ਦਿੱਲੀ ਰੇਲਵੇ ਸਟੇਸ਼ਨ ਤੇ ਆਂਧਰਾ ਪ੍ਰਦੇਸ਼ ਐਕਸਪੈੱ੍ਰਸ ਲੱਗ ਚੁੱਕੀ ਸੀ । ਪਲੇਟਫ਼ਾਰਮ ’ਤੇ ਉਹੀ ਵੀਹ ਸਾਲ ਪਹਿਲਾਂ ਵਾਲੀ ਭੱਜ ਦੌੜ। ਕੋਈ ਬੈਗ ਚੁੱਕੀ ਗੱਡੀ ਚੜ੍ਹਨ ਲਈ ਭੱਜਿਆ ਜਾ ਰਿਹਾ ਸੀ ਤੇ ਕੋਈ ਸੂਟਕੇਸ ਚੁੱਕੀ ਉੱਤਰਨ ਲਈ ਕਾਹਲਾ ਸੀ । ਪਰ ਅੱਜ ਕੰਵਰ ਬਿਲਕੁਲ ਆਰਾਮ ਨਾਲ ਆਪਣਾ ਸਾਮਾਨ ਲੈ ਕੇ ਆਪਣੀ ਰਿਜ਼ਰਵੇਸ਼ਨ ਵਾਲੀ ਸੀਟ ਵੱਲ ਜਾ ਰਿਹਾ ਸੀ । ਗੱਡੀ ਚੱਲਣ ਤੋਂ ਦਸ ਕੁ ਮਿੰਟ ਪਹਿਲਾਂ ਕੰਵਰ ਆਪਣੀ ਸੀਟ ’ਤੇ ਬੈਠ ਗਿਆ ਸੀ । ਸ਼ਾਮੀ ਛੇ ਕੁ ਵਜੇ ਗੱਡੀ ਚੱਲਕੇ ਹੁਣ ਰਫ਼ਤਾਰ ਫੜ ਚੁੱਕੀ ਸੀ । ਖਿੜਕੀ ਵਿੱਚੋਂ ਦੀ ਬਾਹਰ ਤੱਕਦਿਆਂ ਠੰਢੀ ਹਵਾ ਦੇ ਝੋਕੇ ਲੈਂਦਿਆਂ ਕੰਵਰ ਦੇ ਦਿਮਾਗ਼ ’ਚ ਪੰਦਰਾਂ ਵੀਹ ਸਾਲ ਪਹਿਲਾਂ ਦੀ ਰੀਲ੍ਹ ਘੁੰਮਣ ਲੱਗੀ । ਹੈਦਰਾਬਾਦ ਪੜ੍ਹਦੇ ਹੁੰਦਿਆਂ ਕੰਵਰ ਹੋਰੀਂ ਇਕੱਠੇ ਦਸ ਵੀਹ ਜਣੇ ਗਰੁੱਪ ’ਚ ਹਰ ਛੇ ਮਹੀਨੇ ਬਾਅਦ ਛੁੱਟੀਆਂ ਵਿੱਚ ਪੰਜਾਬ ਆਉਂਦੇ ਹੁੰਦੇ ਸੀ । ਕਦੇ ਸੀਟ ਰਿਜ਼ਰਵ ਹੋਣੀ ਤੇ ਕਦੇ ਜਨਰਲ ਡੱਬੇ ਵਿੱਚ ਹੀ ਸਾਰੇ ਰਸਤੇ ਸੀਟਾਂ ਲਈ ਧੱਕੇ ਮੁੱਕੀ ਹੁੰਦੇ ਰਹਿੰਦੇ ।
ਅੱਜ ਏਨੇ ਸਾਲਾਂ ਬਾਅਦ ਕੰਵਰ ਆਪਣੀ ਕੰਪਨੀ ਵੱਲੋਂ ਪਹਿਲੇ ਦਫ਼ਤਰੀ ਟੂਰ ’ਤੇ ਹੈਦਰਾਬਾਦ ਜਾ ਰਿਹਾ ਸੀ । ਨਾ ਕਿਸੇ ਨਾਲ ਸੀਟਾਂ ਦੀ ਲੜਾਈ ਤੇ ਨਾ ਹੀ ਦੋਸਤਾਂ ਦਾ ਕੋਈ ਸ਼ੋਰ ਸ਼ਰਾਬਾ। ਕੰਵਰ ਆਪਣੇ ਡੱਬੇ ਵਾਲੇ ਕੈਬਿਨ ਵਿੱਚ ਇਕੱਲਾ ਹੀ ਪੁਰਾਣੀਆਂ ਯਾਦਾਂ ’ਚ ਡੁੱਬਿਆ ਹੋਇਆ ਖ਼ਾਮੋਸ਼ ਬੈਠਾ ਸੀ । ਗੱਡੀ ਠੰਢ ਅਤੇ ਹਨੇਰੇ ’ਚ ਛੂਕਦੀ ਹੋਈ ਖ਼ਾਮੋਸ਼ੀ ਨੂੰ ਤੋੜ ਰਹੀ ਸੀ । ਕੰਵਰ ਸੋਚ ਰਿਹਾ ਸੀ ਕਿ ਉਸ ਨੇ ਕਿੰਨੀਆਂ ਠੰਢੀਆਂ ਰਾਤਾਂ ਦੀ ਕੜਾਕੇ ਦੀ ਠੰਢ ਅਤੇ ਕਿੰਨੇ ਹੀ ਤਪਦੇ ਦੁਪਹਿਰੇ ਏਸੇ ਗੱਡੀ ਵਿੱਚ ਹੰਢਾਏ ਸਨ । ਉਦੋਂ ਕਿਵੇਂ ਸ਼ੌਕ ਤੇ ਜੋਸ਼ ਨਾਲ ਰਸਤੇ ਵਿੱਚ ਹਰ ਸਟੇਸ਼ਨ ’ਤੇ ਗੱਡੀ ਰੁਕਣ ਤੋਂ ਪਹਿਲਾਂ ਹੀ ਉੱਤਰ ਜਾਣਾ ਤੇ ਚੱਲਣ ਤੋਂ ਬਾਅਦ ਹੀ ਗੱਡੀ ਵਿੱਚ ਚੜ੍ਹਨਾ।
ਸਾਹਮਣੇ ਬਰਥ ’ਤੇ ਅਚਾਨਕ ਬੈਗ ਰੱਖਣ ਦੀ ਆਵਾਜ਼ ਨਾਲ ਕੰਵਰ ਦੀ ਸੋਚਾਂ ਦੀ ਲੜੀ ਟੁੱਟੀ ਅਤੇ ਸਾਹਮਣਿਓਂ ਆਵਾਜ਼ ਆਈ, ‘‘ਇਜ਼ ਦਿਸ ਐਸ9?’’ ਹੜਬੜਾਹਟ ’ਚ ‘‘ਯੈਸ’’ ਕਹਿੰਦਿਆਂ ਕੰਵਰ ਨੇ ਦੇਖਿਆ ਕਿ 27-28 ਸਾਲਾਂ ਦੀ ਮੁਟਿਆਰ ਕੁੜੀ ਜੋ ਕਿ ਵੇਖਣ ਵਿੱਚ ਸਾਊਥ ਇੰਡੀਅਨ ਲੱਗ ਰਹੀ ਸੀ ।‘‘ਥੈਂਕਸ’’, ਬੈਠਦਿਆਂ ਉਸ ਨੇ ਕਿਹਾ । ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਉਸ ਨੇ ਦੱਸਿਆ ਕਿ ਉਹ ਇੱਕ ਕੰਪਨੀ ਦੀ ਈਵੈਂਟ ਮੈਨੇਜਰ ਹੈ ਤੇ ਦਿੱਲੀ ਇੱਕ ਈਵੈਂਟ ਆਰਗਨਾਈਜ਼ ਕਰ ਕੇ ਵਾਪਸ ਹੈਦਰਾਬਾਦ ਜਾ ਰਹੀ ਹੈ । ਗੱਲਾਂ ਕਰਦਿਆਂ ਨਾਂ ਅਤੇ ਮੋਬਾਈਲ ਨੰਬਰ ਵੀ ਐਕਸਚੇਂਜ ਹੋ ਗਏ । ‘ਕਸ਼ਿਸ਼’ ਦੱਸਿਆ ਸੀ ਉਸ ਨੇ ਆਪਣਾ ਨਾਂ । ਸਾਂਵਲਾ ਜਿਹਾ ਰੰਗ ਤੇ ਲੋਹੜੇ ਦਾ ਆਤਮ-ਵਿਸ਼ਵਾਸ । ਗੱਲ ਕਰਨ ਦਾ ਤਰੀਕਾ ਹੀ ਅਲੱਗ ਜਿਹਾ ਸੀ ਉਸ ਦਾ । ਪਿਛਲੇ ਪੰਦਰਾਂ ਸਾਲਾਂ ’ਚ ਪੜ੍ਹਾਈ ਦੌਰਾਨ ਉਹੀ ਰੂਟ ਤੇ ਉਹੀ ਟਰੇਨ, ਪਰ ਕੰਵਰ ਨੂੰ ਆਉਂਦੇ- ਜਾਂਦਿਆਂ ਅਜਿਹੀ ਹਮਸਫ਼ਰ ਕਦੇ ਵੀ ਨਹੀਂ ਸੀ ਮਿਲੀ । ਚਾਰ ਕੁ ਘੰਟਿਆਂ ਦੇ ਸਫ਼ਰ ’ਚ ਇਹ ਲੱਗਦਾ ਹੀ ਨਹੀਂ ਸੀ ਕਿ ਕੰਵਰ ਨਾਲ ਕਸ਼ਿਸ਼ ਦੀ ਇਹ ਪਹਿਲੀ ਮੁਲਾਕਾਤ ਸੀ । ਆਪਸ ਵਿੱਚ ਗੱਲਾਂ ਕਰਨ ਕਰ ਕੇ ਹੁਣ ਰੇਲ ਦੇ ਇੰਜਨ ਤੇ ਹਾਰਨ ਦੀ ਆਵਾਜ਼ ਵੀ ਮੱਧਮ ਜਿਹੀ ਲੱਗ ਰਹੀ ਸੀ ।
ਝਾਂਸੀ ਲੰਘਣ ਤੋਂ ਬਾਅਦ ਗੱਡੀ ਗੁਫ਼ਾ ਵਿੱਚ ਵੜਨ ਸਾਰ ਅਚਾਨਕ ਹੋਏ ਹਨੇਰੇ ਕਾਰਨ ਕਸ਼ਿਸ਼ ਡਰ ਕੇ ਚੀਕਦੀ ਹੋਈ ਕੰਵਰ ਦੇ ਸੀਨੇ ਨਾਲ ਜਿਵੇਂ ਲਿਪਟ ਹੀ ਗਈ ।ਅਤੇ ਫਿਰ ਉਸ ਰਾਤ ਗੱਡੀ ਵਿੱਚ ਉਹ ਹੱਦ ਵੀ ਪਾਰ ਹੋ ਗਈ, ਜੋ ਨਹੀਂ ਸੀ ਹੋਣੀ ਚਾਹੀਦੀ।
ਸਵੇਰੇ ਪੰਜ ਕੁ ਵਜੇ ਗੱਡੀ ਕਿਸੇ ਸਟੇਸ਼ਨ ਤੇ ਰੁਕੀ । ਉੱਥੇ ਚਾਹ ਵਾਲਿਆਂ ਦੇ ਰੌਲ਼ੇ ਨਾਲ ਕੰਵਰ ਦੀ ਅੱਖ ਖੁੱਲ੍ਹੀ । ਅੱਖਾਂ ਮਲਦੇ ਹੋਏ ਉੱਠ ਕੇ ਕੰਵਰ ਨੇ ਦੇਖਿਆ ਕਿ ਕਸ਼ਿਸ਼ ਦੀ ਸੀਟ ’ਤੇ ਉਸ ਦੀ ਜਗਾ ਕੋਈ ਹੋਰ ਫੈਮਲੀ ਬੈਠੀ ਹੋਈ ਸੀ । ਜਲਦਬਾਜ਼ੀ ਤੇ ਬੌਖਲਾਹਟ ਜਿਹੀ ’ਚ ਕੰਵਰ ਨੇ ਆਪਣਾ ਮੋਬਾਈਲ ਜੇਬ ਵਿੱਚੋਂ ਕੱਢਿਆ ਤੇ ਦੇਖਿਆ ਕਿ ਮੋਬਾਈਲ ਦੀ ਸਕਰੀਨ ’ਤੇ ਕਸ਼ਿਸ਼ ਦਾ ਮੈਸੇਜ ਫਲੈਸ਼ ਕਰ ਰਿਹਾ ਸੀ । ਕੰਵਰ ਨੇ ਮੈਸੇਜ ਖ਼ੋਲ ਕੇ ਵੇਖਿਆ ਤੇ ਲਿਖਿਆ ਸੀ, ‘‘ਕੰਵਰ, ਵੈੱਲਕਮ ਟੂ ਦਾ ਵਰਲਡ ਆਫ਼ ਏਡਜ਼-ਕਸ਼ਿਸ਼’’। ਮੈਸੇਜ ਪੜ੍ਹਦੇ ਸਾਰ ਹੀ ਕੰਵਰ ਤਾਂ ਜਿਵੇਂ ਬਰਫ਼ ਦੀ ਸਿੱਲ੍ਹ ਹੀ ਹੋ ਗਿਆ ਸੀ ।ਹੁਣ ਉਸ ਨੂੰ ਕੰਪਨੀ ਵੱਲੋਂ ਸਪਾਂਸਰ ਇਹ ਪਹਿਲਾ ਟੂਰ, ਪਹਿਲਾ ਨਹੀਂ, ਸਗੋਂ ਜ਼ਿੰਦਗੀ ਦਾ ਆਖ਼ਰੀ ਸਫ਼ਰ ਲੱਗ ਰਿਹਾ ਸੀ ।
ਮੋਬਾਈਲ 98889-40211
-
ਅਮਰਬੀਰ ਸਿੰਘ ਚੀਮਾ, writer, ਸਰਹਿੰਦ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ (ਪੰਜਾਬ)
amarbircheema@gmail.com
98889-40211
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.