ਰੰਗ -ਏ -ਦੁਨੀਆਂ?????????
ਲਾਲ ਸੂਹੀ ਮਖ਼ਮਲੀ ਕਰ ਜਾਂਦੀ ਹੈ ਧਰਤ ਨੂੰ ਤੇਰੇ ਸੂਹੇ ਬੁੱਲਾਂ ਦੀ ਪਿਆਸ-1-ਡਾ ਅਮਰਜੀਤ ਟਾਂਡਾ???❤️????
ਰੰਗ ਨਾ ਹੁੰਦੇ ਤਾਂ ਦੁਨੀਆਂ ਰੰਗੀਨ ਨਹੀਂ ਸੀ ਹੋਣੀ। ਰੰਗਾਂ ਚ ਨਹੀਂ ਸੀ ਖੇਡਣਾ ਜ਼ਿੰਦਗੀਆਂ ਨੇ।
ਬੇਰੰਗ ਹੋ ਕੇ ਰਹਿ ਜਾਣਾ ਸੀ ਉਮਰਾਂ ਨੇ।
ਫੁੱਲਾਂ ਬਾਰੇ ਸੋਚਦਿਆਂ ਇੰਝ ਲੱਗਦਾ ਹੈ ਕਿ ਕੋਈ ਵੀ ਫੁੱਲ ਨਹੀਂ ਉਦਾਸ ਲੱਗਦਾ। ਜਿਵੇਂ ਸਾਰਿਆਂ ਰੰਗਾਂ ਵਿੱਚ ਹੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਪੈੜਾਂ ਹੱਸਦੀਆਂ ਖਿੜੀਆਂ ਬਹਾਰਾਂ ਹੋਣ।
ਇਹ ਫੁੱਲਾਂ ਦੇ ਰੰਗ ਡੀਜਾਇਨ ਤਾਂ ਸਿੱਸਕਦੀਆਂ ਹਵਾਵਾਂ ਦੇ ਵੀ ਹੰਝੂ ਪੂੰਝ ਦੇਣ। ਉਦਾਸ ਰਾਤਾਂ ਦੇ ਸਿਤਾਰੇ ਬਣ ਜਾਣ। ਬਾਤਾਂ ਬਣ ਜਾਣ ਲੰਬੀਆਂ ਲੰਮੀਆਂ ਗੱਲਾਂ ਕਰਦੀਆਂ ਆਪਣੇ ਆਪ।
ਤੁਸੀਂ ਫੁੱਲਾਂ ਵਿੱਚ ਵੀ ਖਿੱਤੀਆਂ ਚੋਰ ਸਿਪਾਹੀ ਤੇ ਗੀਤਾਂ ਦੇ ਸੁਰ ਲੱਭ ਸਕਦੇ ਹੋ। ਤੁਸੀਂ ਦੇਖੋ ਇਹਨਾਂ ਨੂੰ ਹਸਦਿਆਂ ਦੇਖਣ ਦੇ ਨਾਲ ਹੀ ਮਨ ਦੇ ਸਾਰੇ ਝੋਰੇ ਉਦਾਸੀਆਂ ਦੂਰ ਹੋ ਜਾਂਦੀਆਂ ਹਨ।
ਇਹਨਾਂ ਦੀ ਸਿਰਫ ਮੰਗ ਹੁੰਦੀ ਹੈ ਇਕ ਪਾਣੀ।
ਇਹਨਾਂ ਨੇ ਕਦੇ ਮਿਨਤ ਤਰਲਾ ਨਹੀਂ ਕੀਤਾ ਕਿ ਸਾਨੂੰ ਤੱਪਦੀਆਂ ਹਵਾਵਾਂ ਬਚਾਵੋ। ਬਲਦੀਆਂ ਸ਼ਿਖਰ ਦੁਪਹਿਰਾਂ ਤੋਂ ਬਚਾਵੋ।
ਫਿਰ ਵੀ ਇਹ ਕੌਂਪਲਾਂ ਡੋਡੀਆਂ ਚੋਂ ਘੁੰਡ ਚੱਕ ਆਪਣਾ ਆਲਮ ਵਿਖਾ ਦਿੰਦੇ ਹਨ।
ਇਹ ਫੁੱਲ ਕਹਿੰਦੇ ਨੇ ਤੂੰ ਉਦਾਸ ਕਿਉਂ ਏਂ। ਜਦ ਮੈਂ ਇੰਨੇ ਸਿਤਮ ਹੰਢਾ ਕੇ ਤੈਨੂੰ ਖੁਸ਼ੀਆਂ ਵੰਡ ਰਿਹਾ ਏਂ। ਤੂੰ ਵੀ ਫਿਰ ਕਦੇ ਹੱਸ ਖੇਡ ਲਿਆ ਕਰ। ਤੇਰੇ ਕੋਲ ਤਾਂ ਸੱਭ ਕੁਝ ਖਾਣ ਪੀਣ ਰਹਿਣ ਨੂੰ ਹੈ। ਮੇਰੇ ਕੋਲ ਤਾਂ ਤਪਤਿ ਧੁੱਪਾਂ ਹਨ ਸਿਰਫ ਜਿਊਣ ਲਈ।
ਸਿਰ ਤੇ ਬਲਦਾ ਤਪਦਾ ਸੂਰਜ਼।
ਰੁੱਖ ਵੀ ਨਹੀਂ ਛਾਵਾਂ ਕਰਦੇ ਸਾਨੂੰ ਤਾਂ।
ਗੁਰ ਵਾਕ ਹੈ ਜੇ ਸਦਾ-ਥਿਰ ਗੁਰੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ ਦਾ ਗੇੜ ਮੁੱਕ ਜਾਂਦਾ ਹੈ।
ਗੁਰੂ ਦਾ ਰੂਪ ਰੇਖ ਤੇ ਰੰਗ ਨਹੀ ਹੁੰਦਾ । ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਸਿੱਖਾਂ ਨੇ ਬਾਣੀ ਨੂੰ ਬਹੁਤਾ ਸੰਜੀਦਗੀ ਨਾਲ ਨਹੀਂ ਲਿਆ ਹੈ।
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥
ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥
ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥
ਜੇ ਇਹ ਮਨ ਸੋਹਣੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਏ, ਤਾਂ ਇਹ ਰੰਗ ਕਦੇ ਨਹੀਂ ਉਤਰਦਾ ਕਦੇ ਦੂਰ ਨਹੀਂ ਹੁੰਦਾ ।
ਰੰਗ ਮਨੁੱਖੀ ਵਤੀਰੇ, ਮਨੋਦਸ਼ਾ, ਜਾਂ ਸਰੀਰਕ ਪ੍ਰਭਾਵਾਂ ਨਾਲ ਖੇਡਦੇ ਹਨ।
ਖਰੀਦਣ ਦੇ ਵਿਕਲਪਾਂ, ਯਾਦਾਂ ਨੂੰ ਸੋਚਣ ਲਾਉਂਦੇ ਹਨ। ਮਾਰਕੀਟਿੰਗ ਅਤੇ ਡਿਜ਼ਾਇਨ ਦੇ ਖੇਤਰਾਂ ਵਿੱਚ ਰੰਗ ਮਨੋਵਿਗਿਆਨ ਨਾਲ ਸਬੰਧਿਤ ਹਨ।
ਸਾਰੀਆਂ ਕੱਪੜਿਆਂ ਵਾਲੀਆਂ ਕੰਪਨੀਆਂ ਉਨ੍ਹਾਂ ਰੰਗਾਂ ਨੂੰ ਚੁਣਦੀਆਂ ਹਨ ਜਿਹੜੀਆਂ ਚ ਉਹ ਵਿਸ਼ਵਾਸ ਕਰਦੇ ਹਨ ਕਿ ਗਾਹਕ ਨੂੰ ਉਤਪਾਦ ਖਰੀਦਣ ਅਤੇ ਬ੍ਰਾਂਡ ਜਾਗਰੂਕਤਾ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਨਗੇ।
ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਵੀ ਰੰਗਾਂ ਦੀ ਥੈਰੇਪੀ, ਤਕਨੀਕਾਂ ਰੰਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਰੰਗਾਂ ਦੇ ਸੁਨੇਹੇ ਕਹਾਣੀਆਂ ਲਿਖਦੇ ਹਨ ਰੂਹਾਂ ਦੀਆਂ।
ਰੰਗ ਮਨੋਵਿਗਿਆਨ ਇੱਕ ਰੰਗ ਧਾਰਨਾ ਮੁਕਾਬਲਤਨ ਨਵੇਂ ਖੇਤਰ ਦਾ ਅਧਿਐਨ ਹੁੰਦਾ ਹੈ। ਚੁਣੌਤੀਆਂ ਦਾ ਸਾਹਮਣਾ ਕਰਨਾ ਦੱਸਦਾ ਹੈ।ਜੋ ਕਈ
ਵੱਡੀ ਮੁਸ਼ਕਲ ਇਹ ਨਿਰਧਾਰਤ ਕਰ ਰਹੀ ਹੈ ਕਿ ਅਸਲ ਵਿੱਚ ਰੰਗ ਦੇ ਪ੍ਰਭਾਵਾਂ ਨੂੰ ਕਿਵੇਂ ਮਾਪਣਾ ਹੈ। ਰੰਗਾਂ ਦੀ ਧਾਰਨਾ ਬਹੁਤ ਵਿਅਕਤੀਗਤ ਹੁੰਦੀ ਹੈ, ਕਿਉਂਕਿ ਵੱਖ-ਵੱਖ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ ਰੰਗਾਂ ਬਾਰੇ।
ਕਈ ਤੱਤ ਰੰਗਾਂ ਦੀ ਧਾਰਨਾ ਨੂੰ ਪ੍ਰਭਾਵਤ ਕਰਦੇ ਹਨ, ਜਿਸ ਨਾਲ ਇਹ ਨਿਰਧਾਰਤ ਕਰਨਾ ਮੁਸ਼ਕਲ ਹੁੰਦਾ ਹੈ ਕਿ ਰੰਗਾਂ ਸਾਡੀ ਭਾਵਨਾਵਾਂ ਅਤੇ ਕਿਰਿਆਵਾਂ 'ਤੇ ਕੀ ਪ੍ਰਭਾਵ ਹੁੰਦਾ ਹੈ।
ਕੋਈ ਵਿਰਲਾ ਹੀ ਬੰਦਾ ਹੋਵੇਗਾ ਜਿਹਨੂੰ ਰੰਗ ਨਹੀਂ ਚੰਗੇ ਸੋਹਣੇ ਲੱਗਦੇ ਹੋਣਗੇ।
ਉਮਰ, ਲਿੰਗ ਅਤੇ ਸੱਭਿਆਚਾਰ ਰੰਗ ਧਾਰਨਾ ਨੂੰ ਪ੍ਰਭਾਵਤ ਕਰਨ ਵਾਲੀਆਂ ਗੱਲਾਂ ਵਿੱਚ ਸ਼ਾਮਲ ਹਨ।
ਸਫੇਦ ਖੁਸ਼ੀ ਅਤੇ ਪਵਿੱਤਰਤਾ ਨਾਲ ਸੰਬੰਧਿਤ ਹੈ ਅਜਿਹੀ ਸਥਿਤੀ ਵਿਚ ਜਿੱਥੇ ਇਕ ਔਰਤ ਚਿੱਟੇ ਕੱਪੜੇ ਪਹਿਨੇ ਹੋਈ ਹੈ, ਕੀ ਉਹ ਖੁਸ਼ ਹੈ ਕਿਉਂਕਿ ਉਹ ਰੰਗੀਨ ਰੰਗ ਨਾਲ ਪ੍ਰਭਾਵਿਤ ਹੈ ਜਾਂ ਉਹ ਵਿਆਹ ਕਰਵਾ ਰਹੀ ਹੈ?
ਹੋਰ ਸਭਿਆਚਾਰ ਵਿਚੋਂ ਕਿਸੇ ਨੂੰ, ਚਿੱਟਾ ਰੰਗ ਪਹਿਨ ਕੇ ਉਦਾਸੀ ਦਰਸਾਉਣ ਦਾ ਸੰਕੇਤ ਮਿਲਦਾ ਹੈ। ਕਿਉਂਕਿ ਸਫੈਦ ਸੋਗ ਅਤੇ ਮੌਤ ਨਾਲ ਜੁੜਿਆ ਹੋਇਆ ਹੈ।
ਦੂਸਰੇ ਪਾਸੇ ਗੁਲਾਬੀ, ਲਾਲ ਰੰਗ ਖੁਸ਼ੀ ਦੇ ਨਾਲ ਸਬੰਧਿਤ ਹਨ। ਮਨੁੱਖੀ ਜਜ਼ਬਾਤਾਂ ਅਤੇ ਵਿਵਹਾਰ ਤੇ ਰੰਗਾਂ ਦੇ ਪ੍ਰਭਾਵ ਦੀ ਜਾਂਚ ਕਰਨ ਵੇਲੇ ਇਹਨਾਂ ਤੱਥਾਂ ਤੇ ਵੀ ਵਿਚਾਰ ਹੁੰਦਾ ਹੈ।
ਰੰਗਾਂ ਅਤੇ ਉਨ੍ਹਾਂ ਦਾ ਪ੍ਰਤੀਕ ਦੇ ਸੰਬੰਧ ਵਿੱਚ ਕੁਝ ਸਧਾਰਣ ਵਿਸ਼ਲੇਸ਼ਣਾਂ ਨੂੰ ਨਿਰਧਾਰਤ ਕੀਤਾ ਗਿਆ ਹੈ। ਲਾਲ, ਪੀਲੇ ਅਤੇ ਨਾਰੰਗੇ ਰੰਗ ਗਰਮ ਰੰਗ ਮੰਨੇ ਜਾਂਦੇ ਹਨ। ਭਾਵਨਾਵਾਂ ਨੂੰ ਉਤਸ਼ਾਹਿਤ ਕਰਦੇ ਹਨ।
ਦਿੱਖ ਰੌਸ਼ਨੀ ਦੇ ਨੀਲੇ ਹਰੇ ਰੰਗ ਸ਼ਾਂਤ, ਠੰਢ ਨਾਲ ਸੰਬੰਧਿਤ ਹਨ।
ਰੰਗ ਚਿੰਨ੍ਹ ਅਕਸਰ ਕੁਝ ਭਾਵਨਾਵਾਂ ਨੂੰ ਉਭਾਰਨ ਲਈ ਗ੍ਰਾਫਿਕ ਡਿਜ਼ਾਈਨ ਵਿਚ ਲਗਾਏ ਜਾਂਦੇ ਹਨ। ਭਾਵੇਂ ਉਮਰ, ਲਿੰਗ, ਸੱਭਿਆਚਾਰ ਖੋਜ ਅਧਿਐਨ ਦਰਸਾਉਂਦੇ ਹਨ ਕਿ ਰੰਗਾਂ ਦਾ ਕੁਝ ਵਿਅਕਤੀਆਂ ਵਿਚ ਸਰੀਰ ਵਿਗਿਆਨ, ਵਿਹਾਰ ਅਤੇ ਮਨੋਦਸ਼ਾ ਤੇ ਕੁਝ ਪ੍ਰਭਾਵ ਪੈਂਦਾ ਹੈ।
ਲਾਲ ਰੰਗ ਵਿਚ ਚੇਤਾਵਨੀ ਪਿਆਰ ਹਿੰਮਤ ਅਹਿਸਾਸ ਗੁੱਸਾ ਹੈ। ਜਿਵੇਂ ਕ੍ਰੋਧ ਨਫ਼ਰਤ ਵਿਚ ਲਾਲ ਪੀਲੇ ਹੋ ਜਾਂਦੇ ਹਨ ਲੋਕ। ਇਹ ਪੱਛਮੀ ਸਭਿਆਚਾਰਾਂ ਵਿਚ ਸ਼ਕਤੀ, ਨਿਯੰਤਰਣ ਅਤੇ ਤਾਕਤ ਨਾਲ ਜੁੜਿਆ ਹੋਇਆ ਹੈ।
ਇਹ ਰੰਗ ਖ਼ਤਰੇ ਨੂੰ ਵੀ ਸੰਕੇਤ ਅਤੇ ਚੌਕਸੀ ਨੂੰ ਵੀ ਸ਼ੁਰੂ ਕਰਦਾ ਹੈ
ਟਰੈਫਿਕ ਲਾਈਟਾਂ 'ਤੇ ਲਾਲ ਨੂੰ ਡ੍ਰਾਈਵਰਾਂ ਨੂੰ ਚੇਤਾਵਨੀ ਦੇਣ ਅਤੇ ਰੋਕਣ ਲਈ ਸੰਕੇਤ ਦਿੰਦਾ ਹੈ। ਸੱਪ, ਨੂੰ ਲਾਲ ਰੰਗ ਦੇਣ ਦਾ ਮਤਲਬ ਹੈ ਕਿ ਉਹ ਖ਼ਤਰਨਾਕ ਅਤੇ ਮਾਰੂ ਹਨ। ਲਾਲ ਰੰਗ ਪ੍ਰਕਾਸ਼ ਸਪੈਕਟ੍ਰਮ 'ਤੇ ਰੌਸ਼ਨੀ ਦਾ ਸੱਭ ਤੋਂ ਲੰਬਾ ਤਰੰਗ-ਲੰਬਾਈ ਹੈ। ਲਾਲ ਜਜ਼ਬਾਤ ਨੂੰ ਦਸਦਾ ਹੈ। ਲੜਾਈ ਦਾ ਸੱਦਾ ਦਿੰਦਾ ਹੈ। ਖ਼ਤਰਨਾਕ ਸਥਿਤੀ ਦਾ ਸਾਹਮਣਾ ਕਰਨ ਨੂੰ ਕਹਿੰਦਾ ਹੈ।ਲੜਨ ਜਾਂ ਦੌੜਨ ਲਈ ਕਹਿੰਦਾ ਹੈ।
ਇਹ ਰੰਗ ਆਕਸੀਜਨ ਅਤੇ ਖ਼ੂਨ ਦੇ ਦਬਾਅ ਨੂੰ ਵਧਾਉਣ ਲਈ ਵੀ ਹੈ। ਚਿੰਤਾਜਨਕ ਸਥਿਤੀ ਦੇ ਦੌਰਾਨ ਕਾਰਵਾਈ ਲਈ ਤਿਆਰ ਕਰਨ ਲਈ ਵੀ ਹੈ।
ਪਿਆਰ ਦਾ ਉਮਰ ਵਾਂਗ ਕੋਈ ਰੰਗ ਨਹੀਂ ਹੈ| ਆਓ ਮੁਹੱਬਤ ਨੂੰ ਕੋਈ ਰੰਗ ਵਾਲੀ ਕਹੀਏ।
ਜਦੋਂ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ, ਵੈਲੇਨਟਾਈਨ ਡੇਅ ਵਾਲੇ ਦਿਨ ਤਾਂ ਲਾਲ ਰੰਗ ਦਾ ਗੁਲਾਬ ਜ਼ਰੂਰ ਦਿੰਦੇ ਹਾਂ।
ਲਾਲ ਰੰਗ ਨੂੰ ਪਿਆਰ ਮੁਹੱਬਤ ਦਾ ਰੰਗ ਕਿਹਾ ਜਾਂਦਾ ਹੈ।
ਚੀਨੀ ਲਾਲ ਰੰਗ ਨੂੰ ਕਿਸਮਤ ਅਤੇ ਸ਼ਾਂਤੀ ਨਾਲ ਜੋੜਦੇ ਹਨ। ਇਸੇ ਲਈ ਵਿਆਹ ਵਾਲੇ ਦਿਨ ਵਹੁਟੀ ਬਣੀ ਕੁਆਰੀ ਲਾਲ ਕੱਪੜੇ ਪਾਉਂਦੀ ਹੈ। ਪਾਵਰਫੁਲ ਹੈ ਇਹ ਰੰਗ।
ਹਰ ਕਿਸੇ ਨੂੰ ਆਪਣੇ ਵੱਲ ਜਲਦੀ ਹੀ ਆਕਰਸ਼ਕ ਕਰ ਲੈਂਦਾ ਹੈ। ਸੰਸਕ੍ਰਿਤੀ ਤੋਂ ਲੈ ਕੇ ਟ੍ਰੇਫਿਕ ਸਿਗਨਲ 'ਤੇ ਰੁਕਣ ਦੇ ਲਈ ਲਾਲ ਰੰਗ ਨੂੰ ਅਹਿਮਿਅਤ ਦਿੱਤੀ ਜਾਂਦੀ ਹੈ।
ਮੱਧ ਯੁੱਗ ਤੋਂ ਹੀ ਲਾਲ ਰੰਗ ਦੇ ਝੰਡੇ ਨੂੰ ਕਿਲੇ ਦੇ ਉੱਪਰ ਲਗਾ ਕੇ ਸ਼ਤਰੂ ਨੂੰ ਆਕਰਮਣ ਦਾ ਸੰਕੇਤ ਦਿੱਤਾ ਜਾਂਦਾ ਸੀ। ਲਾਲ ਰੰਗ ਸਾਹਸ ਅਤੇ ਤਿਆਗ ਦਾ ਪ੍ਰਤੀਕ ਵੀ ਹੈ। ਇਹ ਯੁੱਧ ਦੇ ਦੇਵਤਾ ਮੰਗਲ ਦਾ ਪ੍ਰਤੀਕ ਹੋਣ ਕਰਕੇ ਗੁੱਸੇ ਦੇ ਪਲਾਂ ਅਤੇ ਆਕ੍ਰੋਸ਼ ਨੂੰ ਵੀ ਦਰਸ਼ਾਉਂਦਾ ਹੈ।
13 ਵੀਂ ਸ਼ਤਾਬਦੀ 'ਚ ਪ੍ਰਸਿੱਧ ਫਰੈਂਚ ਕਵਿਤਾ ਰੋਮਨ ਡੇ ਲਾ ਰੋਜ਼ 'ਚ ਇਕ ਬਗੀਚੇ 'ਚ ਲੇਖਕ ਲਾਲ ਰੰਗ ਦਾ ਫੁੱਲ ਲੱਭ ਰਿਹਾ ਹੈ। ਉਸਦੀ ਕਵਿਤਾ 'ਚ ਲਾਲ ਰੰਗ ਦਾ ਫੁੱਲ ਉਸਦੇ ਜੀਵਨ 'ਚ ਇਕ ਲੜਕੀ ਪ੍ਰੇਮ ਦੀ ਤਲਾਸ਼ ਹੈ।
ਇਸਦੇ ਇਲਾਵਾ ਲਾਲ ਰੰਗ ਦਾ ਪ੍ਰੇਮ ਨਾਲ ਸਬੰਧ ਵੀ ਹੈ ਕਿਉਂ ਕਿ ਲਾਲ ਰੰਗ ਸ਼ਰੀਰਕ ਆਕਰਸ਼ਣ ਨਾਲ ਜੁੜਿਆ ਹੋਇਆ ਹੈ।
ਅਟ੍ਰੈਕਿਟਵ ਰੰਗ ਇਸ ਅਧਿਐਨ ਦੇ ਮੁਤਾਬਕ, ਮਰਦਾਂ ਨੂੰ ਔਰਤਾਂ ਦੀ ਅਲੱਗ-ਅੱਲਗ ਤਸਵੀਰਾਂ ਦਿਖਾਈਆਂ ਗਈਆਂ ਜਿਨ੍ਹਾਂ 'ਚੋਂ ਮਰਦਾਂ ਨੇ ਲਾਲ ਰੰਗ ਦੇ ਡ੍ਰੈੱਸ ਪਹਿਨਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਅਕਰਸ਼ਿਤ ਦੱਸਿਆ, ਜਿਸ ਨਾਲ ਮੰਨਿਆ ਗਿਆ ਕਿ ਲਾਲ ਰੰਗ ਕਿਸੇ ਨੂੰ ਵੀ ਆਪਣੀ ਵੱਲ ਆਕਰਸ਼ਿਤ ਕਰਨ ਦੀ ਸ਼ਕਤੀ ਰੱਖਦਾ ਹੈ।
ਇੰਝ ਹੋਈ ਸੀ ਮੁਹੱਬਤ ਲਾਲ ਸੂਹੀ ਰੰਗਾਂ ਵਾਲੀ। ਖੁਸ਼ੀ ਚ ਨਹਾਤੀ ਤੇ ਡੁੱਬਕੀਆਂ ਲਾਉਂਦੀ।
ਬ੍ਰਹਿਮੰਡ ਦੇ ਕੈਨਵਸ ਉੱਤੇ ਦੂਰ ਤੱਕ ਫੈਲੇ ਹੋਏ ਇਹ ਰੰਗ, ਕਦੇ ਸੂਰਜ ਨੂੰ ਉਦੈ ਕਰਦੇ। ਰੰਗ ਦੇਂਦੇ ਆਸ਼ਕ ਅੰਬਰ ਨੂੰ ਸਾਰਾ ਲਾਲ। ਕਦੇ ਚੰਨ ਦਾ ਮੁੱਖੜਾ ਢੱਕ ਲੈਂਦੇ। ਚਿੱਟੇ ਸਲੇਟੀ ਬੱਦਲਾਂ ਨਾਲ!
ਰੰਗਾਂ ਦੀ ਰੁਮਾਂਚਿਕ ਕਿਣਮਿਣ ਵਿਚ ਤਨ ਮਨ ਸਾਰੀ ਰੂਹ ਭਿੱਜ ਜਾਵੇ। ਰੰਗ-ਮੰਡਲ ‘ਚੋਂ ਲੈ ਕੇ ਕੁਝ ਰੰਗ, ਸ਼ਬਦਾਂ ਦੀ ਮਾਂਗ ਵੀ ਸਜਾਇਆ ਕਰੋ।
ਰੰਗ ਉਮੀਦਾਂ ਰੂਹਾਂ ਦੀਆਂ। ਇਹਨਾਂ ਦੇ ਕਿਰਮਚੀ ਰੰਗਾਂ ਵਿਚ ਭਿੱਜ ਜਾਣ ਸੂਹੇ ਹੋਠਾਂ ਦੇ ਬੋਲ। ਸੁਨਿਹਰੀ ਰੇਤ ਪਿਆਸੀ ਤੋਂ ਲੰਘ ਨਾ ਸਕਣ ਨੀਲੇ ਦਰਿਆ ਦੇ ਸੁੱਚੇ ਪਾਣੀ। ਲਾਲ ਸੂਹੀ ਮਖ਼ਮਲੀ ਕਰ ਜਾਂਦੀ ਹੈ ਧਰਤ ਨੂੰ ਤੇਰੇ ਸੂਹੇ ਬੁੱਲਾਂ ਦੀ ਪਿਆਸ।
ਚੱਲਦਾ ਅਜੇ ?????
ਰਾਗ -ਏ -ਜ਼ਿੰਦਗੀ ❤️??????
ਤੁਰੀ ਫਿਰਦੀ ਗਾਉਂਦੀ ਜ਼ਿੰਦਗੀ-ਡਾ ਅਮਰਜੀਤ ਟਾਂਡਾ ?❤️?????
ਮਹਾਂ ਧਨਾਢ ਲੋਕ, ਅੰਬਰਾਂ ਵਰਗੀਆਂ ਜਾਇਦਾਦਾਂ ਵਾਲੇ ਕਦੇ ਵੀ ਸੁਖ ਚੈਨ ਦੀ ਜ਼ਿੰਦਗੀ ਨਹੀਂ ਗੁਜ਼ਾਰਦੇ। ਉਹਨਾਂ ਨੂੰ ਆਰਾਮ ਨਹੀਂ ਉਮਰ ਭਰ। ਰਾਤਾਂ ਉਹਨਾਂ ਨੂੰ ਆਰਾਮ ਨਹੀਂ ਕਰਨ ਦਿੰਦੀਆਂ। ਦਿਨ ਉਹਨਾਂ ਨੂੰ ਪਲ ਭਰ ਵੀ ਚੈਨ ਨਹੀਂ ਲੈਣ ਦਿੰਦੇ।
ਉਹਨਾਂ ਦੇ ਪਹਿਰ ਜ਼ਿੰਦਗੀ ਲਈ ਮੁਸ਼ਤਾਕ ਨਹੀਂ ਹੁੰਦੇ। ਉਮਰ ਉਹਨਾਂ ਨੂੰ ਜਿਉਣਾ ਨਹੀਂ ਸਿਖਾਉਂਦੀ। ਉਹ ਉਮਰ ਭਰ ਸਬਕ ਨਹੀਂ ਲੈਂਦੇ ਅਨੰਦਮਈ ਤਰੰਗਾਂ ਦਾ।
ਬੈਠੇ ਕੋਸਦੇ ਰਹਿੰਦੇ ਹਨ ਅਤੀਤ ਦੇ ਖਾਬਾਂ ਨੂੰ।
ਫਿਰ ਵੀ ਉਣਦੇ ਰਹਿੰਦੇ ਹਨ ਨਵੇਂ ਨਵੇਂ ਸੁਫ਼ਨੇ। ਜ਼ਿੰਦਗੀ ਦੀਆਂ ਤਰਕੀਬਾਂ ਵਿੱਚੋਂ ਤਰੰਗਤ ਸੁਰਾਂ ਨਹੀਂ ਲੱਭਦੀਆਂ।
ਤੇ ਦੂਸਰੇ ਪਾਸੇ ਉਹ ਕਿਰਤੀ ਮਜ਼ਦੂਰ, ਨਵੇਂ ਸੂਰਜਾਂ ਨਾਲ ਹੀ ਖੁਸ਼ ਹੋ ਲੈਂਦੇ ਨੇ। ਨਿੱਘ ਮਾਣ ਕੇ। ਕੱਕਰੀਆਂ ਰਾਤਾਂ ਦੇ ਝੰਭੇ ਹੋਏ।
ਨੱਚਦੇ ਫਿਰਦੇ ਗਿੱਧਾ ਪਾਉਂਦੇ ਰਹਿੰਦੇ ਹਨ ਜ਼ਰਾ ਕੁ ਧੁੱਪ ਚੜ ਆਵੇ ਤਾਂ। ਸੂਰਜ ਹੀ ਉਹਨਾਂ ਦਾ ਗੀਤ ਹੁੰਦਾ ਹੈ। ਧੁੱਪ ਹੀ ਹੁੰਦੀ ਹੈ ਉਹਨਾਂ ਦੀ ਆਸ ਤੇ ਉਮੀਦ।
ਉਹਨਾਂ ਦੀ ਤਾਂ ਦਿਹਾੜੀ ਲੱਗਦੀ ਰਹੇ ਉਹ ਉਸ ਵਿੱਚ ਹੀ ਸੰਤੁਸ਼ਟ ਨੇ। ਰੱਜ ਕੇ ਸੌਂਦੇ ਨੇ, ਖਾਂਦੇ ਨੇ। ਲੋਹੜੇ ਦਾ ਆਨੰਦ ਮਾਣਦੇ ਨੇ ਜ਼ਿੰਦਗੀ ਦਾ।
ਉਹ ਤਾਂ ਚਾਹ ਦੇ ਘੁੱਟ ਘੁੱਟ ਵਿੱਚੋਂ ਜ਼ਿੰਦਗੀ ਲੱਭ ਲੈਂਦੇ ਹਨ। ਪਛਾਣ ਲੈਂਦੇ ਹਨ ਉੱਧੜੇ ਪਾਟੇ ਪੁਰਾਣੇ ਝੱਗਿਆਂ ਚੋਂ ਰੰਗ ਫੁੱਲਾਂ ਦੇ।
ਗੀਤਾਂ ਦੇ ਸੁਰ ਭਾਲ ਲੈਂਦੇ ਹਨ ਖਾਲੀ ਆਟੇ ਦੇ ਡੱਬਿਆਂ ਚੋਂ।
ਧਰਤ ਮਾਂ ਦਾ ਸ਼ੁਕਰ ਕਰਦੇ ਨੇ। ਉਹਦੀ ਗੋਦ ਵਿੱਚ ਖੇਲਦੇ ਬੱਚਿਆਂ ਨੂੰ ਖਿਡਾਉਂਦੇ। ਚੰਨ ਤਾਰਿਆਂ ਨਾਲ ਬਾਤਾਂ ਪਾਉਂਦੇ ਸੌਂਦੇ ਹਨ।
ਦਸਾਂ ਨੌਹਾਂ ਦੀ ਕਿਰਤ ਕਮਾਈ ਹੀ ਉਹਨਾਂ ਦੀ ਖੁਸ਼ੀ, ਸੰਤੋਖ ਜ਼ਿੰਦਗੀ ਦਾ ਸੁਰੀਲਾ ਨਗ਼ਮਾ ਹੁੰਦਾ ਹੈ।
ਉਹਨਾਂ ਦੀਆਂ ਤੰਗੀਆਂ ਤੁਰਸੀਆਂ ਅੱਜ ਦੇ ਟੁੱਕ ਦਾ ਇੰਤਜ਼ਾਮ ਹੀ ਹੁੰਦੀਆਂ ਹਨ। ਕੱਲ ਦਾ ਨਹੀਂ ਸੋਚਦੀਆਂ। ਮੁੱਠੀ ਭਰ ਅੰਨ ਨਾਲ ਸਾਰ ਲੈਂਦੀਆਂ ਹਨ। ਮੈਲੇ ਕੁਚੈਲੇ ਥੋੜੇ ਹੀ ਕੱਪੜਿਆਂ, ਮੌਸਮਾਂ ਨਾਲ ਖੇਡ ਲੈਂਦੀਆਂ ਹਨ।
ਪੰਛੀਆਂ ਨਾਲ ਗਾ ਲੈਂਦੇ ਨੇ ਉਹ ਲੋਕ।
ਨਿੱਕੀਆਂ ਨਿੱਕੀਆਂ ਬੋਟਾਂ ਵਾਂਗ ਉਡਾਰੀਆਂ ਭਰਦੇ।
ਵਾਲ ਵਾਹੇ ਚਾਹੇ ਨਾ ਹੋਣ। ਸੁਰਖੀ ਬਿੰਦੀ ਮਿਲੇ ਜਾਂ ਨਾ ਮਿਲੇ। ਮੈਲੀਆਂ ਪਾਟੀਆਂ ਚੁੰਨ੍ਹੀਆਂ ਦੇ ਓਹਲੇ ਕਰ ਸਾਰ ਲੈਂਦੀਆਂ ਹਨ। ਸੱਜਰੇ ਸੂਰਜਾਂ ਨੂੰ ਤੱਕਦੀਆਂ ਦੁਪਹਿਰਾਂ ਸ਼ਾਮਾਂ ਵਿੱਚ ਨੱਚਦੀਆਂ ਟੱਪਦੀਆਂ ਹੱਸਦੀਆਂ।
ਕਦੇ ਕਦੇ ਜ਼ਿੰਦਗੀ ਨੂੰ ਕੋਸਦੀਆਂ ਹਨ। ਰੂਹਾਂ ਨੂੰ ਪਛਤਾਵੇ ਲਾਉਂਦੀਆਂ ਨੇ। ਪਰ ਜ਼ਿੰਦਗੀ ਦਾ ਗੀਤ ਗਾ ਕੇ। ਸਿੱਲੀਆਂ ਪਾਥੀਆਂ ਦੇ ਧੂੰਏ ਵਿੱਚ ਗਿੱਲੇ ਅੱਥਰੂ ਪੂੰਝ ਕੇ ਲੁਕੋ ਲੈਂਦੀਆਂ ਹਨ ਸਾਰੇ ਦੁੱਖ। ਸਿਰ ਦੇ ਸਾਂਈ ਨੂੰ ਵੀ ਨਹੀਂ ਦੱਸਦੀਆਂ ਸਾਹਾਂ ਨੂੰ ਲੱਗੇ ਸੱਲ। ਤੇ ਝੋਰਿਆਂ ਨੂੰ ਖਾ ਗਏ ਉਨੀਂਦਰੀਆਂ ਰਾਤਾਂ ਦੇ ਪਲ।
ਮਜ਼ਬੂਰ ਬੇਬਸ ਹੋਈਆਂ ਝੌਪੜੀਆਂ ਦੇ ਕੱਖ ਜਿੱਥੇ ਦਿੱਲ ਦੀ ਦੱਸਣ ਜੋਗੇ ਨਹੀਂ ਰਹਿ ਜਾਂਦੇ।
ਫਿਰ ਵੀ ਜਪ-ਤਪ, ਸੰਜਮ, ਸਬਰ-ਸੰਤੋਖ ਨਾਲ ਜੀਵਨ ਬਤੀਤ ਕਰਨ ਵਾਲੇ ਹੀ ਅੰਬਰਾਂ ਦੇ ਰਾਹ ਭੇਦ ਪਛਾਣਦੇ ਹਨ।
ਇਹੀ ਲੋਕ ਨੇ ਜੋ ਅਸਲ ਜ਼ਿੰਦਗੀ ਨੂੰ ਜਿਊਣਾ ਸਿਖਾਉਂਦੇ ਹਨ। ਸਮਾਜ ਨੂੰ ਦਸਦੇ ਹਨ ਵਿਚਰਨਾ। ਦੁੱਖਾਂ ਨੂੰ ਭਟਕਣਾ ਚ ਪਾ ਕੇ ਅਗਲੀ ਮੰਜ਼ਿਲ ਤਹਿ ਕਰਦੇ ਹਨ।
ਸਹਿਜਤਾ ਨਾਲ ਜੀਵਨ ਬਸਰ ਕਰਨਾ ਇਹ ਸਿਖਾਉਂਦੀਆਂ ਨੇ ਰੂਹਾਂ। ਫ਼ਕੀਰੀ ਵੇਸ ਜ਼ਿੰਦਗੀ ਦੇ ਮਾਰਗ ਦਰਸ਼ਨ ਕਰਾਉਂਦੇ ਹਨ।
ਮੈਂ ਪਿੰਡ ਦੇਖਦਾ ਹੁੰਦਾ ਸਾਂ ਕਿ ਇਹ ਕਿਰਤ ਲਿਖਣ ਵਾਲੇ ਲੋਕ। ਉਸੇ ਵੇਲੇ ਹੀ ਚਾਹ ਪੱਤੀ ਦਾ ਸਮਾਨ ਲਿਆ ਕੇ ਚਾਹ ਬਣਾਉਂਦੇ ਹੱਸਦੇ ਗਾਉਂਦੇ ਹੁੰਦੇ ਸਨ।
ਉਸੇ ਵੇਲੇ ਹੀ ਅੰਨ ਪਾਣੀ ਦਾ ਪ੍ਰਬੰਧ ਕਰਕੇ ਖਾਂਦੇ ਤੇ ਮੌਜ਼ਾਂ ਕਰਦੇ ਫਿਰਦੇ ਸਨ। ਉਹਨਾਂ ਦੇ ਹੱਥਾਂ ਵਿੱਚ ਹੀ ਦਿਨ ਦਾ ਗੀਤ ਲਿਖਿਆ ਜਾਂਦਾ ਸੀ ਜਦੋਂ ਉਹ ਸੁੱਕਾ ਹੋਇਆ ਬਿਸਕੁਟ ਡੁਬੋ ਕੇ ਖਾਂਦੇ ਆਪਣੀ ਤਕਦੀਰ ਦੇ ਟੁੱਟੇ ਕੱਪ ਗਲਾਸ ਵਿੱਚ।
ਉਸ ਵੇਲੇ ਚਿੜੀਆਂ ਆ ਕੇ ਉਹਨਾਂ ਨੂੰ ਵਿਰਾ ਦਿੰਦੀਆਂ। ਬਨੇਰੇ ਤੇ ਬੈਠਾ ਕਾਂ ਸੁੱਖ ਦੇ ਸੁਨੇਹੇ ਦੇ ਜਾਂਦਾ। ਕਿਸੇ ਆਪਣੇ ਦੇ ਆਉਣ ਦਾ ਰਾਹ ਵੇਖਣ ਜੋਗਾ ਹੁੰਦਾ।
ਇੰਝ ਦਿਨ ਬਣਦੇ ਉਸਰਦੇ ਸਨ।
ਤੁਸੀਂ ਅਸੀਂ ਅੱਜ ਏਨੀਆਂ ਜਾਇਦਾਦਾਂ ਕਾਰਾਂ ਕੋਠੀਆਂ ਦੇ ਮਾਲਕ ਹੁੰਦੇ ਹੋਏ ਵੀ ਬਿਮਾਰੀਆਂ ਵਿੱਚ ਗਰਸੇ ਫਿਰਦੇ ਹੋ।
ਚਿੰਤਾ ਤੁਹਾਨੂੰ ਅਜੇ ਵੀ ਰਾਤ ਦਿਨ ਦੀ ਪਈ ਹੋਈ ਹੈ। ਔਲਾਦ ਜਿਹੜੀ ਆਖੇ ਨਹੀਂ ਲੱਗਦੀ ਉਸ ਦੀ ਤੁਹਾਨੂੰ ਫਿਕਰ ਹੈ। ਨੀਂਦਾਂ ਨਹੀਂ ਆਉਂਦੀਆਂ। ਕਈ ਕਈ ਬਿਮਾਰੀਆਂ ਝੋਰੇ ਨਹੀਂ ਸੌਣ ਦਿੰਦੇ।
ਫਿਰ ਤੁਸੀਂ ਹੀ ਦੱਸੋ ਕਿ ਕੀ ਅਸੀਂ ਸੁਖ ਚੈਨ ਨਾਲ ਜੀ ਰਹੇ ਹਾਂ ਕਿ ਉਹ ਲੋਕ, ਜੋ ਹਰ ਡੰਗ ਟਪਾਉਂਦੇ ਨੱਚਦੇ ਖੇਡਦੇ ਹਨ।
ਕਿ ਅਸੀਂ ਜੋ ਚਿੰਤਾ ਵਿੱਚ ਵਿਚਰਦੇ ਪਹਿਰਾਂ ਪਲਾਂ ਨਾਲ ਮਸਾਂ ਟੁਰ ਰਹੇ ਹਾਂ।
ਸਦਾ ਮਿਹਨਤ ਕਿਰਤ ਦੇ ਗੀਤ ਹੀ ਸ਼ਾਹਿਦ-ਏ-ਮਾਨੀ, ਮਹਾਨ ਰਹਿਣਗੇ। ਅੰਬਰਾਂ ਵਿੱਚ ਗਾਉਂਦੇ ਤਾਰਿਆਂ ਨਾਲ ਬਾਤਾਂ ਪਾਉਂਦੇ ਫ਼ਰਾਵਾਂ ਬਣਨਗੇ।
ਘਰਾਂ ਨੂੰ ਖਾਲੀ ਆਉਂਦੇ ਰੋਟੀ ਦੇ ਡੱਬਿਆਂ ਦੇ ਗੀਤ ਹੀ ਜ਼ਿੰਦਗੀ ਨੂੰ ਰੋਜ਼ ਗਾਉਂਦੇ ਰਹਿਣਗੇ।
ਕਦੇ ਰੋੜੀ ਕੁੱਟਦੀ ਮਜ਼ਦੂਰ ਕੁੜੀ ਦੇ ਆਵੇਜ਼ਾਂ ਦੇ ਗੀਤ, ਅਫ਼ਸੂੰ ਸੁਣਿਓ। ਤੇ ਨੇੜੇ ਕੱਪੜੇ ਦੇ ਬਣਾਏ ਭੰਘੂੜੇ ਵਿੱਚ ਉਹਦੇ ਗੀਗੇ ਦੇ ਨੀਂਦ ਦੇ ਰਾਗ ਸੁਣਿਓ।
ਉਥੇ ਹੀ ਨੇੜੇ ਤੇੜੇ ਹੀ ਤੁਹਾਨੂੰ ਤਬ-ਏ-ਸ਼ਾਯਰ ਤੇ ਸ਼ਾਇਰੀ ਦਿਸੇਗੀ ਕਿਤੇ ਤੁਰੀ ਫਿਰਦੀ ਗਾਉਂਦੀ ਜ਼ਿੰਦਗੀ ਵੀ।
❤️???????
ਬਾਤ-ਏ-ਇਸ਼ਕ ?????
ਪੁਰਾਣੀ ਬੀਤੀ ਇਸ਼ਕ ਕਹਾਣੀ ਦੀ ਮੁਸਕਾਨ -ਅਮਰਜੀਤ ਟਾਂਡਾ ???????
ਕਿੱਥੇ ਮੁੱਕਦੀਆਂ ਹਨ ਝੱਲੇ ਇਸ਼ਕ ਦੀਆਂ ਕਹਾਣੀਆਂ। ਇਹ ਤਾਂ ਲੱਭਦੀਆਂ ਫਿਰਦੀਆਂ ਹਨ ਇਸ਼ਕ ਨੂੰ ਮਾਰੂਥਲਾਂ ਵਿੱਚ, ਤਰਤੀਆਂ ਫਿਰਦੀਆਂ ਹਨ ਝਨਾਂ ਦੇ ਪਾਣੀਆਂ ਉੱਤੇ। ਗਾਉਂਦੀਆਂ ਫਿਰਦੀਆਂ ਹਨ ਲਹਿਰਾਂ ਦੇ ਨਾਲ।
ਝੱਲਾ ਇਸ਼ਕ ਹੀ ਲੱਭਦਾ ਹੈ ਉਮਰਾਂ ਦੀਆਂ ਵਾਟਾਂ ਚੋਂ ਮੁਹੱਬਤ ਨੂੰ। ਇਸੇ ਉਮਰ ਚ ਹੀ ਗੁਆਚਦੀ ਹੈ ਖਿੱਤੀਆਂ ਦੇ ਝੁੰਡ ਵਿਚ ਸੋਹਣੀ ਅੱਲੜ੍ਹ ਕੁਆਰੀ ਕੋਈ ਖਿੱਤੀ। ਸੋਹਣੀ ਸੂਰਤ ਵਰਗੀ।
ਮੁਹੱਬਤ ਦੀਆਂ ਵਾਟਾਂ ਵਿੱਚ ਕੋਈ ਮਿਲ ਹੀ ਜਾਂਦਾ ਹੈ ਮਰੀਅਮ ਵਰਗਾ। ਮਹਿੰਦੀ ਵਾਲੇ ਹੱਥਾਂ ਨਾਲ ਚੂਰੀਆਂ ਕੁੱਟ ਕੁੱਟ ਕੇ ਲਿਆਉਣ ਖਵਾਉਣ ਵਾਲਾ।
ਪਰੀਆਂ ਵਰਗੇ ਮੁਖੜੇ, ਸੂਰਤਾਂ ਮਿਲ ਹੀ ਪੈਂਦੀਆਂ ਹਨ। ਭਾਵੇਂ ਮਿਲ ਕੇ ਗੁਆਚ ਹੀ ਕਿਉਂ ਨਾ ਜਾਣ।
ਹੱਸਦੇ ਖਿੜੇ ਫੁੱਲਾਂ ਵਰਗੇ ਚਿਹਰਿਆਂ ਦੀ ਘਾਟ ਨਹੀਂ ਹੁੰਦੀ, ਇਹ ਟੱਕਰ ਹੀ ਜਾਂਦੇ ਨੇ ਕਿਤੇ ਨਾ ਕਿਤੇ ਰਾਹਾਂ ਮੋੜਾਂ ਤੇ।
ਸੋਹਣੀਆਂ ਨਜ਼ਮਾਂ ਵਰਗੀਆਂ ਹੀਰਾਂ ਸੱਸੀਆਂ ਤਾਂ ਲੱਭਦੀਆਂ ਫਿਰਦੀਆਂ ਹਨ ਆਪਣੇ ਹਾਣ। ਕਵਿਤਾਵਾਂ ਗ਼ਜ਼ਲਾਂ ਵਰਗੀਆਂ ਲੰਮ-ਸਲੰਮੀਆਂ ਤਾਂ ਕਿੱਕਲੀਆਂ ਬੋਲੀਆਂ ਪਾਉਂਦੀਆਂ ਨਹੀਂ ਥੱਕਦੀਆਂ ਗਿੱਧਿਆਂ ਵਿਚ। ਆਪਣੇ ਆਪਣੇ ਮਾਹੀਏ ਨੂੰ ਸੱਦਦੀਆਂ।
ਧੁਖ਼ਦੀ ਧੂਣੀ ਲਈ ਫਿਰਦੀਆਂ ਹਿੱਕਾਂ ਵਿੱਚ, ਸਰੂ ਵਰਗੇ ਕੱਦ ਤਾਂ ਵਿੰਨ੍ਹਦੇ ਫਿਰਦੇ ਹਨ ਕਈ ਕਈ ਸੀਨਿਆਂ ਨੂੰ ਰੋਜ਼ ਗਲੀਆਂ ਚੁਰਾਹਿਆਂ ਵਿੱਚ। ਫਿਰ ਵੀ ਕੋਈ ਨਾ ਤੱਕੇ ਤਾਂ ਉਹਦੀ ਮਰਜ਼ੀ।
ਇਹ ਉਮਰ ਹੀ ਏਦਾਂ ਦੀ ਅੱਗ ਦੇ ਅੰਗਿਆਰਾਂ ਤੇ ਟੁਰਨ ਵਰਗੀ ਹੁੰਦੀ ਹੈ ਭਾਵੇਂ ਕਿਸੇ ਗੱਭਰੂ ਤੇ ਆਵੇ ਤੇ ਭਾਵੇਂ ਕਿਸੇ ਕੱਚ ਕੁਆਰੀ ਮੁਟਿਆਰ ਉੱਤੇ।
ਇਸ ਉਮਰੇ ਨਾ ਤਾਂ ਆਪਣੇ ਆਪ ਨੂੰ, ਨਾ ਹੀ ਆਪਣੀ ਟੋਰ ਦਾ ਪਤਾ ਲੱਗਦਾ ਹੈ ਤੇ ਨਾ ਹੀ ਨਜ਼ਰਾਂ ਦੇ ਤੀਰ ਕਾਬੂ ਵਿਚ ਰਹਿੰਦੇ ਹਨ।
ਸੱਭ ਕੁੱਝ ਬੇਬਸ ਹੋ ਜਾਂਦਾ ਹੈ। ਆਪੇ ਤੋਂ ਬਾਹਰ ਹੋ ਜਾਂਦੀਆਂ ਹਨ ਅੱਖਾਂ ਰਾਤ ਭਰ ਕਿਸੇ ਨਾ ਗੱਲਾਂ ਕਰਦੀਆਂ ਚੁੱਪ ਵਿੱਚ। ਤਾਰਿਆਂ ਨੂੰ ਲੱਭਣ ਦੇ ਬਹਾਨੇ ਕਰਦੀਆਂ।
ਤੇ ਫਿਰ ਇਹਨਾਂ ਹੀ ਗੱਲਾਂ ਨੂੰ ਯਾਦ ਕਰਦਿਆਂ ਕਰਦਿਆਂ ਸਾਰੀ ਉਮਰ ਬੀਤ ਜਾਂਦੀ ਹੈ। ਉਹ ਪਲ ਮਿਲਾਪੜੇ ਚੇਤੇ ਆਉਂਦੇ ਹਨ । ਜਦੋਂ ਉਹ ਨੇੜੇ ਦੂਰ ਜਾਂਦੀ ਦਿਸਦੀ ਹੁੰਦੀ ਸੀ। ਗੱਲਾਂ ਹੀ ਗੱਲਾਂ ਵਿੱਚ ਹੁੰਗਾਰੇ ਭਰਦੀ। ਚੁੱਪ ਜਿਹੀ ਰਹਿੰਦੀ, ਨਿੱਕੀ ਨਿੱਕੀ ਗੱਲ ਕਰਦੀ ਤੇ ਗੁੰਮ ਹੋ ਜਾਂਦੀ ਨਜ਼ਰਾਂ ਤੋਂ। ਫਿਰ ਮਿਲਣ ਦਾ ਬਹਾਨਾ ਕਰਕੇ। ਜਾਨ ਲੈ ਜਾਂਦੀ ਆਪਣੇ ਨਾਲ ਖਿੱਚ ਕੇ। ਜਖ਼ਮ ਕਰ ਜਾਂਦੀ ਸੀਨੇ ਤੇ। ਜਿਉਣ ਜੋਗਾ ਨਾ ਛੱਡਦੀ ਭੁੱਖਾਂ ਮਾਰ ਜਾਂਦੀ। ਪਿਆਸ ਦੀ ਆਸ ਛੱਡ ਜਾਂਦੀ ਸੁੱਕਿਆਂ ਬੁੱਲਾਂ ਤੇ।
ਫਿਰ ਦਿਲ ਚੇਤੇ ਕਰ ਕਰ ਜਿਊਣ ਲੱਗਦਾ। ਜਿਵੇਂ ਅਜੇ ਕੱਲ ਪਰਸੋਂ ਹੀ ਵਾਪਰੀਆਂ ਹੋਣ ਇਹ ਸਾਰੀਆਂ ਗੱਲਾਂ ਮੁਹੱਬਤਾਂ ਵਾਲੀਆਂ। ਜੋ ਨਾ ਤਾਂ ਕਿਸੇ ਨਾਲ ਸਾਂਝੀਆਂ ਕਰ ਹੋਣ ਤੇ ਨਾ ਹੀ ਕਿਸੇ ਨੂੰ ਇਹਨਾਂ ਦੇ ਲੱਗੇ ਫੱਟ ਦਿਖਾਏ ਜਾਣ।
ਇਸ ਤਰ੍ਹਾਂ ਦੇ ਹੀ ਕਈ ਅਧੂਰੇ ਇਸ਼ਕ ਹੁੰਦੇ ਹਨ ਜੋ ਪਲਾਂ ਪਹਿਰਾਂ ਘੜੀਆਂ ਦਿਨਾਂ ਸਾਲਾਂ ਨੂੰ ਚੇਤਿਆਂ ਵਿੱਚ ਵਸਾਈ ਰੱਖਦੇ ਤੁਰੇ ਫਿਰਦੇ ਹਨ ਪਾਗ਼ਲ ਹੋਏ। ਆਪਣੇ ਆਪ ਹੀ ਤੁਰੇ ਫਿਰਦੇ ਗੱਲਾਂ ਕਰਦੇ।
ਫਿਰ ਆਪੇ ਹੀ ਦੇਣ ਹੰਗਾਰੇ। ਉਲਾਂਭੇ ਥੱਪਦੇ ਰੂਹਾਂ ਤੇ।
ਬੁਝੇ ਚਿਹਰਿਆਂ ਦੇ ਡੁੱਲ੍ਹੇ ਰੰਗ ਫਰੋਲਦੇ। ਟੋਲਦੇ ਗੁਆਚੇ ਵਰਕਿਆਂ, ਮੈਲੀਆਂ ਹੋਈਆਂ ਵਾਰ ਵਾਰ ਪੜ੍ਹੀਆਂ ਪਾਟੀਆਂ ਚਿੱਠੀਆਂ ਤੇ ਕਿਤਾਬਾਂ ਚ ਰਹਿ ਗਈਆਂ ਸੁੱਕੀਆਂ ਗ਼ੁਲਾਬ ਪੱਤੀਆਂ ਨੂੰ ਸੰਭਾਲਦੇ।
ਇਹ ਇਸ਼ਕ-ਏ-ਕਪਟ ਛਲ ਭਟਕਣਾਂ ਵਿਚ ਹੈਰਾਨ ਕਰਨ ਜੋਗੇ ਹੀ ਰਹਿ ਜਾਂਦੇ ਹਨ।
ਫਿਰ ਇਸ ਮੁਹੱਬਤ ਦੀਆਂ ਖੁਸ਼ਬੂਆਂ ਦੀ ਮਹਿਕ ਗਲੀਆਂ ਬਾਜ਼ਾਰਾਂ ਮੇਲਿਆਂ ਵਿੱਚ ਯਾਦ ਬਣ ਕੇ ਰਹਿ ਜਾਂਦੀ ਹੈ ਵੰਗਾਂ ਚੜਾਉਂਦੀ। ਲਿੱਪੀਆਂ ਸੱਜਰੀਆਂ ਕੰਧਾਂ ਵਿੱਚੋਂ ਤਰੇੜ ਜੇਹੀ ਬਣ ਕੇ ਉੱਗਦੀ ਹੈ। ਇੱਕ ਪਿਆਸ ਲੈ ਕੇ ਹੋਠਾਂ ਤੇ।
ਇਹ ਰੁੱਸੀ ਮੁਹੱਬਤ ਕਦੇ ਝੋਰੇ ਉਦਾਸੀਆਂ ਬਣ ਕੇ ਨਿਹੋਰੇ ਮਾਰ ਜਾਂਦੀ ਹੈ
ਤੇ ਕਦੇ ਮੁਸਕਾਨ ਜੇਹੀ ਛੱਡ ਜਾਂਦੀ ਹੈ ਪੁਰਾਣੀ ਬੀਤੀ ਇਸ਼ਕ ਕਹਾਣੀ ਦੀ।
ਚੱਲਦਾ ਅਜੇ ?????
-
ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.