ਕਮਲਜੀਤ ਸਿੰਘ ਬਨਵੈਤ ਮੁੱਢਲੇ ਤੌਰ ‘ਤੇ ਇੱਕ ਸਥਾਪਤ ਪੱਤਰਕਾਰ ਹੈ, ਜਿਸ ਕਰਕੇ ਉਹ ਤਤਕਾਲੀ ਘਟਨਾਵਾਂ ਅਤੇ ਮਸਲਿਆਂ ਬਾਰੇ ਅਖ਼ਬਾਰਾਂ ਲਈ ਲੇਖ ਲਿਖਦਾ ਰਹਿੰਦਾ ਹੈ। ਉਸ ਦੇ ਲੇਖਾਂ ਵਿੱਚ ਵਰਤਮਾਨ ਸਮਾਜਿਕ ਵਿਸੰਗਤੀਆਂ ਦੀ ਚਰਚਾ ਆਮ ਹੁੰਦੀ ਹੈ। ਉਸ ਦੀਆਂ ਹੁਣ ਤੱਕ 11 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 9 ਨਿਬੰਧ ਅਤੇ ਦੋ ਕਹਾਣੀ ਸੰਗ੍ਰਹਿ ਸ਼ਾਮਲ ਹਨ। ਚਰਚਾ ਅਧੀਨ ‘ਢਾਈ ਆਬ’ ਉਸ ਦੀ 12ਵੀਂ ਪੁਸਤਕ ਹੈ। ਇਸ ਨਿਬੰਧ ਸੰਗ੍ਰਹਿ ਵਿੱਚ 41 ਲਘੂ ਨਿਬੰਧ ਹਨ। ਹਰ ਲੇਖ ਵਿੱਚ ਇੱਕ ਵਿਸ਼ੇ ਨੂੰ ਉਹ ਮੁੱਖ ਤੌਰ ‘ਤੇ ਆਧਾਰ ਬਣਾਉਂਦਾ ਹੈ ਪ੍ਰੰਤੂ ਇਸ ਦੇ ਨਾਲ ਹੀ ਹੋਰ ਛੋਟੀਆਂ ਮੋਟੀਆਂ ਘਟਨਾਵਾਂ ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਦੀ ਚਰਚਾ ਕਰਦਾ ਹੈ। ਉਸ ਦੀ ਨਿਵੇਕਲੀ ਗੱਲ ਇਹ ਹੈ ਕਿ ਉਹ ਹਰ ਲੇਖ ਨੂੰ ਅੰਕੜਿਆਂ ਨਾਲ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਭਾਵ ਹਰ ਲੇਖ ਤੱਥਾਂ ‘ਤੇ ਅਧਾਰਤ ਹੁੰਦਾ ਹੈ। ਪੁਸਤਕ ਦੇ ਬਹੁਤੇ ਲੇਖਾਂ ਵਿੱਚ ਸਮਾਜਿਕ ਕੁਰੀਤੀਆਂ, ਸਰਕਾਰਾਂ ਦੀਆਂ ਅਣਗਹਿਲੀਆਂ, ਵਿਰੋਧੀਆਂ ਦੇ ਗ਼ੈਰ ਜ਼ਿੰਮੇਵਾਰਾਨਾ ਬਿਆਨ, ਸਿਆਸੀ ਤੇ ਸਮਾਜਿਕ ਘਟਨਾਵਾਂ ਅਤੇ ਦੁਰਘਟਨਾਵਾਂ ਨਾਲ ਸੰਬੰਧਤ ਹੁੰਦੇ ਹਨ। ਲੇਖਕ ਦਾ ਫ਼ਰਜ਼ ਵੀ ਬਣਦਾ ਹੈ ਕਿ ਉਹ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ, ਉਨ੍ਹਾਂ ਦੇ ਹੱਲ ਲਈ ਵੀ ਸੁਝਾਅ ਦੱਸੇ। ਕਮਲਜੀਤ ਸਿੰਘ ਬਨਵੈਤ ਇਸ ਪਾਸੇ ਇਸ਼ਾਰੇ ਮਾਤਰ ਟਿੱਪਣੀ ਕਰਦਾ ਹੈ। ਭਾਵੇਂ ਉਸ ਦੇ ਬਹੁਤੇ ਲੇਖ ਸਮਾਜਿਕ ਮਸਲਿਆਂ ਅਤੇ ਸਿਆਸੀ ਪ੍ਰਤੀਕਿਰਿਆਵਾਂ ਹੁੰਦੇ ਹਨ, ਪ੍ਰੰਤੂ ਜਿਹੜੇ ਲੋਕ ਚੰਗੇ ਕੰਮ ਕਰਦੇ ਹਨ, ਖਾਸ ਤੌਰ ‘ਤੇ ਲੜਕੀਆਂ, ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਜਦੋਜਹਿਦ ਬਾਰੇ ਵੀ ਸੁਚੱਜੇ ਢੰਗ ਨਾਲ ਉਤਸ਼ਾਹ ਪੂਰਬਕ ਬ੍ਰਿਤਾਂਤ ਦਿੰਦੇ ਹਨ।
‘ਬਾਜਾਂ ਨਾਲ ਟੱਕਰ’ ਲੇਖ ਵਿੱਚ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਹਿੰਮਤ ਅਤੇ ਦਲੇਰੀ ਦੀ ਦਾਦ ਦਿੱਤੀ ਗਈ ਹੈ, ਜਿਹੜੀਆਂ ਨਿਆਇਕ ਸਰਵਿਸ ਲਈ ਚੁਣੀਆਂ ਗਈਆਂ ਹਨ। ਨਸ਼ੇ, ਖ਼ੁਦਕਸ਼ੀਆਂ, ਮਜ਼ਦੂਰਾਂ ਦੀ ਦੁਰਦਸ਼ਾ, ਅਪ੍ਰਾਧਿਕ ਮਾਮਲੇ, ਕਚਹਿਰੀਆਂ ਵਿੱਚ ਅਣਗਿਣਤ ਮੁਕੱਦਮੇ ਤੇ ਫੈਸਲਿਆਂ ਵਿੱਚ ਦੇਰੀ, ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਤੇ ਗ਼ੈਰ ਕੁਦਰਤੀ ਮੌਤਾਂ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਤੇ ਫਰਜੀ ਦਾਖ਼ਲੇ, ਲੜਕੀਆਂ ਲਈ ਪਾਖਾਨਿਆਂ ਦੀ ਅਣਹੋਂਦ, ਪ੍ਰਾਈਵੇਟ ਸਕੂਲਾਂ ਦੀ ਲੁੱਟ, ਤੋਹਫ਼ਿਆਂ ਦੀ ਪ੍ਰਵਿਰਤੀ, ਤਿਓਹਾਰਾਂ ‘ਤੇ ਬੇਤਹਾਸ਼ਾ ਖ਼ਰਚੇ, ਗ਼ੈਰ ਕਾਨੂੰਨੀ ਪ੍ਰਵਾਸ, ਡੰਕੀ ਰਸਤੇ ਜਾਂਦੇ ਲੋਕਾਂ ਦੀਆਂ ਮੌਤਾਂ ਬਾਰੇ ਜਾਗ੍ਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੋਹਫ਼ਿਆਂ ਬਾਰੇ ਉਨ੍ਹਾਂ ਆਪਣੀ ਪੱਤਰਕਾਰਾਂ ਦੀ ਬਰਾਦਰੀ ਦੇ ਵੀ ਆਹੂ ਲਾਹੇ ਹਨ। ਕਿਸ਼ਤੀਆਂ ਵਿੱਚ ਡੁੱਬ ਕੇ ਮਰਨ ਤੋਂ ਬਾਅਦ ਵੀ ਪੰਜਾਬੀ ਗ਼ੈਰ ਕਾਨੂੰਨੀ ਢੰਗ ਨਾਲ ਜਾਣ ਤੋਂ ਹੱਟਦੇ ਨਹੀਂ। ਜਾਅਲੀ ਡਿਗਰੀਆਂ ਵਾਲਿਆਂ ਦੇ ਡੀਪੋਰਟ ਹੋਣ ਦੀ ਤਲਵਾਰ ਲਟਕਦੀ ਰਹਿੰਦੀ ਹੈ। ‘ਵਕਾਰ ਨੂੰ ਸੱਟਾਂ’ ਵਾਲੇ ਲੇਖ ਵਿੱਚ ਲਿਖਿਆ ਹੈ ਕਿ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਕੀਤੀਆਂ ਜਾਂਦੀ ਚੋਰੀਆਂ ਅਤੇ ਹੋਰ ਗ਼ੈਰ ਕਾਨੂੰਨੀ ਕਾਰਵਾਈਆਂ ਨੇ ਭਾਰਤ ਦੇ ਅਕਸ ਨੂੰ ਢਾਹ ਲਾਈ ਹੈ। ਕੈਨੇਡਾ ਅਤੇ ਆਸਟਰੇਲੀਆ ਨੇ ਤਾਂ ਕਾਨੂੰਨ ਕਾਫੀ ਸਖਤ ਕਰ ਦਿੱਤੇ ਪ੍ਰੰਤੂ ਬਰਤਾਨੀਆਂ ਨੇ ਦਰਵਾਜ਼ੇ ਖੋਲ੍ਹ ਦਿੱਤੇ ਬਾਰੇ ਅੰਕੜਿਆਂ ਨਾਲ ਦੱਸਿਆ ਗਿਆ ਹੈ। ਪੰਜਾਬੀ ਪ੍ਰਵਾਸ ਅਤੇ ਪੂਰਬੀਏ ਪੰਜਾਬ ਵਿੱਚ ਮੱਲਾਂ ਮਾਰੀ ਜਾਂਦੇ ਹਨ। ਰਾਜਪਾਲ ਅਤੇ ਸਰਕਾਰ ਦੇ ਟਕਰਾਓ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਸਿਆਸੀ ਬਦਲਾਖ਼ੋਰੀ ਦੀ ਤਸਵੀਰ ਵੀ ਤੱਥਾਂ ਨਾਲ ਦੇ ਕੇ ਜਾਣਕਾਰੀ ਦਿੱਤੀ ਹੈ। ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਕਾਂਗਰਸੀ ਨੇਤਾਵਾਂ ਉਪਰ ਭਰਿਸ਼ਟਾਚਾਰ ਦੇ ਕੇਸਾਂ ਸੰਬੰਧੀ ਕੀਤੀਆਂ ਗ੍ਰਿਫ਼ਤਾਰੀਆਂ ਬਾਰੇ ਵਿਸਤਾਰ ਨਾਲ ਲਿਖਿਦਿਆਂ ਕਿਹਾ ਕਿ ਅਜੇ ਹੋਰ ਨਿਸ਼ਾਨੇ ‘ਤੇ ਹਨ, ਕੁਝ ਲੋਕਾਂ ਨੇ ਇਸ ਨੂੰ ਬਦਲਾਖ਼ੋਰੀ ਵੀ ਕਿਹਾ ਹੈ। ਪ੍ਰੰਤੂ ਭਗਵੰਤ ਮਾਨ ਨੇ ਆਪਣੇ ਵਜ਼ੀਰਾਂ ਤੇ ਵਿਧਾਨਕਾਰਾਂ ਨੂੰ ਵੀ ਨਹੀਂ ਬਖ਼ਸ਼ਿਆ। ਸਰਕਾਰ ਅਧਿਕਾਰੀਆਂ ਨੂੰ ਹੱਥ ਪਾਉਣ ਤੋਂ ਝਿਜਕ ਰਹੀ ਹੈ। ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਇਜਲਾਸ ਛੋਟੇ ਹੋਣ ਅਤੇ ਨੇਤਾਵਾਂ ਵੱਲੋਂ ਲੋਕ ਹਿਤਾਂ ਨੂੰ ਅੱਖੋਂ ਪ੍ਰੋਖੇ ਕਰਨ ਅਤੇ ਇਕ ਦੂਜੇ ‘ਤੇ ਚਿੱਕੜ ਸੁੱਟਣ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ। ਲੋਕ ਸਭਾ ‘ਤੇ ਰਾਜ ਸਭਾ ਦੇ ਮੈਂਬਰ ਲੋਕ ਹਿੱਤਾਂ ਦੀ ਗੱਲ ਕਰਨ ਦੀ ਥਾਂ ਗ਼ੈਰ ਹਾਜ਼ਰ ਰਹਿੰਦੇ ਹਨ। ਸੰਸਦ ਵਿੱਚ ਬਹੁਤੇ ਮੈਂਬਰ ਪੰਜਾਬ ਦੇ ਪੱਖ ਦੀ ਗੱਲ ਤਾਂ ਕੀ ਕਰਨੀ ਹੈ ਚੁੱਪ ਵੱਟੀ ‘ਮੂੰਹ ਵਿੱਚ ਘੁੰਗਣੀਆਂ ਪਾਈ ਰੱਖਦੇ ਹਨ। ਸਿਆਸਤ ਵਿੱਚ ਅਪ੍ਰਾਧੀਕਰਨ ਨੂੰ ਰੋਕਣ ਵਿੱਚ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਚੋਣ ਕਮਿਸ਼ਨ ਵੀ ਹੱਥ ਖੜ੍ਹੇ ਕਰ ਗਿਆ। ਕਿਸਾਨ ਤੇ ਮਜ਼ਦੂਰ ਮਿਹਨਤੀ ਹਨ, ਮੀਂਹ ਹਨ੍ਹੇਰੀ ਨੁਕਸਾਨ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੈ ਪ੍ਰੰਤੂ ਫ਼ਜ਼ੂਲ ਖ਼ਰਚੀ ਕਰਨਂੋ ਨਹੀਂ ਹੱਟਦੇ। ਸਰਕਾਰਾਂ ਦੀ ਬੇਰੁਖੀ ਦੇ ਬਾਵਜੂਦ ਦੇਸ਼ ਦੇ ਅਨਾਜ ਦੀ ਲੋੜ ਕਿਸਾਨ ਪੂਰੀ ਕਰਦੇ ਹਨ। ਸੰਗਰੂਰ ਦੀ ਉਪ ਚੋਣ ਨੇ ਆਮ ਆਦਮੀ ਸਰਕਾਰ ਦੀ ਕਿਰਕਰੀ ਕੀਤੀ ਪ੍ਰੰਤੂ ਜਲੰਧਰ ਉਪ ਚੋਣ ਨੇ ਧਰਵਾਸ ਦਿੱਤਾ। ਬਨਵੈਤ ਲਿਖਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਖ਼ੂਨ ਪੰਜਾਬੀਆਂ ਦਾ ਡੁਲਿ੍ਹਆ ਤੇ ਸਰਹੱਦਾਂ ਖ਼ੂਨ ਡੁਲ੍ਹ ਰਿਹਾ ਹੈ ਪ੍ਰੰਤੂ ਆਨੰਦ ਸਮੁੱਚਾ ਭਾਰਤ ਮਾਣ ਰਿਹਾ ਹੈ। ਕੇਂਦਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰ ਰਹੀ ਹੈ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਜ਼ਮੀਨ ਤੇ ਬਣੀ ਹੈ ਪ੍ਰੰਤੂ ਕੇਂਦਰ ਸਰਕਾਰ ਰਾਜਪਾਲ ਰਾਹੀਂ ਪੰਜਾਬ ਦੇ ਅਧਿਕਾਰ ਖੋਹਣ ਕੀ ਕੋਸ਼ਿਸ਼ ਕਰ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਹਮਾਇਤ ਦਾ ਪ੍ਰਦਾ ਫ਼ਾਸ਼ ਕੀਤਾ ਹੈ। ਸਾਡੀ ਧਰਤੀ ਤੇ ਬਣਿਆਂ ਡੈਮ ਬਿਗਾਨਾ ਬਣਾ ਰਹੇ ਹਨ। 1966 ਵਿੱਚ ਪੰਜਾਬ ਦੀ ਵੰਡ ਹੋਣ ਤੋਂ ਬਾਅਦ ਹਿਮਾਚਲ ਅਤੇ ਹਰਿਆਣਾ ਬਣ ਗਏ, ਹੁਣ ਇਹ ਦੋਵੇਂ ਸੂਬੇ ਪੰਜਾਬ ਨਾਲ ਆਹਡਾ ਲਾਈ ਰੱਖਦੇ ਹਨ। ਹਰਿਆਣਾ ਹੋਰ ਪਾਣੀ ਦੀ ਮੰਗ ਕਰਦੈ ਤੇ ਹਿਮਾਚਲ ਪਾਣੀ ‘ਤੇ ਸੈਸ ਲਾਉਣ ਦੀ ਗੱਲ ਕਰਦਾ ਹੈ। ਹਿਮਾਚਲ ਸਾਨਨ ਪਣ ਬਿਜਲੀ ਘਰ ਦੀ ਲੀਜ ਵਧਾਉਣ ਦੀ ਥਾਂ ਖ਼ਤਮ ਕਰਨ ਦੇ ਗੋਗੇ ਗਾ ਰਿਹਾ ਹੈ। ਨਕਲੀ ਦਵਾਈਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। ਪੰਜਾਬ ਦੇ ਕਾਂਗਰਸੀਆਂ ਦੀ ਫੁੱਟ ਬਾਰੇ ਵਿਸਤਾਰ ਨਾਲ ਦੱਸਿਆ ਹੈ ਕਿ ਉਹ ਹਾਰਾਂ ਖਾ ਕੇ ਵੀ ਸਮਝਦੇ ਨਹੀਂ। ਕਮਲਜੀਤ ਸਿੰਘ ਬਨਵੈਤ ‘ਮੁਆਫ਼ੀ ਦਾ ਕੱਚ ਸੱਚ’ ਵਿੱਚ ਇਹ ਵੀ ਲਿਖਦੇ ਹਨ ਕਿ ਕਾਂਗਰਸ ਨੇ ਬਲਿਊ ਸਟਾਰ ਅਪ੍ਰੇਸ਼ਨ ਅਤੇ ਅਕਾਲੀ ਦਲ ਨੇ ਬੇਅਦਬੀਆਂ ਨਾਲ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ। ਮੁਆਫ਼ੀਆਂ ਨਾਲ ਧ੍ਰੋਹ ਦੂਰ ਨਹੀਂ ਹੋ ਸਕਦਾ। ਬੰਦੀ ਸਿੰਘਾਂ ਬਾਰੇ ਲਿਖਦਿਆਂ ਉਸ ਨੇ ਅਸਿੱਧ ਤੌਰ ‘ਤੇ ਕਿਹਾ ਹੈ ਕਿ ਸਿੱਖ ਗਦਾਰਾਂ ਨੇ ਹਮੇਸ਼ਾ ਢਾਹ ਲਾਈ ਹੈ। ਸਿਆਸਤਦਾਨ ਉਨ੍ਹਾਂ ਦੀ ਬਾਂਹ ਨਹੀਂ ਫੜਦੇ। ‘ਕਰਜ਼ਾਈ ਪੰਜਾਬ’ ਲੇਖ ਵਿੱਚ ਕਿਸਾਨਾ ਅਤੇ ਪੰਜਾਬ ਸਿਰ ਕਰਜ਼ੇ ਨੇ ਧੂੰਆਂ ਕੱਢਿਆ ਪਿਆ ਹੈ। ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਹਰੀ ਕ੍ਰਾਂਤੀ ਨੇ ਪੰਜਾਬੀ ਕਿਸਾਨ ਡੋਬ ਦਿੱਤੇ। ਗਰਭਪਾਤ ਦੇ ਕੇਸਾਂ ਵਿੱਚ ਵਾਧਾ ਚਿੰਤਾ ਵਿਸ਼ਾ ਹੈ। ਬਲਾਤਕਾਰਾਂ ਨਾਲ ਹੋਏ ਗਰਭ ਨੂੰ ਗਿਰਾਉਣ ਲਈ ਅਸੁਰੱਖਿਅਤ ਢੰਗ ਵਰਤੇ ਜਾਂਦੇ ਹਨ ਜੋ ਖ਼ਤਰਨਾਕ ਹਨ। ‘ਸਿਆਸੀ ਕਿਕਲੀ’ ਵਿੱਚ ਭਗਵੰਤ ਮਾਨ ਦੀਆਂ ਬੜਕਾਂ ਅਤੇ ਵਿਰੋਧੀਆਂ ਵੱਲੋਂ ਕਰਾਰਾ ਜਵਾਬ ਲਿਖੇ ਗਏ ਹਨ ਪ੍ਰੰਤੂ ਪੰਚਾਇਤ ਦਾ ਕਿਹਾ ਸਿਰ ਮੱਥੇ ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਦੋਵੇਂ ਧਿਰਾਂ ਦੂਸ਼ਣਬਾਜੀ ਕਰ ਰਹੀਆਂ ਹਨ। ਰਾਜਨੀਤੀ ਸਿਧਾਂਤਹੀਣ ਬਣੀ ਪਈ ਹੈ। ਦਲ ਬਦਲੀਆਂ ਭਾਰੂ ਹਨ। ਅਕਾਲੀ ਦਲ ਲਈ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਲਾਹੇਬੰਦ ਨਹੀਂ ਸਾਬਤ ਹੋ ਰਹੀ। ‘ਭਗਵੰਤ ਮਾਨ ਦਾ ਟ੍ਰਿਪਲ ਸ਼ਾਟ’ ਲੇਖ ਵਿੱਚ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਬਾਰੇ, ਪੁਲਿਸ ਮੁਖੀ ਦੀ ਨਿਯੁਕਤ ਯੂ.ਪੀ.ਐਸ.ਸੀ.ਦੇ ਅਧਿਕਾਰ ਖੇਤਰ ਵਿੱਚੋਂ ਕੱਢਣ ਅਤੇ ਰਾਜਪਾਲ ਦੀ ਥਾਂ ਯੂਨਵਰਸਿਟੀਆਂ ਦੇ ਚਾਂਸਲਰ ਲਾਉਣ ਬਾਰੇ ਬਿਲ ਪਾਸ ਕਰਨ ਨੂੰ ਕਿਹਾ ਹੈ। 2023 ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸ਼ੰਭੂ ਅਤੇ ਖਨੌਰੀ ਸਰਹੱਦਾਂ ਦੇ ਕਿਸਾਨੀ ਅੰਦੋਲਨ ਪਹਿਲੇ ਅੰਦੋਲਨ ਦੀ ਤਰ੍ਹਾਂ ਸਿਆਸੀ ਪਾਰਟੀਆਂ ਦੀ ਮਦਦ ਲੈਣ ਵਿੱਚ ਅਸਫਲ ਰਿਹਾ ਹੈ, ਹਾਲਾਂ ਕਿ ਇਸ ਅੰਦੋਲਨ ਵਿੱਚ ਪੰਜਾਬ ਦਾ ਇਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦੀ ਪਾ ਗਿਆ। ਪੰਜਾਬੀ ਵਿਆਹਾਂ ‘ਤੇ ਕਰੋੜਾਂ ਰੁਪਏ ਖ਼ਰਚ ਰਹੇ ਹਨ, ਪ੍ਰੰਤੂ ਸਾਦੇ ਵਿਆਹ ਕਰਨ ਦੀ ਵਕਾਲਤ ਕੀਤੀ ਹੈ। ਆਖ਼ੀਰ ਵਿੱਚ ਇਹ ਲਿਖਣਾ ਜ਼ਰੂਰੀ ਸਮਝਦਾ ਹਾਂ ਕਿ ਬਿਹਤਰੀਨ ਨਿਬੰਧਾਂ ਵਿੱਚ ਕੁਝ ਘਾਟਾਂ ਰੜਕਦੀਆਂ ਹਨ। ਉਸ ਦਾ ਕਾਰਨ ਇਹ ਹੈ ਕਿ ਲੇਖਕ ਅਖ਼ਬਾਰਾਂ ਲਈ ਲੇਖ ਲਿਖਦਾ ਹੈ ਤੇ ਫਿਰ ਉਨ੍ਹਾਂ ਲੇਖਾਂ ਦੀ ਪੁਸਤਕ ਪ੍ਰਕਾਸ਼ਤ ਕਰਵਾ ਦਿੰਦਾ ਹੈ। ਇਹ ਲੇਖ ਜਿਸ ਸਮੇਂ ਲਿਖੇ ਸਨ, ਉਦੋਂ ਉਹ ਵਰਤਮਾਨ ਟੈਨਸ ਵਿੱਚ ਹੁੰਦੇ ਹਨ ਪ੍ਰੰਤੂ ਜਦੋਂ ਪੁਸਤਕ ਪ੍ਰਕਾਸ਼ਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਪਾਸਟ ਟੈਨਸ ਵਿੱਚ ਕਰ ਦੇਣਾ ਬਣਦਾ ਹੈ, ਜਾਂ ਹਰ ਲੇਖ ਨਾਲ ਜਿਸ ਦਿਨ ਉਹ ਲੇਖ ਅਖ਼ਬਾਰ ਵਿੱਚ ਪ੍ਰਕਾਸ਼ਤ ਹੋਇਆ ਜਾਂ ਲਿਖਿਆ ਹੈ, ਉਸਦੀ ਤਾਰੀਕ ਪਾ ਦਿੱਤੀ ਜਾਵੇ। ਲੇਖਾਂ ਵਿੱਚ ਦੁਹਰਾਓ ਵੀ ਹੈ। ਸਮੁੱਚੇ ਤੌਰ ‘ਤੇ ਚੰਗਾ ਉਦਮ ਹੈ।
126 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.