ਸ਼ਮੀਰੋ ਹਾਲੇ ਇੱਕੀ ਸਾਲ ਦੀ ਸੀ । ਇਸ ਉਮਰ ਸੋਹਣੀ ਹੋਣਾ ਸੁਭਾਵਕ ਹੀ ਹੁੰਦਾ ਹੈ । ਗਾਉਣ ਨੱਚਣ ਦੀ ਉਮਰ ਵਿਚ ਮਨ ਬਹੁਤ ਚੰਚਲ ਹੋ ਜਾਂਦਾ ਹੈ । ਸ਼ਮੀਰੋ ਦਾ ਮਨ ਵੀ ਕਰਦਾ ਸੀ ਕਿ ਕੋਈ ਉਸਦਾ ਨਾਚ ਵੇਖੇ ਤੇ ਉਸਦੇ ਲੰਮੀ ਹੇਕ ਵਾਲੇ ਗੀਤ ਸੁਣੇ । ਪਰ ਇਸ ਉਮਰ ਵਿਚ ਸਮਾਜ ਵਿਚ ਫਿਰਦੇ ਨਕਲੀ ਪੈਰੋਕਾਰਾਂ ਤੋਂ ਵੀ ਡਰਦੀ ਸੀ । ਸਾਊ ਭੇਖ ਵਿਚ ਸੜਕਛਾਪ ਭੰਵਰਿਆਂ ਨੂੰ ਉਹ ਪਛਾਨਣ ਲੱਗ ਪਈ ਸੀ ।ਉਹਨੂੰ ਪਤਾ ਲੱਗ ਚੁੱਕਾ ਸੀ ਕੇ ਇਹਨਾਂ ਦੇ ਝੂਠ ਕਿਵੇਂ ਫੜ੍ਹਨੇ ਹਨ। ਬਾਕੀ ਉਸਨੂੰ ਇਹ ਗੱਲ ਵੀ ਭਲੀਭਾਂਤ ਪਤਾ ਸੀ ਕਿ ਮਾਂ ਬਾਪ ਦੀ ਇਜ਼ਤ ਨੂੰ ਦਾਗ ਨਹੀਂ ਲੱਗਣ ਦੇਣਾ । ਸ਼ਮੀਰੋ ਹਰ ਕਦਮ ਸੋਚ ਸਮਝ ਕੇ ਪੁੱਟਦੀ । ਬਹੁਤ ਵਾਰੀ ਜਵਾਨੀ ਦੇ ਜੋਸ਼ ਨੂੰ ਦੱਬ ਲੈਂਦੀ ਤੇ ਕਈ। ਵਾਰੀ ਅੱਖਾਂ ਵੀ ਪੂੰਝ ਲੈਂਦੀ । ਕਾਲਜ ਦੀਆਂ ਸਟੇਜਾਂ ਉੱਤੇ ਉਸਦਾ ਡੰਕਾ ਵੱਜਣ ਲੱਗ ਪਿਆ ਸੀ । ਹਰ ਕੋਈ ਉਸਦੀ ਸਿਫਤ ਕਰਦਾ ਸੀ ।
ਉਸ ਵੇਲੇ ਦਾ ਇਕ ਮਸ਼ਹੂਰ ਗਾਇਕ ਇਕ ਵਧੀਆ ਨੱਚ ਲੈਣ ਵਾਲੀ ਕਲਾਕਾਰ ਦੀ ਭਾਲ ਵਿਚ ਪੁੱਛ ਰਿਹਾ ਸੀ । ਗੱਲਾਂ ਗੱਲਾਂ ਵਿਚ ਸ਼ਮੀਰੋ ਦਾ ਜ਼ਿਕਰ ਹੋ ਗਿਆ, ਕੁਦਰਤੀ ਝੋਲੇ ਵਿਚੋਂ ਇਕ ਫੋਟੋ ਵੀ ਨਿਕਲ ਆਈ । ਬਸ ਫੇਰ ਕੀ ਸੀ, ਗਾਇਕ ਤਾਂ ਖਹਿੜੇ ਹੀ ਪੈ ਗਿਆ । ਉਦੋਂ ਫੋਨ ਤਾਂ ਸਿਰਫ ਚੋਗੇ ਵਾਲੇ ਹੀ ਹੁੰਦੇ ਸਨ । ਘਰ ਆ ਕੇ ਗੱਲਬਾਤ ਕੀਤੀ ਤੇ ਟੀ ਵੀ ਤੇ ਪ੍ਰੋਗਰਾਮ ਦਾ ਦਿਨ ਮੁਕਰਰ ਹੋ ਗਿਆ । ਜਿਸ ਦਿਨ ਸ਼ਮੀਰੋ ਨੇ ਬਸ ਫੜ੍ਹਨੀ ਸੀ ਅੱਡੇ ਤਕ ਨਾਲ ਜਾਣਾ ਪਿਆ । ਅਲਵਿਦਾ ਕਹਿਣ ਤੋਂ ਪਹਿਲਾਂ ਸ਼ਮੀਰੋ ਨੇ ਮਲਕੱੜੇ ਜਿਹੇ ਆਲੇ ਦੁਆਲੇ ਵੇਖ ਕਾਹਲੀ ਜਿਹੀ ਵਿਚ ਤਿੰਨ ਕੁ ਸਕਿੰਟਾਂ ਦੀ ਗੱਲਵਕੜੀ ਪਾ ਦਿੱਤੀ । ਹੱਕਾ ਬੱਕਾ ਰਹਿ ਜਾਣਾ ਸੁਭਾਵਿਕ ਹੀ ਸੀ ।
-ਹੈਲੋ, ਸ਼ਮੀਰੋ ਬੋਲਦੀ ਐਂ
- ਹਾਏ ਮੈਂ ਮਰਜਾਂ, ਤੁਸੀਂ ਕਿਥੇ?
-ਐਥੇ ਹੀ ਮਰੀਕਾ ਆਇਆ ਸੀ, ਸੋਚਿਆ ਤੈਨੂੰ ਲੱਭ ਕੇ ਦੇਖਦਾਂ।
- ਚੱਲ ਦੱਸ ਕਿੱਥੇ ਹੈਂ , ਤੈਨੂੰ ਲੈ ਕੇ ਆਵਾਂ ।
- ਨਹੀਂ, ਤੂੰ ਬਸ ਮਿਲਣ ਆ ਜਾ, ਤੜਕੇ ਤੱਕ ਹੀ ਇੱਥੇ ਹਾਂ,
- ਸਿਰਨਾਵਾਂ ਭੇਜ ।
ਇਕ ਘੰਟੇ ਦੇ ਵਿਚ ਵਿਚ ਸ਼ਮੀਰੋ ਦੱਸੇ ਸਿਰਨਾਵੇ ਤੇ ਆ ਗਈ । ਉਹੀ ਵੀਹ ਸਾਲ ਪੁਰਾਣਾ ਰੰਗ ਰੂਪ ਤੇ ਅੱਖ ਦੀ ਮੜਕ, ਬਸ ਸਲਿਮ ਤੋਂ ਹੈਲਦੀ ਹੋ ਗਈ ਸੀ । ਮਿਲਣ ਲਈ ਅੱਗੇ ਵਧੀ ਪਰ ਰੁੱਕ ਗਈ ਤੇ ਬੋਲੀ,
- ਆ ਮੇਰੇ ਦੋ ਪੁੱਤਰ ਨੇ ।
ਉਸ ਨੇ ਨਾਮ ਤੇ ਉਮਰ ਵੀ ਦੱਸੀ ਪਰ ਕੌਣ ਯਾਦ ਰੱਖਦਾ। -
ਕੀ ਕੰਮ ਕਰਦੀ ਏਂ ?
- ਬਸ ਉਹੀ ਸਟੋਰਾਂ ਤੇ, ਜੋ ਬਾਕੀ ਸਾਰੇ ਕਰਦੇ ਨੇ ।
- ਗਿੱਧੇ ਦੀਆਂ ਕਲਾਸਾਂ ਨੀ ਲਾਉਂਦੀ ?
- ਕਿਥੇੰ!
ਇਕ ਹਾਉਕਾ ਜਿਹਾ ਭਰ ਕੇ ਬੋਲੀ,
- ਘਰ ਵਾਲਾ ਟੈਕਸੀ ਚਲਾਉਂਦਾ, ਉਹ ਕਹਿੰਦਾ ਆਪਾਂ ਨੀ ਇਹ ਕੁੱਤੇ ਕੰਮ ਕਰਨੇ, ਚੁੱਪ ਕਰਕੇ ਬੱਚੇ ਪਾਲ ਤੇ ਸਟੋਰ ਤੇ ਕੰਮ ਕਰ।
ਕਲਾਕਾਰ ਦੀ ਮੌਤ ਇੰਝ ਵੀ ਹੋ ਸਕਦੀ ਹੈ ਇਕ ਅਸਹਿ ਅਹਿਸਾਸ ਸੀ। ਕਾਫੀ ਦੇਰ ਚੁੱਪ ਪੱਸਰੀ ਰਹੀ, ਸ਼ਾਇਦ ਚਾਰੇ ਅੱਖਾਂ ਨਮ ਹੋ ਗਈਆਂ ਸਨ ।
- ਚੰਗਾ ਹੁਣ ਮੈਂ ਚੱਲਦੀ ਹਾਂ।
ਕਹਿ ਕੇ ਉਹ ਉੱਠ ਖੜ੍ਹੀ। ਉਸ ਨੇ ਬਸ ਅੱਡੇ ਵਾਲੀ ਨਜ਼ਰ ਨਾਲ ਆਲੇ ਦੁਆਲੇ ਵੇਖਿਆ ਤੇ ਫੇਰ ਅੱਗੇ ਨੂੰ ਉੱਠਿਆ ਕਦਮ , ਪਿੱਛੇ ਨੂੰ ਮੋੜ ਲਿਆ। ਸ਼ਾਇਦ ਉਸਨੂੰ ਦੋ ਜਸੂਸ ਦਿੱਸ ਪਏ ਸਨ। ਤੇ ਉਹ ਛੀਹ ਸਾਲ ਪੁਰਾਣੀ ਰੀਝ ਨਾਲ ਲੈ ਕੇ ਕਾਰ ਵਿਚ ਬੈਠ ਗਈ ।
ਕਿਤਾਬ ਸ਼ਮੀਰੋ ਵਿੱਚੋਂ
-
ਜਨਮੇਜਾ ਸਿੰਘ ਜੌਹਲ, writer
janmeja@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.