ਪੁੱਤ ਵੀਰ ਦਾ ਭਤੀਜਾ ਮੇਰਾ,
ਨਾਉਂ ਜੜ੍ਹ ਮਾਪਿਆਂ ਦੀ •••••••••
ਵੇ ਤੂੰ ਘਾੜ ਘੜ ਕੋਈ ਸੁਨਿਆਰਿਆ,
ਵੀਰ ਘਰ ਪੁੱਤ ਜੰਮਿਆ•••••••••
ਪਹਿਲੇ ਵੇਲ਼ਿਆਂ 'ਚ ਰਿਸ਼ਤਿਆਂ 'ਚ ਜਿਹੜਾ ਨਿੱਘ ਹੁੰਦਾ ਸੀ ,ਵਰਤਮਾਨ ਸਮੇਂ ਉਹ ਕਿਧਰੇ ਛਾਈਂ ਮਾਈਂ ਹੋ ਗਿਆ । ਰਿਸ਼ਤਿਆਂ ਵਿੱਚ 'ਪਿਆਰ ਮੁੱਹਬਤ ਖ਼ਤਮ ਹੋ ਗਿਆ ਹੈ । ਇਕਹਿਰੇ ਪਰਿਵਾਰ ਹੋਣ ਕਾਰਨ ਰਿਸ਼ਤੇ ਨਾਤੇ ਵੀ ਆਪਣੇ ਆਪਣੇ ਹੋ ਗਏ ਹਨ । ਹੁਣ ਭਰਾਵਾਂ ਦੇ ਆਪਣੇ -ਆਪਣੇ ਘਰ ਤੇ ਆਪਣੇ-ਆਪਣੇ ਰਿਸ਼ਤੇਦਾਰ ਹੋ ਗਏ ਹਨ। ਸਾਂਝੇ ਰਿਸ਼ਤਿਆਂ ਦੀ ਤਾਣੀ ਟੁੱਟ ਚੁੱਕੀ ਹੈ । ਘਰ ਪ੍ਰਾਹੁਣੇ ਆਉਣ ਤੇ ਹੁਣ ਮੰਜਿਆਂ ਦੀਆਂ ਪਾਲ਼ਾ ਨਹੀਂ ਡਾਹੀਆਂ ਜਾਂਦੀਆਂ। ਪੁਰਾਣੇ ਸਮੇਂ ਵਿੱਚ ਤਕਰੀਬਨ ਵੱਡੇ ਤੇ ਸਾਂਝੇ ਪਰਿਵਾਰ ਬਹੁਤ ਹੁੰਦੇ ਸਨ । ਪਰਿਵਾਰ ਦੀਆਂ ਚਾਚੀਆਂ, ਤਾਈਆਂ, ਦਾਦੀਆਂ ਦੇ ਪੇਕੇ ਤੋਂ ਜਾ ਵਿਆਹੀਆਂ ਭੈਣਾਂ ਦੇ ਸਹੁਰੇ ਪਿੰਡ ਤੋਂ ਕੋਈ ਨਾ ਕੋਈ ਰਿਸ਼ਤੇਦਾਰ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ, ਜਿਹੜਾ ਵੀ ਰਿਸ਼ਤੇਦਾਰ ਆਉਂਦਾ ਸੀ, ਉਹ ਦੋ ਚਾਰ ਦਿਨ ਜ਼ਰੂਰ ਰਹਿ ਕੇ ਜਾਂਦਾ ਸੀ ।
ਸਾਰੇ ਘਰ ਵਾਲ਼ੇ ਅਤੇ ਬੱਚੇ ਉਹਨਾਂ ਪ੍ਰਾਹੁਣਿਆਂ ਦੇ ਨਹਾਉਣ- ਧੌਣ ਤੇ ਖਾਣ - ਪੀਣ ਦੀ ਆਓ ਭਗਤ ਵਿੱਚ ਲੱਗੇ ਰਹਿੰਦੇ । ਪ੍ਰਾਹੁਣਿਆਂ ਦੀ ਸੇਵਾ ਉਹਨਾਂ ਦੀ ਪਸੰਦ ਦੇ ਮੁਤਾਬਿਕ ਹੁੰਦੀ ਸੀ । ਸਾਰੇ ਬੱਚੇ ਵੀ ਉਨ੍ਹਾ ਦੇ ਆਲ਼ੇ -ਦੁਆਲ਼ੇ ਮੰਡਰਾਉਂਦੇ ਰਹਿੰਦੇ ਸਨ । ਸਾਰੇ ਪ੍ਰਾਹੁਣੇ ਵੀ ਬੱਚਿਆਂ ਨੂੰ ਇੱਕੋ ਤਰ੍ਹਾਂ ਦਾ ਸਾਂਝਾ ਪਿਆਰ ਕਰਦੇ ਸਨ । ਪ੍ਰਾਹੁਣੇ ਸਭ ਦੇ ਸਾਂਝੇ ਹੁੰਦੇ ਸਨ । ਜੇ ਕਿਸੇ ਇੱਕ ਦਾ ਮਾਮਾ ਆਉਂਦਾ ਤਾਂ ਉਹ ਬਾਕੀ ਬੱਚਿਆਂ ਨੂੰ ਵੀ ਸਗੇ ਮਾਮੇ ਦੀ ਤਰ੍ਹਾਂ ਪਿਆਰ ਕਰਦਾ ਸੀ । ਉਹ ਬਾਕੀ ਬੱਚਿਆਂ ਨੂੰ ਵੀ ਇੱਕੋ ਤਰ੍ਹਾਂ ਦਾ ਸਾਂਝਾ ਪਿਆਰ ਕਰਦੇ । ਜਦੋਂ ਪ੍ਰਾਹੁਣਿਆਂ ਨੇ ਜਾਣਾ ਹੁੰਦਾ ਤਾਂ ਸਾਰੇ ਬੱਚੇ ਉਹਨਾਂ ਦੇ ਆਲ਼ੇ ਦੁਆਲੇ ਹੋ ਜਾਂਦੇ । ਜਾਣ ਲੱਗੇ ਪ੍ਰਾਹੁਣੇ ਸਭ ਨੂੰ ਇੱਕੋ ਜਿਹਾ " ਪਿਆਰ " ਦੇ ਕੇ ਜਾਂਦੇ। " ਪਿਆਰ" ਤੋਂ ਭਾਵ ਉਹਨਾਂ ਦਾ ਸਿਰ ਪਲੋਸ ਕੇ ਅਤੇ ਆਪਣੀ ਗੁੰਜਾਇਸ਼ ਦੇ ਅਨੁਸਾਰ ਹਰ ਬੱਚੇ ਨੂੰ ਪੰਜੀ, ਦੱਸੀ ,ਚਵੰਨੀ,ਅਠੰਨੀ, ਰੁਪਈਆ ਜ਼ਰੂਰ ਦੇ ਕੇ ਜਾਂਦੇ । ਬੱਚੇ ਉਸ ਦਿੱਤੇ " ਪਿਆਰ " ਭਾਵ ਪੈਸੇ ਨੂੰ ਲੈ ਕੇ ਆਪਣੀ ਮਨ ਪਸੰਦ ਦੀ ਹੱਟੀਆਂ ਤੇ ਆਪਣੀ ਮਨ ਪਸੰਦ ਚੀਜ਼ੀ ਜਾਂ ਸਮਾਨ ਲੈਣ ਭੱਜ ਜਾਂਦੇ ।
ਬੱਚੇ ਮਨ ਵਿੱਚ ਸੋਚਦੇ ਕਿ ਹੁਣ ਕਿਹੜਾ ਪ੍ਰਾਹੁਣਾ ਆਵੇਗਾ । ਆਪਸ ਵਿੱਚ ਸੋਚਦੇ ਕਿ ਕਿਸ ਪ੍ਰਾਹੁਣੇ ਨੇ ਪੈਸੇ ਘੱਟ ਦਿੱਤੇ ਹਨ ਅਤੇ ਕਿਸ ਨੇ ਵੱਧ , ਜਿਸ ਪ੍ਰਾਹੁਣੇ ਨੇ ਪੈਸੇ ਵੱਧ ਦਿੱਤੇ ਹੁੰਦੇ, ਸਾਰੇ ਬੱਚੇ ਉਸ ਦੀ ਆਓ ਭਗਤ ਵੀ ਜ਼ਿਆਦਾ ਕਰਦੇ ਸਨ । ਜੇਕਰ ਕੋਈ ਬੱਚਾ ਸਕੂਲ ਵਿੱਚ ਹੁੰਦਾ ਤਾਂ ਉਸਨੂੰ ਬਹੁਤ ਪਛਤਾਵਾ ਹੁੰਦਾ ਕਿ ਕਾਸ਼ ਮੈਂ ਵੀ ਕੋਈ ਬਹਾਨਾ ਬਣਾ ਕੇ ਘਰੇ ਰਹਿ ਜਾਂਦਾ, ਮੈਨੂੰ ਵੀ ਪੈਸੇ ਮਿਲ ਜਾਂਦੇ । ਪਰ ਹੁਣ ਵਕਤ ਬਦਲ ਗਿਆ ਹੈ । ਹੁਣ ਸਾਂਝੇ ਪਰਿਵਾਰ ਦੀ ਜਗ੍ਹਾ ਇਕੱਲੇ ਪਰਿਵਾਰ ਰਹਿ ਗਏ ਹਨ ਅਤੇ ਆਉਣ ਜਾਣ ਵਾਲੇ ਪ੍ਰਾਹੁਣੇ ਵੀ ਇਕੱਲੇ ਰਹਿ ਗਏ । ਹੁਣ ਬੱਚੇ ਪ੍ਰਾਹੁਣਿਆਂ ਨੂੰ ਘਰੇ ਆਉਣ ਤੇ ਭਾਰ ਮੰਨਦੇ ਹਨ । ਹੁਣ ਜੇ ਕੋਈ ਪ੍ਰਾਹੁਣਾ ਕਿਸੇ ਬੱਚੇ ਨੂੰ ਪੰਜਾਹ,ਸੌ ਜਾਂ ਪੰਜ ਸੌ ਰੁਪਏ ਦਿੰਦਾ ਵੀ ਹੈ ਤਾਂ ਬੱਚੇ ਪੈਸਾ ਲੈਣਾ ਪਸੰਦ ਨਹੀਂ ਕਰਦੇ ਕਿਉਂਕਿ ਬੱਚੇ ਦੀ ਹਰ ਜ਼ਰੂਰਤ ਪਹਿਲਾਂ ਤੋਂ ਹੀ ਪੂਰੀ ਹੁੰਦੀ ਹੈ । ਜੇ ਦੇਖਿਆ ਜਾਵੇ ਤਾਂ ਉਹ ਪੁਰਾਣਾ ਪਿਆਰ ਹੁਣ ਵੀ ਨਹੀਂ ਭੁੱਲਦਾ । ਅੱਜ ਮੈਨੂੰ ਪ੍ਰੋ ਪੂਰਨ ਸਿੰਘ ਜੀ ਦੀ ਕਵਿਤਾ " ਪੁਰਾਣੇ ਪੰਜਾਬ ਨੂੰ ਅਵਾਜ਼ਾਂ " ਦੇ ਬੋਲ ਰਹਿ ਰਹਿ ਕੇ ਯਾਦ ਆਉਂਦੇ ਹਨ:-
*ਉਹ ਸ਼ਰੀਕਾਂ ਦੀ ਆਬ ਵਾਲ਼ੀ ਸਾਰੀ ਗੱਲ ਆਈ ਗਈ,*
*ਖਾਤਰਾਂ ਤੇ ਸੇਵਾਵਾਂ ,ਕੁਰਬਾਨੀਆਂ ਤੇ ਜਰਨੇ, ਜਿਗਰੇ ਤੇ ਹੌਂਸਲੇ,*
*ਉਹ ਰੋਟੀਆਂ ਤੇ ਮਹਿਫਲ਼ਾ, ਉਹ ਡੂੰਘੀਆਂ ਡੂੰਘੀਆਂ ਸ਼ਰਮਾ, ਸ਼ਰਾਫ਼ਤਾਂ,*
*ਉਹ ਕਿੱਥੇ ?*
-
ਪ੍ਰਿੰਸੀਪਲ ਰੰਧਾਵਾ ਸਿੰਘ , ਪ੍ਰਿੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.