ਅੱਜ ਭੋਗ ’ਤੇ ਵਿਸ਼ੇਸ਼
ਅਲਵਿਦਾ! ਬੇਬਾਕ ਪੱਤਰਕਾਰ ਸਰਬਜੀਤ ਸਿੰਘ ਪੰਧੇਰ... ਉਜਾਗਰ ਸਿੰਘ ਵੱਲੋਂ ਸ਼ਰਧਾਂਜਲੀ
ਬੇਬਾਕ ਸੀਨੀਅਰ ਪੱਤਰਕਾਰ, ਸੰਪਾਦਕ ਅਤੇ ਫ਼੍ਰੀਲਾਂਸਰ ਫੋਟੋਗ੍ਰਾਫ਼ਰ ਸਰਬਜੀਤ ਸਿੰਘ ਪੰਧੇਰ ਦਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਪੱਤਰਕਾਰ ਭਾਈਚਾਰੇ ਲਈ ਕਦੀਂ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਮੋਹ ਦੀਆਂ ਤੰਦਾਂ ਹਮੇਸ਼ਾ ਜੋੜ ਕੇ ਰੱਖਣ ਵਾਲਾ ਮੋਹਵੰਤਾ ਪੱਤਰਕਾਰ ਆਪਣੇ ਦੋਸਤਾਂ ਮਿੱਤਰਾਂ ਨਾਲੋਂ ਮੋਹ ਤੋੜ ਗਿਆ। ਪੱਤਰਕਾਰ ਦੋਸਤਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ, ਮਹਿਫ਼ਲਾਂ ਨੂੰ ਸੁੰਨੀਆਂ ਕਰ ਗਿਆ। ਸਰਬਜੀਤ ਪੰਧੇਰ ਬਹੁਤ ਹੀ ਪ੍ਰਤਿਭਾਵਾਨ, ਸੰਜੀਦਾ, ਸੰਵੇਦਨਸ਼ੀਲ ਤੇ ਇਮਾਨਦਾਰ ਪੱਤਰਕਾਰ ਸੀ। ਸੰਜੀਦਾ ਵਿਅਕਤੀ ਹੋਣ ਦੇ ਬਾਵਜੂਦ ਗੰਭੀਰ ਮੁੱਦਿਆਂ ਨੂੰ ਵੀ ਹਾਸੇ ਠੱਠੇ ਦੇ ਰੰਗਾਂ ਵਿੱਚ ਰੰਗ ਦਿੰਦਾ ਸੀ। ਭਾਵੇਂ ਉਹ ਕਿਤਨੇ ਹੀ ਮਾਨਸਿਕ ਤਣਾਓ ਵਿੱਚ ਰਿਹਾ ਪ੍ਰੰਤੂ ਦੋਸਤਾਂ ਮਿੱਤਰਾਂ ਨਾਲ ਕਦੇ ਵੀ ਆਪਣੀਆਂ ਉਲਝੀਆਂ ਤਾਣੀਆਂ ਨੂੰ ਸਾਂਝੀਆਂ ਨਹੀਂ ਕੀਤੀਆਂ। ਉਸ ਵਿੱਚ ਹਰ ਸਮੱਸਿਆ ਦਾ ਮੁਕਾਬਲਾ ਕਰਨ ਦੀ ਸਮਰੱਥਾ ਸੀ। ਉਹ ਮੋਹਵੰਤਾ ਇਨਸਾਨ ਸੀ, ਜਿਸ ਵੀ ਵਿਅਕਤੀ ਨੂੰ ਇੱਕ ਵਾਰ ਮਿਲ ਲਿਆ, ਉਹ ਉਸ ਨੂੰ ਆਪਣਾ ਬਣਾ ਲੈਂਦਾ ਸੀ। ਮਨੁੱਖੀ ਰਿਸ਼ਤਿਆਂ ਦਾ ਕਦਰਦਾਨ ਸੀ। ਉਹ ਰਿਸ਼ਤੇ ਨਿਭਾਉਣ ਦਾ ਵੀ ਪੱਕਾ ਸਮਰੱਥਕ ਸੀ। ਸਰਬਜੀਤ ਪੰਧੇਰ ਕਦੀਂ ਵੀ ਕਿਸੇ ਨੂੰ ਆਪਣੇ ਤੋਂ ਦੂਰ ਨਹੀਂ ਹੋਣ ਦਿੰਦਾ ਸੀ, ਬਸ਼ਰਤੇ ਕੇ ਕੋਈ ਖੁਦ ਹੀ ਉਸ ਨਾਲੋਂ ਨਾਤਾ ਤੋੜ ਲਵੇ। ਉਹ ਖੁਦਦਾਰ ਵਿਅਕਤੀ ਸੀ। ਉਸ ਨੇ ਪੱਤਰਕਾਰੀ ਨੂੰ ਕਿਸੇ ਨਿੱਜੀ ਹਿੱਤਾਂ ਲਈ ਨਹੀਂ ਵਰਤਿਆ। ਉਸ ਦਾ ਪਰਿਵਾਰ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਜ਼ਦੀਕ ਸੀ ਕਿਉਂਕਿ ਉਸ ਦਾ ਪਿੰਡ ਲੁਧਿਆਣਾ ਜ਼ਿਲੇ ਵਿੱਚ ਬੇਅੰਤ ਸਿੰਘ ਦੇ ਪਿੰਡ ਕੋਟਲੀ ਅਫ਼ਗਾਨਾਂ ਦੇ ਨਾਲ ਲੱਗਦਾ ਸ਼ਾਹਪੁਰ ਸੀ। ਉਸ ਦੇ ਪਿਤਾ ਗੁਰਦੇਵ ਸਿੰਘ ਪੰਧੇਰ ਨਫ਼ੀਸ ਕਿਸਮ ਦੇ ਦਿਆਨਤਦਾਰ ਅਗਾਂਹਵਧੂ ਵਿਅਕਤੀ ਹਨ। ਗੁਰਦੇਵ ਸਿੰਘ ਪੰਧੇਰ ਇਕ ਵਾਰ ਪਾਇਲ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜੇ ਸਨ। ਉਹਨਾਂ ਦਾ ਚੰਗਾ ਖਾਂਦਾ ਪੀਂਦਾ ਖ਼ਾਨਦਾਨੀ ਲੁਧਿਆਣਾ ਜ਼ਿਲੇ ਦਾ ਮੰਨਿਆਂ ਪ੍ਰਮੰਨਿਆਂ ਪਰਿਵਾਰ ਹੈ। ਉਹ ਅਕਸਰ ਜਦੋਂ ਬਤੌਰ ਪੱਤਰਕਾਰ ਬੇਅੰਤ ਸਿੰਘ ਨੂੰ ਮਿਲਦਾ ਹੁੰਦਾ ਸੀ ਤਾਂ ਹਮੇਸ਼ਾ ਤਾਇਆ ਜੀ ਕਹਿ ਕੇ ਬੁਲਾਂਦਾ ਹੁੰਦਾ ਸੀ। ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਸ ਨੇ ਆਪਣੇ ਤਾਇਆ ਜੀ ਦੀ ਕੋਈ ਨਿੱਜੀ ਲਾਭ ਲੈਣ ਦੀ ਗੱਲ ਨੂੰ ਸਵੀਕਾਰ ਨਹੀਂ ਕੀਤਾ। ਪੱਤਰਕਾਰੀ ਕਰਦਿਆਂ ਉਸ ਨੇ ਕਿਸੇ ਵੀ ਸਿਆਸਤਦਾਨ ਤੋਂ ਕਦੀਂ ਵੀ ਕੋਈ ਰਿਆਇਤ ਨਹੀਂ ਲਈ। ਪ੍ਰੰਤੂ ਖ਼ਬਰ ਕਰਨ ਲੱਗਿਆਂ ਉਸ ਨੇ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ। ਸਰਬਜੀਤ ਪੰਧੇਰ ਨੇ ਆਪਣਾ ਪੱਤਰਕਾਰੀ ਦਾ ਕੈਰੀਅਰ ' ਦਾ ਟ੍ਰਿਬਿਊਨ' ਅਖ਼ਬਾਰ ਵਿੱਚ ਗੁਰਦਾਸਪੁਰ ਤੋਂ ਬਤੌਰ ਸਟਰਿੰਗਰ ਦੇ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਥੋੜਾ ਸਮਾਂ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸੂਚਨਾ ਅਧਿਕਾਰੀ ਦੇ ਤੌਰ 'ਤੇ ਵੀ ਕੰਮ ਕੀਤਾ। ਇਸ ਸਮੇਂ ਦੌਰਾਨ ਉਸ ਦਾ ਸੰਪਰਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਹੁੰਦਿਆਂ ਲੰਬਾਂ ਸਮਾਂ ਉਨਾਂ ਦੇ ਮੀਡੀਆ ਦਾ ਕੰਮ ਕਰਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਤਿੰਨ ਬਹੁਤ ਹੀ ਸੀਨੀਅਰ ਪੱਤਰਕਾਰਾਂ ਵਿੱਚੋਂ ਉਹ ਇੱਕ ਸੀ। ਪ੍ਰੰਤੂ ਉਸ ਦੇ ਦੋਵੇਂ ਸਾਥੀ ਪੱਤਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਦੋ ਵਾਰੀ ਮੁੱਖ ਮੰਤਰੀ ਹੁੰਦਿਆਂ ਵੱਡੇ ਅਹੁਦਿਆਂ ਦਾ ਆਨੰਦ ਮਾਣਦੇ ਰਹੇ। ਪ੍ਰੰਤੂ ਸਰਬਜੀਤ ਪੰਧੇਰ ਨੇ ਕੋਈ ਅਹੁਦਾ ਤਾਂ ਕੀ ਲੈਣਾ ਸੀ ਪ੍ਰੰਤੂ ਕਦੀਂ ਵੀ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਪ੍ਰੈਸ ਕਲੱਬ ਚੰਡੀਗੜ੍ਹ ਦਾ ਦੋ ਵਾਰ 2002 ਤੋਂ 2004 ਅਤੇ 2008 ਤੋਂ 2010 ਤੱਕ ਪ੍ਰਧਾਨ ਰਿਹਾ ਹੈ। ਆਪਣੀ ਪ੍ਰਧਾਨਗੀ ਦੇ ਸਮੇਂ ਦੌਰਾਨ ਉਸ ਨੇ ਪ੍ਰੈਸ ਕਲੱਬ ਦੇ ਵੱਡੇ ਹਾਲ ਦੀ ਐਕਸਪੈਨਸਨ ਕਰਵਾਈ। 2024 ਵਿੱਚ ਪ੍ਰੈਸ ਕਲੱਬ ਚੰਡੀਗੜ੍ਹ ਦੀ ਚੋਣ ਸਮੇਂ ਗੰਭੀਰ ਬੀਮਾਰੀ ਦੀ ਹਾਲਤ ਵਿੱਚ ਵੀ ਉਹ ਆਪਣੀ ਵੋਟ ਪਾਉਣ ਲਈ ਵੀਲ ਚੇਅਰ ’ਤੇ ਆਇਆ ਸੀ।
ਪਿਛਲੇ ਅਕਤੂਬਰ 2023 ਤੋਂ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਮੁਕਾਬਲਾ ਕਰਦਾ ਆ ਰਿਹਾ ਸੀ। ਉਹ ਪੀ.ਜੀ.ਆਈ ਵਿੱਚ ਦਾਖ਼ਲ ਵੀ ਰਿਹਾ ਤੇ ਹੁਣ ਵੀ ਉਸ ਦਾ ਪੀ.ਜੀ.ਆਈ.ਤੋਂ ਇਲਾਜ ਚਲ ਰਿਹਾ ਸੀ। ਉਹ ਦੋਸਤਾਂ ਦਾ ਦੋਸਤ ਸੀ ਤੇ ਉਸ ਨੂੰ ਦੋਸਤੀ ਵੀ ਨਿਭਾਉਣੀ ਆਉਂਦੀ ਸੀ। ਇੱਕ ਘਟਨਾ ਦਾ ਜ਼ਿਕਰ ਕਰਾਂਗਾ। ਇੱਕ ਵਾਰ ਉਹ ਪਟਿਆਲਾ ਤੋਂ ਵਾਇਆ ਸਰਹੰਦ ਚੰਡੀਗੜ੍ਹ ਆਪਣੇ ਇੱਕ ਦੋਸਤ ਨਾਲ ਦੋਸਤ ਦੀ ਕਾਰ ਵਿੱਚ ਚੰਡੀਗੜ੍ਹ ਨੂੰ ਜਾ ਰਿਹਾ ਸੀ। ਉਸ ਦੇ ਦੋਸਤ ਦਾ ਲੜਕਾ ਕਾਰ ਚਲਾ ਰਿਹਾ ਸੀ, ਰਸਤੇ ਵਿੱਚ ਕਾਰ ਦਾ ਐਕਸੀਡੈਂਟ ਹੋ ਗਿਆ। ਇਸ ਐਕਸੀਡੈਂਟ ਵਿੱਚ ਇੱਕ ਵਿਅਕਤੀ ਜੋ ਪੁਲਿਸ ਵਿੱਚ ਨੌਕਰੀ ਕਰਦਾ ਸੀ ਮਾਰਿਆ ਗਿਆ। ਪੁਲਿਸ ਕੇਸ ਦਰਜ ਹੋ ਗਿਆ। ਦੋਸਤ ਦੇ ਲੜਕੇ ਦਾ ਕੈਰੀਅਰ ਦਾਅ 'ਤੇ ਲੱਗ ਗਿਆ। ਸਰਬਜੀਤ ਪੰਧੇਰ ਦੀ ਫ਼ਿਰਾਕਦਿਲੀ ਵੇਖੋ, ਉਸ ਨੇ ਪੜਤਾਲੀਆ ਅਧਿਕਾਰੀ ਕੋਲ ਬਿਆਨ ਵਿੱਚ ਦਿੱਤਾ ਕਿ ਕਾਰ ਦੋਸਤ ਦਾ ਲੜਕਾ ਨਹੀਂ ਸਗੋਂ ਉਹ ਆਪ ਚਲਾ ਰਿਹਾ ਸੀ। ਸਾਰੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ।
ਸਰਬਜੀਤ ਸਿੰਘ ਪੰਧੇਰ ਨੇ ਪ੍ਰੈਸ ਟਰੱਸਟ ਆਫ਼ ਇੰਡੀਆ ਦੇ ਸਟਾਫ ਰਿਪੋਰਟਰ ਦੇ ਤੌਰ 'ਤੇ 1991 ਤੋਂ 1996 ਤੱਕ ਕੰਮ ਕੀਤਾ। ਉਹ ਪ੍ਰੈਸ ਟਰੱਸਟ ਆਫ਼ ਇੰਡੀਆ ਦੀ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਸੀ। ਜਨਵਰੀ 1997 ਵਿੱਚ ਸਰਬਜੀਤ ਪੰਧੇਰ ਨੇ ਭਾਰਤ ਦੇ ਚੋਟੀ ਦੇ ਪ੍ਰਮੁੱਖ ਅਖ਼ਬਾਰ ' ਦਾ ਹਿੰਦੂ' ਵਿੱਚ ਵਿਸ਼ੇਸ਼ ਪੱਤਰਕਾਰ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ ਅਤੇ 18 ਸਾਲ ਕੰਮ ਕਰਕੇ ਬਤੌਰ ਸਹਾਇਕ ਸੰਪਾਦਕ ਅਪ੍ਰੈਲ 2015 ਅਗਾਊਂ ਸੇਵਾ ਮੁਕਤੀ ਲੈ ਲਈ। ਉਹ ਆਪਣੀ ਪੱਤਰਕਾਰੀ ਵੀ ਅਣਖ਼ ਨਾਲ ਕਰਦਾ ਸੀ, ਜਦੋਂ ਹਿੰਦੂ ਅਖ਼ਬਾਰ ਨੇ ਸਰਬਜੀਤ ਪੰਧੇਰ ਦੀਆਂ ਖ਼ਬਰਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਮਈ 2015 ਵਿੱਚ ਉਸ ਨੇ ਸੰਡੇ ਗਾਰਡੀਅਨ ਅਖ਼ਬਾਰ ਵਿੱਚ ਐਸੋਸੀਏਟ ਐਡੀਟਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਸਤੰਬਰ 2015 ਤੱਕ ਇਸ ਅਹੁਦੇ 'ਤੇ ਰਹੇ। ਫਿਰ 2016 ਵਿੱਚ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋਣ ਵਾਲੇ ਇੱਕ ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ 'ਡੇਅਲੀ ਪੋਸਟ' ਵਿੱਚ ਉਹ ਸੰਪਾਦਕ ਲੱਗ ਗਏ, ਉਥੇ ਵੀ ਜਦੋਂ ਅਖ਼ਬਾਰ ਦੇ ਮਾਲਕਾਂ ਨੇ ਅਖ਼ਬਾਰ ਵਿੱਚ ਦਖ਼ਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਰਬਜੀਤ ਪੰਧੇਰ ਨੇ ਤੁਰੰਤ ਅਸਤੀਫ਼ਾ ਦੇ ਦਿੱਤਾ। ਉਹ ਆਪਣੀ ਅਣਖ ਨੂੰ ਆਂਚ ਨਹੀਂ ਆਉਣ ਦਿੰਦਾ ਸੀ। ਆਪਣੀਆਂ ਸ਼ਰਤਾਂ 'ਤੇ ਨੌਕਰੀ ਕਰਦਾ ਸੀ। ਉਹ ਅਸੂਲਾਂ ਦਾ ਪੱਕਾ ਖ਼ੁਦਦਾਰ ਪੱਤਰਕਾਰ ਸੀ। ਉਹ ਪੱਤਰਕਾਰੀ ਆਪਣੇ ਦਮ 'ਤੇ ਧੜੱਲੇਦਾਰੀ, ਦਿਆਨਤਦਾਰੀ ਅਤੇ ਜ਼ੁਅਰਤ ਨਾਲ ਅਸੂਲਾਂ ਅਨੁਸਾਰ ਕਰਦਾ ਰਿਹਾ। ਲਾਲਚ ਉਸ ਤੋਂ ਕੋਹਾਂ ਦੂਰ ਸੀ, ਉਹ ਪੱਤਰਕਾਰੀ ਦੇ ਫ਼ਰਜ਼ਾਂ ਅਤੇ ਅਧਿਕਾਰਾਂ ਬਾਰੇ ਚੇਤੰਨ ਸੀ। ਉਹ ਫ਼ੋਟੋਗ੍ਰਾਫ਼ੀ ਵੀ ਕਮਾਲ ਦੀ ਕਰਦਾ ਸੀ। 2007 ਵਿੱਚ ਉਸ ਨੇ 'ਪਿਕਸਲ ਪੈਲਟ' ਨਾਂ ਦਾ ਗਰੁੱਪ ਬਣਾਇਆ, ਜਿਹੜਾ ਫੋਟੋਗ੍ਰਾਫ਼ੀ ਨੂੰ ਪ੍ਰਮੋਟ ਕਰਨ ਦਾ ਕੰਮ ਕਰਦਾ ਸੀ। ਉਸ ਨੇ ਅਗਸਤ 2015 ਵਿੱਚ ਆਪਣੀ ਫੋਟੋਗ੍ਰਾਫ਼ੀ ਦੀ ਨੁਮਾਇਸ਼ ਕਲਾ ਭਵਨ ਵਿੱਚ 'ਕੈਮਰਾ ਕਰੌਨੀਕਲਜ਼' ਦੇ ਨਾਮ 'ਤੇ ਲਗਾਈ ਸੀ, ਜਿਹੜੀ ਉਸ ਦੀ ਪਰਪੱਕ ਕਲਾਸਿਕ ਫੋਟੋਗ੍ਰਾਫਰ ਹੋਣ ਦੀ ਤਸਦੀਕ ਕਰਦੀ ਹੈ। ਅਖ਼ਬਾਰਾਂ ਵਿੱਚੋਂ ਨੌਕਰੀ ਛੱਡਣ ਤੋਂ ਬਾਅਦ ਉਸ ਨੇ ਫ਼ੋਟੋਗ੍ਰਾਫੀ ਦੀਆਂ ਕਈ ਨੁਮਾਇਸ਼ਾਂ ਦੇਸ਼ ਵਿਦੇਸ਼ ਵਿੱਚ ਲਗਾਈਆਂ ਸਨ।
ਸਰਬਜੀਤ ਸਿੰਘ ਪੰਧੇਰ ਦਾ ਜਨਮ 31 ਅਗਸਤ 1964 ਨੂੰ ਪਿਤਾ ਗੁਰਦੇਵ ਸਿੰਘ ਪੰਧੇਰ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਪੰਧੇਰ ਪਰਿਵਾਰ ਅਤੇ ਸਕੇ ਸੰਬੰਧੀਆਂ ਵਿੱਚ ਉਹ ਸਰਬਜੀਤ ਰਾਣਾ ਦੇ ਨਾਮ ਨਾਲ ਜਾਣੇ ਜਾਂਦੇ ਸਨ। ਉਸ ਨੇ ਆਪਣੀ ਮੁੱਢਲੀ ਪੜਾਈ ਲੁਧਿਆਣਾ ਤੋਂ ਹੀ ਕੀਤੀ। ਉਹ 1969- 1980 ਤੱਕ ਸੇਕਰਡ ਹਰਟ ਸਕੂਲ ਲੁਧਿਆਣਾ ਵਿੱਚ ਦਸਵੀਂ ਤੱਕ ਪੜਦੇ ਰਹੇ। ਉਸ ਨੇ ਬੀ.ਏ. 1980-85 ਤੱਕ ਆਰੀਆ ਕਾਲਜ ਲੁਧਿਆਣਾ ਅਤੇ ਐਮ.ਏ.ਅੰਗਰੇਜ਼ੀ 1985-86 ਪਾਸ ਕੀਤੀਆਂ। ਮਾਸਟਰ ਡਿਗਰੀ ਕਮਿਊਨੀਕੇਸ਼ਨ ਜਰਨਿਲਿਜ਼ਮ ਐਂਡ ਰੀਲੇਟਡ ਪ੍ਰੋਗਰਾਮ 1986-89 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਸੀ। ਉਹ ਆਪਣੇ ਪਿੱਛੇ 90 ਸਾਲਾ ਪਿਤਾ ਗੁਰਦੇਵ ਸਿੰਘ ਪੰਧੇਰ, ਭਰਾ ਕਰਮਜੀਤ ਸਿੰਘ ਪੰਧੇਰ (ਬੱਬੀ), ਪਤਨੀ ਡਾ.ਨੀਨਾ ਚੌਧਰੀ, ਦੋ ਪੁੱਤਰੀਆਂ ਗੁਰਸਿਮਰਤ ਕੌਰ ਅਤੇ ਸੁਪਰਵਾ ਪੰਧੇਰ ਛੱਡ ਗਏ ਹਨ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.