ਸਮਾਜ ਨੂੰ ਇਸਤਰੀ ਪ੍ਰਧਾਨ ਬਣਾਉਣ ਲਈ ਕਾਰਗਰ ਯਤਨਾਂ ਦੀ ਲੋੜ
ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਹਰ ਘਰ ਵਿੱਚ ਅਕਸਰ ਇਹ ਕਹਾਵਤ ਪ੍ਰਚਲਤ ਹੈ ਕਿ ਬੇਟੀ ਪਰਾਇਆ ਧਨ ਹੈ ਭਾਵ ਵਿਆਹ ਤੋਂ ਬਾਦ ਉਹ ਪਰਾਏ ਘਰ ਚਲੀ ਜਾਵੇਗੀ। ਇਸੇ ਹੀ ਤਰਾਂ ਸਹੁਰੇ ਘਰ ਵਿੱਚ ਜਾ ਕੇ ਇਹ ਕਹਿਣ ਨੂੰ ਮਿਲਦਾ ਹੈ ਕਿ ਇਹ ਪਰਾਏ ਘਰ ਤੋਂ ਆਈ ਹੈ ਅਤੇ ਉਸ ਦੀ ਹੋਂਦ ਨੂੰ ਦਿਲੀ ਤੌਰ ਤੇ ਸਵੀਕਾਰ ਨਹੀਂ ਕੀਤਾ ਜਾਂਦਾ ਅਤੇ ਉਸ ਦਾ ਆਪਣੇ ਘਰ ਦਾ ਸੁਪਨਾ ਜਿਆਦਾਤਰ ਅਕਸਰ ਅਧੂਰਾ ਹੀ ਰਹਿ ਜਾਂਦਾ ਹੈ। ਸਾਲਾਂ ਦੇ ਸਾਲ ਲੰਘ ਗਏ, ਸਦੀਆਂ ਬੀਤ ਗਈਆਂ ਪਰ ਸਾਡੇ ਸਮਾਜ ਵਿੱਚ ‘ਪਰਾਏ ਧਨ’ ਵਾਲੀ ਸੋਚ ਨਹੀਂ ਬਦਲੀ।
ਭਾਰਤ ਵਰਸ਼ ਗੁਰੂਆਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੋਣ ਦੇ ਬਾਵਜੂਦ ਅੱਜ ਵੀ ਘਰ ਪਰਿਵਾਰਾਂ ਵਿੱਚ ਇਸਤਰੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਕੰਮ ਕਾਜ਼ ਵਾਲੀਆਂ ਔਰਤਾਂ ਨੂੰ ਸਰਕਾਰੀ ਤੇ ਗੈਰ ਸੰਸਥਾਨਾਂ ਵਿੱਚ ਕਾਨੂੰਨੀ ਕਵਚ ਦੇ ਬਾਵਜੂਦ ਕਈ ਤਰ੍ਹਾਂ ਦੀ ਵਿਤਕਰੇ ਵਾਜੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਟੀਆਂ ਸਭ ਦੀਆਂ ਸਾਂਝੀਆਂ ਧੀਆਂ ਭੈਣਾਂ ਹਨ ਪਰ ਅਫ਼ਸੋਸ ਦੀ ਗੱਲ ਹੈ ਅੱਜ ਵੀ ਇਸਤਰੀ ਜਾਤੀ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀਆਂ ਘਟਨਾਵਾਂ ਦਾ ਵਾਪਰਨਾ ਸੱਚ ਮੁੱਚ ਹੀ ਸਾਰੇ ਸਮਾਜ ਵਿੱਚ ਚਿੰਤਾ ਦਾ ਵਿਸ਼ਾ ਹੈ। ਤਕਰੀਬਨ 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਮਾਣ ਸਤਿਕਾਰ ਵਿੱਚ ਆਵਾਜ ਬੁਲੰਦ ਕਰਦੇ ਹੋਏ ਆਪਣੀ ਬਾਣੀ ਵਿੱਚ ਸਾਨੂੰ ਸਪਸ਼ਟ ਸੰਦੇਸ਼ ਦਿੱਤਾ ਸੀ “ਸੋ ਕਿਉ ਮੰਦਾ ਆਖੀਐ, ਜਿਤੁ ਜਮਹਿ ਰਾਜਾਨੁ” ਇਸੇ ਹੀ ਤਰਾਂ ਉਹਨਾਂ ਨੇ ਆਪਣੀ ਬਾਣੀ ਵਿੱਚ ਇਸਤਰੀ ਦੇ ਗੁਣਾਂ ਦਾ ਵਰਨਣ ਕਰਦਿਆਂ ਉਚਾਰਣ ਕੀਤਾ “ਨਾਰੀ ਅੰਦਰਿ ਸੋਹਣੀ, ਮਸਤਕਿ ਮਣੀ ਪਿਆਰੁ”।ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਬਾਬੇ ਨਾਨਕ ਜੀ ਦੀ ਕਥਨੀ ਨੂੰ ਕਰਨੀ ਵਿੱਚ ਬਦਲ ਸਕੇ ਹਾਂ, ਤਾਂ ਇਸ ਦਾ ਜਵਾਬ ਇਹੀ ਮਿਲਦਾ ਹੈ ਕਿ ਸਾਇਦ ਨਹੀਂ।ਹਰ ਇਨਸਾਨ ਨੂੰ ਇਸ ਮਹਾਨ ਸ਼ੰਦੇਸ਼ ਦੇ ਅਨੁਸਾਰ ਆਪਣੇ ਅੰਦਰ ਝਾਤੀ ਮਾਰ ਕੇ ਨਿੱਜੀ ਪੜਚੋਲ ਕਰਨ ਦੀ ਜਰੂਰਤ ਹੈ।
ਜੇਕਰ ਇਸਤਰੀ ਦੇ ਹਰ ਖੇਤਰ ਵਿੱਚ ਰੋਲ ਦਾ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਇਹ ਗੱਲ ਪਰਤੱਖ ਹੁੰਦੀ ਹੈ ਕਿ ਸਮਾਜ ਦੀ ਬਣਤਰ ਵਿੱਚ ਇਸਤਰੀ ਦੀ ਬਹੁਪੱਖੀ ਦੇਣ ਪੁਰਸ਼ਾ ਨਾਲੋਂ ਕਿਤੇ ਜ਼ਿਆਦਾ ਹੈ ਪਰਿਵਾਰ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨ ਵਿੱਚ ਔਰਤ ਦੀ ਪਰਮੁੱਖ ਭੂਮਿਕਾ ਹੈ। ਬੱਚੇ ਨੂੰ ਜਨਮ ਦੇਣ ਤੇ ਬਾਦ ਵਿੱਚ ਉਸ ਦੇ ਪਾਲਣ ਪੋਸ਼ਣ ਲਈ ਵੀ ਇਸਤਰੀ ਨੂੰ ਪੁਰਸ਼ ਨਾਲੋਂ ਜ਼ਿਆਦਾ ਜਦੋ ਜਹਿਦ ਕਰਨੀ ਪੈਂਦੀ ਹੈ। ਉਸ ਨੂੰ ਚੰਗੇ ਸੰਸਕਾਰ ਦੇਣ ਅਤੇ ਪੜਾਈ ਲਿਖਾਈ ਕਰਾ ਕੇ ਉਸ ਨੂੰ ਪੈਰਾਂ ਤੇ ਖੜ੍ਹਾ ਕਰਨ ਵਿੱਚ ਵੀ ਮਾਤਾ ਦਾ ਹੀ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ ਇਸ ਤੋਂ ਇਲਾਵਾ ਸੰਯੁਕਤ ਪਰਿਵਾਰਾਂ ਵਿੱਚ ਮਾਤਾ ਪਿਤਾ ਦੀ ਦੇਖਭਾਲ, ਪਰਿਵਾਰ ਵਿੱਚ ਵਿਆਹ ਸ਼ਾਦੀਆਂ ਅਤੇ ਰਿਸ਼ਤੇਦਾਰੀਆਂ ਵਿੱਚ ਦੁੱਖ ਸੁੱਖ ਵੰਡਾਉਣ ਦਾ ਕਾਰਜ ਵੀ ਇਸਤਰੀ ਦੇ ਹਿੱਸੇ ਹੀ ਆਉਂਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਸਭ ਤੇ ਬਾਵਜੂਦ ਇਸਤਰੀ ਜਾਤੀ ਨੂੰ ਘਰਾਂ ਵਿੱਚ ਅਤੇ ਸਮਾਜ ਵਿੱਚ ਅਸੀਂ ਉਹ ਸਤਿਕਾਰਿਤ ਰੁਤਬਾ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ।
ਅੱਜ ਕੱਲ ਵਿਸ਼ਵ ਪੱਥਰ ਤੇ ਭਾਰਤ ਵਿੱਚ ਵੀ ਤਰੱਕੀ ਅਤੇ ਖੁਸ਼ਹਾਲੀ ਦਾ ਦੌਰ ਸਿਖਰ ਤੇ ਹੈ ਜੇਕਰ ਅਸੀਂ ਖੁੱਲੇ ਦਿਮਾਗ ਨਾਲ ਪਰਖ ਕਰੀਏ ਤਾਂ ਵੇਖਣ ਨੂੰ ਮਿਲਦਾ ਹੈ ਕਿ ਹਰ ਖੇਤਰ ਵਿੱਚ ਇਸਤਰੀਆਂ ਮਰਦਾਂ ਨਾਲੋਂ ਵਧੇਰੇ ਕਾਬਲ ਸਾਬਤ ਹੋਈਆਂ ਹਨ। ਕੰਮ ਕਾਜ ਪ੍ਰਤੀ ਨਿਸ਼ਠਾ, ਇਮਾਨਦਾਰੀ ਸੰਸਥਾ ਪ੍ਰਤੀ ਵਫਾਦਾਰੀ ਵਿੱਚ ਉਹ ਪੁਰਸ਼ਾਂ ਦੀ ਸਿਰਫ ਬਰਾਬਰੀ ਹੀ ਨਹੀਂ ਕਰ ਰਹੀਆਂ ਹਨ ਬਲਕਿ ਵਧੀਆ ਕਾਰਗੁਜਾਰੀ ਦੀਆ ਪਾਤਰ ਹਨ। ਘਰੇਲੂ ਕਾਰਜਾਂ ਤੋਂ ਇਲਾਵਾ, ਪਰਸ਼ਾਸ਼ਨਿਕ ਖੇਤਰ ਤੋਂ ਲੈ ਕੇ ਪੁਲਾੜ ਦੀ ਯਾਤਰਾ ਤੱਕ ਉਨ੍ਹਾਂ ਨੇ ਨਾਮਣਾ ਖੱਟਿਆ ਹੈ ਭਾਵ ਵਿਕਾਸ ਦੇ ਹਰ ਖੇਤਰ ਵਿੱਚ ਉਹਨਾਂ ਦੀਆਂ ਸਫਲਤਾਵਾਂ ਦੇ ਕਿੱਸੇ ਰੋਜ਼ ਅਖ਼ਬਾਰਾਂ ਤੇ ਮੀਡੀਆ ਵਿੱਚ ਸੁਰਖੀਆਂ ਦਾ ਸਿੰਗਾਰ ਬਣਦੇ ਹਨ।
ਜੇਕਰ ਪਿਛੋਕੜ ਸਮਿਆਂ ਤੇ ਹੀ ਝਾਤ ਮਾਰੀਏ ਤਾਂ ਇਹ ਤੱਥ ਪਰਤੱਖ ਨਜ਼ਰ ਆਉਂਦੇ ਹਨ। ਕਿ ਇਸਤਰੀ ਦਾ ਹਮੇਸ਼ਾ ਹੀ ਯੋਗਦਾਨ ਸਮਾਜ ਵਿੱਚ ਸਲਾਘਾਯੋਗ ਰਿਹਾ ਹੈ। ਸਿੱਖ ਇਤਿਹਾਸ ਵਿੱਚ, ਮਾਤਾ ਗੁਜਰ ਕੌਰ ਜੀ, ਬੀਬੀ ਭਾਨੀ ਜੀ, ਮਾਈ ਭਾਗੋ ਜੀ ਆਦਿ ਇਸਤਰੀ ਜਗਤ ਦੀਆਂ ਬਹਾਦਰ ਸਖ਼ਸ਼ੀਅਤਾਂ ਦੀ ਕੁਰਬਾਨੀ ਨੂੰ ਕੌਣ ਭੁਲਾ ਸਕਦਾ ਹੈ ਇਸੇ ਹੀ ਤਰਾਂ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਰਾਣੀ ਝਾਂਸੀ, ਲਕਸ਼ਮੀ ਬਾਈ, ਅਤੇ ਹੋਰ ਅਣਗਿਣਤ ਜਾਣੀਆਂ ਅਣਜਾਣੀਆਂ ਕੁਰਬਾਨੀ ਵਾਲੀਆਂ ਬੀਬੀਆਂ ਨੇ ਆਪਣੇ ਬਹਾਦਰੀ ਦੇ ਕਾਰਨਾਮਿਆਂ ਰਾਹੀਂ ਇਤਿਹਾਸ ਦੇ ਪੰਨਿਆ ਤੇ ਡੂੰਗੀ ਛਾਪ ਛੱਡੀ ਹੈ। ਅਜ਼ਾਦ ਭਾਰਤ ਵਿੱਚ ਵੀ ਰਾਜਨਿਤਕ ਤੇ ਸਮਾਜਿਕ ਖੇਤਰ ਵਿੱਚ ਇਸਤਰੀ ਜਗਤ ਦਾ ਹਮੇਸ਼ਾ ਹੀ ਉਸਾਰੂ ਰੋਲ ਰਿਹਾ ਹੈ। ਭਾਰਤ ਵਰਸ਼ ਦੀ ਅਜ਼ਾਦੀ ਤੋਂ ਬਾਦ ਸੰਵਿਧਾਨ ਵਿੱਚ ਵੀ ਬਰਾਬਰੀ ਦਾ ਉਲੇਖ ਕੀਤਾ ਗਿਆ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋ ਵੀ ਨਾਰੀ ਸ਼ਕਤੀਕਰਣ ਦਾ ਹੋਕਾ ਦਿਤਾ ਜਾਂਦਾ ਰਿਹਾ ਹੈ। ਇਸ ਮੰਤਵ ਦੀ ਪੂਰਤੀ ਲਈ ਬਹੁਤ ਸਾਰੀਆਂ ਭਲਾਈ ਸਕੀਮਾਂ ਵੀ ਘੜੀਆਂ ਗਈਆਂ ਹਨ।ਰਾਜਨਿਤਕ ਪਾਰਟੀਆਂ ਵੱਲੋਂ ਵੀ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ ਵਿੱਚ ਵੀ ਇਸਤਰੀਆਂ ਦੀ ਸਮੂਲੀਅਤ ਵਧਾਉਣ ਲਈ ਵਧ ਸੀਟਾਂ ਦਾ ਕੋਟਾ ਨਿਰਧਾਰਤ ਕੀਤਾ ਜਾਂਦਾ ਹੈ। ਇਸੇ ਹੀ ਸੰਦਰਭ ਵਿੱਚ ਯੂਨੀਵਰਸਟੀਆਂ ਵੱਲੋਂ ਇਸਤਰੀਆਂ ਦੇ ਰੋਲ ਨੂੰ ਉਜਾਗਰ ਕਰਨ ਲਈ ਖੋਜ਼ (ਰਿਸਰਚ) ਪ੍ਰੋਜੈਕਟ ਵੀ ਚਲਾਏ ਗਏ ਹਨ।ਇਸ ਵਿਸ਼ੇ ਤੇ ਸੈਮੀਨਾਰ ਤੇ ਟ੍ਰੇਨਿੰਗ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। ਪਰ ਸਭ ਤੇ ਬਾਵਜੂਦ ਉਹਨਾਂ ਨੂੰ ਸਮਾਜ ਬਣਦਾ ਸਨਮਾਣ ਨਹੀਂ ਦੇ ਸਕਿਆ। ਅੱਜ ਵੀ ਅਕਸਰ ਪਰਿਵਾਰਕ ਨਿੱਜੀ ਜਾਣ ਪਹਿਚਾਣ ਦੇ ਸਮੇਂ ਇਸਤਰੀ ਨੂੰ ਹਾਊਸਵਾਇਫ ਹੀ ਕਿਹਾ ਜਾਂਦਾ ਹੈ ਜਦੋਂ ਕਿ ਉਨ੍ਹਾਂ ਨੂੰ ਹਾਊਸਮੇਕਰ ਦਾ ਦਰਜ਼ਾਂ ਦੇਣ ਦੀ ਜਰੂਰਤ ਹੈ।
ਇਸਤਰੀ ਦਾ ਸਮਾਜ ਵਿੱਚ ਬਰਾਬਰੀ ਦਾ ਰੁਤਬਾ ਯਕੀਨੀ ਬਣਾਉਣ ਲਈ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਜ਼ਰੂਰੀ ਹੈ। ਇਸ ਦੀ ਸੁਰੂਆਤ ਘਰਾਂ ਤੋਂ ਹੀ ਹੋਣੀ ਚਾਹੀਦੀ ਹੈ। ਭਾਵੇਂ ਕਿ ਹੁਣ ਅੱਜ ਦੇ ਯੁੱਗ ਵਿੱਚ ਇਸਤਰੀ ਵਰਗ ਵਿੱਚੋਂ ਬਹੁਤ ਸਾਰੀਆਂ ਬੇਟੀਆਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਕੇ ਘਰ ਦੀ ਕਮਾਈ ਦੇ ਸਾਧਨਾ ਵਿੱਚ ਚੋਖਾ ਵਾਧਾ ਕਰ ਰਹੀਆਂ ਹਨ ਪਰ ਉਹਨਾਂ ਨੂੰ ਅਜੇ ਵੀ ਪੂਰੀ ਤਰ੍ਹਾਂ ਆਰਥਿਕ ਆਜ਼ਾਦੀ ਹਾਸਲ ਨਹੀਂ ਹੈ। ਘਰ ਦੇ ਆਰਥਿਕ ਮਸਲਿਆਂ ਨੂੰ ਨਜਿੱਠਣ ਲਈ ਵੀ ਨਾਰੀ ਦਾ ਮਹੱਤਵ ਪੂਰਣ ਰੋਲ ਹੋਣਾ ਜਰੂਰੀ ਹੈ। ਇਸ ਨਾਲ ਜਿੱਥੇ ਉਸ ਦਾ ਮਾਣ ਸਤਿਕਾਰ ਵਧੇਗਾ ਉਥੇ ਘਰੇਲੂ ਬਚੱਤ ਸਾਧਨਾ ਵਿੱਚ ਵੀ ਸੁਧਾਰ ਹੋਏਗਾ। ਇਸ ਲਈ ਸਮੇਂ ਦੀ ਲੋੜ ਹੈ ਕਿ ਸਭ ਇਨਸਾਨ ਆਪਣੇ ਅੰਦਰ ਝਾਤੀ ਮਾਰਨ ਅਤੇ ਇਹ ਦ੍ਰਿੜ ਪ੍ਰਣ ਕਰਨ ਕਿ ਇਸਤਰੀ ਨੂੰ ਘਰਾਂ ਵਿੱਚ ਆਰਥਿਕ ਤੌਰ ਤੇ ਮਜਬੂਤ ਕਰਨ ਤੇ ਪੂਰਾ ਮਾਣ ਸਤਿਕਾਰ ਦੇਣ ਤਾਂ ਕਿ ਅਸੀਂ ਸਮਾਜ ਨੂੰ ਇਸਤਰੀ ਪ੍ਰਧਾਨ ਬਣਾਉਣ ਦਾ ਮਾਣ ਹਾਸਲ ਕਰੀਏ।
-
ਜਰਨੈਲ ਸਿੰਘ, ਸਾਬਕਾ ਐਡੀਸ਼ਨਲ ਡਾਇਰੈਕਟਰ, ਲੋਕ ਸੰਪਰਕ ਵਿਭਾਗ, ਪੰਜਾਬ
jarnailsingh@gmail.com
9855180688
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.