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਮਹਾਂ ਯਾਤਰਾ ਕਰ ਚੁਕਾ ਹੈ ਤੇਰਾਂ ਸਾਲ ਪਹਿਲਾਂ। ਇਸ ਨੂੰ ਕਦੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਚਿਤਵਿਆ।
ਅਗਸਤ 1971 ਵਿੱਚ ਮੈਂ ਲੁਧਿਆਣੇ ਪੜ੍ਹਨ ਲਈ ਆਇਆ ਤਾਂ ਬਲਵਿੰਦਰ ਦੀਆਂ ਧੁੰਮਾਂ ਇਕ ਲੜਾਕੇ ਗੱਭਰੂ ਦੇ ਤੌਰ ਤੇ ਪੂਰੇ ਸ਼ਹਿਰ ਵਿੱਚ ਬਹੁਤ ਮਸ਼ਹੂਰ ਸਨ। ਹੱਕ, ਸੱਚ ਇਨਸਾਫ ਦੀ ਲੜਾਈ ਵਿੱਚ ਮੋਹਰੀ ਮੁੰਡਾ । ਆਪਣੇ ਮਿੱਤਰਾਂ ਨੱਥਾ ਸਿੰਘ ਬੋਪਾਰਾਏ, ਗੁਰਜੀਤ, ਪ੍ਰੀਤਮ, ਜਰਨੈਲ ਸੰਧੂ, ਦਰਸ਼ਨ ਸਿੰਘ ਵਿਰਕ, ਸ਼ਮਸ਼ੇਰ ਸਿੰਘ ਸੰਧੂ ਅਤੇ ਹੋਰ ਅਨੇਕ ਸਾਥੀਆਂ ਦੇ ਕਾਫਲੇ ਨਾਲ ਵਿਚਰਦਾ। ਉਹ ਭੰਗੜਾ ਕਲਾਕਾਰ ਦੇ ਤੌਰ ਤੇ ਵਿਚੇ ਵਿਚ 26 ਜਨਵਰੀ ਪਰੇਡ ਤੇ ਵੀ ਆਪਣੀ ਹਾਜ਼ਰੀ ਭਰ ਆਉਂਦਾ। ਆਪਣੇ ਮਾਮੇ ਹਰਭਜਨ ਸਿੰਘ ਬਾਜਵਾ(ਜੁਗਨੀ) ਬਟਾਲਾ ਵਾਂਗ ਪੂਰੇ ਪੰਜਾਬ ਵਿੱਚ ਉਸ ਦੇ ਭੰਗੜੇ ਦੀ ਨਿਵੇਕਲੀ ਪਛਾਣ ਸੀ। ਉਸ ਦੇ ਸਾਥੀਆਂ ਵਿਚੋਂ ਹਰਜੀਤ ਸਿੰਘ ਬੇਦੀ, ਗਿੱਲ ਸੁਰਜੀਤ, ਫਰੀਦਕੋਟ ਵਾਲਾ ਬਿੰਦੀ, ਜਸਬੀਰ, ਚੰਨੀ ਤਾਕੁਲੀਆ, ਸੀਤਲ ਅਤੇ ਅਨੇਕਾਂ ਹੋਰ ਚਿਹਰੇ ਅੱਖਾਂ ਅੱਗੇ ਅੱਜ ਵੀ ਆ ਜਾਂਦੇ ਹਨ। ਜੀ ਜੀ ਐਨ ਖਾਲਸਾ ਕਾਲਜ ਛੱਡ ਕੇ ਉਹ ਰਾਮਗੜ੍ਹੀਆ ਕਾਲਜ ਫਗਵਾੜੇ ਪੜ੍ਹਨ ਜਾ ਲੱਗਾ। ਇਥੇ ਫਿਰ ਉਹੀ ਮਾਹੌਲ, ਵਿਦਿਆਰਥੀ ਹੱਕਾਂ ਲਈ ਅੜ ਖਲੋਂਦਾ, ਇਥੋਂ ਬੀ ਏ ਕਰਕੇ ਉਹ ਡੀ ਏ ਵੀ ਕਾਲਜ ਦੇਹਰਾਦੂਨ ਵਿੱਚ ਲਾਅ ਕਰਨ ਲੱਗ ਪਿਆ। ਪੰਜਾਬੀ ਦਸਤਾਰ ਦੀ ਬੇਹੁਰਮਤੀ ਨਾ ਸਹਾਰਦਾ ਹੋਇਆ ਉਹ ਪੂਰੇ ਦੇਹਰਾਦੂਨ ਵਿੱਚ ਸਿੱਖਾਂ ਦਾ ਪ੍ਰਤੀਨਿਧ ਗਿਣਿਆ ਜਾਣ ਲੱਗਾ।
ਲਾਅ ਕਰਕੇ ਲੁਧਿਆਣੇ ਪਰਤਿਆ ਤਾਂ ਉੱਘੇ ਵਕੀਲ ਤੇ ਸਾਬਕਾ ਐੱਮ ਪੀ ਸ: ਮੇਵਾ ਸਿੰਘ ਗਿੱਲ ਦਾ ਸਹਿਯੋਗੀ ਬਣ ਗਿਆ। ਵੱਖ ਵੱਖ ਕਾਲਜਾਂ ਦੇ ਗੱਭਰੂਆਂ ਨੂੰ ਭੰਗੜਾ ਸਿਖਾਉਂਦਾ 1982 ਦੀਆਂ ਏਸ਼ੀਆਈ ਖੇਡਾਂ ਵਿੱਚ ਉਹ ਭੰਗੜੇ ਦੇ ਕੋਚ ਵਜੋਂ ਸ਼ਾਮਿਲ ਸੀ। ਉਹ ਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁੰਡਿਆਂ ਨੂੰ ਭੰਗੜਾ ਸਿਖਾਉਂਦਾ ਕਦੇ ਆਰੀਆ ਕਾਲਜ ਲੁਧਿਆਣਾ ਅਤੇ ਕਦੇ ਖਾਲਸਾ ਕਾਲਜ ਵਿੱਚ। ਅਚਾਨਕ ਇਕ ਦਿਨ ਕੈਨੇਡਾ ਤੁਰ ਗਿਆ। ਫਿਰ ਲੰਬੀ ਚੁੱਭੀ। ਕੋਈ ਅਤਾ ਪਤਾ ਨਹੀਂ, ਖਤ ਨਹੀਂ, ਪੱਤਰ ਨਹੀਂ, ਟੈਲੀਫੂਨ ਨਹੀਂ। ਮਿੱਤਰਾਂ ਦੀ ਦਾਸਤਾਨ ਵਿੱਚ ਉਹ ਅਕਸਰ ਹਾਜ਼ਰ ਹੁੰਦਾ ਪਰ ਸੰਪਰਕ ਕਿਸੇ ਨਾਲ ਨਹੀਂ।
2006 ਵਿੱਚ ਜਦ ਮੈਂ ਦੂਸਰੀ ਕੈਨੇਡਾ ਫੇਰੀ ਵੇਲੇ ਕੈਲਗਰੀ ਪਹੁੰਚਿਆ ਤਾਂ ਇਥੋਂ ਦੇ ਰੇਡੀਓ ਸਟੇਸ਼ਨ ਸੁਰ ਸੰਗਮ ਤੋਂ ਪਤਾ ਲੱਗਾ ਕਿ ਬਲਵਿੰਦਰ ਪਿਛਲੇ ਦਿਨੀਂ ਪਾਰਲੀਮੈਂਟ ਦੀ ਚੋਣ ਕੁਝ ਵੋਟਾਂ ਤੇ ਹੀ ਹਾਰਿਆ ਹੈ। ਮੇਰੀ ਉਤਸੁਕਤਾ ਹੋਰ ਵਧੀ। ਬਲਵਿੰਦਰ ਤਾਂ ਮੇਰਾ ਸੱਜਣ ਵੀ ਹੈ ਅਤੇ ਰਿਸ਼ਤੇਦਾਰ ਵੀ। ਉਸ ਨੂੰ ਮਿਲਣਾ ਮੈਨੂੰ ਹਮੇਸ਼ਾਂ ਚੰਗਾ ਚੰਗਾ ਲੱਗਦਾ ਹੈ। ਕੈਲਗਰੀ ਵਿੱਚ ਮੁਲਾਕਾਤ ਹੋਈ ਤਾਂ ਉਹ ਤਬਦੀਲ ਹੋਇਆ ਬਲਵਿੰਦਰ ਸੀ। ਕਲੀਨ ਸ਼ੇਵਨ ਬਲਵਿੰਦਰ। ਸੋਹਣੀ ਦਸਤਾਰ ਵਾਲਾ ਬਲਵਿੰਦਰ ਕਿਥੇ ਗਿਆ, ਮੇਰਾ ਸੁਆਲ ਸੀ?
ਆਪੇ ਪਰਤ ਆਵੇਗਾ, ਉਸ ਦਾ ਜਵਾਬ ਸੀ। ਉਦੋਂ ਉਹ ਆਪਣੇ ਸਾਥੀਆਂ ਸੁਰਿੰਦਰ ਦਿਆਲ, ਸੰਗਰਾਮ ਸੰਧੂ, ਤਰਸੇਮ ਪਰਮਾਰ ਅਤੇ ਗੁਰਿੰਦਰ ਹੀਰ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ ਚੇਤਨਾ ਲਹਿਰ ਅਧੀਨ ਸੁਰ ਸੰਗਮ ਰੇਡੀਓ ਤੋਂ ਹਰ ਹਫ਼ਤੇ ਦੋ ਘੰਟੇ ਪ੍ਰੋਗਰਾਮ ਬਰਾਡਕਾਸਟ ਕਰਦਾ ਸੀ। ਉਨ੍ਹਾਂ ਦੀ ਇਸ ਹਿੰਮਤ ਨੇ ਕਈ ਭਾਈਚਾਰਿਆਂ ਦੇ ਨਸ਼ਾ ਵਣਜਾਰੇ ਇਨ੍ਹਾਂ ਦੇ ਦੁਸ਼ਮਣ ਬਣਾ ਦਿੱਤੇ ਸਨ। ਪਰ ਬਲਵਿੰਦਰ ਅਤੇ ਸਾਥੀਆਂ ਦੀ ਸਾਂਝੀ ਸ਼ਕਤੀ ਕਿਸੇ ਅੱਗੇ ਨਾ ਝੁਕੀ। ਇਕ ਸਾਲ ਚਾਰ ਮਹੀਨੇ ਉਨ੍ਹਾਂ ਨੇ ਇਸ ਰੇਡੀਓ ਤੋਂ ਸਿਲਸਿਲੇਵਾਰ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ। ਬਾਅਦ ਵਿੱਚ ਕੈਲਗਰੀ ਦੇ ਹੀ ਰੇਡੀਓ ਐਫ ਐਮ 94.7 ਤੋਂ ਹਰ ਐਤਵਾਰ ਇਹ ਪ੍ਰਸਾਰਨ ਜਾਰੀ ਰੱਖਿਆ। ਮੈਂ 2008 ਵਿੱਚ ਜਦ ਫਿਰ ਕੈਲਗਰੀ ਗਿਆ ਤਾਂ ਮੈਨੂੰ ਵੀ ਇਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਪਹਿਲੀ ਵਾਰ ਵੀ ਇਨ੍ਹਾਂ ਨੇ ਮੈਨੂੰ ਆਪਣੀ ਪੰਜਾਲੀ ਵਿੱਚ ਜੋੜ ਲਿਆ ਸੀ।
ਹੁਣ ਬਲਵਿੰਦਰ ਵੱਡੇ ਸੁਪਨੇ ਲਈ ਵੱਡੇ ਅੰਬਰ ਦੀ ਭਾਲ ਵਿੱਚ ਸੀ। ਮੈਨੂੰ ਮੇਰੇ ਮਿੱਤਰਾਂ ਵਿੱਚੋਂ ਗੁਰਿੰਦਰ ਹੀਰ, ਰਣਜੀਤ ਸਿੱਧੂ ਅਤੇ ਤਰਸੇਮ ਪਰਮਾਰ ਨੇ ਇਕ ਪਾਸੇ ਹੋ ਕੇ ਆਖਿਆ ਕਿ ਕਾਹਲੋਂ ਸਾਹਿਬ ਨੂੰ ਸਮਝਾਓ, ਇਨ੍ਹਾਂ ਦੀ ਸਿਹਤ ਠੀਕ ਨਹੀਂ, ਦਿਲ ਦਾ ਮਾਮਲਾ ਵਿਗੜਿਆ ਹੋਇਆ ਹੈ ਪਰ ਇਹ ਨਸ਼ਿਆਂ ਖਿਲਾਫ ਪੂਰੇ ਕੈਨੇਡਾ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਮਹਾਂ ਯਾਤਰਾ ਦੀ ਯੋਜਨਾਕਾਰੀ ਕਰ ਰਹੇ ਹਨ। ਪਰ ਦੂਸਰੇ ਪਾਸੇ ਬਲਵਿੰਦਰ ਨੂੰ ਜਦ ਮੈਂ ਇਸ ਸੰਬੰਧੀ ਠਕੋਰਿਆ ਤਾਂ ਉਹ ਪੂਰੇ ਉਤਸ਼ਾਹ ਨਾਲ ਬੋਲਿਆ, ਜੇ ਕੋਈ ਵੀ ਨਾ ਤੁਰਿਆ ਤਾਂ ਮੈਂ ਕੱਲਾ ਤੁਰਾਂਗਾ।
ਮੇਰੀ ਜੀਵਨ ਸਾਥਣ ਮਨਧੀਰ ਅਤੇ ਮੇਰੇ ਬੱਚੇ ਮੇਰੇ ਨਾਲ ਤੁਰਨਗੇ। ਉਸ ਦੀ ਜੀਵਨ ਸਾਥਣ ਮਨਧੀਰ ਕੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਵੇਲੇ ਐਮ ਐਸ ਸੀ ਕਰਦੀ ਹੁੰਦੀ ਸੀ। ਮੇਰੇ ਵਿਦਿਆਰਥੀਆਂ ਵਰਗੀ ਨਿੱਕੀ ਭੈਣ। ਉਸ ਵੇਲੇ ਸਰੀਰੋਂ ਤੰਦਰੁਸਤ ਨਾ ਹੋਣ ਦੇ ਬਾਵਜੂਦ ਵੀ ਉਹ ਬਲਵਿੰਦਰ ਨਾਲ ਤੁਰਨ ਨੂੰ ਤਿਆਰ ਸੀ।
ਅਚਾਨਕ ਉਹਨੀਂ ਦਿਨੀਂ ਟੈਲੀਫੂਨ ਦੀ ਘੰਟੀ ਵੱਜੀ । ਬਲਵਿੰਦਰ ਬੋਲਿਆ, ਮੈਂ ਪਹਿਲੀ ਅਪ੍ਰੈਲ ਨੂੰ ਸੇਂਟਜੌਹਨ ਤੋਂ ਤੁਰ ਪਿਆ ਸਾਂ। ਨਸ਼ਿਆਂ ਦੇ ਖਿਲਾਫ ਮਹਾਂ ਯਾਤਰਾ ਤੇ। ਹੁਣ 2500 ਮੀਲ ਤੁਰ ਚੁੱਕਾ ਹਾਂ, ਤੁਰਨ ਵੇਲੇ ਮੇਰੇ ਨਾਲ ਮੇਰੇ ਮਿੱਤਰ ਅਵਤਾਰ, ਸੁਖਦਰਸ਼ਨ ਤੇ ਮਨਧੀਰ ਕੌਰ ਤੋਂ ਇਲਾਵਾ ਇਕ ਗੋਰੀ ਬੀਬੀ ਸੈਂਡਰਾਂ ਮੌਰਿਸ ਵੀ ਸੀ। ਕੁਝ ਤੁਰ ਕੇ ਅੱਗੋਂ ਨਵੇਂ ਸਾਥੀ ਮਿਲ ਪਏ। ਲਗਾਤਰ ਤੁਰ ਰਿਹਾ ਹਾਂ ਅਤੇ ਇਸ ਵੇਲੇ ਮੇਰੇ ਨਾਲ ਮਾਝੇ ਦੇ ਪਿੰਡ ਸਠਿਆਲਾ ਲਾਗਲੇ ਪਿੰਡ ਸੇਰੋਂ ਬਾਘਾ ਦਾ ਰਤਨਪ੍ਰੀਤ ਸਿੰਘ ਤੁਰ ਰਿਹਾ ਹੈ। ਇਹ ਪੀ ਪੀ ਐਸ ਨਾਭਾ ਦਾ ਪੜਿਆ ਹੋਇਆ ਨੌਜਵਾਨ ਹੈ ਜੋ ਅੱਜਕਲ੍ਹ ਟੋਰਾਂਟੋ ਰਹਿੰਦਾ ਹੈ। ਰਤਨਪ੍ਰੀਤ ਨੇ ਦੱਸਿਆ ਕਿ ਉਹ ਅਖ਼ਬਾਰ ਪੜ੍ਹ ਕੇ ਕਾਫਲੇ ਵਿੱਚ ਰਲਿਆ ਹੈ।
ਬਲਵਿੰਦਰ ਨੇ ਦੱਸਿਆ ਕਿ ਕਿ ਪੈਦਲ ਤੁਰ ਕੇ ਕੈਨੇਡਾ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੀਕ ਪਹੁੰਚਦਿਆਂ ਉਸ ਨੂੰ ਘੱਟੋ ਘੱਟ 9 ਮਹੀਨੇ ਲੱਗਣਗੇ। ਨਵੰਬਰ ਦੇ ਅੱਧ ਵਿੱਚ ਉਹ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਪਹੁੰਚ ਕੇ ਆਪਣੀ ਯਾਤਰਾ ਖਤਮ ਕਰੇਗਾ। ਹੁਣ ਤੀਕ ਉਹ ਨੋਵਾਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰਨਸਵਿਕ, ਕਿਊਬੈਕ ਦੀ ਰਾਜਧਾਨੀ ਮੌਟਰੀਅਲ, ਔਟਵਾ ਤੋਂ ਬਾਅਦ ਟੋਰਾਂਟੋ ਪਹੁੰਚ ਚੁੱਕਾ ਹੈ । ਅੱਗੋਂ ਮੈਨੀਟੋਬਾ, ਵਿਨੀਪੈਗ, ਸਸਕੈਚਵਨ, ਰੇਜ਼ੀਨਾ, ਕੈਲਗਰੀ, ਐਲਬਰਟਾ ਦੇ ਸ਼ਹਿਰਾਂ ਤੋਂ ਘੁੰਮਦਾ ਹੋਇਆ ਉਹ ਬ੍ਰਿਟਿਸ਼ ਕੋਲੰਬੀਆ ਪਹੁੰਚੇਗਾ। ਉਸ ਕੋਲ ਨਸ਼ਿਆਂ ਦੇ ਖਿਲਾਫ ਸਾਹਿਤ ਹੈ ਜਿਸ ਨੂੰ ਉਹ ਨਾਲੋ ਨਾਲ ਵੰਡੀ ਜਾਂਦਾ ਹੈ। ਉਸ ਦੀ ਇਸ ਹਿੰਮਤ ਨੂੰ ਸਨਮਾਨਣ ਲਈ ਔਟਵਾ ਵਿਖੇ ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਉਚੇਚਾ ਪਹੁੰਚ ਕੀਤੀ ਅਤੇ ਨਸ਼ਿਆਂ ਦੀ ਜਕੜ ਤੋਂ ਕੈਨੇਡਾ ਨੂੰ ਬਚਾਉਣ ਲਈ ਆਰੰਭੇ ਯਤਨ ਦੀ ਸ਼ਲਾਘਾ ਕੀਤੀ।
ਬਲਵਿੰਦਰ ਵਿਸ਼ਵ ਵਿਚ ਵਸਦੇ ਪੰਜਾਬੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਮੇਰੇ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੇ ਇਕ ਰਾਤ ਮੈਨੂੰ ਇਸ ਕਾਰਜ ਲਈ ਆਦੇਸ਼ ਦਿੱਤਾ ਕਿ ਇਸ ਕੋਹੜ ਤੋਂ ਮੁਕਤੀ ਲਈ ਤੂੰ ਕਿਉਂ ਨਹੀਂ ਜਾਗਦਾ?ਮਗਰੋਂ ਨਸ਼ਾਬੰਦੀ ਇਲਾਜ ਕੈਂਪ ਕਰਨ ਦੀ ਥਾਂ ਇਸ ਕੋਹੜ ਦੀ ਪੇਸ਼ਬੰਦੀ ਕਿਉਂ ਨਾ ਕੀਤੀ ਜਾਵੇ। ਵਿਸ਼ਵ ਵਿੱਚ ਨਸ਼ਿਆਂ ਦੇ ਖਿਲਾਫ ਹੋ ਰਹੀ ਇਹ ਪਹਿਲੀ ਮਹਾਂ ਯਾਤਰਾ ਹੈ ਜਿਸ ਨੂੰ ਗੁਰੂ ਦਾ ਅੰਮ੍ਰਿਤਧਾਰੀ ਸਿੰਘ ਬਲਵਿੰਦਰ ਸਿੰਘ ਕਾਹਲੋਂ ਨੇਪਰੇ ਚਾੜਨ ਲਈ ਵਚਨਬੱਧ ਹੋਇਆ ਹੈ।
ਬਲਵਿੰਦਰ ਨੂੰ ਮੈਂ ਪੁੱਛਿਆ ਕਿ ਜਦ ਮੈਂ ਤੈਨੂੰ ਮਿਲਿਆ ਸੀ 2008ਵਿੱਚ ਉਦੋਂ ਤਾਂ ਤੂੰ ਸਫਾ ਚੱਟ ਕਲੀਨ ਸ਼ੇਵਨ ਸੀ। ਇਹ ਅੰਮ੍ਰਿਤ ਵਾਲੀ ਦਾਤ ਕਦੋਂ ਨਸੀਬ ਹੋਈ।
ਉਸ ਦਾ ਜਵਾਬ ਸੀ ਗੁਰਦੁਆਰਾ ਪ੍ਰਬੰਧ ਵਿੱਚ ਆਏ ਵਿਕਾਰ ਤੇ ਵਿਗਾੜ ਬਾਰੇ ਜਦ ਵੀ ਕਦੇ ਬੋਲਦਾ ਤਾਂ ਘੜੰਮ - ਚੌਧਰੀ ਆਖਦੇ ਸਰਦਾਰ ਜੀ ਤੁਹਾਨੂੰ ਧਰਮ ਦਾ ਕੀ ਪਤਾ, ਸਾਡੇ ਕੰਮ ਵਿੱਚ ਦਖਲ ਨਾ ਦਿਓ। ਜਦ ਆਪਸ ਵਿੱਚ ਫਸ ਜਾਂਦੇ ਤਾਂ ਉਹ ਪੰਚਾਇਤ ਵਿੱਚ ਮੇਰੇ ਵਰਗੇ ਨੂੰ ਬੁਲਾ ਲੈਂਦੇ। ਬਹੁਤੇ ਮਸਲੇ ਨਜਿੱਠਣ ਵਿੱਚ ਮੇਰੇ ਵਰਗੇ ਹੀ ਕੰਮ ਆਉਂਦੇ । ਗੁਰੂ ਘਰ ਵਿੱਚ ਆਣ ਜਾਣ ਨਾਲ ਮੈਨੂੰ ਇਹ ਦਾਤ ਵੀ ਹਾਸਿਲ ਹੋ ਗਈ। ਹੁਣ ਮੈਂ ਤਬਦੀਲ ਹੋਇਆ ਬਲਵਿੰਦਰ ਹਾਂ। ਬਿਨਾਂ ਕਿਸੇ ਧਰਮ ਧੜੇ ਤੋਂ । ਹਰ ਮੁਸੀਬਤ ਨੂੰ ਹੱਸ ਕੇ ਸੁਆਗਤ ਕਰਨ ਵਾਲਾ ਨਿਰਭਉ ਨਿਰਵੈਰ। ਬਲਵਿੰਦਰ ਦੀ ਤੇਰਾਂ ਸਾਲ ਪਹਿਲਾਂ ਕੀਤੀ ਨਸ਼ਿਆਂ ਖਿਲਾਫ ਮਹਾਂ ਯਾਤਰਾ ਪੂਰੇ ਵਿਸ਼ਵ ਵਿੱਚ ਇਕ ਸਿੱਖ ਵੱਲੋਂ ਕੀਤਾ ਜਾ ਰਿਹਾ ਅਜਿਹਾ ਕਾਰਨਾਮਾ ਸੀ ਜਿਸ ਦੀ ਮਿਸਾਲ ਇਤਿਹਾਸ ਵਿੱਚ ਅੰਕਿਤ ਹੋਈ ਸਗੋਂ ਇਸ ਨਾਲ ਪੂਰੇ ਗਲੋਬ ਤੇ ਸਿੱਖ ਚਿਹਰਾ ਬੁਰਾਈ ਖ਼ਿਲਾਫ਼ ਲੜਨ ਲਈ ਸਤਿਕਾਰਿਆ ਗਿਆ।
2012 ਵਿੱਚ ਉਸ ਨੇ ਮੇਰੇ ਵਰਗੇ ਸੁਸਤੀ ਮਾਰੇ ਸਾਥੀਆਂ ਨੂੰ ਨਾਲ ਲੈ ਕੇ ਡੇਰਾ ਬਾਬਾ ਨਾਨਕ ਤੋਂ ਚੰਡੀਗੜ੍ਹ ਤੀਕ ਯਾਤਰਾ ਕੀਤੀ। ਕੁਝ ਕਾਰ ਤੇ ਕੁਝ ਤੁਰ ਕੇ। ਸੰਤ ਅਮੀਰ ਸਿੰਘ ਜਵੱਦੀ ਵਾਲਿਆਂ ਅਰਦਾਸ ਕਰਕੇ ਕਫਲਾ ਤੋਰਿਆ। ਦਰਬਾਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਤੇ ਸਿਲਤਾਨਪੁਰ ਲੋਧੀ ਹੁੰਦਾ ਹੋਇਆ ਕਾਫ਼ਲਾ ਜਲੰਧਰ ਪ੍ਰੈੱਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਿਤ ਹੋਇਆ ਜਿੱਥੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸ. ਮੁਖਬੈਨ ਸਿੰਘ ਵੀ ਸ਼ਾਮਿਲ ਹੋਏ। ਚੰਡੀਗੜ੍ਹ ਮੈਮੋਰੰਡਮ ਦੇ ਕੇ ਹੀ ਉਹ ਕੈਨੇਡਾ ਪਰਤਿਆ।
ਅੱਜ ਸਵੇਰੇ ਫਿਰ ਉਸ ਦਾ ਸੰਦੇਸ਼ ਮਿਲਿਐ। ਕੈਲਗਰੀ ਵਿੱਚ ਉਹ 12ਮਈ ਨੂੰ ਪੰਜ ਕਿਲੋਮੀਟਰ ਪੈਦਲ ਯਾਤਰਾ ਕਰ ਰਿਹੈ ਉਹ ਸਾਥੀਆਂ ਸਮੇਤ। ਅਸਰ ਪਵੇ ਨਾ ਪਵੇ, ਉਹ ਬੁਰਾਈ ਦੇ ਖ਼ਾਤਮੇ ਲਈ ਵਚਨ ਬੱਧ ਹੈ।
-
ਗੁਰਭਜਨ ਗਿੱਲ , ਚੇਅਰਮੈਨ, ਪੰਜਾਬ ਲੋਕ ਵਿਰਾਸਤ ਅਕਾਡਮੀ, ਲੁਧਿਆਣਾ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.