ਦਿੱਲੀ ਦੀ ਜ਼ਮੀਨ ਸਿੱਖ ਪੰਥ ਦੀ ਮਲਕੀਅਤ
ਦਿਲਜੀਤ ਸਿੰਘ ਬੇਦੀ
ਭਾਰਤ ਦਾ ਰਾਸ਼ਟਰਪਤੀ ਭਵਨ, ਇੰਡਿਆ ਗੇਟ, ਭਾਰਤ ਦੀ ਪਾਰਲੀਮੈਂਟ, ਦਿੱਲੀ ਦਾ ਇਹ ਸਾਰਾ ਇਲਾਕਾ ਸਿੱਖ ਕੌਮ ਦੀ ਮਾਲਕੀ ਹੈ। ਨਵੀਂ ਦਿੱਲੀ ਮਾਲ ਵਿਭਾਗ ਅਤੇ ਇਤਿਹਾਸ ਵਿੱਚ 1793 ਏਕੜ ਦਾ ਇਲਾਕਾ ਸਿੱਖ ਪੰਥ ਦੀ ਇੱਕ ਅਜ਼ੀਮ ਸ਼ਖਸ਼ੀਅਤ ਦੇ ਨਾਮ ਬੋਲਦਾ ਜੋ ਨਵੀਂ ਦਿੱਲੀ ਦੇ ਰਾਏਸੀਨਾ ਇਲਾਕੇ ਦਾ ਅੱਜ ਵੀ ਮਾਲਕ ਹੈ। ਉਹੀ ਇਲਾਕਾ ਜਿੱਥੇ ਰਾਸ਼ਟਰਪਤੀ ਭਵਨ ਬਣਿਆ, ਇੰਡੀਆ ਗੇਟ ਬਣਿਆ, ਪਾਰਲੀਮੈਂਟ ਬਣੀ ਹੈ, ਨੌਰਥ ਬਲਾਕ, ਸਾਊਥ ਬਲਾਕ, ਰਾਜਪਥ ਬਣੇ ਹੋਏ ਹਨ। ਦਿੱਲੀ ਦੀ ਸਰਕਾਰ ਇਸ ਇਲਾਕੇ ਦੇ 400 ਕਿੱਲਿਆਂ ਦਾ ਠੇਕਾ ਅੱਜ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੰਦੀ ਹੈ। ਦਿੱਲੀ ਦੀ 1793 ਏਕੜ ਜਮੀਨ ਅੱਜ ਵੀ ਕਾਗਜ਼ਾਂ ਵਿੱਚ ਸਿੱਖਾਂ ਦੇ ਉਸ ਬਾਬੇ ਦਾ ਨਾਮ ਬੋਲਦਾ, ਜੋ ਸਾਊਥ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਸੀ। ਉਸਦੇ ਕੋਲ ਉਸ ਸਮੇਂ ਆਪਣੀ ਪ੍ਰਾਈਵੇਟ ਫੌਜ ਸੀ। ਅੰਗਰੇਜ਼ੀ ਸ਼ਾਸਨ ਸਮੇਂ ਕਲਕੱਤਾ ਅੰਗਰੇਜ਼ ਹਕੂਮਤ ਦੀ ਰਾਜਧਾਨੀ ਰਿਹਾ, ਪਰ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਦਲਣ ਦਾ ਫੈਸਲਾ ਲੈ ਲਿਆ। ਦਿੱਲੀ ਦੇ ਇਲਾਕੇ ਵਿੱਚ ਨਵੀਂ ਰਾਜਧਾਨੀ ਬਣਾਈ ਗਈ ਕਿਉਂਕਿ ਮੁਗਲ ਹਕੂਮਤ ਸਮੇਂ ਵੀ ਦਿੱਲੀ ਰਾਜਧਾਨੀ ਰਹੀ ਸੀ। ਅੰਗਰੇਜ਼ਾਂ ਨੇ ਸੋਚਿਆ ਕਿ ਦਿੱਲੀ ਭਾਰਤ ਦੇ ਸੈਂਟਰ ‘ਚ ਪੈਂਦੀ ਹੈ ਸੋ ਉਥੋਂ ਰਾਜ ਪ੍ਰਬੰਧ ਚਲਾਉਣਾ ਸੌਖਾ ਹੈ। 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜਾਰਜ ਪੰਜਵੇਂ ਨੇ ਕਲਕੱਤੇ ਦੀ ਜਗ੍ਹਾ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਏ ਜਾਣ ਦਾ ਐਲਾਨ ਕਰ ਦਿੱਤਾ। ਦਿੱਲੀ ਦੇ ਨਵ ਨਿਰਮਾਣ ਦਾ ਕੰਮ 1911 ਵਿੱਚ ਹੀ ਸ਼ੁਰੂ ਹੋਇਆ ਅਤੇ ਇਹ ਕੰਮ 1931 ਤੱਕ ਮੁਕੰਮਲ ਕਰ ਲਿਆ ਗਿਆ।ਅੱਜ ਤੱਕ ਏਹੋ ਰਾਜਧਾਨੀ ਚੱਲੀ ਆਉਂਦੀ ਹੈ। ਸੰਨ 1911 ਵਿੱਚ ਨਵੀਂ ਦਿੱਲੀ ਦੀ ਨੀਂਹ ਧਰੀ ਗਈ ਸੀ ਤਾਂ ਰਾਜੇ ਜੋਰਜ ਪੰਜਵਂੇ ਨੇ ਇੱਥੇ ਇਸ ਜ਼ਮੀਨ ਤੇ ਕਬਜ਼ਾ ਕੀਤਾ। ਜਿਵੇਂ ਚੰਡੀਗੜ੍ਹ ਨੂੰ ਜਦੋਂ ਵਸਾਇਆ ਗਿਆ ਸੀ ਤਾਂ ਪੰਜਾਬ ਦੇ ਬਹੁਤ ਸਾਰੇ ਪਿੰਡ ਉਜਾੜ ਦਿਤੇ ਗਏ ਸੀ ਤੇ ਉਸ ਜਗ੍ਹਾਂ ਤੇ ਇੱਕ ਨਵਾਂ ਸ਼ਹਿਰ ਚੰਡੀਗੜ੍ਹ ਉਸਾਰਿਆ ਗਿਆ ਸੀ। ਬਿਲਕੁਲ ਉਸੇ ਤਰ੍ਹਾਂ ਅੰਗਰੇਜ਼ ਸਰਕਾਰ ਨੇ ਜ਼ਮੀਨ ਨੂੰ ਅਕਵਾਇਰ ਕਰਨਾ ਸੀ ਤਾਂ ਪਹਿਲਾਂ ਪਤਾ ਕਰਨਾ ਜਰੂਰੀ ਸੀ ਕਿ ਇਹ ਜਮੀਨ ਕਿਸਦੀ ਹੈ। ਅੰਗਰੇਜ਼ਾਂ ਨੇ ਜਮੀਨ ਅਕਵਾਇਰ ਕਰਨ ਲਈ 1894 ਵਿੱਚ ਇੱਕ ਐਕਟ ਬਣਾਇਆ ਸੀ, ਲੈਂਡ ਐਕਵਾਜੇਸ਼ਨ ਐਕਟ ਜੋ ਭਾਰਤ ਵਿੱਚ ਉਦੋਂ ਤੋਂ ਹੁਣ ਤੱਕ ਚੱਲਿਆ ਆਉਂਦਾ ਹੈ, ਹੁਣ 2013 ਵਿੱਚ ਉਸ ਚ ਥੋੜੀ ਸੋਧ ਕੀਤੀ ਗਈ ਹੈ। ਅੰਗਰੇਜ਼ਾਂ ਨੇ ਦਿੱਲੀ ਦੇ ਨਿਰਮਾਣ ਲਈ ਜੋ ਜ਼ਮੀਨ ਅਕਵਾਇਰ ਕਰਨੀ ਸੀ, ਪਤਾ ਲੱਗਾ ਕਿ ਇਹ ਜ਼ਮੀਨ ਇੱਕ ਸਿੱਖ ਦੀ ਹੈ। ਅੰਗਰੇਜ਼ ਸਰਕਾਰ ਨੇ ਇਮਾਨਦਾਰੀ ਨਾਲ ਇਸ ਜਮੀਨ ਦੀ ਓਨਰਸ਼ਿਪ ਉਸੇ ਸਿੱਖ ਦੇ ਨਾਮ ਤੇ ਹੀ ਰੱਖੀ, ਅਤੇ ਜਮੀਨ 99 ਸਾਲਾਂ ਵਾਸਤੇ ਲੀਜ ਤੇ ਲੈ ਲਈ ਗਈ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨੇੜੇ 400 ਏਕੜ ਜਮੀਨ ਸੀ ਜਿਸ ਤੇ ਹੁਣ ਪਾਰਲੀਮੈਂਟ, ਰਾਸ਼ਟਰਪਤੀ ਭਵਨ ਬਣੇ ਹੋਏ ਹਨ। ਜ਼ਮੀਨ ਬਾਰੇ 1947 ਤੋਂ ਬਾਅਦ ਸਿੱਖਾਂ ਨੇ ਜਦੋਂ ਜ਼ੋਰਦਾਰ ਆਵਾਜ਼ ਚੁੱਕੀ ਤਾਂ ਸਰਕਾਰ ਨੇ 400 ਏਕੜ ਜਮੀਨ ਦਾ ਠੇਕਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਦੇਣਾ ਸ਼ੁਰੂ ਕੀਤਾ। ਸੋ 1911 ਤੋਂ ਸ਼ੁਰੂ ਹੋਈ ਇਹ ਲੀਜ 2011 ਵਿੱਚ ਸੌ ਸਾਲ ਬਾਅਦ ਖਤਮ ਹੋ ਗਈ ਸੀ ਪਰ ਜਿਸ ਸਿੱਖ ਬਾਬੇ ਦੀ ਇਹ ਜ਼ਮੀਨ ਸੀ ਉਸਦਾ ਸਾਰਾ ਪਰਿਵਾਰ ਸਿੱਖੀ ਖਾਤਰ ਸ਼ਹੀਦ ਹੋ ਚੁੱਕਾ ਸੀ। ਸਰਕਾਰ ਨੇ ਜ਼ਮੀਨ ਤੇ ਕਬਜ਼ਾ ਕਰ ਲਿਆ, ਪਰ ਕਾਗਜ਼ਾਂ ਵਿੱਚ ਉਸ ਸਿੱਖ ਬਾਬੇ ਦਾ ਨਾਮ ਅੱਜ ਵੀ ਬੋਲਦਾ। ਮੁਗਲ ਹਕੂਮਤ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕੀਤਾ ਤੇ ਐਲਾਨ ਕੀਤਾ ਕਿ ਕੋਈ ਵੀ ਇਨ੍ਹਾਂ ਦੇ ਸਰੀਰ ਨੂੰ ਨਹੀਂ ਸੰਭਾਲੇਗਾ। ਜਦੋਂ ਇਹ ਸ਼ਹੀਦੀ ਸਾਕਾ ਵਾਪਰਿਆ ਤਾਂ ਚਾਰੋਂ ਪਾਸੇ ਕਾਲੇ ਬੱਦਲ ਛਾ ਗਏ ਅਤੇ ਬੜੀ ਤੇਜ਼ ਹਨੇਰੀ ਵਗੀ ਜਿਸ ਦਾ ਫਾਇਦਾ ਚੁੱਕਦਿਆਂ ਗੁਰੂ ਜੀ ਦੇ ਇੱਕ ਸਿੱਖ ਭਾਈ ਜੈਤਾ ਜੀ ਨੇ ਜ਼ਬਰਦਸਤ ਫੌਜੀ ਇੰਤਜਾਮ ਦੇ ਬਾਵਜੂਦ ਵੀ ਗੁਰੂ ਸਾਹਿਬ ਦਾ ਸੀਸ ਚੁੱਕਿਆ ਅਤੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਦੂਜੇ ਪਾਸੇ ਕਿਲ੍ਹੇ ਦੇ ਠੇਕੇਦਾਰ ਭਾਈ ਲੱਖੀ ਸ਼ਾਹ ਜੀ ਆਪਣੇ ਪੁੱਤਰਾਂ ਤੇ ਸਾਥੀਆਂ ਨਾਲ ਬੜੀ ਵਿਉਂਤ ਨਾਲ ਆਪਣੇ ਗੱਡਿਆਂ ਵਿੱਚ ਗੁਰੂ ਸਾਹਿਬ ਦਾ ਧੜ ਆਪਣੇ ਪਿੰਡ ਰਾਇਸੀਨਾ ਦੇ ਸਥਾਨ ਉਤੇ ਲੈ ਗਏ। ਉਨ੍ਹਾਂ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਦੇ ਧੜ ਨੂੰ ਸਨਮਾਨ ਸਹਿਤ ਰੱਖ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਸੀ। ਇਹ ਅਸਥਾਨ ਸੰਸਦ ਭਵਨ ਦੇ ਸਾਹਮਣੇ ਸਥਿਤ ਹੈ। ਅਸਲ ਵਿੱਚ ਜਦੋਂ ਅੰਗਰੇਜ਼ਾਂ ਨੇ ਨਵੀਂ ਦਿੱਲੀ ਦਾ ਨਿਰਮਾਣ 1911 ‘ਚ ਸ਼ੁਰੂ ਕਰਾਇਆ ਸੀ ਤਾਂ ਇਹ ਨਿਰਮਾਣ ਦਾ ਕੰਮ ਰਾਏਸੀਨਾ ਪਿੰਡ ਦੇ ਇਲਾਕੇ ਤੋਂ ਸ਼ੁਰੂ ਕੀਤਾ ਗਿਆ ਸੀ। ਇਹ ਪਿੰਡ ਭਾਈ ਲੱਖੀ ਸ਼ਾਹ ਦੇ ਵੱਡੇ ਵਡੇਰੇ ਭਾਈ ਰਾਏਸੀਨਾ ਜੀ ਨੇ ਆਬਾਦ ਕੀਤਾ ਸੀ ਤੇ ਉਹਨਾਂ ਦੇ ਨਾਮ ਤੋਂ ਹੀ ਇਹ ਇਲਾਕਾ ਰਾਏਸੀਨਾ ਹਿਲਸ ਕਰਕੇ ਮਸ਼ਹੂਰ ਹੋ ਗਿਆ। ਗੁਰੂ ਸਾਹਿਬ ਦੇ ਸਮੇਂ ਅਸਲ ਦਿੱਲੀ ਦਾ ਨਾਮ ਸ਼ਾਹਜਹਾਨਾਬਾਦ ਸੀ ਜਿਸ ਵਿੱਚ ਲਾਲ ਕਿਲਾ, ਸਲੀਮਗੜ੍ਹ ਕਿਲਾ, ਚਾਂਦਨੀ ਚੌਂਕ, ਫਤਿਹਪੁਰੀ, ਜਾਮਾ ਮਸਜਿਦ, ਦਰੀਬਾਂ ਕਲਾਂ, ਦਰਿਆ ਗੰਜ, ਕਸ਼ਮੀਰੀ ਗੇਟ, ਵਗੈਰਾ ਇਲਾਕੇ ਆਉਂਦੇ ਸੀ ਦਿੱਲੀ ਦੇ ਚਾਂਦਨੀ ਚੌਂਕ, ਕਨਾਟ ਪਲੇਸ, ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੈਰਾਂ ਦੀ ਪਾਵਨ ਧੂੜ ਨਾਲ ਇਤਿਹਾਸਕ ਬਣੇ ਹੋਏ ਹਨ, ਕਨਾਟ ਪਲੇਸ ਦਾ ਇਲਾਕਾ ਰਾਜਾ ਜੈ ਸਿੰਘ ਮਿਰਜਾ ਦੀ ਜਾਇਦਾਦ ਸੀ। ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਇਲਾਕਾ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੀ ਜਾਇਦਾਦ ਸੀ। ਇਸ ਜ਼ਮੀਨ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਜੋ ਕਿ ਭਾਈ ਲੱਖੀ ਸ਼ਾਹ ਜੀ ਦਾ ਆਪਣਾ ਘਰ ਹੁੰਦਾ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਦਾ ਸਸਕਾਰ ਭਾਈ ਲੱਖੀ ਸ਼ਾਹ ਨੇ ਕੀਤਾ ਸੀ। ਸੰਨ 1887 ਤੱਕ ਸਿੰਘਾਂ ਨੇ ਦਿੱਲੀ ਤੇ 15 ਹੱਲੇ ਕੀਤੇ ਜਿਨ੍ਹਾਂ ਵਿੱਚ ਫਰਵਰੀ 1764 ਚ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ‘ਚ 30 ਹਜਾਰ ਦੀ ਸਿੱਖ ਫੌਜ ਨੇ ਦਿੱਲੀ ਤੇ ਹਮਲਾ ਕੀਤਾ ਯਮੁਨਾ ਦਰਿਆ ਪਾਰ ਕਰਕੇ ਦਿੱਲੀ ਦੇ ਕੁਝ ਇਲਾਕੇ ਤੇ ਕਬਜ਼ਾ ਕਰ ਲਿਆ. ਜਿਸ ਨੂੰ ਹੁਣ 30 ਹਜਾਰੀ ਕਹਿੰਦੇ ਹਨ, ਫਿਰ 8 ਜਨਵਰੀ 1774 ਨੂੰ ਸਾਦਰਾ, 15 ਜੁਲਾਈ 1775 ਨੂੰ ਪਹਾੜਗੰਜ, ਜੈ ਸਿੰਘਪੁਰਾ ਤੇ ਕਬਜ਼ਾ ਕੀਤਾ ਇਸ ਤੋਂ ਬਾਅਦ ਮਾਰਚ 1783 ਨੂੰ ਫਿਰ ਹਮਲਾ ਕੀਤਾ ਤੇ ਮਲਕਗੰਜ ਤੇ ਸਬਜ਼ੀ ਮੰਡੀ ਤੇ ਕਬਜ਼ਾ ਕੀਤਾ 9 ਮਾਰਚ 1783 ਨੂੰ ਅਜਮੇਰੀਗੇਟ ਏਰੀਆ ਅਤੇ ਫੇਰ 15 ਮਾਰਚ 1783 ਨੂੰ ਸਿੰਘਾਂ ਨੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਤਾਰਾ ਸਿੰਘ ਘੇਬਾ, ਖੁਸ਼ਹਾਲ ਸਿੰਘ, ਕਰਮ ਸਿੰਘ, ਭਾਗ ਸਿੰਘ, ਸਾਹਿਬ ਸਿੰਘ, ਸਰਦਾਰ ਸ਼ੇਰ ਸਿੰਘ ਬੁੜੀਆ, ਗੁਰਦਿੱਤ ਸਿੰਘ ਲਾਡੋਵਾਲੀਆ, ਕਰਮ ਸਿੰਘ ਸ਼ਾਹਬਾਦ, ਗੁਰਬਖਸ਼ ਸਿੰਘ ਅੰਬਾਲਾ ਮਜਨੂੰ ਟਿੱਲੇ ਇਕੱਠੇ ਹੋਏ ਦਿੱਲੀ ਤੇ ਹਮਲਾ ਕੀਤਾ ਤੇ ਲਾਲ ਕਿਲੇ ਦੀ ਦੀਵਾਰ ਚ ਮੋਰੀ ਕੀਤੀ ਜਿਸ ਨੂੰ ਹੁਣ ਮੋਰੀ ਗੇਟ ਕਿਹਾ ਜਾਂਦਾ ਉਥੋਂ ਅੰਦਰ ਦਾਖਲ ਹੋ ਕੇ ਲਾਲ ਕਿਲੇ ਤੇ ਕਬਜ਼ਾ ਕਰਕੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ ਗਿਆ, ਇਸ ਤੋਂ ਬਾਅਦ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਨੇ ਹੀ ਦਿੱਲੀ ਦੇ ਇਤਿਹਾਸਿਕ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਉੱਥੇ ਗੁਰਦੁਆਰੇ ਸਾਹਿਬਾਨ ਤਾਮੀਰ ਕਰਵਾਏ ਸੀ ਫਿਰ ਅੰਗਰੇਜ਼ਾਂ ਦਾ ਰਾਜ ਆਇਆ। ਜੋ ਹੁਣ ਭਾਰਤ ਦੀ ਪਾਰਲੀਮੈਂਟ ਹੈ ਉਹ ਅਸਲ ਵਿੱਚ ਅੰਗਰੇਜ਼ੀ ਬੋਇਸ ਰਾਏ ਲਈ ਇਮਾਰਤ ਬਣਾਈ ਗਈ ਸੀ ਤੇ ਜਦੋਂ ਨਵੀਂ ਦਿੱਲੀ ਦਾ ਨਿਰਮਾਣ ਰਾਏਸੀਨਾ ਹਿਲਸ ਇਲਾਕੇ ‘ਚ ਸ਼ੁਰੂ ਉਹ ਹੋਇਆ ਤਾਂ ਇਸੇ ਇਲਾਕੇ ‘ਚ ਅੰਗਰੇਜ਼ਾਂ ਨੇ ਨਵੀਆਂ ਹੋਰ ਇਮਾਰਤਾਂ ਵੀ ਬਣਾਈਆਂ, ਗਵਰਨਰ ਜਨਰਲ ਲਾਰਡ ਹੋਡਿੰਗ ਨੇ ਵਾਇਸਰਾਏ ਭਵਨ ਲਈ ਜਿਹੜੀ ਥਾਂ ਪਸੰਦ ਕੀਤੀ ਸੀ ਉਹ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਲ ਲੱਗਦੀ ਸੀ। ਅੰਗਰੇਜ਼ ਸ਼ਾਸਨ ਦੇ ਹੁਕਮਾਂ ਤੇ ਅਧਿਕਾਰੀਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਤੇ ਸੜਕਾਂ ਚੌੜੀਆਂ ਕੀਤੀਆਂ। ਇਸ ਦੌਰਾਨ ਰਸਤੇ ‘ਚ ਆ ਰਹੀ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਇੱਕ ਕੰਧ ਅੜਿਕਾ ਬਣ ਰਹੀ ਸੀ। ਅਫਸਰਾਂ ਨੇ ਬਿਨ੍ਹਾਂ ਕਿਸੇ ਸਲਾਹ ਮਸ਼ਵਰੇ ਦੇ ਭਵਨ ਨਿਰਮਾਣ ਮੁਤਾਬਕ ਗੁਰਦੁਆਰੇ ਦੀ ਕੰਧ ਢਾਹ ਦਿੱਤੀ ਤੇ ਇਸ ਥਾਂ ਨੂੰ ਤਾਰ ਦੇ ਨਾਲ ਘੇਰਨ ਲੱਗੇ। ਉਸੇ ਵਕਤ ਸਿੱਖ ਬੀਬੀ ਸ਼ਾਮ ਕੌਰ ਮੌਕੇ ਤੇ ਪਹੁੰਚ ਗਈ ਉਹ ਗੁਰੂ ਘਰ ਨਾਲ ਹੁੰਦੇ ਇਸ ਜ਼ੁਲਮ ਨੂੰ ਵੇਖ ਨਾ ਸਕੀ ਤੇ ਉਹ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਛਾਤੀ ਨਾਲ ਲਾ ਕੇ ਢਾਈ ਗਈ ਕੰਧ ਤੇ ਲੰਮੇ ਪੈ ਗਈ ਤੇ ਐਲਾਨ ਕੀਤਾ ਕਿ ਉਸਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿਓ ਉਹ ਢਾਈ ਹੋਈ ਕੰਧ ਤੋਂ ਹਟੇਗੀ ਨਹੀਂ, ਬੀਬੀ ਸ਼ਾਮ ਕੌਰ ਦੇ ਇਸ ਕਦਮ ਨੇ ਅਧਿਕਾਰੀਆਂ ਨੂੰ ਆਪਣਾ ਪ੍ਰੋਜੈਕਟ ਉਥੇ ਹੀ ਰੋਕਣ ਦੇ ਲਈ ਮਜਬੂਰ ਕਰ ਦਿੱਤਾ। ਬੀਬੀ ਸ਼ਾਮ ਕੌਰ, ਗੁਰਦੁਆਰਾ ਰਕਾਬਗੰਜ ਸਾਹਿਬ ਦਾ ਪ੍ਰਬੰਧ ਵੇਖ ਰਹੇ ਮਹੰਤ ਸਾਵਣ ਸਿੰਘ ਦੀ ਧਰਮਪਤਨੀ ਸੀ। ਵਾਇਰਸ ਰਾਏ ਵੱਲੋਂ ਕੋਠੀ ਬਣਾਉਣ ਦੇ ਲਈ ਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਢਾਉਣ ਦੀ ਖਬਰ ਪੰਜਾਬ ਪਹੁੰਚ ਚੁੱਕੀ ਸੀ ਤੇ ਸਿੱਖ ਸੰਗਤ ਵਿੱਚ ਭਾਰੀ ਰੋਸ ਅੱਗ ਵਾਂਗ ਫੈਲ ਗਿਆ ਸੀ। ਫਿਰ ਅੰਗਰੇਜ਼ਾਂ ਖਿਲਾਫ ਸਿੰਘਾਂ ਵੱਲੋਂ ਮੋਰਚਾ ਬੰਦੀ ਸ਼ੁਰੂ ਹੋ ਗਈ, ਕਿਹਾ ਜਾਂਦਾ ਕਿ ਇਸ ਤੋਂ ਬਾਅਦ ਨਾਭਾ ਦੇ ਰਾਜਾ ਪਰਦੁਮਨ ਸਿੰਘ ਨਾਭਾ ਨੇ ਵੀ ਅੰਗਰੇਜ਼ਾਂ ਦੀ ਇਸ ਵਧੀਕੀ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਅੰਗਰੇਜ਼ ਸਰਕਾਰ ਨੇ ਉਹ ਕੰਧ ਗੁਰਦੁਆਰਾ ਸਾਹਿਬ ਦੀ ਜਿਹੜੀ ਢਾਈ ਸੀ ਉਹ ਦੁਬਾਰਾ ਬਣਾ ਦਿੱਤੀ। ਸਿੱਖ ਪੰਥ ਦੀ ਫਤਿਹ ਹੋਈ। ਭਾਈ ਲੱਖੀ ਸ਼ਾਹ, ਸ਼ਹੀਦ ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਲੱਗਦੇ ਸੀ, ਇਹਨਾਂ ਦੇ ਵੱਡੇ ਵਡੇਰੇ ਵਪਾਰ ਕਰਕੇ ਦਿੱਲੀ ਦੇ ਨੇੜੇ ਆ ਵੱਸੇ ਸੀ ਜਿਨਾਂ ਨੇ ਰਾਏਸੀਨਾ ਪਿੰਡ ਵਸਾਇਆ ਸੀ। ਰਾਏਸੀਨਾ ਜ਼ਮੀਨ ਅੱਜ ਵੀ ਇਹਨਾਂ ਦੀ ਮਾਲਕੀ ਬੋਲਦੀ ਹੈ। ਜਿਸ ਦਿੱਲੀ ਦੇ ਤਖਤ ਤੋਂ ਸਿੱਖ ਕੌਮ ਵਿਰੋਧੀ ਫੈਸਲੇ ਹੁੰਦੇ ਨੇ ਉਹ ਫੈਸਲੇ ਸਾਡੀ ਹੀ ਜ਼ਮੀਨ ਤੇ ਬਣੇ ਤਖਤ ਤੋਂ ਸੁਣਾਏ ਜਾਂਦੇ ਹਨ। ਭਾਵੇਂ ਉਹ ਅੰਗਰੇਜ਼ ਹਕੂਮਤ ਹੋਵੇ ਤੇ ਚਾਹੇ ਵਰਤਮਾਨ ਸਰਕਾਰਾਂ। ਇਹ ਖਾਲਸਾ ਪੰਥ ਦੀ ਜ਼ਮੀਨ ਹੈ ਇੱਕ ਦਿਨ ਪੰਥ ਕੋਲ ਵਾਪਸ ਜਰੂਰ ਆਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਗੁਜਰ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁਖੀ ਬੁੱਢਾ ਦਲ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਸ. ਤਾਰਾ ਸਿੰਘ ਘੇਬਾ, ਸ. ਮਹਾਂ ਸਿੰਘ ਸ਼ੁਕਰਚੱਕੀਆ ਦੀ ਅਗਵਾਈ ਵਿੱਚ ਦਿੱਲੀ ਫਤਿਹ ਕਰਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਦਿਲੀ ਫਤਿਹ ਦਿਵਸ 27,28 ਅਪ੍ਰੈਲ ਨੂੰ ਲਾਲ ਕਿਲ੍ਹਾ ਮੈਦਾਨ, ਦਿੱਲੀ ਵਿੱਚ ਮਨਾਇਆ ਜਾ ਰਿਹਾ ਹੈ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.