ਇਸ ਵਰ੍ਹੇ ਗਰਮੀ ਨਵੇਂ ਰਿਕਾਰਡ ਬਣਾ ਰਹੀ ਹੈ, ਪੁਰਾਣੇ ਸੱਭੋ ਰਿਕਾਰਡ ਤੋੜ ਰਹੀ ਹੈ। ਦੁਨੀਆ ਦੇ ਕਈ ਹਿੱਸੇ ਬੇਮਿਸਾਲ ਗਰਮੀ ਦੀ ਲਪੇਟ ਵਿੱਚ ਹਨ। ਕਈ ਉਹਨਾ ਦੇਸ਼ਾਂ ਵਿੱਚ, ਜਿਥੇ ਤਾਪਮਾਨ 20 ਡਿਗਰੀ ਸੈਲਸੀਅਮ ਤੋਂ ਵੱਧ ਨਹੀਂ ਸੀ ਹੁੰਦਾ, ਉਥੇ ਇਹ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪੁੱਜ ਜਾਣਾ ਕਿਸੇ ਦੁਖਾਂਤ ਤੋਂ ਘੱਟ ਨਹੀਂ ਹੈ। ਇਥੋਂ ਤੱਕ ਕਿ ਮਹਾਂਸਾਗਰਾਂ ਦਾ ਤਾਪਮਾਨ ਵੀ ਪਹਿਲਾਂ ਕਦੇ ਵੀ ਇੰਨਾ ਨਹੀਂ ਵੇਖਿਆ ਗਿਆ, ਜਿੰਨਾ ਅੱਜ ਵੇਖਣ ਨੂੰ ਮਿਲ ਰਿਹਾ ਹੈ। ਇਹ ਤੇਜ ਸਮੁੰਦਰੀ ਤੂਫ਼ਾਨ ਦਾ ਸੂਚਕ ਹੈ।
ਗਰਮੀ ਦਾ ਇਹ ਪ੍ਰਕੋਪ ਦੱਖਣੀ ਗੋਲਾਕਾਰ, ਜਿਥੇ ਗਰਮੀ ਹੁੰਦੀ ਹੈ ਅਤੇ ਉੱਤਰੀ ਗੋਲਾਕਾਰ, ਜਿਥੇ ਸਰਦੀ ਹੁੰਦੀ ਹੈ, ਦੋਵਾਂ ਥਾਵਾਂ 'ਤੇ ਹੈ। ਛਪੀਆਂ ਰਿਪੋਰਟਾਂ ਅਨੁਸਾਰ ਜਾਪਾਨ, ਕੀਨੀਆ, ਨਾਈਜੀਰੀਆ, ਬਰਾਜ਼ੀਲ, ਥਾਈਲੈਂਡ, ਅਸਟਰੇਲੀਆ ਅਤੇ ਸਪੇਨ ਵਿੱਚ ਪਿਛਲੇ ਕੁਝ ਹਫ਼ਤੇ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਐਨ.ਓ.ਏ.ਏ. ਦਾ ਅਨੁਮਾਨ ਇਹ ਵੀ ਹੈ ਕਿ ਸਾਲ 2024 ਵਿੱਚ 22 ਫ਼ੀਸਦੀ ਸੰਭਾਵਨਾ ਹੈ ਕਿ ਇਹ ਸਾਲ ਸਭ ਤੋਂ ਗਰਮ ਸਾਲ ਹੋਏਗਾ।
ਇੰਨਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ (ਆਈ.ਪੀ.ਸੀ.ਸੀ) ਦੀ ਛੇਵੀਂ ਮੁਲਾਂਕਣ ਰਿਪੋਰਟ ਦੱਸਦੀ ਹੈ ਕਿ ਦੁਨੀਆ ਪਹਿਲੇ ਮੁਲਾਂਕਣ ਦੇ ਹਿਸਾਬ ਨਾਲ 2030 ਤੱਕ 1.5 ਡਿਗਰੀ ਸੈਲਸੀਅਸ ਤੋਂ ਵੱਧ ਗਰਮ ਹੋ ਸਕਦੀ ਹੈ। ਇਸ ਸਥਿਤੀ ਵਿੱਚ ਆਉਣ ਵਾਲੇ ਸਮੇਂ 'ਚ ਭਾਰਤ ਨੂੰ ਨਾ ਸਿਰਫ਼ ਤੇਜ ਗਰਮੀ, ਭਾਰੀ ਮੀਂਹ ਅਤੇ ਅਨਿਸ਼ਚਿਤ ਮਾਨਸੂਨ ਦੇ ਨਾਲ-ਨਾਲ ਮੌਸਮ ਸੰਬੰਧੀ ਹੋਰ ਆਫ਼ਤਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਵਿੱਚ ਪਹਿਲਾਂ ਹੀ ਚੱਕਰਵਾਤ ਤੂਫ਼ਾਨ, ਹੜ੍ਹਾਂ, ਸੋਕੇ, ਲੂ ਆਦਿ 'ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਪੌਣਪਾਣੀ ਬਦਲੀ ਦੇ ਕਾਰਨ ਧਰਤੀ ਦਾ ਗਰਮ ਹੋਣਾ ਪੂਰੇ ਵਿਸ਼ਵ ਵਿੱਚ ਜਾਂ ਪੂਰੇ ਸਾਲ ਵਿੱਚ ਇਕੋ ਜਿਹਾ ਨਹੀਂ ਹੈ। ਧਰੁਵੀ ਖੇਤਰ ਦੂਜੇ ਵਿਸ਼ਵ ਦੇ ਮੁਕਾਬਲੇ ਚਾਰ ਗੁਣਾ ਤੇਜੀ ਨਾਲ ਗਰਮ ਹੋ ਰਹੇ ਹਨ। ਦੱਖਣ ਵਿੱਚ ਧਰਤੀ ਦੇ ਮੁਕਾਬਲੇ ਮਹਾਂਸਾਗਰ ਜ਼ਿਆਦਾ ਹੈ। ਮਹਾਂਸਾਗਰ ਗਰਮੀ ਨੂੰ ਸੋਕਦੇ ਹਨ ਅਤੇ ਤਾਪਮਾਨ ਦੇ ਉਤਰਾਅ-ਚੜ੍ਹਾਅ ਦੇ ਵਿਰੋਧ 'ਚ'ਬਫ਼ਰ' ਦੇ ਰੂਪ 'ਚ ਕੰਮ ਕਰਦੇ ਹਨ। ਇਸ ਲਈ ਸਰਦੀਆਂ ਆਮ ਤੌਰ 'ਤੇ ਬਹੁਤ ਜਿਆਦਾ ਠੰਡੀਆਂ ਨਹੀਂ ਹੁੰਦੀਆਂ ਅਤੇ ਗਰਮੀ ਅਕਸਰ ਪ੍ਰਚੰਡ ਪੱਧਰ ਤੇ ਨਹੀਂ ਪੁੱਜਦੀ। ਪਰ ਪਿਛਲੇ ਸਾਲ ਵਿੱਚ ਦੁਨੀਆ ਦੇ ਮਹਾਂਸਾਗਰ ਅਸਧਾਰਨ ਰੂਪ ਵਿੱਚ ਗਰਮ ਹੋ ਗਏ ਹਨ। ਭੂਮੱਧ ਰੇਖਾ ਦੇ ਕੋਲ ਵਿਸ਼ਵ ਦੇ ਮਹਾਂਸਾਗਰ ਦਾ ਤਾਪਮਾਨ ਹਾਲੀ ਉੱਚੇ ਪੱਧਰ 'ਤੇ ਬਣਿਆ ਹੋਇਆ ਹੈ।
ਵਧਦੀ ਗਰਮੀ ਕਾਰਨ ਦੁਨੀਆ ਦੀਆਂ ਵੱਡੀਆਂ ਪਰਬਤ ਮਾਲਾਵਾਂ- ਇੰਡੀਜ਼, ਅਲਪਸ, ਰਾਕੀਜ਼, ਅਲਾਸਕਾ, ਹਿਮਾਲਿਆ ਪਰਬਤ ਬਰਫ਼ ਤੋਂ ਸੱਖਣੇ ਹੁੰਦੇ ਜਾ ਰਹੇ ਹਨ। ਹਮੇਸ਼ਾ ਬਰਫ਼ ਨਾਲ ਢੱਕੇ ਰਹਿਣ ਵਾਲੇ ਗਰੀਨਲੈਂਡ ਅਤੇ ਐਂਟਲਾਂਟਿਕਾ150 ਤੋਂ 200 ਘਣ ਕਿਲੋਮੀਟਰ ਬਰਫ਼ ਗਰਮੀ ਦੇ ਪ੍ਰਭਾਵ ਨਾਲ ਗੁਆ ਰਹੇ ਹਨ।
ਗਰਮੀ ਦਾ ਇੱਕ ਹੋਰ ਅਸਰ ਗਲੇਸ਼ੀਅਰ ਦਾ ਪਿਘਲਣਾ ਹੈ। ਖੋਜੀਆਂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਅੰਟਾਰਟਿਕਾ ਦੀ ਸਾਰੀ ਬਰਫ਼ ਪਿਘਲ ਜਾਂਦੀ ਹੈ ਤਾਂ ਇਸ ਨਾਲ ਦੁਨੀਆ ਭਰ ਵਿੱਚ ਸਮੁੰਦਰ ਦਾ ਪੱਧਰ 60 ਮੀਟਰ ਤੋਂ ਜਿਆਦਾ ਵਧ ਸਕਦਾ ਹੈ। ਜਿਸ ਨਾਲ ਦੁਨੀਆ ਦੇ ਬਹੁਤ ਸਾਰੇ ਖਿੱਤੇ ਪਾਣੀ 'ਚ ਡੁੱਬਣ ਦਾ ਖ਼ਤਰਾ ਹੈ।
ਗਰਮੀ ਦੇ ਵਧਣ ਦਾ ਇੱਕ ਕਾਰਨ ਕਾਰਬਨ ਡਾਈਔਕਸਾਈਡ ਦੀ ਵੱਡੀ ਪੈਦਾਵਾਰ ਹੈ, ਜਿਹੜੀ ਸਾਡੇ ਜਲਵਾਯੂ ਨੂੰ ਪ੍ਰਭਾਵਤ ਕਰਦੀ ਹੈ। ਸਾਲ 2023 'ਚ ਕਾਰਬਨ ਡਾਈਔਕਸਾਈਡ ਦੀ ਪੈਦਾਵਾਰ ਨਵੀਆਂ ਉਚਾਈਆਂ ਛੋਹ ਗਈ ਹੈ, ਜਿਸ ਨਾਲ ਸਾਡੀਆਂ ਸਿਹਤ ਪ੍ਰਣਾਲੀਆਂ ਉਤੇ ਉੱਲਟ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਪੱਛਮੀ ਦੇਸ਼ ਇਸ ਸਮੱਸਿਆ ਲਈ ਵੱਡੇ ਪੱਧਰ 'ਤੇ ਜ਼ਿੰਮੇਵਾਰ ਹਨ। ਸਾਲ 1750 ਤੋਂ 2022 ਦੇ ਵਿਚਕਾਰ 1.5 ਲੱਖ ਕਰੋੜ ਮੈਟਰਿਕ ਟਨ ਕਾਰਬਨ ਡਾਈਕਔਕਸਾਈਡ ਵਾਯੂਮੰਡਲ 'ਚ ਵਧੀ ਹੈ, ਇਸ ਵਿੱਚ 90 ਫ਼ੀਸਦੀ ਹਿੱਸਾ ਯੂਰਪ ਅਤੇ ਉੱਤਰੀ ਅਮਰੀਕਾ ਦਾ ਰਿਹਾ ਹੈ। ਅੱਜ ਵੀ ਇੱਕ ਅਮਰੀਕੀ ਔਸਤ ਹਰ ਵਰ੍ਹੇ 14.5 ਮੀਟਰਕ ਟਨ ਕਾਰਬਨ ਡਾਈਔਕਸਾਈਡ ਪੈਦਾ ਕਰਦਾ ਹੈ, ਜਦਕਿ ਇੱਕ ਭਾਰਤੀ ਔਸਤ 2.9 ਮੀਟਰ ਟਨ।
'ਅੰਤਰਰਾਸ਼ਟਰੀ ਊਰਜਾ ਏਜੰਸੀ' ਵਲੋਂ ਕੀਤਾ ਇੱਕ ਵਿਸ਼ਲੇਸ਼ਣ ਸਾਹਮਣੇ ਆਇਆ ਹੈ, ਜਿਸ ਅਨੁਸਾਰ 2023 ਵਿੱਚ ਊਰਜਾ ਦੇ ਨਾਲ ਸੰਬੰਧਿਤ ਪੈਦਾਵਾਰ ਵਿੱਚ 41 ਕਰੋੜ ਮੀਟਰਿਕ ਟਨ ਦਾ ਵਾਧਾ ਹੋਇਆ ਹੈ। ਇਹ ਲਗਭਗ ਇੱਕ ਹਜ਼ਾਰ ਤੋਂ ਜਿਆਦਾ ਨਵੇਂ ਗੈਸ ਚਾਲਿਤ ਬਿਜਲੀ ਉਪਕਰਣਾਂ ਤੋਂ ਹੋਣ ਵਾਲੇ ਸਲਾਨਾ ਪ੍ਰਦੂਸ਼ਣ ਦੇ ਬਰਾਬਰ ਹੈ।
ਧਰਤੀ ਉਤੇ ਵਧਦੀ ਗਰਮੀ ਦੇ ਭੈੜੇ ਅਸਰ ਸਾਹਮਣੇ ਆ ਰਹੇ ਹਨ। 1991-2000 ਦੇ ਮੁਕਾਬਲੇ 2013 ਤੋਂ 2022 ਵਿੱਚ 65 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਵਿੱਚ ਗਰਮੀ ਨਾਲ ਸੰਬੰਧਤ ਮੌਤਾਂ ਵਿੱਚ 85 ਫ਼ੀਸਦੀ ਵਾਧਾ ਹੋਇਆ ਹੈ, ਕਿਉਂਕਿ ਨਿੱਤ ਨਵੀਆਂ ਆਫ਼ਤਾਂ ਬੀਮਾਰੀਆਂ ਉਸਨੂੰ ਘੇਰ ਰਹੀਆਂ ਹਨ।
ਸਾਲ 2022 ਵਿੱਚ ਅਤਿ ਦੀ ਗਰਮੀ ਦੇ ਪ੍ਰਭਾਵ ਨਾਲ ਹੋਈਆਂ ਮੌਸਮੀ ਘਟਨਾਵਾਂ ਦੇ ਸਿੱਟੇ ਵਜੋਂ 264 ਅਰਬ ਡਾਲਰ ਦਾ ਨੁਕਸਾਨ ਦਾ ਅੰਦਾਜ਼ਾ ਹੈ, ਜੋ 2010-2014 ਦੇ ਮੁਕਾਬਲੇ 23 ਫ਼ੀਸਦੀ ਵਧ ਹੈ। ਵਧਦੀ ਗਰਮੀ ਨਾਲ ਮਨੁੱਖ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ 'ਚ ਦਿੱਕਤਾਂ ਆ ਰਹੀਆਂ ਹਨ।
ਗਲੋਬਲ ਵਾਰਮਿੰਗ ਰੋਕਣ ਲਈ ਪੈਰਿਸ ਜਲਵਾਯੂ ਸਮਝੌਤੇ ਉਤੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਦੇ ਦਸਤਖ਼ਤ ਹੋਏ ਸਨ। ਇਸ ਸਮਝੌਤੇ ਅਨੁਸਾਰ ਇਹ ਟੀਚਾ ਮਿਥਿਆ ਗਿਆ ਸੀ ਕਿ 2030 ਤੱਕ ਵਿਸ਼ਵ ਗਰੀਨ ਹਾਊਸ ਗੈਸ ਪੈਦਾਵਾਰ 'ਚ ਕਟੌਤੀ ਕਰਨੀ ਹੈ, ਪਰ ਖ਼ਾਸ ਕਰਕੇ ਵੱਡੇ ਵਿਕਸਤ ਦੇਸ਼ ਇਸ ਦੀ ਉਲਟ ਦਿਸ਼ਾ 'ਚ ਅੱਗੇ ਵਧ ਰਹੇ ਹਨ।
ਸੂਰਜ ਮੰਡਲ ਵਿੱਚ ਧਰਤੀ ਹੀ ਇੱਕ ਇਹੋ ਜਿਹਾ ਗ੍ਰਹਿ ਹੈ ਜਿਥੇ ਜੀਵਨ ਸੰਭਵ ਹੈ, ਲੇਕਿਨ ਅੱਜ ਇਸ ਗ੍ਰਹਿ ਦਾ ਆਪਣਾ ਜੀਵਨ ਸੰਕਟ 'ਚ ਨਜ਼ਰ ਆ ਰਿਹਾ ਹੈ। ਜਿਸ ਤਰੀਕੇ ਨਾਲ ਮਾਨਵ ਜੀਵਨ ਸ਼ੈਲੀ ਵਿੱਚ ਭੌਤਿਕਵਾਦ ਅਤੇ ਉਪਭੋਗਵਾਦੀ ਅਤੇ ਲਾਲਚ ਵਧਦਾ ਜਾ ਰਿਹਾ ਹੈ, ਉਸਦਾ ਸਿੱਟਾ ਇਹ ਹੈ ਕਿ ਇਹ ਗ੍ਰਹਿ ਸੰਕਟੀ ਖਾਈ 'ਚ ਡਿਗਦਾ ਜਾ ਰਿਹਾ ਹੈ। ਮਨੁੱਖ ਨੂੰ ਲਗਦਾ ਹੈ ਕਿ ਉਹ ਕੁਦਰਤੀ ਪ੍ਰਕਿਰਤੀ ਦੇ ਵਿਨਾਸ਼ ਦੀ ਸ਼ਰਤ ਉਤੇ ਆਪਣਾ ਵਿਕਾਸ ਕਰ ਲਵੇਗਾ, ਪਰ ਇਹ ਉਸਦੀ ਸਭ ਤੋਂ ਵੱਡੀ ਗਲਤੀ ਹੈ।
ਧਰਤੀ ਤੇ ਪਾਣੀ ਦਾ ਸੰਕਟ ਵਧ ਰਿਹਾ ਹੈ। ਪਲਾਸਟਿਕ ਦੀ ਵਰਤੋਂ ਹੱਦਾਂ ਬੰਨ੍ਹੇ ਟੱਪ ਰਹੀ ਹੈ। ਕੱਚਰੇ ਦੇ ਪਹਾੜ ਸਾਨੂੰ ਦੰਦ ਚਿੜਾ ਰਹੇ ਹਨ। ਸੁੱਖ ਸੁਵਿਧਾਵਾਂ ਦੀਆਂ ਚੀਜ਼ਾਂ ਵਰਤਨ ਦੇ ਨਾਮ ਉਤੇ ਮਨੁੱਖ ਗੰਦਗੀ ਦੇ ਢੇਰਾਂ ਦੇ ਢੇਰ ਪੈਦਾ ਕਰ ਰਿਹਾ ਹੈ। ਸਿੱਟਾ ਥੋੜ-ਚਿਰੀ ਸੌਖ ਦੇ ਰੂਪ ਵਿੱਚ ਤਾਂ ਹੋ ਸਕਦਾ ਹੈ, ਪਰ ਲੰਮੇ ਸਮੇਂ ਦੇ ਸੰਕਟ ਵਿੱਚ ਮਨੁੱਖ ਆਪ ਫਸੀ ਜਾ ਰਿਹਾ ਹੈ।
ਸਾਡੀ ਧਰਤੀ ਸੂਰਜ ਦੀਆਂ ਕਿਰਨਾਂ ਤੋਂ ਗਰਮੀ ਪ੍ਰਾਪਤ ਕਰਦੀ ਹੈ। ਇਹ ਕਿਰਨਾਂ ਵਾਯੂਮੰਡਲ ਤੋਂ ਗੁਜਰਦਿਆਂ ਧਰਤੀ ਦੀ ਸਤਹ ਨਾਲ ਟਕਰਾਉਂਦੀਆਂ ਹਨ ਅਤੇ ਫਿਰ ਉਥੋਂ ਹੀ ਧਰਤੀ ਦਾ ਤਾਪਮਾਨ ਵਧਾ ਰਹੀਆਂ ਹਨ। ਪੈਟਰਲ, ਕੋਇਲੇ ਵਰਗੇ ਬਾਲਣ ਦੀ ਵਰਤੋਂ ਕਾਰਬਨ ਡਾਈਔਕਸਾਈਡ ਪੈਦਾ ਕਰਦੀ ਹੈ, ਉਪਰੋਂ ਜੰਗਲਾਂ ਦੀ ਕਟਾਈ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। ਇੰਜ ਮਨੁੱਖੀ ਜੀਵਨ ਰੱਖਿਅਕ ਅਕਸੀਜਨ ਦੀ ਘਾਟ ਪੈਦਾ ਹੋ ਰਹੀ ਹੈ।
ਧਰਤੀ ਨਾਲ ਮਨੁੱਖ ਨੇ ਜਿਵੇਂ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ, ਉਸਦੇ ਭੈੜੇ ਸਿੱਟੇ ਨਿਕਲ ਰਹੇ ਹਨ। ਗਰਮੀ ਦੇ ਵਾਧੇ ਨਾਲ ਪੰਛੀਆਂ, ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਨਸ਼ਟ ਹੋ ਰਹੀਆਂ ਹਨ। ਖਾਦਾਂ,ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਨਾਲ ਧਰਤੀ ਦੀ ਕੁੱਖ ਬੰਜਰ ਹੋ ਰਹੀ ਹੈ ।ਪਾਣੀ ਦਾ ਧਰਤੀ ਦੀ ਕੁੱਖ 'ਚੋਂ ਵੱਧ ਨਿਕਾਸ ਧਰਤੀ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਪਰੋਂ ਮਨੁੱਖ ਦੁਆਰਾ ਪੈਦਾ ਕੀਤਾ ਗੰਦਾ ਪਾਣੀ ਧਰਤੀ ਦੀ ਦਿੱਖ ਹੀ ਨਹੀਂ ਖਰਾਬ ਕਰ ਰਿਹਾ, ਉਸਦੇ ਪੈਦਾਵਾਰੀ ਤੱਤਾਂ ਨੂੰ ਨਸ਼ਟ ਕਰ ਰਿਹਾ ਹੈ। ਧਰਤੀ ਦਾ ਉਹ ਚੱਕਰ ਜਿਹੜਾ ਉਸਨੇ ਕੁਦਰਤੀ ਤੌਰ 'ਤੇ ਆਪਣੀ ਸੁਰੱਖਿਆ ਲਈ, ਚੰਗੇ ਵਾਤਾਵਰਨ ਲਈ ਸਿਰਜਿਆ ਹੋਇਆ ਹੈ, ਉਹ ਮਨੁੱਖੀ "ਕਾਰਾਗਰੀਆਂ" ਕਾਰਨ ਦੂਸ਼ਿਤ , ਪ੍ਰਦੂਸ਼ਿਤ ਹੋ ਰਿਹਾ ਹੈ। ਕੀ ਇਹ ਧਰਤੀ ਨਾਲ ਅਨਿਆ ਨਹੀਂ?
ਧਰਤੀ ਨਾਲ ਕੀਤੀ ਛੇੜ-ਛਾੜ ਵਧੇਰੇ ਗਰਮੀ ਦਾ ਕਾਰਨ ਬਣਦੀ ਜਾ ਰਹੀ ਹੈ, ਜਿਹੜੀ ਵਾਤਾਵਰਨ 'ਚ ਤਬਦੀਲੀ ਲਿਆ ਰਹੀ ਹੈ, ਬਿਮਾਰੀਆਂ ਦਾ ਫ਼ੈਲਾਅ ਅਤੇ ਮੌਤ ਦੀ ਦਰ ਇਸੇ ਦਾ ਸਿੱਟਾ ਹੈ।
ਮਨੁੱਖੀ ਨਸਲ ਜਿਊਂਦੇ ਰੱਖਣ ਲਈ ਕੁਦਰਤੀ ਸੋਮਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਵਿਗਿਆਨਕ ਯੁੱਗ 'ਚ ਅੱਗੇ ਵਧਣ ਤੇ ਅਰਾਮਦਾਇਕ ਜੀਵਨ ਜੀਊਣ ਦੀ ਹੋੜ ਨੇ ਜ਼ਿੰਦਗੀ ਜੀਊਣ ਦੇ ਅਰਥ ਹੀ ਬਦਲ ਦਿੱਤੇ ਹਨ।
ਧਰਤੀ ਉਤੇ ਮਨੁੱਖ ਦਾ ਜੀਵਨ ਉਸ ਵੇਲੇ ਅਤਿਅੰਤ ਦੁੱਖਦਾਈ ਹੋ ਜਾਏਗਾ, ਜੇਕਰ ਮਨੁੱਖ ਧਰਤੀ ਦੀ ਕੁੱਖ ਜ਼ਹਿਰਾਂ ਨਾਲ ਭਰ ਦੇਵੇਗਾ। ਇਸ ਸਬੰਧੀ ਮਨੁੱਖ ਨੂੰ ਆਪ ਹੀ ਚੇਤੰਨ ਹੋਣਾ ਪਵੇਗਾ ਕਿ ਉਸਦਾ ਜੀਵਨ "ਖੁਸ਼ਹਾਲ ਧਰਤੀ 'ਤੇ ਹੀ ਖੁਸ਼ਹਾਲ ਹੋ ਸਕਦਾ ਹੈ।
ਵਿਸ਼ਵ 'ਚ ਕਾਰਪੋਰੇਟ ਜਗਤ ਦੀ ਵਧ ਰਹੀ ਪਕੜ ਤੇ ਜਕੜ, ਧਨ ਕਮਾਉਣ ਦੀ ਹਵਸ਼, ਕੁਦਰਤ ਨਾਲ ਖਿਲਵਾੜ ਕਰ ਰਹੀ ਹੈ। ਡਿਕਟੇਟਰਾਨਾ ਸੋਚ ਦੇ ਮਾਲਕ ਹਾਕਮਾਂ ਨਾਲ ਸਾਂਝ ਭਿਆਲੀ ਕਰਕੇ ਇਹ ਲੋਕ ਮਨੁੱਖ ਨੂੰ ਆਧੁਨਿਕ ਯੁੱਗ ਦੇ ਸੁਖਮਈ ਸਾਧਨਾਂ ਦੀ ਝਲਕ ਦਿਖਾਕੇ ਆਪਣੇ ਗੁਲਾਮ ਬਣਾਉਣ 'ਤੇ ਤੁਲੇ ਹੋਏ ਹਨ ਅਤੇ ਧਰਤੀ ਉਤੇ ਕੁਦਰਤ ਦੀ ਗੋਦ ਦਾ ਅਨੰਦ ਉਸ ਤੋਂ ਖੋਹ ਲੈਣਾ ਚਾਹੁੰਦੇ ਹਨ। ਅਰਥਾਤ ਧਰਤੀ ਦੀ ਕੁੱਖ ਵਿੱਚ ਹੀ ਨਵੇਂ ਜੰਮਣ ਵਾਲੇ ਬੱਚੇ ਦਾ ਕਤਲ ਕਰਨ 'ਤੇ ਤੁਲੇ ਹੋਏ ਹਨ।
-ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.