* ਗਿਆਨੀ ਜ਼ੈਲ ਸਿੰਘ ਨੇ ਆਪਣੇ ਘਰ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਸ੍ਰੀ ਗੁਰੁ ਗਰੰਥ
ਸਾਹਿਬ ਦਾ ਕੀਤਾ ਪ੍ਰਕਾਸ਼
*ਗਿਆਨੀ ਜ਼ੈਲ ਸਿੰਘ ਨੇ ਕੀਤਾ ਗੁਰਬਾਣੀ ਤੇ ਅਟੁੱਟ ਵਿਸ਼ਵਾਸ ਅਤੇ ਅਮਲ
* ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਨੂੰ ਸ੍ਰੀ ਤਖਤ ਦਮਦਮਾ ਸਾਹਿਬ
ਤਲਵੰਡੀ ਸਾਬੋ ਨਾਲ ਜੋੜ੍ਹਨ ਲਈ ਬਣਾਇਆ ਗੁਰੁ ਗੋਬਿੰਦ ਸਿੰਘ ਮਾਰਗ
*ਗਿਆਨੀ ਜ਼ੈਲ ਸਿੰਘ ਸਾਰੀ ਉਮਰ ਕਾਂਗਰਸ ਪਾਰਟੀ ਦੇ ਵਫਾਦਾਰ ਰਹੇ,
*ਕੱਚੇ ਕੋਠੇ ਤੋਂ ਰਾਸ਼ਟਰਪਤੀ ਭਵਨ ਤੱਕ ਦਾ ਕੀਤਾ ਸਫਰ ਤਹਿ
*ਗਿਆਨੀ ਜ਼ੈਲ ਸਿੰਘ ਨੇ ਦੁਸ਼ਮਣਾਂ ਨੂੰ ਬਣਾਇਆ ਮਿੱਤਰ
*ਗਿਆਨੀ ਜ਼ੈਲ ਸਿੰਘ ਨੇ ਬਦਲਾ ਲਊ ਨੀਤੀ ਤੋਂ ਉਪਰ ਉਠਕੇ ਕੀਤਾ ਕੰਮ
*ਗਿਆਨੀ ਜ਼ੈਲ ਸਿੰਘ ਨੇ ਪਾਰਟੀਬਾਜੀ ਤੋਂ ਉਪਰ ਉਠਕੇ ਹਰ ਵਿਅਕਤੀ ਦਾ ਕੀਤਾ ਸਤਿਕਾਰ
*ਗਿਆਨੀ ਜ਼ੈਲ ਸਿੰਘ ਨੇ ਬਤੌਰ ਮੁੱਖ ਮੰਤਰੀ,ਗਹ੍ਰਿ ਮੰਤਰੀ ਤੇ ਸਰਵਉਚ ਅਹੁੱਦੇ
ਰਾਸ਼ਟਰਪਤੀ ਹੁੰਦਿਆਂ ਪਾਈਆਂ ਨਵੀਆਂ ਪ੍ਰਿਤਾਂ
*ਗਿਆਨੀ ਜ਼ੈਲ ਸਿੰਘ ਨੇ ਭਾਰਤ ਦੀ ਅਜ਼ਾਦੀ ਲਈ ਜਾਨਾਂ੍ਹ ਵਾਰਨ ਵਾਲੇ ਸ਼ਹੀਦਾਂ ਤੇ ਉਨ੍ਹਾਂ
ਦੇ ਪਰਿਵਾਰਾਂ, ਕੁਰਬਾਨੀਆਂ ਕਰਨ ਵਾਲੇ ਸੁਤੰਤਰਤਾ ਸੰਗਰਾਂਮੀਆਂ ਤੇ ਉਨ੍ਹਾਂ ਦੇ
ਪਰਿਵਾਰਾਂ ਵਲ ਦਿੱਤਾ ਵਿਸ਼ੇਸ ਧਿਆਨ
*ਗਿਆਨੀ ਜ਼ੈਲ ਸਿੰਘ ਧਾਰਮਿਕ ਨਿਰਪੱਖਤਾ,ਮਨੁੱਖਤਾ ਨਾਲ ਪਿਆਰ, ਪੰਜਾਬ ਤੇ ਪੰਜਾਬੀਆਂ ਦੇ
ਵਿਕਾਸ ਲਈ ਹਮੇਸਾ ਰਹੇ ਯਤਨਸੀਲ
ਗਿਆਨੀ ਜ਼ੈਲ ਸਿੰਘ ਨੇ ਪਿੰਡ ਸੰਧਵਾਂ ਦੇ ਕੱਚੇ ਕੋਠੇ ਤੋਂ ਭਾਰਤ ਦੇ ਸੱਤਵੇਂ ਰਾਸ਼ਟਰਪਤੀ ਬਣਨ ਤੱਕ ਦਿੱਲੀ ਦੇ ਰਾਸ਼ਟਰਪਤੀ ਭਵਨ ਤੱਕ ਦਾ ਸਫਰ ਤਹਿ ਕੀਤਾ।ਗਿਆਨੀ ਜ਼ੈਲ
ਸਿੰਘ ਨੇ ਹਮੇਸਾ ਸ੍ਰੀ ਗੁਰੁ ਗਰੰਥ ਸਾਹਿਬ ਦਾ ਓਟ ਆਸਰਾ ਲਿਆ ਤੇ ਗੁਰਬਾਣੀ ਨੂੰ ਆਪਣਾ
ਬਣਾਇਆ ਮਾਰਗ ਦਰਸ਼ਕ ਬਣਾਇਆ, ਉਹਨਾਂ ਦਾ ਗੁਰਬਾਣੀ ਤੇ ਅਟੁੱਟ ਵਿਸ਼ਵਾਸ ਸੀ ਤੇ ਅਮਲ ਵੀ
ਕੀਤਾ। ਗਿਆਨੀ ਜੀ ਨੇ ਹਮੇਸਾ ਆਪਣੇ ਘਰ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਸ੍ਰੀ ਗੁਰੁ
ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਗਿਆਨੀ ਜ਼ੈਲ ਸਿੰਘ ਜਦੋਂ ਮਾਰਚ 1972 ਵਿਚ ਪੰਜਾਬ ਦੇ
ਮੁੱਖ ਮੰਤਰੀ ਬਣੇ। ਉਹਨਾਂ ਨੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਉਪਰੰਤ ਸਭ ਤੋਂ
ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦੋ ਤਖ਼ਤਾਂ ਸ੍ਰੀ
ਅਨੰਦਪੁਰ ਸਾਹਿਬ ਤੇ ਸ੍ਰੀ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜ੍ਹਨ ਵਾਲਾ 640
ਕਿਲੋਮੀਟਰ “ਗੁਰੂ ਗੋਬਿੰਦ ਸਿੰਘ ਮਾਰਗ” ਬਣਵਾਇਆ। ਗਿਆਨੀ ਜੀ ਨੇ ਗੋਬਿੰਦ ਸਿੰਘ ਮਾਰਗ
ਬਣਾਉਣ ਤੋਂ ਪਹਿਲਾਂ ਉਸ ਵੇਲੇ ਦੇ ਸ੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ
ਮੁੱਖੀਆਂ,ਸੰਤਾਂ,ਮਹਾਂਪੁਰਸ਼ਾ ਨਾਲ ਵਿਚਾਰ ਵਟਾਂਦਰਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਤੋਂ
ਗੁਰੂ ਗੋਬਿੰਦ ਸਿੰਘ ਮਾਰਗ ਤੇ ਯਾਤਰਾ ਦੇ ਆਰੰਭ ਸਮੇਂ ਗਿਆਨੀ ਜੀ ਨੇ ਖੁਲੀ੍ ਜੀਪ ਵਿਚ
ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਆਪਣੇ ਨਾਲ ਖੜਾ੍ ਕੀਤਾ। ਸੰਗਤਾਂ ਦਾ ਠਾਠਾਂ
ਮਾਰਦਾ ਇਕੱਠ ਧਾਰਮਿਕ ਮਾਰਚ ਵਿਚ ਸਾਮਲ ਹੋਇਆ। 6 ਅਪ੍ਰੈਲ 1972 ਨੂੰ ਅਰੰਭ ਹੋਏ ਸੱਤ
ਦਿਨਾਂ ਮਾਰਚ ਦੌਰਾਨ ਵੱਖ ਵੱਖ ਪੜਾਵਾਂ ਤੇ ਦੀਵਾਨ ਸਜੇ ਜਿੱਥੇ ਗਿਆਨੀ ਜੀ ਖ਼ੁਦ ਸਾਮਲ
ਹੁੰਦੇ ਰਹੇ ਅਤੇ 13 ਅਪ੍ਰੈਲ 1972 ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ
ਸਮਾਪਤੀ ਹੋਈ। ਗਿਆਨੀ ਜ਼ੈਲ ਸਿੰਘ ਸਰਕਾਰ ਦਾ ਸ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ
ਪਿਛੋਂ ਪਹਿਲਾ ਵੱਡਾ ਕਾਰਨਾਮਾ ਸੀ ਜਿਸ ਨਾਲ ਗਿਆਨੀ ਜੀ ਦੀ ਸਿੱਖ ਧਰਮ ਵਿੱਚ ਵਿਲੱਖਣ
ਪਹਿਚਾਣ ਬਣ ਗਈ। ਗਿਆਨੀ ਜੀ ਦਾ ਆਪਣੇ ਆਪ ‘ਤੇ ਪੂਰਨ ਕੰਟਰੋਲ ਸੀ।
ਗਿਆਨੀ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਬਾਬਾ ਫ਼ਰੀਦ ਜੀ ਦੀ ਬਾਣੀ,
“ਫ਼ਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾਂ ਨਾ ਮਾਰੇ ਘੁੰਮ,
ਆਪਨੜੇ ਘਰ ਜਾਇਕੇ, ਪੈਰ ਤਿੰਨਾਂ ਦੇ ਚੁੰਮ।“
ਗਿਆਨੀ ਜੀ ਦੂਜਾ ਵੱਡਾ ਕਾਰਨਾਮਾ ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ ਦੀ
ਵਰੋਸਾਈ ਧਰਤੀ ਤੇ ਆਪਣੇ ਜੱਦੀ ਪਿੰਡ ਸੰਧਵਾਂ ਦੇ ਨਜ਼ਦੀਕ ਫ਼ਰੀਦਕੋਟ ਨੂੰ 7 ਅਗਸਤ 1972
ਨੂੰ ਪੰਜਾਬ ਦਾ ਬਾਰਵਾਂ ਜ਼ਿਲ੍ਹਾ ਬਣਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ
ਬਣਨ ਉਪਰੰਤ ਮਹਾਰਾਜਾ ਫਰੀਦਕੋਟ ਸ ਹਰਿੰਦਰ ਸਿੰਘ ਬਰਾੜ ਦੇ ਕੋਲ ਜਾ ਕੇ ਧੰਨਵਾਦ ਕਰਨਾ
ਤੇ ਕਹਿਣਾ ਕਿ ਉਨਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਬਣੇ ਹਨ। ਉਹਨਾਂ ਫਰੀਦਕੋਟ ਨੂੰ
ਜ਼ਿਲਾ ਬਣਾਉਣ ਲਈ ਮਹਾਰਾਜਾ ਫ਼ਰੀਦਕੋਟ ਤੋਂ ਕਿਲ੍ਹੇ ਸਮੇਤ ਹੋਰ ਇਮਾਰਤਾਂ ਦੀ ਮੰਗ ਕੀਤੀ
ਤਾਂ ਰਾਜੇ ਨੇ ਤੁਰੰਤ ਹਾਂ ਕਰ ਦਿੱਤੀ।ਇਥੇ ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਮਹਾਰਾਜਾ
ਹਰਿੰਦਰ ਸਿੰਘ ਬਰਾੜ ਦੇ ਰਾਜ ਸਮੇਂ ਗਿਆਨੀ ਜੀ ਨੂੰ ਤਸੀਹੇ ਦਿੱਤੇ ਗਏ ਤੇ ਅਨੇਕਾਂ
ਵਧੀਕੀਆਂ ਕੀਤੀਆਂ ਸਨ। ਗਿਆਨੀ ਜੀ ਨੇ ਆਪਣੇ ਪਿੰਡ ਸੰਧਵਾਂ ਦੇ ਵਸਨੀਕ ਵਿਰੋਧੀ ਧਿਰ ਦੇ
ਨੇਤਾ ਸਵਰਗੀ ਸ ਜਸਵਿੰਦਰ ਸਿੰਘ ਬਰਾੜ ਸਾਬਕਾ ਮੰਤਰੀ ਨੂੰ ਭਰੋਸੇ ਵਿਚ ਲੈ ਕੇ ਜ਼ਿਲਾ੍
ਬਣਾਉਣ ਦਾ ਫੈਸਲਾ ਲਿਆ। ਜ਼ਿਲੇ੍ ਦੇ ਉਦਘਾਟਨ ਵਾਲੇ ਦਿਨ ਗਿਆਨੀ ਜੀ ਨੇ ਸ ਜਸਵਿੰਦਰ
ਸਿੰਘ ਬਰਾੜ ਨੂੰ ਆਪਣੇ ਨਾਲ ਖੁਲੀ੍ ਜੀਪ ਵਿਚ ਖੜਾ੍ ਕੀਤਾ।
5 ਮਈ 1916 ਨੂੰ ਗਿਆਨੀ ਜ਼ੈਲ ਸਿੰਘ ਨੇ ਮਾਤਾ ਇੰਦ ਕੌਰ ਦੀ ਕੁਖੋ ਭਾਈ ਕਿਸ਼ਨ
ਸਿੰਘ ਦੇ ਘਰ ਪਿੰਡ ਸੰਧਵਾਂ ਵਿਖੇ ਜਨਮ ਲਿਆ ਸੀ।ਉਨਾਂ ਦਾ ਸਿੱਖ ਧਰਮ ਅਤੇ ਗੁਰਬਾਣੀ
ਵਿਚ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਸੀ। ਇਨਾਂ ਦਾ ਪਿਛੋਕੜ ਕ੍ਰਿਤੀ ਪ੍ਰੀਵਾਰ ਸਬੰਧਿਤ ਸੀ।
ਗਿਆਨੀ ਜੀ ਨੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਇਸ ਕੱਥਨ ਅਨੁਸਾਰ ਢਾਲਿਆ,
“ਫ਼ਰੀਦਾ ਸਭ ਸੇ ਹਮੁ ਬੁਰੇ, ਹਮ ਤੱਜ ਭਲਾ ਸਭ ਕੋਇ”
ਗਿਆਨੀ ਜ਼ੈਲ ਸਿੰਘ ਦੇ ਵਿਅਕਤੀਵ ਬਾਰੇ ਕੁਝ ਗੱਲਾਂ ਹਨ,ਉਹ ਬਹੁਤ ਸੂਝਵਾਨ
ਅਤੇ ਦੂਰਦਰਸ਼ੀ ਸਨ। ਉਹ ਨਿੱਘੇ ਸੁਭਾਅ ਦੇ ਵਿਅਕਤੀ ਸਨ। ਉਨਾਂ ਦਾ ਵਡੱਪਣ ਇਹ ਸੀ ਕਿ ਉਹ
ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਦੇ ਸਨ।
ਇਤਿਹਾਸਕ ਪੱਖ ਤੇ ਨਜ਼ਰ ਮਾਰੀਏ ਤਾਂ ਇਤਫ਼ਾਕ ਨਾਲ ਗਿਆਨੀ ਜ਼ੈਲ ਸਿੰਘ ਨੂੰ 25 ਜੁਲਾਈ
1982 ਨੂੰ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਨ ਉਪਰੰਤ ਲਾਲ ਕਿਲੇ ਦੀ ਫ਼ਸੀਲ ਤੇ 26 ਜਨਵਰੀ
1983 ਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਸੀ ਅਤੇ ਉਹ ਇਸ ਅਹੁੱਦੇ ਤੇ 25
ਜੁਲਾਈ, 1987 ਤਕ ਰਹੇ। ਇਸ ਤੋਂ ਪਹਿਲਾ ਉਹ ਪੈਪਸੂ ਵਿਚ ਮਾਲ ਅਤੇ ਖੇਤੀਬਾੜੀ ਮੰਤਰੀ,
1972 ਤੋਂ 1977 ਵਿਚ ਪੰਜਾਬ ਦੇ ਮੁੱਖ ਮੰਤਰੀ, 1980 ਤੋਂ 1982 ਤਕ ਵਿਚ ਭਾਰਤ ਦੇ
ਗ੍ਰਹਿ ਮੰਤਰੀ ਰਹੇ। ਉਹ ਸਾਰੀ ਉਮਰ ਕਾਂਗਰਸ ਪਾਰਟੀ ਦੇ ਵਫਾਦਾਰ ਰਹੇ। ਅੱਜ ਸਿਆਸੀ
ਪਾਰਟੀਆਂ ਦੀਆਂ ਵਫਾਦਾਰੀਆਂ ਸੌਦੇਬਾਜੀ ਬਣ ਕੇ ਰਹਿ ਗਈਆਂ।ਅੱਜ ਜਦੋਂ ਦੇਸ਼ ਵਿਚ ਲੋਕ
ਸਭਾ ਦੀਆਂ ਚੋਣਾਂ ਦਾ ਦੌਰ ਚਲ ਰਿਹਾ ਹੈ ਤਾਂ ਕੋਈ ਵੀ ਸਿਆਸੀ ਪਾਰਟੀ ਦਾਅਵੇ ਨਾਲ ਕਿਸੇ
ਪਾਰਟੀ ਮੈਂਬਰ ਤੇ ਵਿਸ਼ਵਾਸ ਨਹੀ ਕਰ ਸਕਦੀ। ਜਿਸਤਰਾਂ ਹੁਣ ਆਇਆ ਰਾਮ ਗਿਆ ਰਾਮ ਦਾ ਦੌਰ
ਚੱਲ ਰਿਹਾ ਗਿਆਨੀ ਜ਼ੈਲ ਸਿੰਘ ਦੇ ਮੌਕੇ ਨਹੀ ਸੀ। ਹੁਣ ਦੀ ਪਾਰਟੀ ਵਫਾਦਾਰੀ ਸੌਦੇਬਾਜੀ
ਤੇ ਨਿਰਭਰ ਹੈ, ਸੌਦੇਬਾਜੀ ਹੋਈ ਤਾਂ ਠੀਕ, ਨਹੀ ਸ਼ਾਮ ਨੂੰ ਕਿਸੇ ਹੋਰ ਸਿਆਸੀ ਪਾਰਟੀ ਦਾ
ਪੱਟਾ ਗਲ ਵਿਚ ਪਵਾ ਲੈਦੇ ਹਨ।ਜਿੰਨੀ ਦਲਬਦਲੀ ਇਹਨਾਂ 2024 ਦੀਆਂ ਲੋਕ ਸਭਾ ਚੋਣਾਂ
ਦੌਰਾਨ ਹੋਈ ਇਸਨੇ ਪਿਛਲੇ 75 ਸਾਲਾਂ ਦੇ ਇਤਿਹਾਸ ਨੂੰ ਕਲੰਕਤ ਕਰ ਦਿੱਤਾ। ਸਿਆਸੀ
ਪਾਰਟੀਆਂ ਨੂੰ ਵਫਾਦਾਰ ਤੇ ਭਰੋਸੇਯੋਗ ਵਿਅਕਤੀਆਂ ਦੀ ਨਹੀਂ ਮਾਲਦਾਰ ਸਾਮੀਆਂ ਤੇ
ਮੌਕਾਪ੍ਰਸਤਾਂ ਦੀ ਲੋੜ ਹੈ। ਅਜਿਹੀ ਸਥਿਤੀ ਵਿਚ ਵੋਟਰ ਵੀ ਭੰਬਲਭੂਸੇ ਵਿਚ ਹਨ ਕਿ ਕਿਸ
ਪਾਰਟੀ ਜਾਂ ਵਿਅਕਤੀ ਦਾ ਸਮਰੱਥਨ ਕਰਨ।ਸਿਆਸੀ ਨੇਤਾਵਾਂ ਨੂੰ ਗਿਆਨੀ ਜ਼ੈਲ ਸਿੰਘ ਦੇ
ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਤੋਂ ਹਮੇਸਾ ਦੂਰ
ਰੱਖਿਆ।ਆਪ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਆਪਣੇ ਇਕਲੌਤੇ ਪੁੱਤਰ
ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ
ਜਿੱਥੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰੀ ਕੰਮਕਾਜ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ
ਕਰੇਗਾ। ਉਨਾਂ ਨੇ ਪਰਮਾਤਮਾ ਕੋਲੋ ਆਸ਼ੀਰਵਾਦ ਲਿਆ ਅਤੇ ਆਪਣੀ ਜਿੰਮੇਵਾਰੀ ਸੰਭਾਲੀ ਤੇ
ਸਫ਼ਲਤਾ ਨਾਲ ਨਿਭਾਈ।ਗਿਆਨੀ ਜੀ ਨੇ ਮੁੱਖ ਮੰਤਰੀ ਦੀ ਰਹਾਇਸ ਲਈ ਰਾਖਵੀ ਸਰਕਾਰੀ ਕੋਠੀ
ਨੰਬਰ 45 ਸੈਕਟਰ 2 ਵਿਚ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼
ਕਰਵਾਇਆ।ਗਿਆਨੀ ਜੀ ਰੋਜ਼ਾਨਾ ਆਪਣਾ ਕੰਮ ਸੁਰੂ ਕਰਨ ਤੋਂ ਪਹਿਲਾਂ ਹੁਕਮਨਾਮਾ ਲੈਦੇ ਸਨ।
ਗਿਆਨੀ ਜੀ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿਚੋਂ
ਪਿੰਡਾਂ ਦਾ ਸੌ-ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ। ਫ਼ਰੀਦਕੋਟ ਵਿਖੇ ਗੁਰੁ
ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆਉਣਾ,ਜੋ ਹੁਣ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਟੀ ਬਣ ਗਈ
ਹੈ, ਪੱਛੜੇ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਹੈ। ਗਿਆਨੀ ਜੀ ਨੇ ਜੇਲ੍ਹਾਂ ਦੇ
ਸੁਧਾਰ ਲਈ ਵੀ ਵਿਸ਼ੇਸ ਧਿਆਨ ਦਿੱਤਾ।ਫ਼ਰੀਦਕੋਟ ਦੀ ਪੁਰਾਣੀ ਜੇਲ੍ਹ ਵਾਲੀ ਥਾਂ ਤੇ
ਉਨ੍ਹਾਂ ਦੀ ਯਾਦਗਾਰ ਨੂੰ ਕਾਇਮ ਰੱਖਣ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ,ਜਿੱਥੇ ਉਨਾਂ
ਜੇਲ੍ਹ ਕੱਟੀ ਸੀ।
ਗਿਆਨੀ ਜੀ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ
ਭਾਰਤ ਲਿਆਦੀਆਂ ਗਈਆਂ ਤੇ ਉਨਾ ਦਾ ਸੁਨਾਮ ਵਿਖੇ ਸੰਸਕਾਰ ਕਰਕੇ ਯਾਦਗਾਰ ਕਾਇਮ ਕੀਤੀ।
ਮਲੇਰਕੋਟਲਾ ਵਿਖੇ ਕੂਕਿਆਂ (ਨਾਮਧਾਰੀਆਂ)ਦੀ ਸਹੀਦੀ ਵਾਲੀ ਥਾਂ ਤੇ ਯਾਦਗਾਰ ਕਾਇਮ
ਕਰਨਾ, ਢੁੱਡੀਕੇ ਵਿਖੇ ਲਾਲਾ ਲਾਜਪੱਤ ਰਾਏ ਤੇ ਗੱਦਰੀ ਬਾਬਿਆਂ ਦੀ ਯਾਦਗਾਰ ਬਣਾਉਣਾ
ਇਤਿਹਾਸਕ ਫੈਸਲੇ ਸਨ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ
ਹੁਸੈਨੀਵਾਲਾ ਵਿਖੇ ਯਾਦਗਾਰ ਬਣਵਾਈ। ਗਿਆਨੀ ਜੀ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ
ਕੁਰਬਾਨੀ ਨੂੰ ਸੀਸ ਝੁਕਾਦਿਆਂ ਉਸ ਦੀ ਮਾਤਾ ਸ੍ਰੀਮਤੀ ਵਿੱਦਿਆਵਤੀ ਨੂੰ ‘ਪੰਜਾਬ ਮਾਤਾ’
ਦੇ ਖ਼ਿਤਾਬ ਨਾਲ ਸਨਮਾਨਿਆ।ਉਹਨਾਂ ਦੀ ਮੌਤ ਉਪਰੰਤ ਅੰਤਮ ਸੰਸਕਾਰ ਵੀ ਸਰਕਾਰੀ ਸਨਮਾਨਾਂ
ਹੁਸੈਨੀਵਾਲਾ ਵਿਖੇ ਕਰਕੇ ਯਾਦਗਾਰ ਕਾਇਮ ਕੀਤੀ।ਕੇਂਦਰ ਸਰਕਾਰ ਵਲੋਂ ਸੁਤੰਤਰਤਾ
ਸੰਗਰਾਮੀਆਂ ਨੂੰ ਸਨਮਾਨ ਲਈ “ਤਾਮਰ ਪੱਤਰ ਤੇ ਪੈਨਸ਼ਨਾਂ” ਦੇਣ ਦੀ ਸਕੀਮ ਤਿਆਰ ਕਰਨ ਵਿਚ
ਗਿਆਨੀ ਜੀ ਦਾ ਵਿਸ਼ੇਸ ਯੋਗਦਾਨ ਸੀ ਕਿਉਕਿ ਉਹ ਖ਼ੁਦ ਪਰਜਾਮੰਡਲ ਲਹਿਰ ਵਿੱਚ ਸਰਗਰਮ ਰਹੇ
ਸਨ। ਗਿਆਨੀ ਜੀ ਵਲੋਂ ਸੁਤੰਤਰਤਾ ਸੰਗਰਾਮ ਲਈ ਕੀਤੀਆਂ ਕੁਰਬਾਨੀਆਂ ਸਦਕਾ ਉਹ ਹਮੇਸਾ
ਸੁਤੰਤਰਤਾ ਸੰਗਰਾਮੀਆਂ ਦੀ ਮਦੱਦ ਨੂੰ ਪਹਿਲ ਦਿੰਦੇ ਸਨ ਭਾਂਵੇ ਉਹ ਕਿਸੇ ਵੀ ਅਹੁੱਦੇ
ਤੇ ਰਹੇ। ਉਨਾਂ ਦੇ ਪੁਰਾਣੇ ਸਾਥੀ ਅਤੇ ਵਾਰਸ ਅੱਜ ਵੀ ਉਨ੍ਹਾਂ ਦੀਆਂ ਕਹਾਣੀਆਂ ਫ਼ਖ਼ਰ
ਨਾਲ ਸੁਣਾਉਦੇ ਹਨ।
ਗਿਆਨੀ ਜੀ ਦਾ ਆਪਣੇ ਆਪ ‘ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਘੱਟਨਾ
ਹੋਣ‘ਤੇ ਵੀ ਅਡੋਲ ਰਹੇ। ਚਾਹੇ ਮੋਗਾ ਗੋਲੀ ਕਾਂਡ ਹੋਵੇ,ਚਾਹੇ ਨਕਸਲਵਾੜੀ ਲਹਿਰ ਹੋਵੇ,
ਚਾਹੇ ਐਮਰਜੈਂਸੀ ਦਾ ਸਮਾਂ ਹੋਵੇ, ਚਾਹੇ ਸਾਕਾ ਨੀਲਾ ਤਾਰਾ ਜਾਂ ਹੋਰ ਕੋਈ ਹਾਲਾਤ
ਹੋਣ। ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਸਿਆਸੀ ਪਾਰਟੀਆਂ ਦੇ ਨੇਤਾਵਾਂ ਜਾਂ ਲੋਕਾਂ ਨਾਲ
ਕਿਸੇ ਤਰ੍ਹਾਂ ਦੀ ਜ਼ਿਆਦਤੀ ਜਾਂ ਬਦਲਾਖੋਰੀ ਦੀ ਕੋਈ ਘਟਨਾ ਨਹੀਂ ਮਿਲਦੀ।ਗਿਆਨੀ ਜੀ
ਨੂੰ ਵਿਰੋਧੀ ਸਿਆਸੀ ਪਾਰਟੀਆਂ ਦੇ ਕਈ ਨੇਤਾ ਆਪਣਾ ਸਿਆਸੀ ਗੁਰੂ ਸਮਝਦੇ ਸਨ ਤੇ ਲੋੜ੍ਹ
ਪੈਣ ਤੇ ਸਲਾਹ ਵੀ ਲੈਂਦੇ ਸਨ।
ਗਿਆਨੀ ਜੀ ਜੰਮੇ ਪਲੇ ਮਾਲਵੇ ਦੀ ਧਰਤੀ ਤੇ ਪਿੰਡ ਸੰਧਵਾਂ ਵਿਖੇ,ਇਥੇ ਸੁਤੰਤਰਤਾ
ਸੰਗਰਾਮ ਲਈ ਪਰਜਾਮੰਡਲ ਲਹਿਰ ਚਲਾਈ,ਜੇਲਾਂ ਕੱਟੀਆਂ ਤਸੀਹੇ ਝੱਲੇ। ਪਰ ਇਸ ਇਲਾਕੇ ਦੇ
ਲੋਕਾਂ ਵਲੋਂ ਸਨਮਾਨ ਨਾ ਮਿਲਆ,ਅਖੀਰ ਖਾਲਸੇ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ
ਤੋਂ ਚੋਣ ਲੜੀ੍ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਵਾਂਗਡੋਰ ਸੰਭਾਲੀ। ਮੈਂਬਰ ਪਾਰਲੀਮੈਂਟ
ਵੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਣੇ,ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ
ਵੀ ਇਸ ਲੋਕ ਸਭਾ ਹਲਕੇ ਹੁਸ਼ਿਆਰਪੁਰ ਵਿਚ ਸਾਮਲ ਸੀ।
ਗਿਆਨੀ ਜੀ ਆਖਰੀ ਸਮੇਂ ਆਪਣੀ ਜਨਮ ਭੂਮੀ ਸੰਧਵਾਂ,ਕੋਟਕਪੂਰਾ ਤੇ ਫਰੀਦਕੋਟ ਵਿਚ
ਦੋਸਤਾਂ ਮਿੱਤਰਾਂ ਨੂੰ ਮਿਲ ਕੇ ਗਏ।ਕੁਝ ਦਿਨਾਂ ਬਾਅਦ ਸ੍ਰੀ ਅਨੰਦਪੁਰ ਦੀ ਧਰਤੀ ਤੇ
ਸ੍ਰੀ ਕੀਰਤਪੁਰ ਸਾਹਿਬ ਨੇੜੇ ਐਕਸੀਡੈਂਟ ਹੋਇਆ ਜੋ ਜਾਨਲੇਵਾ ਸਾਬਤ ਹੋਇਆ। ਅਖੀਰ
ਆਪਣੀਆਂ ਮਿੱਠੀਆਂ ਯਾਦਾਂ ਛੱਡਦੇ ਹੋਏ 25 ਦਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ।
ਗਿਆਨੀ ਜੀ ਆਪ ਭਾਂਵੇ ਪਾਰਟੀ ਦੇ ਵਫਾਦਾਰ ਰਹੇ ਪਰ ਪਰਿਵਾਰਕ ਮੈਬਰ ਕਾਂਗਰਸ
ਪਾਰਟੀ ਨੂੰ ਤਿਆਗ ਕੇ ਸਰਗਰਮ ਸਿਆਸਤ ਵਿਚ ਯੋਗਦਾਨ ਪਾ ਰਹੇ ਹਨ, ਉਨਾ੍ ਦੇ ਵੱਡੇ ਭਰਾ
ਜੰਗੀਰ ਸਿੰਘ ਦਾ ਪੋਤਰਾ ਸ ਕੁਲਤਾਰ ਸਿੰਘ ਸੰਧਵਾਂ ਆਮ ਆਦਮੀ ਪਾਰਟੀ ਵਲੋਂ ਹਲਕਾ
ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਬਣਕੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ
ਵਧੀਆ ਭੂਮਿਕਾ ਨਿਭਾ ਰਹੇ ਹਨ। ਗਿਆਨੀ ਜੀ ਦਾ ਆਪਣਾ ਪੋਤਰਾ ਇੰਦਰਜੀਤ ਸਿੰਘ ਬੱਬੂ ਅਤੇ
ਦੋਹਤ ਜਵਾਈ ਸ ਸਰਵਣ ਸਿੰਘ ਚੰਨੀ ਪ੍ਰਸ਼ਾਸਨਿਕ ਸੇਵਾਵਾਂ ਨਿਭਾਉਣ ਉਪਰੰਤ ਭਾਰਤੀ ਜਨਤਾ
ਪਾਰਟੀ ਵਿਚ ਸਰਗਰਮ ਹਨ।
ਆਓ ਅਸੀਂ ਗਿਆਨੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਦਿਆਂ ਸਿਆਸਤ ਤੋਂ ਉਪਰ ਉਠਕੇ
ਧਾਰਮਿਕ ਨਿਰਪੱਖਤਾ,ਮਨੁੱਖਤਾ ਨਾਲ ਪਿਆਰ, ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ
ਮਿਲਜੁਲ ਕੇ ਕੰਮ ਕਰੀਏ।
-
ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਰਿਟਾ)
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.