ਵਿਆਹ ਤੋਂ ਤੁਰੰਤ ਬਾਅਦ ਜਦੋਂ ਚੰਡੀਗੜ੍ਹ ਜਾਣਾ ਹੋਇਆ ਮੈਂ ਤੇ ਬੀਵੀ 17 ਸੈਕਟਰ ਚੰਡੀਗੜ ਦੀ ਇੱਕ ਵੱਡੀ ਸੰਗੀਤਕ ਦੁਕਾਨ ਤੇ ਗਏ ਤਾਂ ਮੈਂ ਮਦਨ ਮੋਹਨ ਦੇ ਸੰਗੀਤ ਸੰਗੀਤਬਧ ਗਾਣਿਆਂ ਦਾ ਇੱਕ ਸੈੱਟ ਲਿਆ, ਜੋ ਮਹਿੰਗਾ ਵੀ ਸੀ , ਪਰ ਲੈ ਲਿਆ । ਇਹਨਾਂ ਵਿੱਚ ਤਿੰਨ ਦਰਜਨ ਦੇ ਲਗਭਗ ਉਹ ਗੀਤ ਸਨ ਜਿਨਾਂ ਦੀਆਂ ਤਰਜ਼ਾਂ ਰਾਗਾਂ ਦਾ ਆਧਾਰਿਤ ਸੀ ।
ਭਾਂਵੇ ਇਹਨਾਂ ਵਿੱਚ ਮਕਬੂਲ ਗੀਤ ਘੱਟ ਸਨ ਪਰ ਇਹਨਾਂ ਗਜ਼ਲਾਂ ਦੇ ਸ਼ਿਅਰ ਡੂੰਘੇ ਸਨ , ਦਿਲ ਤੇ ਅਸਰ ਕਰਨ ਵਾਲੇ ਸਨ ਜਿਆਦਾਤਰ ਕੈਫੀ ਆਜ਼ਮੀ ਅਤੇ ਮਜਰੂਹ ਸਾਹਿਬ ਦੇ । ਮੈਂ ਇਸੇ ਤਰ੍ਹਾਂ ਦਾ ਸੰਗੀਤ ਸੁਣਦਾ ਰਿਹਾ ਹਾਂ,ਮੇਰੀ ਪਤਨੀ ਦੀ ਪਸੰਦ ਵੀ ਤਕਰੀਬਨ ਲਗਭਗ ਅਜਿਹੀ ਹੀ ਹੈ । ਘਰ ਵਿੱਚ ਕੁੱਲ ਮਿਲਾ ਕੇ ਗਹਿਰ ਗੰਭੀਰ ਸੰਗੀਤਕ ਮਾਹੌਲ ਸੀ । ਲੋਕਾਂ ਦੇ ਘਰਾਂ ਵਿੱਚ ਕੁਝ ਹੋਰ ਤਰ੍ਹਾਂ ਦੇ ਗੀਤ ਸੰਗੀਤ ਦੀ ਆਵਾਜ਼ ਹੁੰਦੀ ਤਾਂ ਸਾਡੇ ਘਰ ਦਾ ਰਿਕਾਰਡਰ ਵਿਚਾਰਾ ਗਹਿਰ ਗੰਭੀਰ ਸੰਗੀਤ ਵਜਾਉਣ ਤੇ ਮਜਬੂਰ ਹੁੰਦਾ ।
ਫਿਰ ਇੱਕ ਦਿਨ ਮੈਂ ਘਰੇ ਇੱਕ ਅਜਿਹਾ ਗੀਤ ਵਜਾਇਆ , ਜੋ ਕੁਝ ਅਲੱਗ ਕੈਫੀਅਤ ਦਾ ਸੀ , ਸਾਡੇ ਘਰ ਦੀ ਫਿਜ਼ਾ ਲਈ ਓਪਰਾ ਸੀ । ਇਹ ਅਮਰ ਸਿੰਘ ਚਮਕੀਲਾ ਦਾ ਗੀਤ ਸੀ " ਕਰ ਯਾਦ ਕੁੜੇ "।
ਪਤਨੀ ਪਹਿਲਾਂ ਤਾਂ ਹੈਰਾਨ ਹੋਈ ਮੈਂ ਕਦੋਂ ਤੋਂ ਇਹ ਪਸੰਦ ਕਰਨ ਲੱਗ ਗਿਆ ਹਾਂ ਪਰ ਮੇਰੇ ਨਾਲ ਉਸ ਨੇ ਜਦੋਂ ਇਹ ਗੀਤ ਸੁਣਿਆ ਤਾਂ ਉਸ ਨੂੰ ਵੀ ਚੰਗਾ ਲੱਗਿਆ । ਗੀਤ ਉਦਾਸ ਸੁਰ ਦਾ ਸੀ ਤੇ ਚਮਕੀਲਾ ਦੀ ਆਵਾਜ਼ ਚ ਵੀ ਲੋਹੜੇ ਦੀ ਉਦਾਸੀ ਸੀ । ਸੰਗੀਤ ਵੀ ਕਮਾਲ ਦਾ ਸੀ । ਇਹ ਇੱਕ ਮੁਕੰਮਲ ਗੀਤ ਸੀ । ਸੁਣਦਿਆਂ ਹੋਇਆਂ ਮੈਂ ਪਤਨੀ ਨੂੰ ਸਮਝਾ ਰਿਹਾ ਸੀ " ਬਹੁਤ ਸੁਰੀਲਾ ਗਾਇਕ ਹੈ ....ਦੇਖ ਕਿੰਨੇ ਉੱਚੇ ਸਕੇਲ ਵਿੱਚ ਗਾਉਂਦਾ ਹੈ ..ਕਿਤੇ ਵੀ ਬੇਸੁਰਾ ਨਹੀਂ ਹੁੰਦਾ ....ਆਵਾਜ਼ ਵਿੱਚ ਗਰਾਮ ਹੈ..... ਉੱਚੇ ਸੁਰ ਵਿੱਚ ਫਿੱਕਾ ਨਹੀਂ ਹੁੰਦਾ ...ਔਰ ਅੰਤਰਾ ਦੇਖ ਕਿਵੇਂ ਚੱਕਿਆ ਹੈ... ਪੰਜਾਬੀ ਗਾਇਕ ਅੰਤਰੇ ਤੇ ਆ ਕੇ ਫਿੱਕੇ ਪੈ ਜਾਂਦੇ ਹਨ, ਦੇਖ ਇਹਦਾ ਅੰਤਰਾ .....ਆਦਿ ।
ਛੋਟੇ ਹੁੰਦਿਆਂ ਮੈਂ ਵਿਆਹਾਂ ਚ ,ਮੇਲਿਆਂ ਵਿੱਚ, ਇਕੱਠਾਂ ਵਿੱਚ ਉਸ ਦੇ ਗੀਤ ਚਲਦੇ ਸੁਣੇ ਸਨ ਪਰ ਮੇਰੀ ਉਹਨਾਂ ਵਿੱਚ ਦਿਲਚਸਪੀ ਨਹੀਂ ਸੀ ਬਣੀ , ਮਾਂ ਦੀਆਂ ਨਸੀਹਤਾਂ ਕਾਰਨ ਸਮਾਜਿਕ ਬੰਨਨਾ ਦਾ ਬੋਲ ਬਾਲਾ ਸੀ ,ਸੀਟੀ ਵਜਾਉਣ ਤੱਕ ਤੇ ਵੀ ਪਾਬੰਦੀ ਸੀ ਤਾਂ ਇਹਨਾਂ ਗੀਤਾਂ ਦੇ ਨੇੜੇ ਜਾ ਵੀ ਕਿਵੇਂ ਸਕਦਾ ਸੀ , ਸਾਨੂੰ ਕਿਸੇ ਨੇ ਸਮਝਾਇਆ ਨਹੀਂ ਸੀ ਪਰ ਸਾਨੂੰ ਪਤਾ ਸੀ ਇਹ ਵਰਜਿਤ ਗੀਤ ਹਨ ।
ਪਰ
ਚਮਕੀਲੇ ਦੀ ਮਕਬੂਲੀਅਤ ਬਾਰੇ ਇਲਮ ਸੀ । ਉਸ ਗੀਤਾਂ ਦੀ ਬੋਲੀ ਪਿੰਡਾਂ ਦੀ ਬੋਲੀ ਸੀ , ਉਸ ਨੇ" ਜਾਇਆ ਵੱਡੀ ਦਾ " ਵਰਗੇ ਨਿਰੋਲ ਪੇਂਡੂ ਸ਼ਬਦ ਚਲਨ ਚ ਲੈ ਆਂਦੇ ਸਨ ।ਉਸਦੇ ਪਾਤਰ ਪੇਂਡੂ ਸਨ । ਉਹ ਇਹਨਾਂ ਪਾਤਰਾਂ ਦੀ ਮਾਨਸਿਕਤਾ ਨੂੰ ਆਧਾਰ ਬਣਾ ਕੇ ਗੀਤ ਲਿਖ ਰਿਹਾ ਸੀ । ਜਿਸ ਵਿੱਚ ਬਦਮਾਸ਼ੀ ਦਾ ਜ਼ਿਕਰ ਸੀ ਸ਼ਰਾਬੀਆਂ ਦਾ ਬੋਲਬਾਲਾ ਸੀ , ਛੜਿਆਂ ਦੀਆਂ ਨਾ ਪੂਰੀਆਂ ਹੋ ਸਕੀਆਂ ਕਾਮਨਾਵਾਂ ਦਾ ਵੀ ਜਿਕਰ ਸੀ , ਛੇੜ ਛਾੜ ਸੀ ।
ਉਹ ਬਹੁਤਾ ਮਸ਼ਹੂਰ ਵੀ ਪਿੰਡਾਂ ਵਿੱਚ ਸੀ, ਸ਼ਹਿਰੀ ਲੋਕ ਉਸ ਤੋਂ ਦੂਰ ਸਨ । ਉਹਨੇ ਸ਼ਹਿਰੀ ਜੀਵਨ ਬਾਰੇ ਬਹੁਤਾ ਲਿਖਿਆ ਵੀ ਨਹੀਂ ਸੀ ।
ਬਚਪਨ ਦੇ ਦਿਨਾਂ ਵਿੱਚ ਜਦੋਂ ਨਾਲ ਦੇ ਪਿੰਡ ਵਿੱਚ ਉਸ ਦਾ ਅਖਾੜਾ ਲੱਗਿਆ ਸੀ ਤਾਂ ਉੱਥੇ ਖੜਨ ਨੂੰ ਜਗ੍ਹਾ ਨਹੀਂ ਸੀ ਮਿਲੀ । ਉਦੋਂ ਚਮਕੀਲੇ ਨੂੰ ਅਖਾੜੇ ਲਈ ਵਿਆਹ ਵਿੱਚ ਬੁਲਾਉਣਾ ਸਟੇਟਸ ਸਿੰਬਲ ਬਨ ਗਿਆ ਸੀ। ਉਸਦੀ ਮਕਬੂਲੀਅਤ ਬੁਲੰਦੀ ਤੇ ਸੀ ਪਰ ਘਰਾਂ ਵਿੱਚ ਉਸ ਦੇ ਗੀਤ ਉਸ ਤਰ੍ਹਾਂ ਨਹੀਂ ਸਨ ਸੁਣੇ ਜਾਂਦੇ ਜਿਸ ਤਰ੍ਹਾਂ ਕੁਲਦੀਪ ਮਾਣਕ ਦੇ ਸੁਣੇ ਜਾਂਦੇ ਸਨ ਸੁਰਿੰਦਰ ਸ਼ਿੰਦੇ , ਦੀਦਾਰ ਸੰਧੂ ਦੇ ਸੁਣੇ ਜਾਂਦੇ ਸਨ । ਘਰਾਂ ਦੇ ਸਿਆਣਿਆਂ ਨੇ ਉਸ ਬਾਰੇ ਇਹ ਫੈਸਲਾ ਕਰ ਲਿਆ ਸੀ ਉਸਦੇ ਗੀਤ ਘਰਾਂ ਚ ਵੱਜਣ ਵਾਲੇ ਨਹੀਂ ਇਹਨਾਂ ਦਾ ਬੱਚਿਆਂ ਦੀ ਪਰਵਰਿਸ਼ ਤੇ ਬੁਰਾ ਅਸਰ ਪੈਂਦਾ ਹੈ ।
ਇਹ ਇੱਕ ਤਰ੍ਹਾਂ ਦਾ ਅਜੀਬੋ ਗਰੀਬ ਸਮਾਜਿਕ ਇਹਤਜਾਜ ਸੀ। ਘਰਾਂ ਵਿੱਚ ਉਸ ਦੇ ਗੀਤ ਨਹੀਂ ਸਨ ਚੱਲ ਰਹੇ ਪਰ ਵਿਆਹਾਂ ਸ਼ਾਦੀਆਂ ਵਿੱਚ ,ਮੇਲਿਆਂ ਅਖਾੜਿਆਂ ਵਿੱਚ ਉਸ ਨੂੰ ਸੁਣਨ ਲਈ ਲੋਕ ਇਕੱਠੇ ਹੋ ਜਾਂਦੇ ਸਨ ,ਜਿਨਾਂ ਵਿੱਚ ਔਰਤਾਂ ਵੀ ਸ਼ਾਮਿਲ ਹੁੰਦੀਆਂ ।
ਉਸ ਕੋਲ ਸਭ ਤੋਂ ਵੱਧ ਕੰਮ ਆ ਚੁੱਕਿਆ ਸੀ ।
ਇਹਨਾਂ ਹਾਲਾਤਾਂ ਦਾ ਚਮਕੀਲਾ ਫਿਲਮ ਵਿੱਚ ਬੜਾ ਸਪਸ਼ਟ ਜਿਕਰ ਹੈ ਜਦੋਂ ਉਹ ਮਕਬੂਲੀਅਤ ਦੇ ਸਿਖਰ ਤੇ ਹੁੰਦਿਆਂ ਵਿਵਾਦਾਂ ਚ ਘਿਰ ਗਿਆ , ਗਰਮ ਸਫਾਂ ਚ ਉਹਦੇ ਪ੍ਰਤੀ ਘ੍ਰਿਣਾ ਸੀ। ਕਲਾ ਉਸ ਕੋਲ ਸੀ ਹੀ, ਫਿਰ ਉਸ ਨੇ ਧਾਰਮਿਕ ਗੀਤ ਲਿਖੇ ,ਤੇ ਗਾਏ ।ਇਹਨਾਂ ਗੀਤਾਂ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਭਾਵੁਕ ਬਿਰਤਾਂਤ ਸਨ ,ਵਿਛੜ ਗਏ ਸਥਾਨਾਂ ਦਾ ਵਿਗੋਚਾ ਸੀ , ਧਰਮ ਪ੍ਰਤੀ ਅਕੀਦਤ ਅਤੇ ਨਿਸ਼ਠਾ ਦਾ ਇਜਹਾਰ ਸੀ ।
"ਇਹ " ਗੀਤ ਘਰਾਂ ਵਿੱਚ ਵੱਜੇ ।
ਘਰਾਂ ਦੇ ਭੇੜੇ ਹੋਏ ਦਰਵਾਜ਼ੇ ਉਸ ਲਈ ਖੁੱਲ ਗਏ ਸਨ । ਉਹਨਾਂ ਲੋਕਾਂ ਨੇ ਉਸ ਦੀ ਪ੍ਰਤਿਭਾ ਦਾ ਲੋਹਾ ਮੰਨ ਲਿਆ ਸੀ ਜਿਨਾਂ ਨੇ ਉਹਨਾਂ ਉਸ ਨੂੰ ਉਸ ਦੇ ਮੁੱਢਲੇ ਗੀਤਾਂ ਕਰਕੇ ਰੱਦ ਕਰ ਦਿੱਤਾ ਸੀ ਜਿਨਾਂ ਦੀ ਸ਼ਬਦਾਵਲੀ ਸਮਾਜਿਕ ਮਰਿਆਦਾ ਅਨੁਸਾਰ ਨਾ ਬਰਦਾਸ਼ਤ ਕੀਤੀ ਜਾਣ ਵਾਲੀ ਸੀ ।
ਸਾਡੇ ਪਿੰਡ ਮੰਦਰ ਤੇ ਮੇਰੇ ਦੋਸਤ ਵਾਜਾ ਤੇ ਢੋਲਕ ਰੱਖਦੇ ਸਨ । ਅਕਸਰ ਗਾਣੇ ਗਾਉਂਦੇ ਰਹਿੰਦੇ ਸਨ ਜਿਨਾਂ ਵਿੱਚ ਨੁਸਰਤ ਸਾਹਿਬ ਦੇ ਸੂਫ਼ੀਆਨਾ ਨਗਮੇ ਹੁੰਦੇ ਸਨ, ਸਲੀਮ ਦੇ ,ਸਰਦੂਲ਼ ਸਿਕੰਦਰ ਦੇ ਹੰਸ ਰਾਜ ਹੰਸ ਦੇ ਗੀਤ ਹੁੰਦੇ ।
। ਇਹਨਾਂ ਗੀਤਾਂ ਦੀ ਚੋਣ ਸਮਾਜਿਕ ਅਤੇ ਧਾਰਮਿਕ ਅਧਾਰ ਤੇ ਹੁੰਦੀ ਸੀ । ਫਿਰ ਇਸ ਵਿੱਚ ਇੱਕ ਚਮਕੀਲੇ ਦਾ ਗੀਤ ਵੀ ਸ਼ਾਮਿਲ ਹੋ ਗਿਆ ਸੀ , ਇਹ ਸੀ "ਢਾਈ ਦਿਨ ਦੀ ਪ੍ਰਾਹੁਣੀ ਜਿੰਦੇ ਤੂੰ , । ਸਮਾਜਿਕ ਸੱਚ ਅਤੇ ਨਸੀਹਤਾਂ ਨੂੰ ਚਮਕੀਲੇ ਨੇ ਬਹੁਤ ਸੋਹਣੇ ਢੰਗ ਨਾਲ ਗਾਇਆ ਸੀ , ਲਿਖਿਆ ਸੀ ।
ਉਸ ਦਾ ਇਹ ਗੀਤ ਮੰਦਰ ਤੇ ਗਾਏ ਜਾਣ ਵਾਲੇ ਇਹਨਾਂ ਗੀਤਾਂ ਵਿੱਚ ਸ਼ਾਮਿਲ ਹੋਣਾ , ਦਰਅਸਲ ਇੱਕ ਅਹਿਮ ਮੋੜ ਸੀ । ਉਹ ਮੁੜ ਰਿਹਾ ਸੀ ।
ਉਸ ਦੇ ਇਹਨਾਂ ਸਮਾਜਿਕ ਤੇ ਧਾਰਮਿਕ ਗੀਤਾਂ ਵਿੱਚ ਕਲਾਤਮਕ ਸਿੱਕ ਸੀ ,ਕਿਸੇ ਪਰਪੱਕ ਧਾਰਮਿਕ ਗੀਤਕਾਰ ਦੀ ਛੂਹ ਸੀ ।ਸਮਾਜ ਉਸ ਦੇ ਇਹਨਾਂ" ਸਮਾਜਿਕ ਗੀਤਾਂ" ਨੂੰ ਪ੍ਰਵਾਨਗੀ ਦੇ ਰਿਹਾ ਸੀ ਪਰ ਹਾਲੇ ਉਸ ਦੇ ਉਹਨਾਂ ਗੀਤਾਂ ਨੂੰ ਤਸਲੀਮ ਕਰਨ ਵਾਸਤੇ ਰਾਜ਼ੀ ਨਹੀਂ ਸੀ ,ਜਿਨਾਂ ਕਰਕੇ ਉਸਦੀ ਮਕਬੂਲ਼ਇਤ ਹੋਈ ਸੀ ਜਿਸ ਕਰਕੇ ਉਸ ਹਰ ਦਿਨ ਅਖਾੜੇ ਲੱਗਦੇ ਸਨ ,ਜਿਸ ਚ ਪੈਸਾ ਸੀ ਸ਼ੋਹਰਤ ਸੀ ।
ਸ਼ਾਇਦ, ਉਹ ਇੱਕ ਵੱਡੇ ਵਿਰੋਧਾਭਾਸ ਦੇ ਸਾਹਮਣੇ ਸੀ ।
ਇਹ ਦੌਰ ਪੰਜਾਬ ਵਾਸਤੇ ਬਹੁਤ ਤਨਾਓ ਭਰਿਆ ਦੌਰ ਸੀ। ਕਤਲ ਹੋ ਰਹੇ ਸਨ, ਮੁਕਾਬਲੇ ਕੀਤੇ ਜਾ ਰਹੇ ਸਨ । ਇਸ ਤਨਾਅ ਵਿਚ ਕੁਦਰਤੀ ਗੱਲ ਹੈ ਕਿ ਚਮਕੀਲਾ ਵੀ ਤਨਾਅ ਵਿੱਚ ਹੋਵੇਗਾ । ਇਸ ਮਹੀਨ ਵਰਤਾਰੇ ਨੂੰ ਇਮਤਿਆਜ਼ ਅਲੀ ਨੇ ਆਪਣੀ ਫਿਲਮ ਵਿੱਚ ਬੜੀ ਸੂਖਮਤਾ ਨਾਲ ਦਿਖਾਇਆ ਹੈ ।
ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਉਲੰਘੇ ਜਾਣ ਦੇ ਦੋਸ਼ਾਂ ਵਿੱਚ ਘਿਰਿਆ ਤੇ ਡਰਿਆ ਹੋਇਆ ਉਹ ਇਹ ਵੀ ਸਮਝਦਾ ਸੀ ਕਿ ਚੜ੍ਹਾਈ ਦੇ ਕੁਝ ਕੁ ਸਾਲ ਹੀ ਹੁੰਦੇ ਹਨ ।
ਗਰੀਬੀ ਦੇ ਦੁੱਖ ਉਹ ਜਾਣਦਾ ਸੀ ।
ਫਿਰ ਇੱਕ ਦਿਨ ਖਬਰ ਆਈ ਕਿ ਚਮਕੀਲਾ ਉਸ ਦੀ ਸਾਥਨ ਅਮਰਜੋਤ ਅਤੇ ਸਾਥੀਆਂ ਦਾ ਵੀ ਕਤਲ ਹੋ ਗਿਆ , ਜਿਨਾਂ ਵਿੱਚ ਹਰਜੀਤ ਗਿੱਲ ਵੀ ਸ਼ਾਮਿਲ ਸੀ ਜੋ ਉਸ ਨਾਲ ਹਰਮੋਨੀਅਮ ਵਜਾਉਂਦਾ ਸੀ ਅਤੇ ਜਿਸ ਦਾ ਲਿਖਿਆ ਹੋਇਆ ਹੀ ਸੀ ਗੀਤ "ਕਰ ਯਾਦ ਕੁੜੇ " ।ਉਦੋਂ ਹਰ ਰੋਜ਼ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਸਨ ਤੇ ਚਮਕੀਲੇ ਬਾਰੇ ਬਹੁਤਿਆਂ ਨੂੰ ਪਹਿਲਾਂ ਤੋਂ ਹੀ ਡਰ ਸੀ ਕਿ ਅਜਿਹਾ ਜਿਹਾ ਹੋਵੇਗਾ । ਉਦੋਂ ਉਹ ਮਹਿਜ 27 ਸਾਲਾਂ ਦਾ ਸੀ ਅਤੇ ਆਪਣੀ ਛੋਟੀ ਉਮਰ ਦੇ ਇਸ ਪੜਾਅ ਵਿੱਚ ਉਸ ਨੇ ਉਹ ਮਕਬੂਲੀਅਤ ਹਾਸਲ ਕਰ ਲਈ ਸੀ ਜੋ ਬਹੁਤਿਆਂ ਨੂੰ ਤਾਂ ਤਾ ਉਮਰ ਕੰਮ ਕਰਨ ਤੋਂ ਬਾਅਦ ਵੀ ਨਸੀਬ ਨਹੀਂ ਹੁੰਦੀ ।
ਖਬਰ ਆਈ, ਖਬਰ ਚਲੀ ਗਈ ।
ਪਰ ਚਮਕੀਲਾ ਨਹੀਂ ਸੀ ਗਿਆ ।
ਉਹ ਲੋਕਾਂ ਦੇ ਜਿਹਨ ਵਿੱਚ ਜਿੰਦਾ ਸੀ, ਕੈਸਟਾਂ , ਸੀਡੀਆਂ ਚ ਚੁੱਪ ਸੀ ਕੁਝ ਸਾਲਾਂ ਬਾਦ ਫਿਰ ਲੋਕ ਉਸ ਨੂੰ ਸੁਣਨ ਲੱਗ ਪਏ ਸਨ ਤੇ ਫਿਰ ਉਹ ਅਗਲੀਆਂ ਪੀੜੀਆਂ ਤੱਕ ਵੀ ਪਹੁੰਚ ਗਿਆ ਸੀ ।
"ਇਮਤਿਆਜ਼ ਅਲੀ" ਹੁਰਾਂ ਦੀ ਇਹ ਫਿਲਮ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ ।ਚਮਕੀਲਾ ਮਰਨ ਤੋਂ ਬਾਅਦ ਹੋਰ ਵੱਡਾ ਹੋ ਗਿਆ ਹੈ ਉਹ ਪੰਜਾਬ ਤੋਂ ਬਾਹਰ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ ।
ਕਿਸੇ ਇਲਾਕਾਈ ਗਾਇਕ ਵਿੱਚ ਕਿਸੇ ਬਾਹਰਲੇ ਦੇਸ਼ ਅਤੇ ਸੂਬਿਆਂ ਦੇ ਲੋਕਾਂ ਨੂੰ ਕੀ ਦਿਲਚਸਪੀ ਹੋ ਸਕਦੀ ਹੈ, ਇਮਤਿਆਜ਼ ਅਲੀ ਇਹ ਬਾਖੂਬੀ ਸਮਝਦੇ ਸਨ । ਉਹ ਕਹਾਣੀ ਨੂੰ ਸਮਝਦੇ ਸਨ , ਇਸ ਵਿਚ ਬਹੁਤ ਕੁਝ ਸੀ ।
ਫਿਲਮ ਵਿੱਚ ਚਮਕੀਲਾ ਤੇ ਅਮਰਜੋਤ ਦੇ ਗੀਤ ਹਨ । ਪ੍ਰਚਲਤ ਅਤੇ ਪ੍ਰਸਿੱਧ ਗੀਤ ਹਨ । ਕੁਝ ਗੀਤ ਇਹਨਾਂ ਤੋਂ ਬਿਨਾਂ ਵੀ ਹਨ ਜਿਸ ਦਾ ਸੰਗੀਤ ਏ ਆਰ ਰਹਿਮਾਨ ਨੇ ਦਿੱਤਾ ਹੈ । ਭਾਵੇਂ ਇਹ ਗੀਤ ਕਹਾਣੀ ਨੂੰ ਅੱਗੇ ਤੋਰਦੇ ਹਨ ਪਰ ਸੰਗੀਤਕ ਤੌਰ ਤੇ ਇੰਨੇ ਪ੍ਰਭਾਵਿਤ ਨਹੀਂ ਕਰਦੇ । ਇਹ ਯਾਦ ਨਹੀਂ ਰਹਿੰਦੇ । ਇਹਨਾਂ ਦੇ ਭਾਸ਼ਾ ਵੀ ਸਪਸ਼ਟ ਨਹੀਂ ਹੈ । ਫਿਲਮ ਦੀ ਸਕ੍ਰਿਪਟ ਵਿੱਚ ਲਗਾਤਾਰਤਾ ਹੈ, ਤੇਜੀ ਹੈ ਪਰ ਅਖੀਰਲੇ ਅੱਧੇ ਘੰਟੇ ਵਿੱਚ ਕਈ ਵਾਰ ਦੁਹਰਾਓ ਵੀ ਆਉਂਦਾ ਹੈ ।
ਜਿਹੜੇ ਦਰਸ਼ਕ ਜਾਂ ਵਿਚਾਰਕ ਪੰਜਾਬੀ ਗਾਇਕੀ ਅਤੇ ਸਿਨੇਮਾ ਦੇ ਗਾਇਕਾਂ ਦੀ ਅਦਾਕਾਰੀ ਤੋਂ ਨਿਰਾਸ਼ ਹਨ ਉਹ ਦਲਜੀਤ ਦੋਸਾਂਝ ਵੱਲੋਂ ਨਿਭਾਈ ਗਈ ਭੂਮਿਕਾ ਕਾਰਨ ਉਤਸ਼ਾਹਿਤ ਹੋ ਸਕਦੇ ਹਨ । ਉਸ ਨੇ ਜੇ ਮਹਾਨ ਕੰਮ ਅਦਾ ਨਹੀਂ ਕੀਤਾ ਤਾਂ ਬਹੁਤ ਸਾਰਿਆਂ ਨਾਲੋਂ ਬਿਹਤਰ ਜਰੂਰ ਹੈ । ਪਰਨੀਤੀ ਚੋਪੜਾ ਨੇ ਵੀ ਚੁਨੌਤੀ ਪੂਰਨ ਭੂਮਿਕਾ ਨੂੰ ਸੰਤੋਸ਼ ਜਨਕ ਢੰਗ ਨਾਲ ਨਿਭਾਇਆ ਹੈ । ਓਹਨਾਂ ਸਾਹਮਣੇ ਇੱਕ ਚੁਣੌਤੀ ਇਹ ਵੀ ਸੀ ਕਿ ਉਹਨਾਂ ਨੇ ਇੱਕ ਗਾਇਕਾ ਦੀ ਭੂਮਿਕਾ ਅਦਾ ਕਰਨੀ ਸੀ , ਜਿਸ ਦੇ ਗੀਤ ਵੀ ਉਹਦੀ ਹੀ ਸ਼ੈਲੀ, ਪੇਂਡੂ ਠੁੱਕ ਸਮੇਤ ਗਾਉਣੇ ਸਨ l ਉਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਪਰਨੀਤੀ ਚੋਪੜਾ ਨੇ ਇਸ ਫਿਲਮ ਲਈ ਕਿੰਨੀ ਮਿਹਨਤ ਕੀਤੀ ਹੈ । ਭਾਵੇਂ ਕਿਸੇ ਵੀ ਫਿਲਮ ਵਿੱਚ ਕਿਸੇ ਦੀ ਜ਼ਿੰਦਗੀ ਨਾਲ ਜੁੜੀ ਹੋਈ ਹਰ ਚੀਜ਼ ਦਿਖਾਉਣਾ ਸੰਭਵ ਨਹੀਂ ਹੁੰਦਾ ਪਰ ਇਹ ਮੰਨਣਾ ਪਏਗਾ ਕਿ ਇਮਤਿਆਜ਼ ਅਲੀ ਅਤੇ ਉਹਨਾਂ ਦੀ ਟੀਮ ਨੇ ਫਿਲਮ ਉੱਤੇ ਮਿਹਨਤ ਕੀਤੀ ਹੈ , ਹਰ ਪੱਖ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੈ।
ਚਰਨਜੀਤ ਅਹੂਜਾ ਪੰਜਾਬੀ ਸੰਗੀਤ ਜਗਤ ਦੇ ਸਭ ਤੋਂ ਪਿਆਰੇ ਜਾਣ ਵਾਲੇ ਸੰਗੀਤ ਨਿਰਦੇਸ਼ਕ ਰਹੇ ਹਨ ਅਮਰ ਸਿੰਘ ਚਮਕੀਲਾ ਦੀ ਸਫਲਤਾ ਪਿੱਛੇ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ ਪਰ ਉਹਨਾਂ ਨੂੰ ਮਾਤਰ ਸੰਕੇਤਕ ਰੂਪ ਵਿੱਚ ਹੀ ਦਿਖਾਉਣਾ ਅੱਖਰਦਾ ਹੈ । ਉਨਾਂ ਲਈ ਕੁਝ ਹੋਰ ਵੱਡੀ ਭੂਮਿਕਾ ਪੈਦਾ ਕੀਤੀ ਜਾ ਸਕਦੀ ਸੀ ।
" ਮੈਨੂੰ ਵਿਦਾ ਕਰੋ " ਸ਼ਿਵ ਬਟਾਲਵੀ ਦਾ ਪ੍ਰਸਿੱਧ ਗੀਤ ਹੈ , ਚਮਕੀਲੇ ਦੀ ਮੌਤ ਤੇ ਇਹ ਕੁਝ ਨਵੇਂ ਲਫਜ਼ਾਂ ਚ ਮਾਤਮੀ ਧੁਨ ਨਾਲ ਵਜਦਾ ਹੈ ਤਾਂ ਦਰਸ਼ਕਾਂ ਦੀ ਹਮਦਰਦੀ ਪੂਰੀ ਤਰ੍ਹਾਂ ਚਮਕੀਲੇ ਨਾਲ ਜੁੜ ਜਾਂਦੀ ਹੈ ।
ਇਸ ਗੀਤ ਦੀ ਥਾਂ ਤੇ ਕੋਈ ਹੋਰ ਗੀਤ ਵੀ ਲਿਆ ਜਾ ਸਕਦਾ ਸੀ । ਸ਼ਾਇਦ ਜਿਆਦਾ ਚੰਗਾ ਹੁੰਦਾ । ਸ਼ਿਵ ਦਾ ਅਕਸ ਚਮਕੀਲੇ ਤੋਂ ਭਿੰਨ ਹੈ ।
ਫਿਲਮ ਦੇਖਣ ਉਪਰੰਤ ਮੇਰੇ ਜਿਹਨ ਵਿੱਚ ਸਆਦਤ ਹਸਨ ਮੰਟੋ ਤੋਂ ਨਾਲ ਸੰਬੰਧਿਤ ਕੁਝ ਘਟਨਾਵਾਂ ਯਾਦ ਆਈਆਂ ਤੇ ਕੁਝ ਸਮਾਂ ਉਹਨਾਂ ਤੇ ਆਈ ਫਿਲਮ "ਮੰਟੋ "ਵੀ ਯਾਦ ਆਈ । ਦਾਦਾ ਕੋਂਡਕੇ ਦੀਆਂ ਫਿਲਮਾਂ ਦੇ ਦੋਅਰਥੀ ਸਿਰਲੇਖ ਵੀ ਜਿਹਨ ਚ ਘੁੰਮ ਗਏ ।
ਉਸ ਦੀਆਂ ਫ਼ਿਲਮਾਂ ਦੋਹਰੇ ਸੰਵਾਦਾਂ ਕਰਕੇ ਬਦਨਾਮ ਸਨ । ਸਿਰਲੇਖ ਇਥੇ ਵੀ ਨਹੀਂ ਲਿਖੇ ਜਾ ਸਕਦੇ ।
ਭੋਜਪੁਰੀ ਗਾਣੇ ਤੇ ਫ਼ਿਲਮਾਂ ਬਾਰੇ ਵੀ ਸੋਚਿਆ ਕਿ ਕੀ ਉਹ ਪਰਿਵਾਰ ਚ ਦੇਖਣ ਸੁਣਨ ਵਾਲੇ ਹਨ ।
ਅਸ਼ਲੀਲਤਾ ਬੇਸ਼ੱਕ ਸਮਾਜ ਵਿੱਚ ਲੁਕੇ ਛਪੇ ਢੰਗ ਨਾਲ ਮੌਜੂਦ ਹੋਵੇ ਪਰ ਜਦੋਂ ਜਦੋਂ ਵੀ ਇਹ ਕਲਮ ਦੀ ਜਦ ਵਿੱਚ ਆਈ ਹੈ ਤਾਂ ਚਰਚਿਤ ਹੋ ਜਾਂਦੀ ਹੈ । ਵਿਵਾਦਾਂ ਚ ਆ ਜਾਂਦੀ ਹੈ ।
ਦਾਦਾ ਕੋਂਡਕੇ ਦੀ ਉਸ ਸਮੇਂ ਵੀ ਬਹੁਤ ਮਲਾਲਤ ਹੋਈ ,ਅੱਜ ਤੱਕ ਹੁੰਦੀ ਹੈ ਤੇ ਮੰਟੋ ਨੂੰ ਵੀ ਹਮੇਸ਼ਾ ਯਾਦ ਕੀਤਾ ਜਾਂਦਾ ਹੈ ।
"ਸਆਦਤ ਹਸਨ ਮੰਟੋ "ਦੀਆਂ ਕਹਾਣੀਆਂ ਤੇ ਲਗਭਗ ਪੰਜ ਕੇਸ ਹੋਏ, ਦੋਸ਼ ਇਹ ਸੀ ਕਿ ਉਨਾਂ ਵਿੱਚ ਅਸ਼ਲੀਲਤਾ ਹੈ । ਮੰਟੋ ਦਾ ਤਰਕ ਸੀ ਕਿ ਅਸ਼ਲੀਲਤਾ ਸਾਹਮਣੇ ਵਾਲੇ ਦੇ ਦਿਮਾਗ ਵਿੱਚ ਹੁੰਦੀ ਹੈ ਕੋਈ ਉਹਨਾਂ ਚੀਜ਼ਾਂ ਨੂੰ ਕਿਸੇ ਹੋਰ ਲਹਿਜੇ ਨਾਲ ਦੇਖਦਾ ਹੈ ਤੇ ਕੋਈ ਹੋਰ ਉਹਨਾਂ ਹੀ ਚੀਜ਼ਾਂ ਨੂੰ ਕਿਸੇ ਹੋਰ ਨਜ਼ਰੀਏ ਨਾਲ । ਮੈਂ ਸਮਾਜ ਦਾ ਸੱਚ ਲਿਖਿਆ ਹੈ ਉਸ ਤਰ੍ਹਾਂ ਜਿਸ ਨਜਰੀਏ ਨਾਲ ਮੈਂ ਦੇਖਿਆ ਹੈ ।
ਮੰਟੋ ਆਪਣੀ ਧਾਰਨਾ ਤੇ ਦ੍ਰਿੜ ਸੀ । ਦੁੱਖ , ਦਾ ਜਿਕਰ ਇਸ ਲਈ ਹੀ ਨਹੀਂ ਛੱਡਿਆ ਜਾ ਸਕਦਾ ਕਿ ਉਸ ਨੂੰ ਲਿਖਣ ਵੇਲੇ ਉਹ ਗੱਲਾਂ ਵੀ ਲਿਖਣੀਆਂ ਪੈਣੀਆਂ ਹਨ , ਜਿਸ ਨੂੰ ਸਮਾਜ ਵਰਜਿਤ ਕਹਿੰਦਾ ਹੈ ।
ਉਹ ਉਸ ਤੋਂ ਅੱਗੇ ਇਹ ਵੀ ਕਹਿੰਦਾ ਹੈ ਜੇਕਰ ਪੈਸਿਆਂ ਬਦਲੇ ਇੱਜਤ ਦਾ ਸੌਦਾ ਕਰਨ ਲਈ ਕਿਸੇ ਨੂੰ ਤਵਾਇਫ ਕਿਹਾ ਜਾਂਦਾ ਹੈ ਤਾਂ ਸਾਰੇ ਉਹ ਲੋਕ ਇਸ ਤਵਾਇਫ਼ ਖਾਨੇ ਦੇ ਹਿੱਸੇ ਹਨ ਜੋ ਕਿਸੇ ਤਰ੍ਹਾਂ ਵੀ ਪੈਸਾ ਲੈ ਕੇ ਜਮੀਰ ਦਾ ਸੌਦਾ ਕਰਦੇ ਹਨ ।
ਮੰਟੋ ਨੇ ਅਸ਼ਲੀਲਤਾ ਦੇ ਦੋਸ਼ਾਂ ਦਾ ਸੰਘਰਸ਼ ਪੂਰੀ ਉਮਰ ਕੀਤਾ ਤੇ ਉਸ ਦੀਆਂ ਕਹਾਣੀਆਂ ਨੇ ਉਸ ਦੇ ਅੰਤ ਤੋਂ ਬਾਅਦ ਵੀ ।
ਅੱਜ.... ਮੰਟੋ ਨੂੰ ਮਹਾਨ ਕਹਾਣੀਕਾਰ ਕਿਹਾ ਜਾਂਦਾ ਹੈ।
ਮੈਨੂੰ ਇੱਕ ਵਾਰ ਬੜੀ ਹੈਰਾਨੀ ਹੋਈ । ਮੰਟੋ ਦੀਆਂ ਚੋਣਵੀਆਂ ਕਹਾਣੀਆਂ ਨਾਂ ਦੀ ਇੱਕ ਕਿਤਾਬ ਉੱਪਰ ਜੋ ਚਿੱਤਰ ਬਣਾਇਆ ਗਿਆ ਸੀ ਉਹ ਕਹਾਣੀਆਂ ਦੇ ਮਰਮ ਮੁਤਾਬਕ ਬਿਲਕੁਲ ਨਹੀਂ ਸੀ । ਉਹ ਸਸਤੀ ਕਲਾ ਦਾ ਇੱਕ ਉਦਾਹਰਨ ਸੀ । ਜਿਸ ਤਰ੍ਹਾਂ ਦੀਆਂ ਫੋਟੋਆਂ ਦੋ ਅਰਥੀ ਸੰਵਾਦਾਂ ਵਾਲੀਆਂ ਕਹਾਣੀਆਂ ਦੀਆਂ ਕਿਤਾਬਾਂ ਤੇ ਲੱਗੀਆਂ ਹੁੰਦੀਆਂ ਹਨ।
ਕਿਸੇ ਨੇ ਮੰਟੋ ਦੀਆਂ ਕਹਾਣੀਆਂ ਨੂੰ ਗਰਮ ਕਹਾਣੀਆਂ ਦੇ ਤੌਰ ਤੇ ਪੇਸ਼ ਕਰ ਦਿੱਤਾ ਸੀ। ਉਸਨੂੰ ਲੱਗਿਆ ਹੋਣਾ ਹੈ ਕਿ ਲੋਕ ਇਸ ਤਰ੍ਹਾਂ ਦੀਆਂ ਕਿਤਾਬਾਂ ਜਿਆਦਾ ਖਰੀਦਦੇ ਹਨ। ਜਦ ਕਿ ਇਹਨਾਂ ਚ ਮਨੁੱਖਤਾ ਦੀਆਂ ਉਹ ਪੀੜਾਂ ਪਾਈਆਂ ਜਾਂਦੀਆਂ ਹਨ ਜੋ ਕਿਸੇ ਨੂੰ ਵੀ ਬੇਚੈਨ ਕਰ ਦੇਣ ।
ਖ਼ੈਰ ,
ਮੰਟੋ ਦੀਆਂ ਕਹਾਣੀਆਂ ਵਿੱਚ ਮਕਸਦ ਸੀ ਜਦ ਕਿ ਚਮਕੀਲੇ ਦੀ ਗਾਇਕੀ ਵਿੱਚ ਭੌਤਿਕੀ ਖਾਹਿਸ਼ । ਫਿਲਮ ਮੰਟੋ ਤੇ ਵੀ ਬਣੀ ਹੈ ਪਰ ਉਹ ਇਸ ਪੱਧਰ ਤੇ ਚਰਚਿਤ ਨਹੀਂ ਹੋਈ ਜਿਸ ਪੱਧਰ ਤੇ ਚਮਕੀਲੇ ਤੇ ਬਨੀ ਫਿਲਮ ਦੀ ਚਰਚਾ ਹੋਈ ਹੈ ।
ਬਿਨਾਂ ਸ਼ੱਕ ਸਆਦਤ ਹਸਨ ਮੰਟੋ ਵੱਡਾ ਸਾਹਿਤਕਾਰ ਸੀ , ਪਰ ਚਮਕੀਲਾ ਅਵਾਮ ਚ ਜਿਆਦਾ ਪ੍ਰਸਿੱਧ ਸੀ । ਆਓ ਇੱਕ ਹੋਰ ਹਵਾਲੇ ਨਾਲ ਅਮਰ ਸਿੰਘ ਚਮਕੀਲਾ ਦੇ ਤਤਕਾਲੀਨ ਹਾਲਾਤਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ।
ਕੁਝ ਸਮਾਂ ਪਹਿਲਾਂ ਇੱਕ ਫਿਲਮ ਆਈ ਸੀ " ਮਸਤ ਰਾਮ "। ਇੱਕ ਲੇਖਕ ਹੈ ਜਿਸ ਕੋਲ ਲਿਖਣ ਦਾ ਹੁਨਰ ਹੈ ਪਰ ਉਸ ਦੇ ਸਾਹਿਤ ਨੂੰ ਉਹ ਮਕਬੂਲੀਅਤ ਨਹੀਂ ਮਿਲਦੀ, ਜੋ ਚਾਹੁੰਦਾ ਹੈ । ਉਹ ਆਪਣੀ ਸਿਰਜਣਾਤਮਕ ਸ਼ਕਤੀ ਦੀ ਇਸ ਬੇਕਦਰੀ ਤੋਂ ਨਿਰਾਸ਼ ਹੈ । ਫਿਰ ਉਹ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਤਿਲਾਂਜਲੀ ਦਿੰਦਿਆਂ ਇੱਕ ਵੱਖਰੇ ਰਾਹ ਤੇ ਤੁਰ ਪੈਂਦਾ ਹੈ । ਉਹ ਆਪਣਾ ਨਾਮ ਬਦਲ ਕੇ ਫ਼ਾਹਿਸ਼ ਕਹਾਣੀਆਂ ਲਿਖਦਾ ਹੈ ਜਿਸ ਵਿੱਚ ਵੀ ਉਸ ਦੀ ਕਲਾਤਮਕ ਪੁੱਠ ਹੁੰਦੀ ਹੈ ।
ਉਸ ਦਾ ਨਵਾਂ ਨਾਂ ਹੁੰਦਾ ਹੈ, ਮਸਤ ਰਾਮ । ਉਸ ਦੀਆਂ ਇਹ ਲਿਖਤਾਂ ਧੜਾਧੜ ਵਿਕਦੀਆਂ ਹਨ ਅਤੇ ਨਵਾਂ ਰੱਖਿਆ ਹੋਇਆ ਨਾਂ ਚੱਲ ਪੈਂਦਾ ਹੈ । ਪੈਸੇ ਆਉਣੇ ਆਰੰਭ ਹੋ ਜਾਂਦੇ ਹਨ ।
ਚਮਕੀਲੇ ਨੂੰ ਇਸ "ਫਿਲਮ" ਦੇ ਸੰਦਰਭ ਵਿੱਚ ਵੀ ਦੇਖਿਆ ਜਾ ਸਕਦਾ ਹੈ ਉਸ ਕੋਲ ਕਲਾ ਸੀ ਪਰ ਉਸਨੇ ਕਲਾ ਰਾਹੀਂ ਉਹ ਪਰੋਸਿਆ ਜੋ ਮਕਬੂਲ ਹੁੰਦਾ ਹੈ ਜਿਸ ਨਾਲ ਪੈਸੇ ਅਰਜਿਤ ਕੀਤੇ ਜਾ ਸਕਦੇ ਹਨ ,ਜੋ ਲੋਕ ਸੁਣਨਾ ਚਾਹੁੰਦੇ ਸਨ ।
ਇਮਤਿਆਜ਼ ਅਲੀ ਦੀ ਚਮਕੀਲਾ ਸਾਡੇ ਸਾਹਮਣੇ ਇਹ ਸਵਾਲ ਜਰੂਰ ਖੜਾ ਕਰਦੀ ਹੈ ਕਿ ਕਿਸੇ ਦੇ ਗੀਤ ਸਮਾਜਿਕ ਮਰਿਆਦਾ ਵਿੱਚ ਨਾ ਹੋਣ ਤਾਂ ਕੀ ਉਸ ਨੂੰ ਜਿਸਮਾਨੀ ਤੌਰ ਤੇ ਖਤਮ ਕਰ ਦਿੱਤਾ ਜਾਣਾ ਚਾਹੀਦਾ ? ਭਾਵੇਂ ਉਹ ਇਸ ਤੇ ਸਪਸ਼ਟ ਕੁਝ ਨਹੀਂ ਕਹਿੰਦੇ , ਪਰ ਇਹ ਸਵਾਲ ਦੇਖਣ ਵਾਲੇ ਦੇ ਜਿਹਨ ਵਿੱਚ ਉੱਠਦਾ ਹੈ। । ਕੁਝ ਹਵਾਲਿਆਂ ਵਿੱਚ ਇਹ ਵੀ ਦਿਖਾਇਆ ਜਾਂਦਾ ਹੈ ਕਿ ਸਮਕਾਲੀ ਗਾਇਕ ਉਸ ਤੋਂ ਈਰਖਾ ਕਰਦੇ ਸਨ ।
ਦਰਸ਼ਕ ਇਹ ਸਮਝਣ ਚ ਅਸਫਲ ਰਹਿੰਦਾ ਹੈ ਕਿ ਉਸ ਦੇ ਮਾਰੇ ਜਾਨ ਦੇ ਕਾਰਣ ਕੀ ਸਨ ।
ਚਮਕੀਲਾ ਤੇ ਫਿਲਮ ਬਣਨਾ ਬੇਸ਼ਕ ਵਪਾਰਕ ਵਰਤਾਰਾ ਹੋਵੇ ਪਰ ਇਹ ਜਰੂਰ ਹੋਇਆ ਹੈ ਕਿ ਚਮਕੀਲੇ ਦੇ ਚਮਕਦੇ ਪੱਖ ਤੋਂ ਬਗੈਰ ਉਸ ਦੇ ਜੀਵਨ ਵਿਚਲੀਆਂ ਚੁਨੌਤੀਆਂ ਤੋਂ ਵੀ ਲੋਕ ਜਾਣੂ ਹੋਏ ਹਨ । ਦੋਹਰਾ ਸਮਾਜਿਕ ਮਾਪਦੰਡ ਵੀ ਉਗੜ ਕੇ ਸਾਹਮਣੇ ਆਉਂਦਾ ਹੈ ਜਦੋਂ ਸਮਾਜ ਉਨਾਂ ਚੀਜ਼ਾਂ ਨੂੰ ਹੀ ਪਸੰਦ ਕਰਦਾ ਦਿਖਾਈ ਦਿੰਦਾ ਹੈ ,ਜਿਨਾਂ ਨੂੰ ਉਹ ਭੰਡਦਾ ਵੀ ਰਹਿੰਦਾ ਹੈ।
ਫਿਲਮ ਦੇ ਕਈ ਮਰਹਲਿਆਂ ਵਿੱਚ ਇਹ ਦ੍ਰਿਸ਼ ਸਾਹਮਣੇ ਆਉਂਦਾ ਹੈ ਜਦੋਂ ਚਮਕੀਲਾ ਦੁਗਾਣਾ ਗਾਇਕੀ ਦੀ ਬਜਾਏ ਧਾਰਮਿਕ ਗਾਣੇ ਗਾਉਣਾ ਚਾਹੁੰਦਾ ਹੈ ਪਰ ਲੋਕ ਉਸ ਤੋਂ ਉਹੀ ਦੋ ਅਰਥੀ ਗਾਣਾ ਸੁਣਨਾ ਚਾਹੁੰਦੇ ਹਨ ।
ਕਈ ਵਾਰ ਉਸ ਨੂੰ ਮਰਵਾਉਣ ਦਾ ਕਾਰਨ ਵੀ ਲੱਗਦਾ ਹੈ ।
ਬਹਰ ਹਾਲ ..
ਨਿਰਦੇਸ਼ਕ ਕਿਸੇ ਵੀ ਨਤੀਜੇ ਤੇ ਪਹੁੰਚਣ ਦੀ ਬਜਾਏ ਤਤਕਾਲੀਨ ਹਾਲਾਤਾਂ ਨੂੰ ਘਟਨਾਵਾਂ ਦਾ ਜ਼ਿੰਮੇਵਾਰ ਬਨਾਉਂਦਾ ਨਜਰ ਆਉਂਦਾ ਹੈ ।
ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਛੋਟੀ ਸੀ ਪਰ ਉਤਰਾਅ ਚੜਾਅ ਨਾਲ ਭਰੀ ਹੋਈ ਸੀ ,ਜਿਸ ਵਿੱਚ ਮਸ਼ਹੁਰੀਅਤ ਦੀ ਚਮਕ ਸੀ ਅਤੇ ਉਸਦਾ ਆਪਣਾ ਤੇ ਸਾਥੀਆਂ ਦਾ ਕਤਲ ਦਾ ਹਨੇਰਾ ਪੱਖ ਵੀ ਸ਼ਾਮਿਲ ਸੀ । ਇੱਕ ਅਜਿਹੀ ਕਹਾਣੀ ਜਿਸ ਤੇ ਫਿਲਮ ਬਣਾਈ ਜਾ ਸਕਦੀ ਸੀ । ਚਰਚਿਤ ਹੋਣੀ ਸੀ, ਵਪਾਰਕ ਤੌਰ ਤੇ ਵੀ ਸਫਲ ਹੋ ਸਕਦੀ ਸੀ। ਤੇ ਪ੍ਰਤੀਭਾਸ਼ਾਲੀ ਨਿਰਦੇਸ਼ਕ ਇਮਤਿਆਜ ਅਲੀ ਨੇ ਇਹ ਫਿਲਮ ਬਣਾ ਲਈ ਸੀ ।
ਇਮਤਿਆਜ਼ ਅਲੀ ਦੇ ਕਲਾਤਮਕ ਹੁਨਰ ਦੀ ਤਾਰੀਫ ਕਰਨੀ ਪਵੇਗੀ ਕਿ ਉਹਨਾਂ ਨੇ ਵਿਵਾਦਿਤ ਸਮਿਆਂ ਦੇ ਵਿਵਾਦਿਤ ਵਿਅਕਤੀ ਤੇ ਫਿਲਮ ਬਣਾਈ ਅਤੇ ਕਿਸੇ ਨੂੰ ਵੀ ਦੋਸ਼ੀ ਗਰਦਾਨਣ ਦੀ ਲੋੜ ਮਹਿਸੂਸ ਨਹੀਂ ਹੁੰਦੀ ।
ਇਹ ਫੈਸਲਾ ਦੇਖਣ ਵਾਲਿਆਂ ਤੇ ਛੱਡਦੇ ਹਨ । ਪੂਰੀ ਫਿਲਮ ਵਿੱਚ ਉਹ ਉਪਲਬਧ ਜਾਣਕਾਰੀ ਤੇ ਨਿਰਭਰ ਦਿਖਾਈ ਦਿੰਦੇ ਹਨ ਉਹਨਾਂ ਨੇ ਇਸ ਫਿਲਮ ਵਿੱਚ ਉਹ ਛੂਟ ਵੀ ਨਹੀਂ ਲਈ ਜੋ ਅਕਸਰ ਜੀਵਨੀਆਂ ਅਧਾਰਿਤ ਫਿਲਮਾਂ ਵਿੱਚ ਨਿਰਦੇਸ਼ਕ ਲੈ ਜਾਂਦੇ ਹਨ । ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਫਿਲਮ ਦਾ ਵਿਸ਼ਾ ਬਹੁਤ ਚਰਚਿਤ ਹੈ, ਇਸ ਨੂੰ ਹੋਰ ਸਨਸਨੀਖੇਜ ਬਨਾਉਣ ਦੀ ਲੋੜ ਨਹੀਂ ।
ਖ਼ੈਰ ,ਜੇਕਰ ਚਮਕੀਲਾ ਜਿੰਦਾ ਹੁੰਦਾ ਤਾਂ ਸ਼ਾਇਦ ਖਤਮ ਹੋਣ ਦੇ ਕੰਢੇ ਤੇ ਹੁੰਦਾ , ਪਰ ਉਸ ਦੀ ਕਹਾਣੀ ਨੇ ਉਸ ਨੂੰ ਮਿਥ ਬਣਾ ਦਿੱਤਾ ਹੈ ਤੇ ਇਸ ਫਿਲਮ ਨੇ ਉਸ ਨੂੰ ਹੋਰ ਵੱਡਾ ਕਰ ਦਿੱਤਾ ਹੈ ।
ਅਖੀਰ ਚ ਇਹੀ ਕਿ "ਚਮਕੀਲਾ "ਵਿਚਾਰ ਉਤੇਜਕ ਪ੍ਰਸਤੁਤੀ ਹੋਣ ਦੇ ਬਾਵਜੂਦ ਕਿਸੇ ਤਰਾਂ ਦਾ ਸਾਰਥਿਕ ਸੰਵਾਦ ਛੇੜਨ ਚ ਅਸਫਲ ਰਹਿ ਗਈ ਹੈ , ਇਥੋਂ ਤੱਕ ਕਿ ਅਸ਼ਲੀਲਤਾ ਪ੍ਰਤੀ ਸਮਾਜਿਕ ਨਜਰੀਏ ਤੇ ਵੀ ।
-
ਤਰਸੇਮ ਬਸ਼ਰ, writer
bashartarsem@gmail.com
9814163071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.