*ਚੋਣਾਂ ਦੌਰਾਨ ਵੋਟਰਾਂ ਦੀ ਭਾਗੀਦਾਰੀ ਵਧਾਏਗੀ ਸਵੀਪ ਮੁਹਿੰਮ*।
ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸਫਲ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਹੈ । ਲੋਕਤੰਤਰਿਕ ਦੇਸ਼ ਦੀ ਚੋਣ ਪ੍ਰਕਿਰਿਆ ਵਿੱਚ ਵੋਟ ਅਤੇ ਵੋਟਰ ਨੂੰ ਹੀ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਰਤ ਵਿੱਚ ਸਾਲ 1988 ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 326 ਵਿੱਚ ਸੋਧ ਕਰਕੇ ਵੋਟਰ ਲਈ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ।ਇਸ ਦਾ ਉਦੇਸ਼ ਨੌਜਵਾਨ ਵਰਗ ਦੀ ਭਾਗੀਦਾਰੀ ਨੂੰ ਵਧਾਉਣਾ ਸੀ। ਅਰਥਾਤ ਸਾਡੇ ਦੇਸ਼ ਵਿੱਚ 18 ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦ ਭਾਵ, ਜਾਤ ਪਾਤ ,ਰੰਗ ਭੇਦ, ਲਾਲਚ ਜਾ ਪੱਖਪਾਤ ਦੇ ਵੋਟ ਦਾ ਅਧਿਕਾਰ ਹੈ। ਲੋਕਤੰਤਰ ਦੀ ਸਫਲਤਾ ਲਈ ਹਰ ਇੱਕ ਵੋਟ ਦੀ ਮਹੱਤਤਾ ਨੂੰ ਸਮਝਦੇ ਹੋਏ ,ਹਰ ਵੋਟਰ ਨੂੰ ਜਾਗਰੂਕ ਕਰਨ ਦੇ ਯਤਨ ਕੀਤੇ ਜਾਂਦੇ ਹਨ। ਕਿਉਂਕਿ ਅਨੇਕਾਂ ਵਾਰ ਇੱਕ ਵੋਟ ਦਾ ਫਰਕ ਵੀ ਜਿੱਤ ਹਾਰ ਦਾ ਫੈਸਲਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਦੇਸ਼ ਦੀ 18ਵੀ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੇਸ਼ ਦੇ 97 ਕਰੋੜ ਦੇ ਲਗਭਗ ਵੋਟਰ ਪੂਰੇ ਦੇਸ਼ ਵਿੱਚ 543 ਲੋਕ ਸਭਾ ਮੈਂਬਰਾਂ ਦੀ ਚੋਣ ਕਰਨਗੇ।
ਲੋਕਤੰਤਰ ਦੀ ਮਜਬੂਤੀ ਲਈ ਹਰ ਵੋਟਰ ਦੀ ਭਾਗੇਦਾਰੀ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਸਿੱਖਿਅਤ, ਪ੍ਰੇਰਿਤ ਅਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਕਮਿਸ਼ਨ ਨੇ ਸਾਲ 2009 -10 ਵਿੱਚ ਸਵੀਪ ਮੁਹਿੰਮ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ। ਜੋ ਮੌਜੂਦਾ ਸਮੇਂ ਵੱਖ-ਵੱਖ ਪੜਾਵਾਂ ਵਿੱਚੋਂ ਗੁਜਰਦੀ ਦਾ ਚੋਥਾ ਪੜਾਅ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸ ਦਾ ਉਦੇਸ਼ ਹਰ ਬੂਥ ਤੇ ਵੋਟਰ ਸੂਚੀਆਂ ਦੀ ਸੁਚੱਜੀ ਸੁਧਾਈ, ਹਰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਦੀ ਵੋਟ ਬਣਾਉਣਾ , ਲਿੰਗ ਦੇ ਆਧਾਰ ਤੇ ਵੋਟ ਅੰਤਰ ਨੂੰ ਘੱਟ ਕਰਨਾ, ਸ਼ਹਿਰੀ ਅਤੇ ਨੌਜਵਾਨ ਵਰਗ ਦੀ ਭਾਗੇਦਾਰੀ ਵਧਾਉਣਾ, ਘੱਟ ਪੋਲ ਪ੍ਰਤੀਸ਼ਤ ਵਾਲੇ ਪੋਲਿੰਗ ਬੂਥਾਂ ਤੇ ਵਿਸ਼ੇਸ਼ ਯਤਨ ਕਰਨਾ ਅਤੇ ਵੋਟਰ ਭਾਗੀਦਾਰੀ ਦੀ ਗੁਣਵੱਤਾ ਦਾ ਸੁਧਾਰ ਕਰਦੇ ਹੋਏ, ਚੋਣ ਦੀ ਗਰਿਮਾ ਨੂੰ ਬਣਾਈ ਰੱਖਣ ਉੱਪਰ ਜੋਰ ਦੇਣਾ ਹੈ।
ਇਸ ਮੁਹਿੰਮ ਤਹਿਤ ਰਾਸ਼ਟਰ ਪੱਧਰ ਤੋਂ ਲੈ ਕੇ ਵਿਧਾਨ ਸਭਾ ਹਲਕੇ ਤੱਕ ਸਵੀਪ ਟੀਮ ਬਣਾ ਕੇ ਪੂਰਾ ਸਾਲ ਵੱਖ-ਵੱਖ ਮੌਕਿਆਂ ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਂਦੇ ਹਨ, ਸਮਾਜ ਦੇ ਹਰ ਵਰਗ ਨੂੰ ਜੋੜਨ ਦੇ ਯਤਨ ਕੀਤੇ ਜਾਂਦੇ ਹਨ, ਸਵੀਪ ਮੁਹਿੰਮ ਤਹਿਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਗੈਰ ਰਸਮੀ ਵਿਦਿਅਕ ਅਦਾਰਿਆਂ ਵਿੱਚ ਪਹੁੰਚ ਕੇ ਵੋਟਰ ਲਿਟਰੇਸੀ ਕਲੱਬ ਬਣਾਏ ਜਾਂਦੇ ਹਨ ,ਕੈਂਪਸ ਅੰਬੈਸਡਰ, ਸਵੀਪ ਨੋਡਲ ਅਫਸਰ ਅਤੇ ਸਵੀਪ ਆਈਕੋਨ ਨਿਯੁਕਤ ਕਰਕੇ ਨਵੇਂ ਵੋਟਰ ਰਜਿਸਟਰ ਕੀਤੇ ਜਾਂਦੇ ਹਨ ,ਚੋਣ ਪ੍ਰਣਾਲੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਨਾਂ ਦੇ ਚੋਣ ਪ੍ਰਕਿਰਿਆ ਸਬੰਧੀ ਸ਼ੰਕੇ ਦੂਰ ਕਰਨ ਦੇ ਯਤਨ ਕੀਤੇ ਜਾਂਦੇ ਹਨ , ਤਾਂ ਜੋ ਨੌਜਵਾਨ ਲੋਕਤੰਤਰ ਪ੍ਰਣਾਲੀ ਦੀ ਸਫਲਤਾ ਵਿੱਚ ਸਹਿਯੋਗ ਕਰਨ ਲਈ ਤਿਆਰ ਰਹਿਣ। ਇਸ ਉਦੇਸ਼ ਨਾਲ ਵੋਟਰ ਜਾਗਰੂਕਤਾ ਮੇਲੇ ਕਰਵਾਉਣਾ, ਵਿਦਿਅਕ ਮੁਕਾਬਲੇ, ਸੱਭਿਆਚਾਰਕ ਸਮਾਗਮ, ਵੋਟਰ ਜਾਗਰੂਕਤਾ ਗੀਤ, ਨੁੱਕੜ ਨਾਟਕ, ਸਾਈਕਲ ਰੈਲੀਆਂ, ਮੈਰਾਥਾਨ ਦੌੜ
,ਖੇਡ ਮੁਕਾਬਲੇ ਅਤੇ ਰਾਸ਼ਟਰੀ ਮਹੱਤਤਾ ਦੇ ਦਿਵਸ ਜਾ ਤਿਉਹਾਰਾਂ ਉੱਪਰ ਵਿਸ਼ੇਸ਼ ਜਾਗਰੂਕਤਾ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਹਨਾਂ ਗਤੀਵਿਧੀਆਂ ਵਿੱਚ ਸ਼ਲਾਂਘਾਯੋਗ ਕੰਮ ਕਰਨ ਵਾਲੇ ਸਵੀਪ ਟੀਮ ਦੇ ਮੈਂਬਰਾਂ ਅਤੇ ਵੋਟ ਪ੍ਰਕ੍ਰਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਪੁਰਸਕਾਰ ਤੋਂ ਲੈ ਕੇ ਵਿਧਾਨ ਸਭਾ ਹਲਕੇ ਤੱਕ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਸਮਾਜ ਦਾ ਉਹ ਵਰਗ ਜਿਨ੍ਹਾਂ ਦੀ ਚੋਣਾਂ ਦੌਰਾਨ ਭਾਗੀਦਾਰੀ ਘੱਟ ਰਹਿੰਦੀ ਹੈ ,ਉਨ੍ਹਾਂ ਤੱਕ ਪਹੁੰਚ ਕਰਕੇ ਇਸ ਮੁਹਿੰਮ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ । ਜਿਸ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਵੋਟਰ (ਦਿਵਿਆਂਗ) , ਐਨ. ਆਰ. ਆਈ. ਵੋਟਰ,ਪ੍ਰਵਾਸੀ ਮਜ਼ਦੂਰ ,ਸਰਵਿਸ ਵੋਟਰ, ਮਹਿਲਾ ਵਰਗ, ਸੀਨੀਅਰ ਸਿਟੀਜਨ,ਪ੍ਰਵਾਸੀ ਮਜ਼ਦੂਰਾਂ ਅਤੇ ਤੀਸਰੇ ਲਿੰਗ(ਕਿੰਨਰਾਂ)ਨਾਲ ਸਬੰਧਤ ਵੋਟਰ ਤੱਕ ਪਹੁੰਚ ਕਰਕੇ ਪਹਿਲਾਂ ਵੋਟ ਬਣਾਈ ਜਾਂਦੀ ਹੈ ਅਤੇ ਫਿਰ ਵੋਟ ਪੋਲ ਕਰਨ ਵਿੱਚ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ । ਚੋਣਾਂ ਵਾਲੇ ਦਿਨ ਮਾਡਲ ਪੋਲਿੰਗ ਬੂਥ ਬਣਾ ਕੇ ਇਕ ਉਤਸਵ ਵਾਲਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਅਤੇ ਪੋਲਿੰਗ ਬੂਥਾਂ ਤੇ ਹਰ ਸੰਭਵ
ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਪਿੰਕ ਪੋਲਿੰਗ ਬੂਥ ਅਤੇ ਗਰੀਨ ਪੋਲਿੰਗ ਬੂਥ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਪਹਿਲੀ ਵਾਰ ਵੋਟ ਪੋਲ ਕਰਨ ਵਾਲੇ ਨੋਜਵਾਨ ਵੋਟਰਾ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਜਾਦਾ ਹੈ।
ਇਸ ਮੁਹਿੰਮ ਤਹਿਤ ਸਮਾਜ ਦੇ ਵਿੱਚ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਨੇ ਖੇਡਾਂ, ਅਦਾਕਾਰੀ, ਸਿੱਖਿਆ, ਸਮਾਜ ਸੇਵਾ ਜਾਂ ਕਿਸੇ ਹੋਰ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਕਰਕੇ ਨਾਮਣਾ ਖੱਟਿਆ ਹੈ ਅਤੇ ਸਮਾਜ ਵਿਚ ਅਲੱਗ ਪਛਾਣ ਬਣਾਈ ਹੈ ।ਉਨ੍ਹਾਂ ਨੂੰ ਸਵੀਪ ਆਈਕੋਨ ਨਿਯੁਕਤ ਕੀਤਾ ਜਾਂਦਾ ਹੈ ।ਸਵੀਪ ਆਈਕੋਨ ਰਾਸ਼ਟਰ ਪੱਧਰ ਤੋਂ ਲੈ ਕੇ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਬਣਾਏ ਜਾਂਦੇ ਹਨ ,ਜੋ ਵੋਟਰ ਜਾਗਰੂਕਤਾ ਲਈ ਅਪੀਲ ਕਰਦੇ ਹਨ ਅਤੇ ਚੋਣ ਕਮਿਸ਼ਨ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਵੀ ਭਾਗ ਲੈਂਦੇ ਹਨ ।
ਚੋਣ ਕਮਿਸ਼ਨ ਵੱਲੋਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਸਫ਼ਲ ਬਣਾਉਣ ਲਈ ਚਲਾਏ ਜਾਂਦੇ ਜਾਗਰੂਕਤਾ ਪ੍ਰੋਗਰਾਮ ਤਾਂ ਹੀ ਸਫਲ ਹੋਣਗੇ ,ਜਦੋਂ ਦੇਸ਼ ਦਾ 18 ਸਾਲ ਤੋਂ ਵੱਧ ਉਮਰ ਦਾ ਹਰ ਨਾਗਰਿਕ ਵੋਟ ਬਣਾਉਣਾ ਅਤੇ ਪਾਉਣਾ ਯਕੀਨੀ ਬਣਾਵੇਗਾ। ਜੋ ਲੋਕ ਇਹ ਸੋਚਦੇ ਹਨ ਕਿ ਮੇਰੀ ਇਕੱਲੀ ਵੋਟ ਨਾਲ ਕੀ ਫਰਕ ਪੈਦਾ ਹੈ ,ਅਜਿਹੀ ਸੋਚ ਨੂੰ ਬਦਲੀਏ , ਘੱਟ ਪੋਲ ਪ੍ਰਤੀਸ਼ਤ ਨਾਲ ਜਿਥੇ ਦੇਸ਼ ਦਾ ਲੋਕਤੰਤਰ ਕਮਜ਼ੋਰ ਹੁੰਦਾ ਹੈ ਉਥੇ ਇਤਿਹਾਸ ਗਵਾਹ ਹੈ ਕਿ ਇਕੱਲੀ ਵੋਟ ਵੀ ਬੇਹੱਦ ਕੀਮਤੀ ਸਾਬਤ ਹੁੰਦੀ ਹੈ ।ਇਸ ਲਈ ਆਓ ਪੰਜਾਬ ਵਿੱਚ 01 ਜੂਨ ਨੂੰ ਲੋਕ ਸਭਾ ਚੋਣਾਂ ਵਿੱਚ,ਵੋਟ ਦਾ ਬਿਨਾਂ ਕਿਸੇ ਲਾਲਚ ,ਡਰ ਅਤੇ ਪੱਖਪਾਤ ਤੋਂ ਉਪਰ ਉੱਠ ਕੇ ਵੋਟ ਦਾ ਸਹੀ ਇਸਤੇਮਾਲ ਕਰਨ ਦਾ ਪ੍ਰਣ ਕਰੀਏ ਅਤੇ ਯੋਗ ਉਮੀਦਵਾਰ ਚੁਣ ਕੇ ਲੋਕਤੰਤਰ ਨੂੰ ਮਜ਼ਬੂਤ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਵੱਲ ਯੋਗਦਾਨ ਪਾਈਏ।
-
ਡਾ ਸਤਿੰਦਰ ਸਿੰਘ ( ਪੀ ਈ ਐਸ), ਨੈਸ਼ਨਲ ਅਵਾਰਡੀ ਪ੍ਰਿੰਸੀਪਲ ਅਤੇ ਜਿਲ੍ਹਾ ਸਵੀਪ ਕੋਆਰਡੀਨੇਟਰ। ਧਵਨ ਕਲੋਨੀ ਫਿਰੋਜ਼ਪੁਰ ਸ਼ਹਿਰ।
dr.satinder.fzr@gmail.com
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.