ਗਿਆਨੀ ਜ਼ੈਲ ਸਿੰਘ ਨੇ ਹਮੇਸਾ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਤੇ ਗੁਰਬਾਣੀ ਨੂੰ ਮਾਰਗ ਦਰਸ਼ਕ ਬਣਾਇਆ...ਗਿਆਨ ਸਿੰਘ ਦੀ ਕਲਮ ਤੋਂ
ਗਿਆਨੀ ਜ਼ੈਲ ਸਿੰਘ ਨੇ ਆਪਣੇ ਘਰ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਸ੍ਰੀ ਗੁਰੁ ਗਰੰਥ
ਸਾਹਿਬ ਦਾ ਕੀਤਾ ਪ੍ਰਕਾਸ਼
ਗਿਆਨੀ ਜ਼ੈਲ ਸਿੰਘ ਨੇ ਕੀਤਾ ਗੁਰਬਾਣੀ ਤੇ ਅਟੁੱਟ ਵਿਸ਼ਵਾਸ ਅਤੇ ਅਮਲ
ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਨੂੰ ਸ੍ਰੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਜੋੜ੍ਹਨ ਲਈ ਬਣਾਇਆ ਗੁਰੁ ਗੋਬਿੰਦ ਸਿੰਘ ਮਾਰਗ
ਗਿਆਨੀ ਜ਼ੈਲ ਸਿੰਘ ਸਾਰੀ ਉਮਰ ਕਾਂਗਰਸ ਪਾਰਟੀ ਦੇ ਵਫਾਦਾਰ ਰਹੇ,
ਕੱਚੇ ਕੋਠੇ ਤੋਂ ਰਾਸ਼ਟਰਪਤੀ ਭਵਨ ਤੱਕ ਦਾ ਕੀਤਾ ਸਫਰ ਤਹਿ
ਗਿਆਨੀ ਜ਼ੈਲ ਸਿੰਘ ਨੇ ਦੁਸ਼ਮਣਾਂ ਨੂੰ ਬਣਾਇਆ ਮਿੱਤਰ
ਗਿਆਨੀ ਜ਼ੈਲ ਸਿੰਘ ਨੇ ਬਦਲਾ ਲਊ ਨੀਤੀ ਤੋਂ ਉਪਰ ਉਠਕੇ ਕੀਤਾ ਕੰਮ
ਗਿਆਨੀ ਜ਼ੈਲ ਸਿੰਘ ਨੇ ਪਾਰਟੀਬਾਜੀ ਤੋਂ ਉਪਰ ਉਠਕੇ ਹਰ ਵਿਅਕਤੀ ਦਾ ਕੀਤਾ ਸਤਿਕਾਰ
ਗਿਆਨੀ ਜ਼ੈਲ ਸਿੰਘ ਨੇ ਬਤੌਰ ਮੁੱਖ ਮੰਤਰੀ,ਗਹ੍ਰਿ ਮੰਤਰੀ ਤੇ ਸਰਵਉਚ ਅਹੁੱਦੇ ਰਾਸ਼ਟਰਪਤੀ ਹੁੰਦਿਆਂ ਪਾਈਆਂ ਨਵੀਆਂ ਪਿਰਤਾਂ
ਗਿਆਨੀ ਜ਼ੈਲ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਤੇ ਉਨ੍ਹਾਂ
ਦੇ ਪਰਿਵਾਰਾਂ, ਕੁਰਬਾਨੀਆਂ ਕਰਨ ਵਾਲੇ ਸੁਤੰਤਰਤਾ ਸੰਗਰਾਂਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵਲ ਦਿੱਤਾ ਵਿਸ਼ੇਸ ਧਿਆਨ
ਗਿਆਨੀ ਜ਼ੈਲ ਸਿੰਘ ਧਾਰਮਿਕ ਨਿਰਪੱਖਤਾ,ਮਨੁੱਖਤਾ ਨਾਲ ਪਿਆਰ, ਪੰਜਾਬ ਤੇ ਪੰਜਾਬੀਆਂ ਦੇ ਵਿਕਾਸ ਲਈ ਹਮੇਸਾ ਰਹੇ ਯਤਨਸੀਲ
ਗਿਆਨੀ ਜ਼ੈਲ ਸਿੰਘ ਨੇ ਪਿੰਡ ਸੰਧਵਾਂ ਦੇ ਕੱਚੇ ਕੋਠੇ ਤੋਂ ਭਾਰਤ ਦੇ ਸੱਤਵੇਂ ਰਾਸ਼ਟਰਪਤੀ ਬਣਨ ਤੱਕ ਦਿੱਲੀ ਦੇ ਰਾਸ਼ਟਰਪਤੀ ਭਵਨ ਤੱਕ ਦਾ ਸਫਰ ਤਹਿ ਕੀਤਾ।ਗਿਆਨੀ ਜ਼ੈਲ ਸਿੰਘ ਨੇ ਹਮੇਸਾ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਤੇ ਗੁਰਬਾਣੀ ਨੂੰ ਆਪਣਾ ਮਾਰਗ ਦਰਸ਼ਕ ਬਣਾਇਆ। ਉਹਨਾਂ ਦਾ ਗੁਰਬਾਣੀ ’ਤੇ ਅਟੁੱਟ ਵਿਸ਼ਵਾਸ ਸੀ ਤੇ ਅਮਲ ਵੀ ਕੀਤਾ। ਗਿਆਨੀ ਜੀ ਨੇ ਹਮੇਸਾ ਆਪਣੇ ਘਰ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਸ੍ਰੀ ਗੁਰੁ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਗਿਆਨੀ ਜ਼ੈਲ ਸਿੰਘ ਜਦੋਂ ਮਾਰਚ 1972 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ। ਉਹਨਾਂ ਨੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਉਪਰੰਤ ਸਭ ਤੋਂ
ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦੋ ਤਖ਼ਤਾਂ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜ੍ਹਨ ਵਾਲਾ 640
ਕਿਲੋਮੀਟਰ “ਗੁਰੂ ਗੋਬਿੰਦ ਸਿੰਘ ਮਾਰਗ” ਬਣਵਾਇਆ। ਗਿਆਨੀ ਜੀ ਨੇ ਗੋਬਿੰਦ ਸਿੰਘ ਮਾਰਗ ਬਣਾਉਣ ਤੋਂ ਪਹਿਲਾਂ ਉਸ ਵੇਲੇ ਦੇ ਸ੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖੀਆਂ,ਸੰਤਾਂ,ਮਹਾਂਪੁਰਸ਼ਾ ਨਾਲ ਵਿਚਾਰ ਵਟਾਂਦਰਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਤੋਂ
ਗੁਰੂ ਗੋਬਿੰਦ ਸਿੰਘ ਮਾਰਗ ’ਤੇ ਯਾਤਰਾ ਦੇ ਆਰੰਭ ਸਮੇਂ ਗਿਆਨੀ ਜੀ ਨੇ ਖੁੱਲ੍ਹੀ ਜੀਪ ਵਿਚ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਆਪਣੇ ਨਾਲ ਖੜ੍ਹਾ ਕੀਤਾ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਧਾਰਮਿਕ ਮਾਰਚ ਵਿਚ ਸ਼ਾਮਲ ਹੋਇਆ। 6 ਅਪ੍ਰੈਲ 1972 ਨੂੰ ਆਰੰਭ ਹੋਏ ਸੱਤ
ਦਿਨਾਂ ਮਾਰਚ ਦੌਰਾਨ ਵੱਖ-ਵੱਖ ਪੜਾਵਾਂ ’ਤੇ ਦੀਵਾਨ ਸਜਾਏ ਗਏ ਜਿੱਥੇ ਗਿਆਨੀ ਜੀ ਖ਼ੁਦ ਸਾਮਲ ਹੁੰਦੇ ਰਹੇ ਅਤੇ 13 ਅਪ੍ਰੈਲ 1972 ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤੀ ਹੋਈ। ਗਿਆਨੀ ਜ਼ੈਲ ਸਿੰਘ ਸਰਕਾਰ ਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਪਿਛੋਂ ਪਹਿਲਾ ਵੱਡਾ ਕੰਮ ਸੀ ਜਿਸ ਨਾਲ ਗਿਆਨੀ ਜੀ ਦੀ ਸਿੱਖ ਧਰਮ ਵਿੱਚ ਵਿਲੱਖਣ ਪਹਿਚਾਣ ਬਣ ਗਈ। ਗਿਆਨੀ ਜੀ ਦਾ ਆਪਣੇ ਆਪ ‘ਤੇ ਪੂਰਨ ਕੰਟਰੋਲ ਸੀ।
ਗਿਆਨੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਬਾਬਾ ਫ਼ਰੀਦ ਜੀ ਦੀ ਬਾਣੀ, “ਫ਼ਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾਂ ਨਾ ਮਾਰੇ ਘੁੰਮ,ਆਪਨੜੇ ਘਰ ਜਾਇਕੇ, ਪੈਰ ਤਿੰਨਾਂ ਦੇ ਚੁੰਮ।“
ਗਿਆਨੀ ਜੀ ਦੂਜਾ ਵੱਡਾ ਕੰਮ ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ ਦੀ ਵਰੋਸਾਈ ਧਰਤੀ ’ਤੇ ਆਪਣੇ ਜੱਦੀ ਪਿੰਡ ਸੰਧਵਾਂ ਦੇ ਨਜ਼ਦੀਕ ਫ਼ਰੀਦਕੋਟ ਨੂੰ 7 ਅਗਸਤ 1972
ਨੂੰ ਪੰਜਾਬ ਦਾ ਬਾਰਵਾਂ ਜ਼ਿਲ੍ਹਾ ਬਣਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਉਪਰੰਤ ਮਹਾਰਾਜਾ ਫਰੀਦਕੋਟ ਹਰਿੰਦਰ ਸਿੰਘ ਬਰਾੜ ਦੇ ਕੋਲ ਜਾ ਕੇ ਧੰਨਵਾਦ ਕਰਨਾ ਤੇ ਕਹਿਣਾ ਕਿ ਉਨਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਬਣੇ ਹਨ। ਉਹਨਾਂ ਫਰੀਦਕੋਟ ਨੂੰ ਜ਼ਿਲ੍ਹਾ ਬਣਾਉਣ ਲਈ ਮਹਾਰਾਜਾ ਫ਼ਰੀਦਕੋਟ ਤੋਂ ਕਿਲ੍ਹੇ ਸਮੇਤ ਹੋਰ ਇਮਾਰਤਾਂ ਦੀ ਮੰਗ ਕੀਤੀ ਤਾਂ ਰਾਜੇ ਨੇ ਤੁਰੰਤ ਹਾਂ ਕਰ ਦਿੱਤੀ।ਇਥੇ ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਰਾਜ ਸਮੇਂ ਗਿਆਨੀ ਜੀ ਨੂੰ ਤਸੀਹੇ ਦਿੱਤੇ ਗਏ ਤੇ ਅਨੇਕਾਂ ਵਧੀਕੀਆਂ ਕੀਤੀਆਂ ਸਨ। ਗਿਆਨੀ ਜੀ ਨੇ ਆਪਣੇ ਪਿੰਡ ਸੰਧਵਾਂ ਦੇ ਵਸਨੀਕ ਵਿਰੋਧੀ ਧਿਰ ਦੇ
ਨੇਤਾ ਸਵਰਗੀ ਜਸਵਿੰਦਰ ਸਿੰਘ ਬਰਾੜ ਸਾਬਕਾ ਮੰਤਰੀ ਨੂੰ ਭਰੋਸੇ ਵਿਚ ਲੈ ਕੇ ਜ਼ਿਲ੍ਹਾ ਬਣਾਉਣ ਦਾ ਫੈਸਲਾ ਲਿਆ। ਜ਼ਿਲ੍ਹੇ ਦੇ ਉਦਘਾਟਨ ਵਾਲੇ ਦਿਨ ਗਿਆਨੀ ਜੀ ਨੇ ਜਸਵਿੰਦਰ ਸਿੰਘ ਬਰਾੜ ਨੂੰ ਆਪਣੇ ਨਾਲ ਖੁਲ੍ਹੀ ਜੀਪ ਵਿਚ ਖੜ੍ਹਾ ਕੀਤਾ।
5 ਮਈ 1916 ਨੂੰ ਗਿਆਨੀ ਜ਼ੈਲ ਸਿੰਘ ਨੇ ਮਾਤਾ ਇੰਦ ਕੌਰ ਦੀ ਕੁਖੋ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਵਿਖੇ ਜਨਮ ਲਿਆ ਸੀ।ਉਹਨਾਂ ਦਾ ਸਿੱਖ ਧਰਮ ਅਤੇ ਗੁਰਬਾਣੀ
ਵਿਚ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਸੀ। ਇਹਨਾਂ ਦਾ ਪਿਛੋਕੜ ਕੀਰਤੀ ਪ੍ਰੀਵਾਰ ਨਾਲ ਸਬੰਧਤ ਸੀ।
ਗਿਆਨੀ ਜੀ ਨੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਇਸ ਕੱਥਨ ਅਨੁਸਾਰ ਢਾਲਿਆ,“ਫ਼ਰੀਦਾ ਸਭ ਸੇ ਹਮੁ ਬੁਰੇ, ਹਮ ਤੱਜ ਭਲਾ ਸਭ ਕੋਇ”
ਗਿਆਨੀ ਜ਼ੈਲ ਸਿੰਘ ਦੀ ਸ਼ਖਸੀਅਤ ਬਾਰੇ ਕੁਝ ਗੱਲਾਂ ਹਨ: ਉਹ ਬਹੁਤ ਸੂਝਵਾਨ ਅਤੇ ਦੂਰਦਰਸ਼ੀ ਸਨ। ਉਹ ਨਿੱਘੇ ਸੁਭਾਅ ਦੇ ਵਿਅਕਤੀ ਸਨ। ਉਨਾਂ ਦਾ ਵਡੱਪਣ ਇਹ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤੱਕ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਦੇ ਸਨ।
ਇਤਿਹਾਸਕ ਪੱਖ ’ਤੇ ਨਜ਼ਰ ਮਾਰੀਏ ਤਾਂ ਇਤਫ਼ਾਕ ਨਾਲ ਗਿਆਨੀ ਜ਼ੈਲ ਸਿੰਘ ਨੂੰ 25 ਜੁਲਾਈ 1982 ਨੂੰ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਨ ਉਪਰੰਤ ਲਾਲ੍ਹ ਕਿਲੇ ਦੀ ਫ਼ਸੀਲ ’ਤੇ 26 ਜਨਵਰੀ 1983 ਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਸੀ ਅਤੇ ਉਹ ਇਸ ਅਹੁਦੇ ’ਤੇ 25
ਜੁਲਾਈ, 1987 ਤੱਕ ਰਹੇ। ਇਸ ਤੋਂ ਪਹਿਲਾ ਉਹ ਪੈਪਸੂ ਵਿਚ ਮਾਲ ਅਤੇ ਖੇਤੀਬਾੜੀ ਮੰਤਰੀ, 1972 ਤੋਂ 1977 ਵਿਚ ਪੰਜਾਬ ਦੇ ਮੁੱਖ ਮੰਤਰੀ, 1980 ਤੋਂ 1982 ਤਕ ਵਿਚ ਭਾਰਤ ਦੇ ਗ੍ਰਹਿ ਮੰਤਰੀ ਰਹੇ। ਉਹ ਸਾਰੀ ਉਮਰ ਕਾਂਗਰਸ ਪਾਰਟੀ ਦੇ ਵਫਾਦਾਰ ਰਹੇ। ਅੱਜ ਸਿਆਸੀ ਪਾਰਟੀਆਂ ਦੀਆਂ ਵਫਾਦਾਰੀਆਂ ਸੌਦੇਬਾਜੀ ਬਣ ਕੇ ਰਹਿ ਗਈਆਂ।ਅੱਜ ਜਦੋਂ ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਦੌਰ ਚਲ ਰਿਹਾ ਹੈ ਤਾਂ ਕੋਈ ਵੀ ਸਿਆਸੀ ਪਾਰਟੀ ਦਾਅਵੇ ਨਾਲ ਕਿਸੇ ਪਾਰਟੀ ਮੈਂਬਰ ’ਤੇ ਵਿਸ਼ਵਾਸ ਨਹੀ ਕਰ ਸਕਦੀ। ਜਿਸ ਤਰੀਕੇ ਹੁਣ ਆਇਆ ਰਾਮ ਗਿਆ ਰਾਮ ਦਾ ਦੌਰ ਚੱਲ ਰਿਹਾ ਹੈ, ਇਹ ਗਿਆਨੀ ਜ਼ੈਲ ਸਿੰਘ ਦੇ ਮੌਕੇ ਨਹੀਂ ਸੀ। ਹੁਣ ਦੀ ਪਾਰਟੀ ਵਫਾਦਾਰੀ ਸੌਦੇਬਾਜੀ ’ਤੇ ਨਿਰਭਰ ਹੈ, ਸੌਦੇਬਾਜੀ ਹੋਈ ਤਾਂ ਠੀਕ, ਨਹੀਂ ਸ਼ਾਮ ਨੂੰ ਕਿਸੇ ਹੋਰ ਸਿਆਸੀ ਪਾਰਟੀ ਦਾ
ਪੱਟਾ ਗਲ ਵਿਚ ਪਵਾ ਲੈਦੇ ਹਨ।ਜਿੰਨੀ ਦਲਬਦਲੀ ਇਹਨਾਂ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੋਈ ਇਸਨੇ ਪਿਛਲੇ 75 ਸਾਲਾਂ ਦੇ ਇਤਿਹਾਸ ਨੂੰ ਕਲੰਕਤ ਕਰ ਦਿੱਤਾ। ਸਿਆਸੀ
ਪਾਰਟੀਆਂ ਨੂੰ ਵਫਾਦਾਰ ਤੇ ਭਰੋਸੇਯੋਗ ਵਿਅਕਤੀਆਂ ਦੀ ਨਹੀਂ ਮਾਲਦਾਰ ਸਾਮੀਆਂ ਤੇ ਮੌਕਾਪ੍ਰਸਤਾਂ ਦੀ ਲੋੜ ਹੈ। ਅਜਿਹੀ ਸਥਿਤੀ ਵਿਚ ਵੋਟਰ ਵੀ ਭੰਬਲਭੂਸੇ ਵਿਚ ਹਨ ਕਿ ਕਿਸ ਪਾਰਟੀ ਜਾਂ ਵਿਅਕਤੀ ਦਾ ਸਮਰੱਥਨ ਕਰਨ।ਸਿਆਸੀ ਨੇਤਾਵਾਂ ਨੂੰ ਗਿਆਨੀ ਜ਼ੈਲ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਤੋਂ ਹਮੇਸਾ ਦੂਰ ਰੱਖਿਆ।ਆਪ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਆਪਣੇ ਇਕਲੌਤੇ ਪੁੱਤਰ
ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਜਿੱਥੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰੀ ਕੰਮਕਾਜ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ
ਕਰੇਗਾ। ਉਹਨਾਂ ਨੇ ਪਰਮਾਤਮਾ ਕੋਲੋ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ।ਗਿਆਨੀ ਜੀ ਨੇ ਮੁੱਖ ਮੰਤਰੀ ਦੀ ਰਿਹਾਇਸ ਲਈ ਰਾਖਵੀ ਸਰਕਾਰੀ ਕੋਠੀ ਨੰਬਰ 45 ਸੈਕਟਰ 2 ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼
ਕਰਵਾਇਆ।ਗਿਆਨੀ ਜੀ ਰੋਜ਼ਾਨਾ ਆਪਣਾ ਕੰਮ ਸੁਰੂ ਕਰਨ ਤੋਂ ਪਹਿਲਾਂ ਹੁਕਮਨਾਮਾ ਲੈਂਦੇ ਸਨ।
ਗਿਆਨੀ ਜੀ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿਚੋਂ ਪਿੰਡਾਂ ਦਾ ਸੌ-ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ। ਫ਼ਰੀਦਕੋਟ ਵਿਖੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆਉਣਾ,ਜੋ ਹੁਣ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਟੀ ਬਣ ਗਈ
ਹੈ, ਪੱਛੜੇ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਹੈ। ਗਿਆਨੀ ਜੀ ਨੇ ਜੇਲ੍ਹਾਂ ਦੇ ਸੁਧਾਰ ਲਈ ਵੀ ਵਿਸ਼ੇਸ ਧਿਆਨ ਦਿੱਤਾ।ਫ਼ਰੀਦਕੋਟ ਦੀ ਪੁਰਾਣੀ ਜੇਲ੍ਹ ਵਾਲੀ ਥਾਂ ’ਤੇ
ਉਨ੍ਹਾਂ ਦੀ ਯਾਦਗਾਰ ਨੂੰ ਕਾਇਮ ਰੱਖਣ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ,ਜਿੱਥੇ ਉਹਨਾਂ ਜੇਲ੍ਹ ਕੱਟੀ ਸੀ।
ਗਿਆਨੀ ਜੀ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਦੀਆਂ ਗਈਆਂ ਤੇ ਉਨਾ ਦਾ ਸੁਨਾਮ ਵਿਖੇ ਸਸਕਾਰ ਕਰਕੇ ਯਾਦਗਾਰ ਕਾਇਮ ਕੀਤੀ।
ਮਾਲੇਰਕੋਟਲਾ ਵਿਖੇ ਕੂਕਿਆਂ (ਨਾਮਧਾਰੀਆਂ)ਦੀ ਸ਼ਹੀਦੀ ਵਾਲੀ ਥਾਂ ’ਤੇ ਯਾਦਗਾਰ ਕਾਇਮ ਕਰਨਾ, ਢੁੱਡੀਕੇ ਵਿਖੇ ਲਾਲਾ ਲਾਜਪੱਤ ਰਾਏ ਤੇ ਗੱਦਰੀ ਬਾਬਿਆਂ ਦੀ ਯਾਦਗਾਰ ਬਣਾਉਣਾ ਇਤਿਹਾਸਕ ਫੈਸਲੇ ਸਨ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ
ਹੁਸੈਨੀਵਾਲਾ ਵਿਖੇ ਯਾਦਗਾਰ ਬਣਵਾਈ। ਗਿਆਨੀ ਜੀ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ
ਕੁਰਬਾਨੀ ਨੂੰ ਸੀਸ ਝੁਕਾਦਿਆਂ ਉਸ ਦੀ ਮਾਤਾ ਵਿੱਦਿਆਵਤੀ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ।ਉਹਨਾਂ ਦੀ ਮੌਤ ਉਪਰੰਤ ਅੰਤਮ ਸਸਕਾਰ ਵੀ ਸਰਕਾਰੀ ਸਨਮਾਨਾਂ
ਹੁਸੈਨੀਵਾਲਾ ਵਿਖੇ ਕਰਕੇ ਯਾਦਗਾਰ ਕਾਇਮ ਕੀਤੀ।ਕੇਂਦਰ ਸਰਕਾਰ ਵਲੋਂ ਸੁਤੰਤਰਤਾ ਸੰਗਰਾਮੀਆਂ ਨੂੰ ਸਨਮਾਨ ਲਈ “ਤਾਮਰ ਪੱਤਰ ਤੇ ਪੈਨਸ਼ਨਾਂ” ਦੇਣ ਦੀ ਸਕੀਮ ਤਿਆਰ ਕਰਨ ਵਿਚ ਗਿਆਨੀ ਜੀ ਦਾ ਵਿਸ਼ੇਸ ਯੋਗਦਾਨ ਸੀ ਕਿਉਕਿ ਉਹ ਖ਼ੁਦ ਪਰਜਾਮੰਡਲ ਲਹਿਰ ਵਿੱਚ ਸਰਗਰਮ ਰਹੇ
ਸਨ। ਗਿਆਨੀ ਜੀ ਵਲੋਂ ਸੁਤੰਤਰਤਾ ਸੰਗਰਾਮ ਲਈ ਕੀਤੀਆਂ ਕੁਰਬਾਨੀਆਂ ਸਦਕਾ ਉਹ ਹਮੇਸਾ
ਸੁਤੰਤਰਤਾ ਸੰਗਰਾਮੀਆਂ ਦੀ ਮਦੱਦ ਨੂੰ ਪਹਿਲ ਦਿੰਦੇ ਸਨ ਭਾਂਵੇ ਉਹ ਕਿਸੇ ਵੀ ਅਹੁੱਦੇ ’ਤੇ ਰਹੇ। ਉਹਨਾਂ ਦੇ ਪੁਰਾਣੇ ਸਾਥੀ ਅਤੇ ਵਾਰਸ ਅੱਜ ਵੀ ਉਨ੍ਹਾਂ ਦੀਆਂ ਕਹਾਣੀਆਂ ਫ਼ਖ਼ਰ
ਨਾਲ ਸੁਣਾਉਦੇ ਹਨ।
ਗਿਆਨੀ ਜੀ ਦਾ ਆਪਣੇ ਆਪ ‘ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਘਟਨਾ ਹੋਣ‘ਤੇ ਵੀ ਅਡੋਲ ਰਹੇ। ਚਾਹੇ ਮੋਗਾ ਗੋਲੀ ਕਾਂਡ ਹੋਵੇ,ਚਾਹੇ ਨਕਸਲਵਾੜੀ ਲਹਿਰ ਹੋਵੇ,
ਚਾਹੇ ਐਮਰਜੈਂਸੀ ਦਾ ਸਮਾਂ ਹੋਵੇ, ਚਾਹੇ ਸਾਕਾ ਨੀਲਾ ਤਾਰਾ ਜਾਂ ਹੋਰ ਕੋਈ ਹਾਲਾਤ ਹੋਣ। ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਸਿਆਸੀ ਪਾਰਟੀਆਂ ਦੇ ਨੇਤਾਵਾਂ ਜਾਂ ਲੋਕਾਂ ਨਾਲ
ਕਿਸੇ ਤਰ੍ਹਾਂ ਦੀ ਜ਼ਿਆਦਤੀ ਜਾਂ ਬਦਲਾਖੋਰੀ ਦੀ ਕੋਈ ਘਟਨਾ ਨਹੀਂ ਮਿਲਦੀ।ਗਿਆਨੀ ਜੀ ਨੂੰ ਵਿਰੋਧੀ ਸਿਆਸੀ ਪਾਰਟੀਆਂ ਦੇ ਕਈ ਨੇਤਾ ਆਪਣਾ ਸਿਆਸੀ ਗੁਰੂ ਸਮਝਦੇ ਸਨ ਤੇ ਲੋੜ੍ਹ ਪੈਣ ’ਤੇ ਸਲਾਹ ਵੀ ਲੈਂਦੇ ਸਨ।
ਗਿਆਨੀ ਜੀ ਜੰਮੇ ਪਲੇ ਮਾਲਵੇ ਦੀ ਧਰਤੀ ’ਤੇ ਪਿੰਡ ਸੰਧਵਾਂ ਵਿਖੇ,ਇਥੇ ਸੁਤੰਤਰਤਾ ਸੰਗਰਾਮ ਲਈ ਪਰਜਾਮੰਡਲ ਲਹਿਰ ਚਲਾਈ,ਜੇਲ੍ਹਾਂ ਕੱਟੀਆਂ ਤਸੀਹੇ ਝੱਲੇ। ਪਰ ਇਸ ਇਲਾਕੇ ਦੇ
ਲੋਕਾਂ ਵਲੋਂ ਸਨਮਾਨ ਨਾ ਮਿਲਆ,ਅਖੀਰ ਖਾਲਸੇ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਵਾਂਗਡੋਰ ਸੰਭਾਲੀ। ਮੈਂਬਰ ਪਾਰਲੀਮੈਂਟ ਵੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਣੇ,ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ
ਵੀ ਇਸ ਲੋਕ ਸਭਾ ਹਲਕੇ ਹੁਸ਼ਿਆਰਪੁਰ ਵਿਚ ਸਾਮਲ ਸੀ।
ਗਿਆਨੀ ਜੀ ਆਖਰੀ ਸਮੇਂ ਆਪਣੀ ਜਨਮ ਭੂਮੀ ਸੰਧਵਾਂ,ਕੋਟਕਪੂਰਾ ਤੇ ਫਰੀਦਕੋਟ ਵਿਚ
ਦੋਸਤਾਂ ਮਿੱਤਰਾਂ ਨੂੰ ਮਿਲ ਕੇ ਗਏ।ਕੁਝ ਦਿਨਾਂ ਬਾਅਦ ਸ੍ਰੀ ਆਨੰਦਪੁਰ ਦੀ ਧਰਤੀ ’ਤੇ ਸ੍ਰੀ ਕੀਰਤਪੁਰ ਸਾਹਿਬ ਨੇੜੇ ਐਕਸੀਡੈਂਟ ਹੋਇਆ ਜੋ ਜਾਨਲੇਵਾ ਸਾਬਤ ਹੋਇਆ। ਅਖੀਰ
ਆਪਣੀਆਂ ਮਿੱਠੀਆਂ ਯਾਦਾਂ ਛੱਡਦੇ ਹੋਏ 25 ਦਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ।
ਗਿਆਨੀ ਜੀ ਆਪ ਭਾਂਵੇ ਪਾਰਟੀ ਦੇ ਵਫਾਦਾਰ ਰਹੇ ਪਰ ਪਰਿਵਾਰਕ ਮੈਬਰ ਕਾਂਗਰਸ ਪਾਰਟੀ ਨੂੰ ਤਿਆਗ ਕੇ ਸਰਗਰਮ ਸਿਆਸਤ ਵਿਚ ਯੋਗਦਾਨ ਪਾ ਰਹੇ ਹਨ, ਉਹਨਾਂ ਦੇ ਵੱਡੇ ਭਰਾ ਜੰਗੀਰ ਸਿੰਘ ਦਾ ਪੋਤਰਾ ਕੁਲਤਾਰ ਸਿੰਘ ਸੰਧਵਾਂ ਆਮ ਆਦਮੀ ਪਾਰਟੀ ਵਲੋਂ ਹਲਕਾ
ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਬਣਕੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ ਵਧੀਆ ਭੂਮਿਕਾ ਨਿਭਾ ਰਹੇ ਹਨ। ਗਿਆਨੀ ਜੀ ਦਾ ਆਪਣਾ ਪੋਤਰਾ ਇੰਦਰਜੀਤ ਸਿੰਘ ਬੱਬੂ ਅਤੇ ਦੋਹਤ ਜਵਾਈ ਸਰਵਣ ਸਿੰਘ ਚੰਨੀ ਪ੍ਰਸ਼ਾਸਨਿਕ ਸੇਵਾਵਾਂ ਨਿਭਾਉਣ ਉਪਰੰਤ ਭਾਰਤੀ ਜਨਤਾ
ਪਾਰਟੀ ਵਿਚ ਸਰਗਰਮ ਹਨ।
ਆਓ ਅਸੀਂ ਗਿਆਨੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਦਿਆਂ ਸਿਆਸਤ ਤੋਂ ਉਪਰ ਉਠਕੇ ਧਾਰਮਿਕ ਨਿਰਪੱਖਤਾ,ਮਨੁੱਖਤਾ ਨਾਲ ਪਿਆਰ, ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ ਮਿਲਜੁਲ ਕੇ ਕੰਮ ਕਰੀਏ।
-
ਗਿਆਨ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.