ਰੱਬੀ ਰੰਗ ‘ਚ ਰੰਗੇ ਸੇਵਾ ਪੰਥੀ ਬਾਬਾ ਸ਼ਾਮ ਸਿੰਘ
ਸ੍ਰੀ ਹਰਿਮੰਦਰ ਸਾਹਿਬ ਵਿਖੇ 7 ਦਹਾਕੇ ਤੋਂ ਵੱਧ ਕੀਰਤਨ ਦੀ ਸੇਵਾ ਕਰਨ ਵਾਲੇ ਬਾਬਾ ਸ਼ਾਮ ਸਿੰਘ
ਸੇਵਾ ਪੰਥੀ ਸੰਪਰਦਾਵਾਂ ਨੇ ਸਿੱਖ ਕੌਮ ਦ ਦੀ ਬਹੁਤ ਨਿੱਗਰ ਤੇ ਪ੍ਰਸ਼ੰਸਾਜਨਕ ਸੇਵਾ ਕੀਤੀ ਹੈ। ਇਨ੍ਹਾਂ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਨੇ ਲੋਕਾਂ ਦੇ ਸਰੀਰਕ ਸੁੱਖ- ਆਰਾਮ ਲਈ, ਸਰ੍ਹਾਵਾਂ, ਟਿਕਾਣੇ, ਖੂਹ, ਤਾਲਾਬ, ਦਵਾਖਾਨੇ, ਧਰਮਸ਼ਾਲਾਵਾਂ, ਲੰਗਰ ਲਾ ਕੇ ਜਿਥੇ ਮਨੁੱਖ ਜਾਤੀ ਦੀ ਸੇਵਾ ਕੀਤੀ ਹੈ ਉਥੇ ਮਾਨਸਿਕ ਸ਼ਾਂਤੀ ਤੇ ਸਦਾਚਾਰਕ ਸਿਖਿਆ ਲਈ ਚੰਗੇ ਸਾਹਿਤ ਦੀ ਵੀ ਸਿਰਜਣਾ ਕੀਤੀ ਹੈ। ਸੇਵਾ-ਪੰਥੀ ਸੰਤ ਪੁਰਸ਼, ਸਿੱਧੇ-ਸਾਦੇ, ਨਿਰਛਲ ਤੇ ਨਿਸ਼ਕਪਟ ਦਰਵੇਸ਼ੀ ਜੀਵਨ ਵਾਲੇ ਤਪੱਸਵੀ ਤੇ ਸੰਤੋਖੀ ਹੋਏ ਹਨ। ਸੇਵਾ ਪੰਥੀ ਸੰਪਰਦਾ ਦੇ ਸੰਤ ਬਾਬਾ ਸ਼ਾਮ ਸਿੰਘ ਗੁਰੂ-ਘਰ ਦੇ ਸ੍ਰੇਸ਼ਟ ਸਵੱਛ ਰਸਾਲ ਕੀਰਤਨੀਏ ਅਤੇ ਨਿਸ਼ਕਾਮ ਸੇਵਾਵੀ ਰਹੇ ਹਨ। ਇਨ੍ਹਾਂ ਨੇ ਲਗਭਗ 70 ਸਾਲ ਤੋਂ ਵੱਧ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਕੀਰਤਨ ਕੀਤਾ ਹੈ। ਆਪ ਦੇ ਕੀਰਤਨ -ਸਰਵਣ ਨਾਲ ਗੁਰੂ- ਘਰ/ਗੁਰੂ-ਪਿਆਰ ਵਿੱਚ ਭਿੱਜੀਆਂ ਰੂਹਾਂ ਦੀ ਅੰਤਰ-ਆਤਮਾ ਸੁਰਤ ਜੁੜ ਜਾਂਦੀ। ਭਜਨ ਦੇ ਪ੍ਰਤਾਪ ਅਤੇ ਪੂਰਨ ਜਤੀ ਸਤੀ ਹੋਣ ਕਾਰਨ ਆਪ ਦਾ ਮਸਤਕ ਦਗ-ਦਗ ਕਰਦਾ ਸੀ। ਉਹ ਗੁਰਮਤਿ ਵਿਚਾਰਧਾਰਾ ਵਿੱਚ ਪੂਰਨ ਤੌਰ `ਤੇ ਭਿੱਜੇ ਹੋਏ ਸਨ।
ਸੇਵਾ ਪੰਥੀ ਸੰਪਰਦਾ ਦੇ ਸੰਤ- ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਗੁਟਕੇ, ਪੋਥੀਆਂ, ਸੁੰਦਰ ਅੱਖਰਾਂ ਵਿੱਚ ਲਿਖੀਆਂ ਤੇ ਚੰਗੀਆਂ ਪ੍ਰਮਾਣਿਕ ਪੁਸਤਕਾਂ ਦੇ ਉਲੱਥੇ ਕੀਤੇ ਤੇ ਕਰਵਾਏ। ਸੰਗੀਤ ਪਰਪਾਟੀ ਨੂੰ ਅੱਗੇ ਤੋਰਨ ਵਿੱਚ ਵੀ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਚੌਕੀ ਵੀ ਸੇਵਾ ਪੰਥੀ ਸੰਪਰਦਾ ਦੀ ਝੋਲੀ ਪੈਂਦੀ ਰਹੀ ਹੈ। ਸੇਵਾ ਪੰਥੀ ਬਾਬਾ ਸ਼ਾਮ ਸਿੰਘ ਦਾ ਜਨਮ ਸ਼ਹਿਰ ਸ਼ਾਹਪੁਰ (ਪਾਕਿਸਤਾਨ) ਵਿੱਚ 1803 ਈ. ਨੂੰ ਪਿਤਾ ਭਾਈ ਦਰਬਾਰੀ ਦੇ ਗ੍ਰਹਿ ਮਾਤਾ ਕਿਸ਼ਨ ਦੇਈ ਦੀ ਕੁੱਖੋਂ ਹੋਇਆ। ਬਾਲਕ ਸ਼ਾਮ ਸਿੰਘ ਛੋਟੀ ਉਮਰ ਦੇ ਹੀ ਸਨ ਕਿ ਪਿਤਾ ਦਾ ਦੇਹਾਂਤ ਹੋ ਗਿਆ। ਘਰ ਵਿੱਚ ਆਰਥਿਕ ਮੰਦਹਾਲੀ ਪਹਿਲਾਂ ਹੀ ਬਹੁਤ ਸੀ, ਪਤੀ ਦੇ ਤੁਰ ਜਾਣ ਕਾਰਨ ਪੁੱਤਰ ਦੇ ਪਾਲਣ- ਪੋਸ਼ਣ ਦੀ ਸਾਰੀ ਜ਼ੁੰਮੇਵਾਰੀ ਮਾਤਾ ਜੀ `ਤੇ ਆ ਪਈ।
ਉਹ ਚੱਕੀ ਪੀਹ ਕੇ ਘਰ ਦਾ ਨਿਰਬਾਹ ਚਲਾਉਂਦੇ, ਬਾਲਕ ਪੰਜ ਕੁ ਸਾਲ ਦਾ ਸੀ ਕਿ ਕਾਲ ਪੈ ਗਿਆ।ਮਾਤਾ ਕ੍ਰਿਸ਼ਨ ਦੇਈ ਨੇ ਬਾਲਕ ਸ਼ਾਮ ਸਿੰਘ ਨੂੰ ਸੰਤ ਬਾਬਾ ਰਾਮ ਸਿੰਘ ਜੀ ਦੇ ਚਰਨੀਂ ਲਾ ਦਿੱਤਾ ਤੇ ਸੰਤ ਮੰਡਲੀ ਵਿੱਚ ਸ਼ਾਮਲ ਹੋ ਗਏ। ਸੰਤ ਰਾਮ ਸਿੰਘ ਦੀ ਸਰਪ੍ਰਸਤੀ ਹੇਠ ਗੁਰਬਾਣੀ ਕੰਠ ਕੀਤੀ, ਨਿਸ਼ਕਾਮ ਸੇਵਾ ਦੀ ਗੁੜ੍ਹਤੀ ਲਈ। ਨਿਮਰਤਾ ਤੇ ਗੁਰੂ ਦੀ ਭੈ ਭਾਵਨੀ ਦਾ ਸਤਿਕਾਰ ਪ੍ਰਾਪਤ ਕੀਤਾ । ਉਨ੍ਹਾਂ ਦਾ ਸੰਤ ਰਾਮ ਸਿੰਘ ਨਾਲ ਬਹੁਤ ਲਗਾਉ ਸੀ। ਧਰਮ-ਪ੍ਰਚਾਰ ਫੇਰੀਆਂ ਸਮੇਂ ਉਹ ਹਮੇਸ਼ਾਂ ਨਾਲ ਰਹਿੰਦੇ। ਸੰਤ ਰਾਮ ਸਿੰਘ ਅਕਾਲ ਚਲਾਣੇ ਉਪਰੰਤ ਬਾਬਾ ਸ਼ਾਮ ਸਿੰਘ ਅੰਮ੍ਰਿਤਸਰ ਸਾਹਿਬ ਆ ਗਏ। ਵੱਖ-ਵੱਖ ਸੰਪ੍ਰਦਾਵਾਂ ਦੇ ਸੰਤਾਂ-ਮਹਾਂਪੁਰਸ਼ਾਂ ਨੂੰ ਮਿਲੇ। ਪਰ ਸੰਤ ਰਾਮ ਸਿੰਘ ਦੇ ਵਿੱਚੋੜੇ/ਵੈਰਾਗ ਗੁਰੂ ਅਰਜਨ ਦੇਵ ਜੀ ਵੱਲੋਂ ਈਜਾਦ ਸਾਜ ਸਰਦਾ ਉਹ ਕੀਰਤਨ ਲਈ ਵਰਤਦੇ ਸਨ। ਸਾਰੀ ਉਮਰ ਹੀ ਉਹ ਸਰੰਦੇ ਨਾਲ ਕੀਰਤਨ ਕਰਦੇ ਰਹੇ। ਸੰਤ ਸ਼ਾਮ ਸਿੰਘ ਸਿਦਕ, ਸਬਰ, ਸੰਤੋਖ, ਦਇਆਲਤਾ, ਉਦਾਰਤਾ, ਸ਼ਾਂਤੀ, ਸੁਪ੍ਰੇਮ, ਮਿੱਠੀ ਰਸਨਾ, ਅਮਲੀ ਨਿਰਮਾਣਤਾ ਅਤੇ ਅੰਤਰਯਾਤਮਾ ਦੇ ਹੁੰਦਿਆਂ ਵੀ ਆਪਣੇ ਆਪ ਨੂੰ ਗੁਲਾਮ ਕਹਾਉਂਦੇ ਸਨ।
ਗੁਰਬਾਣੀ ਦੇ ਸ਼ੁੱਧ ਉਚਾਰਣ `ਤੇ ਬਹੁਤ ਜ਼ੋਰ ਦਿੰਦੇ ਸਨ । ਉਹ ਅਕਸਰ ਕਹਿੰਦੇ ਸਨ ਕਿ ਗੁਰਬਾਣੀ ਦੇ ਸ਼ੁੱਧ ਪਾਠ ਨਾਲ ਹੀ ਬਾਣੀ ਨੂੰ ਸਮਝਿਆ-ਵਿੱਚਾਰਿਆ ਜਾ ਸਕਦਾ ਹੈ। ਸਿਖਿਆਰਥੀ ਨੂੰ ਮੁਹਾਰਨੀ ਪੱਕੀ ਹੋਣ `ਤੇ ਹੀ ਗੁਰੂ ਚਰਨੀਂ ਲਾਉਣਾ ਚਾਹੀਦਾ ਹੈ। ਅੱਠੇ ਪਹਿਰ ਕੀਰਤਨ, ਪਾਠ-ਜਾਪ ਤੇ ਸਿਮਰਨ ਸੰਸਾਰ ਅੰਦਰ ਸਿਰਫ਼ ਸ੍ਰੀ ਹਰਿਮੰਦਰ ਸਹਿਬ ਜੀ ਵਿਖੇ ਹੀ ਹੁੰਦਾ ਹੈ। ਪੁਰਾਤਨ ਸਮੇਂ ਕਿਵਾੜ ਖੁੱਲ੍ਹਣ ਤੋਂ ਇਕ ਘੰਟਾ ਬਾਅਦ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੁੰਦਾ। ਸੰਤ ਬਾਬਾ ਸ਼ਾਮ ਸਿੰਘ ਜੀ ਰਾਤ ਦੇ ਇੱਕ ਵਜੇ ਉੱਠ ਕੇ ਪਹਿਲਾਂ ਖੂਹ `ਤੇ ਇਸ਼ਨਾਨ ਕਰਦੇ ਤੇ ਫਿਰ ਅੰਮ੍ਰਿਤ-ਸਰੋਵਰ ਵਿੱਚ ਕੇਸਾਂ ਸਮੇਤ ਟੁੱਭਾ ਲਾਉਂਦੇ। ਤਿੰਨ ਪਹਿਰ ਵੱਜਣ ਤੋਂ ਪਹਿਲਾਂ ਗੁਰਦੁਆਰਾ ਲਾਚੀ ਬੇਰ ਸਾਹਿਬ ਦੇ ਹੇਠ ਜਾ ਬੈਠਦੇ ਤੇ ਸਰੰਦੇ ਨਾਲ ਕੀਰਤਨ ਸ਼ੁਰੂ ਕਰਦੇ।
ਤੁਝ ਬਿਨ ਸੁਰਤ ਕਰੋ ਕੋ ਮੇਰੀ ਦਰਸ਼ਨ ਦੀਜੇ ਖੋਲਿ ਕਿਵਾਰ॥
ਸੰਗਤਾਂ ਇਸ ਚੌਂਕੀ ਨੂੰ ਪ੍ਰੇਮ ਚੌਂਕੀ ਕਹਿਣ ਲੱਗ ਪਈਆਂ। ਹੁਣ ਇਸ ਨੂੰ ਤਿੰਨ ਪਹਿਰੇ ਦੀ ਚੌਂਕੀ ਕਹਿੰਦੇ ਹਨ। ਉਨ੍ਹਾਂ ਇਹ ਚੌਂਕੀ ਕੋਈ ਸਤ ਦਹਾਕੇ ਭਰੀ ਉਨ੍ਹਾਂ ਦੇ ਜੀਵਨ ਨਾਲ ਅਧਿਆਤਮਿਕ ਰਹੱਸ ਵਾਲੀਆਂ ਕਈ ਸਾਖੀ ਰੂਪੀ ਕਹਾਣੀਆਂ ਪ੍ਰਚੱਲਤ ਹਨ। ਉਨ੍ਹਾਂ ਆਪਣੇ ਹੱਥ-ਲਿਖਤ ਗ੍ਰੰਥ `ਭਗਤ ਪ੍ਰੇਮ ਪ੍ਰਕਾਸ਼` ਵਿੱਚ ਵੀ ਕਈ ਘਟਨਾਵਾਂ ਦਾ ਵਰਨਣ ਕੀਤਾ ਹੈ। ਉਹ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਵਿੱਚੋਂ ਗੋਹਾ, ਪੰਛੀਆਂ ਦੀਆਂ ਵਿੱਠਾਂ, ਖੰਭ ਆਦਿ ਦੀ ਸੇਵਾ ਬੜੀ ਲਗਨ ਨਾਲ ਕਰਦੇ ਸਨ। ਪਿੱਠ ਪਿੱਛੇ ਸਰੰਦਾ ਬੰਨ੍ਹੀ, ਪਰਕਰਮਾ ਵਿੱਚ ਝਾੜੂ ਵੀ ਆਪ ਦਿਆ ਕਰਦੇ ਸਨ। ਜ਼ਖ਼ਮੀ ਪੰਛੀਆਂ, ਡੰਗਰਾਂ ਦੀ ਮਲ੍ਹਮ ਪੱਟੀ ਵੀ ਕਰਦੇ ਸਨ। ਲੋੜਵੰਦਾਂ ਦੀ ਲੋੜ ਪੂਰੀ ਕਰਕੇ ਅਨੰਦਤ ਹੁੰਦੇ ਸਨ। ਉਹ ਪਰਕਰਮਾਂ ਵਿੱਚ ਸੰਤ ਭਾਈ ਸਵਾਇਆ ਸਿੰਘ ਜੀ ਦੀ ਛਬੀਲ `ਤੇ ਸੰਗਤਾਂ ਦੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕਰਦੇ। ਆਟਾ ਮੰਡੀ ਵਾਲੀ ਧਰਮਸਾਲ ਵਿੱਚ ਸੰਗਤਾਂ ਲਈ ਆਟਾ ਗੁੰਨ੍ਹਦੇ, ਸਬਜ਼ੀਆਂ, ਦਾਲਾਂ ਆਪ ਬਨਾਉਂਦੇ, ਆਈ ਸੰਗਤ ਨੂੰ ਗੋਬਿੰਦ ਸੰਗਤ ਕਹਿੰਦੇ। ਪਰਸ਼ਾਦਾ ਵਰਤਾਉਣ ਵੇਲੇ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਧੁਨੀ ਉਚਾਰਦੇ। ਉਹ ਬਹੁਤ ਘੱਟ ਪ੍ਰਸ਼ਾਦਾ ਛਕਦੇ ਤੇ ਬਹੁਤ ਘੱਟ ਸੌਂਦੇ ਸਨ।
ਸੰਤ ਬਾਬਾ ਸ਼ਾਮ ਸਿੰਘ ਜੀ ਨੂੰ ਗੁਰੂ- ਘਰਾਂ ਦੀ ਸੇਵਾ ਕਰਾਉਣ ਦਾ ਡਾਢਾ ਚਾਅ ਪਿਆਰ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ-ਸੇਵਾ ਕਰਵਾਉਣੀ, ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਵਿੱਚ ਝੰਡੇ-ਬੁੰਗੇ ਦੀ ਇਮਾਰਤ ਕਾਰ-ਸੇਵਾ ਰਾਹੀਂ ਬਨਾਉਣੀ, ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਹੰਸਲੀ ਦੀ ਕਾਰ ਸੇਵਾ ਕਰਵਾਉਣੀ, ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਦੀ ਕੱਚੀ ਪਰਕਰਮਾਂ ਪੱਕੀ ਕਰਵਾਉਣੀ, ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਵਿਖੇ ਸੋਨੇ ਦੇ ਕਲਸਾਂ ਦੀ ਸੇਵਾ, ਸ੍ਰੀ ਤਰਨਤਾਰਨ ਸਾਹਿਬ ਦੀਆਂ ਬੁਰਜੀਆਂ ਦੀ ਸੇਵਾ, ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦੇ ਅਸਥਾਨ ਦੀ ਇਮਾਰਤ ਬਣਵਾਈ ਅਤੇ ਖੂਹ ਲਗਵਾਇਆ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦੇਹੁਰੇ ਵਿਖੇ ਸੰਗਮਰਮਰ ਦਾ ਸੁੰਦਰ ਬੁਰਜ ਵਾਲਾ ਬੰਗਲਾ ਸਾਹਿਬ ਬਣਵਾ ਕੇ ਲਗਵਾਇਆ ਅਤੇ ਦਰਿਆ ਕੰਡੇ ਘਾਟ ਬਣਵਾਇਆ। ਬਿਬੇਕਸਰ ਸਾਹਿਬ ਦੀ ਕਾਰ ਸੇਵਾ, ਗੁਰਦੁਆਰਾ ਗੁਰੂ ਕੇ ਮਹਿਲ ਦੀ ਸੇਵਾ - ਇਤਿਹਾਸ ਵਿੱਚ ਅੰਕਿਤ ਹੈ।
ਸੰਤ ਸ਼ਾਮ ਸਿੰਘ ਜੀ 123 ਸਾਲ ਦੀ ਆਯੂ ਪੂਰੀ ਕਰਕੇ 23 ਅਪ੍ਰੈਲ 1926 ਨੂੰ ਅਕਾਲ ਜੋਤ ਵਿੱਚ ਅਭੇਦ ਹੋ ਗਏ। ਉਨ੍ਹਾਂ ਤੋਂ ਬਾਅਦ ਸੰਤ ਬਾਬਾ ਝੰਡਾ ਸਿੰਘ, ਸੰਤ ਬਾਬਾ ਖੜਕ ਸਿੰਘ, ਬਾਬਾ ਦਰਸ਼ਨ ਸਿੰਘ ਇਸ ਸੰਪਰਦਾ ਦੇ ਮੁਖੀ ਰਹੇ ਹਨ। ਇਸ ਸੰਪਰਦਾ ਵੱਲੋਂ ਗੁਰੂ-ਘਰ ਦੀਆਂ ਅਲੌਕਿਕ ਇਮਾਰਤਾਂ ਉਸਾਰੀਆਂ ਗਈਆਂ। ਗੁਰੂ ਰਾਮਦਾਸ ਲੰਗਰ ਹਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਆਦਿ। ਸੰਤ ਬਾਬਾ ਸ਼ਾਮ ਸਿੰਘ ਜੀ ਵੱਲੋਂ ਤਿੰਨ ਵੱਡੀਆਂ ਧਾਰਮਿਕ ਰੀਤੀਆਂ ਨਿਰਵਿਘਨ ਚੱਲ ਰਹੀਆਂ ਹਨ ਜੋ ਨੌਂ-ਦੱਸ ਦਹਾਕੇ ਪਹਿਲਾਂ ਆਰੰਭ ਕੀਤੀਆਂ ਗਈਆਂ ਸਨ । ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹਰ ਰੋਜ਼ ਇਸ਼ਨਾਨ ਸੇਵਾ ਉਪਰੰਤ ਕੜਾਹ ਪ੍ਰਸ਼ਾਦਿ ਦੀ ਪਹਿਲੀ ਦੇਗ ਭੇਟ ਕਰਨੀ, ਡੇਰੇ ਵਿੱਚ ਅਖੰਡ ਪਾਠ ਸਾਹਿਬ ਦੀ ਲੜੀ ਜਾਰੀ ਰੱਖਣੀ ਅਤੇ ਧਰਮਸਾਲ ਵਿਖੇ ਗੋਬਿੰਦ ਸੰਗਤ ਲਈ ਖੁੱਲ੍ਹਾ ਲੰਗਰ ਵਰਤਾਉਣਾ ਆਦਿ।
-
ਦਿਲਜੀਤ ਸਿੰਘ ਬੇਦੀ, writer
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.