'" ਤੁਸੀਂ ਉਹਦਾ ਕੁੱਝ ਕਰਦੇ ਕਿਉਂ ਨਹੀਂ। ਅੱਜ ਉਹ ਫੇਰ ਸਕੂਲ ਦੇ ਮੇਨ ਗੇਟ ਮੁਹਰੇ ਖੜ੍ਹਾ ਸੀ। ਇੰਝ ਤਾਂ ਕੁੜੀ ਦੀ ਜਾਨ ਨੂੰ ਖਤਰੈ ਬਈ।ਜੇ ਕੁੜੀ ਨੂੰ ਚੁੱਕ ਕੇ ਲੈ ਗਿਆ।" ਘੰਟੀ ਵੱਜਣ 'ਤੇ ਪ੍ਰਿੰਸੀਪਲ ਤੋਂ ਵੀ ਵਡੇਰੀ ਉਮਰ ਦੀ ਧੌਲ਼ੇ ਕੇਸਾਂ ਵਾਲ਼ੀ ਡਰਾਇੰਗ ਅਧਿਆਪਕਾ ਬੁੜਬੁੜਾਉਂਦੀ ਹੋਈ ਉੱਠ ਕੇ ਚਲੀ ਗਈ।
ਪ੍ਰਿੰਸੀਪਲ ਸੋਚੀਂ ਪੈ ਗਏ। ਆਖਰ ਕਰੀਏ ਵੀ ਕੀ ਇਹਦਾ। ਸ਼ਰਾਬ 'ਚ ਧੁੱਤ ਇਸ ਮੂਰਖ ਨੂੰ ਕਿਵੇਂ ਸਮਝਾਈਏ ਬਈ ਸਕੂਲ ਮੁਹਰੇ ਨਾ ਆਇਆ ਕਰ। ਬੈੱਲ ਮਾਰੀ 'ਤੇ ਸਕਿਊਰਿਟੀ ਗਾਰਡ ਦਫ਼ਤਰ 'ਚ ਆਉਣ ਖੜ੍ਹਾ ਹੋਇਆ।
" ਤੁਹਾਨੂੰ ਇਸੇ ਲਈ ਸਰਕਾਰੀ ਸਕੂਲਾਂ 'ਚ ਰੱਖਿਆ ਸਰਕਾਰ ਨੇ। ਤੁਹਾਡਾ ਕੋਈ ਧਿਆਨ ਹੈ। ਉਹ ਸ਼ਰਾਬੀ ਬੰਦਾ ਹਰ ਰੋਜ਼ ਸਕੂਲ ਦੇ ਗੇਟ 'ਤੇ ਕੀ ਕਰਦੈ ? ਤੂੰ ਉਸਨੂੰ ਵਰਜਦਾ ਕਿਉਂ ਨਹੀਂ ? ਜੇ ਕੱਲ੍ਹ ਨੂੰ ਕੁੜੀ ਦਾ ਕੋਈ ਨੁਕਸਾਨ ਕਰ ਦਿੱਤਾ ਉਹਨੇ, ਇਹਦੀ ਜ਼ਿੰਮੇਵਾਰੀ ਤੇਰੀ ਹੋਵੇਗੀ ! ਮੈਂ ਤਾਂ ਲਿਖ ਕੇ ਦੇ ਦੇਣੈ।" ਲੋਹਾ ਲਾਖਾ ਹੋਇਆ ਪ੍ਰਿੰਸੀਪਲ ਇੱਕ ਸਾਹੇ ਸਭ ਕੁੱਝ ਬੋਲ ਗਿਆ।
ਸਕਿਊਰਿਟੀ ਗਾਰਡ ਦਲਜੀਤ ਸੁੰਨ ਹੋ ਗਿਆ। ਜਿਵੇਂ ਉਹਦੇ ਸਿਰ ਸੌ ਘੜੇ ਪਾਣੀ ਪੈ ਗਿਆ ਹੋਵੇ।
"ਠੀਕ ਏ ਜੀ ਹੁਣ ਦੇਖਿਓ ਤੁਸੀਂ ਜੇ ਉਹਦਾ
ਪਰਛਾਵਾਂ ਵੀ ਆ ਜੇ ਸਕੂਲ ਕੋਲ਼ । ਤੁਸੀਂ ਮੈਨੂੰ ਛੁੱਟੀ ਦੇ ਦਿਓ ਕੇਰਾਂ , ਇਹੋ ਜਿਹਾ ਝੰਬੂ ਸਾਲ਼ੇ ਨੂੰ ਕਿ ਯਾਦ ਰੱਖੂ।" ਸਕਿਊਰਿਟੀ ਗਾਰਡ ਨੇ ਆਪਣੇ ਅੰਦਰਲੇ ਫੌਜੀਪੁਣੇ ਨੂੰ ਹਲੂਣਾ ਦਿੱਤਾ।
" ਆ ਗਇਐਂ ਫੇਰ! ਨਾ ਤੂੰ ਇੱਥੇ ਅੰਬ ਲੈਣ ਆਉਂਦੈਂ! " ਦਲਜੀਤ ਉਹਦੇ ਨਾਲ਼ ਹੱਥੋਂ ਪਾਈ ਹੋ ਗਿਆ। ਉਸਦਾ ਗਲ਼ਾਮਾ ਪਾੜ ਦਿੱਤਾ।
ਹੱਡੀਆਂ ਦੀ ਮੁੱਠ ਬਣਿਆ ਕੁਲਵੰਤ ਹੱਥ ਜੋੜੀਂ ਤਰਲੇ ਮਿੰਨਤਾਂ ਕਰ ਰਿਹਾ ਸੀ । ਸ਼ਰਾਬੀ ਹਾਲਤ 'ਚ ਉਹਦੀ ਜ਼ੁਬਾਨ ਥਰਥਰਾ ਰਹੀ ਸੀ--" ਬਸ ਇੱਕ ਵਾਰ •••••ਸਿਰਫ਼ ਇੱਕ ਵਾਰ ••• ਮੈਨੂੰ ਮੇਰੀ ਲਾਡੋ ਧੀ ਰਾਣੀ ਨਾਲ਼ ਮਿਲ ਲੈਣ ਦਿਓ। " ਉਹਨੇ ਤਰਲਾ ਮਾਰਿਆ।
ਦਲਜੀਤ ਦੇ ਧੱਕੇ ਨਾਲ਼ ਉਹਦਾ ਮੱਥਾ ਸੜਕ ਨਾਲ਼ ਵੱਜਿਆ। ਤੱਤੇ ਘਾਓ ਉਹ ਫੇਰ ਖੜ੍ਹਾ ਹੋ ਉਸ ਮੁਹਰੇ ਹੱਥ ਜੋੜ -ਜੋੜ ਗਿੜਗਿੜਾਉਣ ਲੱਗ ਪਿਆ। ਲਹੂ ਉਹਦੇ ਸੁੱਕੇ ਚਿਹਰੇ ਦੀਆਂ ਝੂਰੜੀਆਂ ਵਿੱਚੋਂ ਦੀ ਹੁੰਦਾ ਹੋਇਆ ਸਾਰੇ ਝੱਗੇ 'ਤੇ ਫੈਲ ਗਿਆ ।
ਦਲਜੀਤ ਸਹਿਮ ਗਿਆ। ਉਹਦਾ ਸੰਸਾ ਸੀ ਕਿ ਕਿਤੇ ਸਾਲ਼ਾ ਮਰ ਹੀ ਨਾ ਜਾਵੇ। ਨਿੱਤ ਦੀ ਸ਼ਰਾਬ ਕਾਰਨ ਉਹ ਸੁੱਕ ਕੇ ਤੀਲਾ ਹੋਇਆ ਪਿਆ ਸੀ। ਉਹ ਉਹਨੂੰ ਲੜਖੜਾਉਂਦੇ ਤੁਰੇ ਜਾਂਦੇ ਨੂੰ ਉਦੋਂ ਤੱਕ ਵੇਖਦਾ ਰਿਹਾ ਜਦੋਂ ਤੱਕ ਉਹ ਅੱਖੋਂ ਓਹਲੇ ਨਾ ਹੋਇਆ।
ਰਾਊਂਡ ਲੈਣ ਆਏ ਪ੍ਰਿੰਸੀਪਲ ਨੂੰ ਦਲਜੀਤ ਨੇ ਦੱਸਿਆ," ਹੁਣ ਨਹੀਂ ਆਉਂਦਾ ਜੀ ਉਹ। ਅੱਜ ਤਾਂ ਉਹਦੇ ਨਾਲ਼ ਚੰਗੀ ਕੁੱਤੇਖਾਣੀ ਹੋਈ। ਮੇਰੇ ਜ਼ੋਰ ਦੇਣੀ ਧੱਫ਼ੇ ਨਾਲ਼ ਉਹਦਾ ਮੱਥਾ ਫੁੱਟ ਗਿਆ। "
ਦਲਜੀਤ ਦੇ ਮਨ 'ਚ ਡਰ ਨੂੰ ਭਾਸਦਿਆਂ ਪ੍ਰਿੰਸੀਪਲ ਬੋਲੇ ," ਕੁੱਝ ਨਹੀਂ ਹੁੰਦਾ ,ਨਾਲ਼ੇ ਡਰ ਨਾ, ਇਹੋ ਜਿਹੀਆਂ ਸੱਟਾਂ ਨੂੰ ਸ਼ਰਾਬੀ ਕੀ ਜਾਣਦੇ ਨੇ। ਨਾਲ਼ੇ ਅਸੀਂ ਤਾਂ ਬੱਚੇ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਾਂ। "
ਪੰਜਾਬੀ ਅਧਿਆਪਕ ਕੁਲਦੀਪ ਸਿੰਘ ਨੂੰ ਇਸ ਸਕੂਲ 'ਚ ਬਦਲ ਕੇ ਆਏ ਨੂੰ ਮਸਾਂ ਚਾਰ ਕੁ ਮਹੀਨੇ ਹੀ ਹੋਏ ਸਨ। ਉਹਦਾ ਮਨ ਅਜੇ ਅਧਿਆਪਕਾਂ ਨਾਲ਼ ਇੰਨਾ ਰਚਿਆ ਨਹੀਂ ਸੀ , ਪਰ ਬੱਚਿਆਂ ਨਾਲ਼ ਉਹਦੀ ਬਥੇਰੀ ਸਾਂਝ ਪੈ ਚੁੱਕੀ ਸੀ। ਉਹ ਇੱਕ ਸੁਲ਼ਝਿਆ ਹੋਇਆ ਅਧਿਆਪਕ ਸੀ। ਪੜ੍ਹੀਆ ਹੋਈਆਂ ਸਾਹਿਤਕ ਕਿਤਾਬਾਂ ਨੇ ਉਹਦੇ ਸ਼ਬਦਾਂ ਨੂੰ ਵਜ਼ਨਦਾਰ ਬਣਾ ਦਿੱਤਾ ਹੋਇਆ ਸੀ।ਵਿਦਿਆਰਥੀ ਮੋਮਬੱਤੀਆਂ ਬਣੇ ਉਸਦੀਆਂ ਗੱਲਾਂ ਸੁਣਦੇ । ਉਹਨਾਂ ਦੇ ਸਵੇਰ ਦੀ ਸਭਾ 'ਚ ਨੈਤਿਕ ਕਦਰਾਂ ਕੀਮਤਾਂ 'ਤੇ ਦਿੱਤੇ ਭਾਸ਼ਣ ਬਾਕਮਾਲ ਹੁੰਦੇ। ਜਿਹਨਾਂ ਸਦਕਾ ਉਹ ਵਿਦਿਆਰਥੀਆਂ ਦਾ ਮਨਭਾਉਂਦਾ ਅਧਿਆਪਕ ਬਣ ਚੁੱਕਾ ਸੀ।
ਅੱਧੀ ਛੁੱਟੀ ਵੇਲ਼ੇ ਸਟਾਫ ਖਾਣਾ ਖਾ ਰਿਹਾ ਸੀ।
" ਅੱਜ ਤਾਂ ਵਿਚਾਰੇ ਨਾਲ਼ ਬਹੁਤ ਮਾੜੀ ਹੋਈ । ਦਲਜੀਤ ਨੇ ਉਹਨੂੰ ਧੱਕੇ ਮਾਰ ਭਜਾਇਆ। ਧੱਫੇ-ਧੌਲ਼ਿਆਂ 'ਚ ਉਹਦਾ ਸੜਕ 'ਤੇ ਡਿੱਗ ਮੱਥਾ ਪਾਟ ਗਿਆ । ਸੱਤ ਟਾਂਕੇ ਲੱਗੇ ।" ਲਾਗਲੇ ਪਿੰਡ ਤੋਂ ਆਉਂਦੀ ਉਹੀ ਬਜ਼ੁਰਗ ਡਰਾਇੰਗ ਅਧਿਆਪਕਾ ਬੋਲੀ।
"ਤੁਹਾਨੂੰ ਕਿਵੇਂ ਪਤੈ ?" ਹਿੰਦੀ ਅਧਿਆਪਕਾ ਨੇ ਗੱਲ ਅੱਗੇ ਤੋਰੀ।
"ਸਾਡੇ ਲਾਗਲੇ ਪਿੰਡ ਤਾਂ ਉਹ ਆਪਣੀ ਭੂਆ ਦੇ ਘਰੇ ਆਇਆ ਹੋਇਆ। ਉਹਨੂੰ ਪਤੈ ਬਈ ਸੁਖਮਨ ਇੱਥੇ ਪੜ੍ਹਦੀ ਏ ।" ਡਰਾਇੰਗ ਅਧਿਆਪਕਾ ਬੋਲੀ।
"ਉਹ ਸੁਖਮਨ ਦਾ ਕੀ ਲੱਗਦੈ ?" ਮਾਸਟਰ ਕੁਲਦੀਪ ਰੋਟੀ ਦੀ ਬੁਰਕੀ ਨੂੰ ਪਾਣੀ ਰਾਹੀਂ ਅੱਗੇ ਲੰਘਾਉਂਦਿਆਂ ਬੋਲਿਆ।
"ਸੁਖਮਨ ਦਾ ਪਿਓ ਏ ਹੋਰ ਕੌਣ। ਮਾਪਿਆਂ ਘਰੇ ਬੈਠੀ ਏ ਉਹਦੀ ਮਾਂ । ਤਿੰਨ ਸਾਲ ਹੋ ਗਏ ਤਲਾਕ ਲਈ ਕੇਸ ਚੱਲਦੇ ਨੂੰ । ਇਹ ਔਤਰਾ ਇੱਥੇ ਵੀ ਜਵਾਕੜੀ ਨੂੰ ਸਾਹ ਨਹੀਂ ਲੈਣ ਦਿੰਦਾ।ਸਾਡੇ ਲਾਗਲੇ ਪਿੰਡ ਆਪਣੀ ਭੂਆ ਘਰੇ ਰਹਿੰਦਾ। ਮੈਂ ਹੀ ਤਾਂ ਸੁਖਮਨ ਦੀ ਇੱਥੇ ਐਡਮਿਸ਼ਨ ਕਰਵਾਈ ਏ। ਮੇਰੀ ਤਾਂ ਉਹਦੇ ਪ੍ਤੀ ਜ਼ਿੰਮੇਵਾਰੀ ਸਾਰੇ ਅਧਿਆਪਕਾਂ ਨਾਲ਼ੋ ਵੱਧ ਏ।" ਡਰਾਇੰਗ ਅਧਿਆਪਕਾ ਬੋਲਦੀ ਜਾ ਰਹੀ ਸੀ।
ਜੇ ਇੰਨਾ ਪਿਆਰ ਆਉਂਦੈ ਧੀ ਦਾ ਤਾਂ ਦਾਰੂ ਕਾਹਤੋਂ ਡੱਫਦੈਂ । ਨਾਲ਼ੇ ਬਈ ਸ਼ਰਾਬੀ ਤੇ ਕੀ ਭਰੋਸਾ। ਤੰਗ ਆ ਮਨਦੀਪ ਨੂੰ ਉਹਦੇ ਮਾਪੇ ਆਪਣੇ ਕੋਲ਼ ਲੈ ਆਏ। ਉਂਝ ਬੋਲ ਕਬੋਲ ਬੋਲੀ ਜਾਂਦਾ ਸੀ, ਪਰ ਮਨਦੀਪ ਤੇ ਕਦੇ ਹੱਥ ਨਹੀਂ ਚੁਕਿਆ ਉਹਨੇ। ਬਸ ਉਹਨੂੰ ਤਾਂ ਸ਼ਰਾਬ ਹੀ ਨਹੀਂ ਸੀ ਪਚਦੀ। ਮਨਦੀਪ ਸੁਖਮਨ ਦੀ ਮਾਂ ਵੀ ਇਸੇ ਸਕੂਲ 'ਚ ਹੀ ਪੜ੍ਹੀ ਏ। ਮੇਰੀ ਵਿਦਿਆਰਥਣ ਰਹੀ ਏ । ਐੱਮ•ਏ•,ਬੀ•ਐੱਡ ਪਾਸ ਮਨਦੀਪ ਘਰਦਿਆਂ ਨੇ ਵਾਹਵਾ ਜ਼ਮੀਨ ਦੇ ਮਾਲਕ ਸ਼ਰਾਬੀ ਕੁਲਵੰਤ ਦੇ ਲੜ ਲਾ ਦਿੱਤੀ।"
ਡਰਾਇੰਗ ਅਧਿਆਪਕਾ ਦੀਆਂ ਗੱਲਾਂ ਸੁਣਦਿਆਂ ਕੁਲਦੀਪ ਦੀ ਸਾਰੀ ਭੁੱਖ ਮਰ ਗਈ।
ਕੁਲਦੀਪ ਦੇ ਕਦਮ ਆਪ ਮੁਹਾਰੇ ਸਤਵੀਂ ਜਮਾਤ ਦੇ ਕਮਰੇ ਵੱਲ ਪੁੱਟੇ ਜਾ ਰਹੇ ਸਨ। ਸੁਖਮਨ ਇਕੱਲੀ ਬੈਠੀ ਉੱਚੀ ਉੱਚੀ ਬੋਲ ਕੇ 'ਮਿਲਖੀ ਦਾ ਵਿਆਹ' ਕਵਿਤਾ ਯਾਦ ਕਰ ਰਹੀ ਸੀ।ਇਹ ਕਵਿਤਾ ਕੁਲਦੀਪ ਨੇ ਤੀਜੇ ਪੀਰੀਅਡ ਪੜ੍ਹਾਈ ਸੀ। ਉਸਨੇ ਸੁਖਮਨ ਨੂੰ ਆਪਣੇ ਕਲ਼ਾਵੇ 'ਚ ਲੈ ਲਿਆ।
'ਤੂੰ ਅੱਜ ਮਿਡ ਡੇ ਮੀਲ ਖਾਣ ਨਹੀਂ ਗਈ।'
'ਨਾ ਜੀ! ਸਰ ਜੀ ! ਮੈਨੂੰ ਅੱਜ ਭੁੱਖ ਨਹੀਂ ਸੀ।'
" ਕਿਉਂ ? "
"ਬਸ ਉਈਂ।"
'ਫੇਰ ਵੀ ।'
'ਸਰ ਮੈਨੂੰ ਮੇਰੇ ਪਾਪਾ ਬਹੁਤ ਯਾਦ ਆਉਂਦੇ ਨੇ। ਉਹ ਮੈਨੂੰ ਬਹੁਤ ਪਿਆਰ ਕਰਦੇ ਨੇ।ਮੈਨੂੰ ਬਜ਼ਾਰੋਂ ਬਹੁਤ ਚੀਜ਼ਾਂ ਲਿਆ ਕੇ ਦਿੰਦੇ ਹੁੰਦੇ ਸੀ। ਮੇਰਾ ਪਾਪਾ ਬਹੁਤ ਚੰਗੈ। ਫਿਰ ਵੀ ਮੇਰੇ ਮਾਮੇ ਪਤਾ ਨਹੀਂ ਕਿਉਂ ਉਹਨਾਂ ਨੂੰ ਗਾਲ਼ਾ ਕੱਢਦੇ ਰਹਿੰਦੇ ਨੇ।" ਸੁਖਮਨ ਬਿਨਾਂ ਅਟਕੇ ਇੱਕੋ ਸਾਹੇ ਆਪਣੀ ਸਾਰੀ ਭੜਾਸ ਕੱਢ ਗਈ
ਇਹ ਸੁਣ ਕੁਲਦੀਪ ਦਾ ਅੰਦਰਲਾ ਪਸੀਜ਼ ਗਿਆ। ਉਹਦੀ ਰੂਹ ਵਲੂੰਧਰੀ ਗਈ।ਉਸਦੀਆਂ ਅੱਖਾਂ 'ਚ ਹੰਝੂ ਭਰ ਆਏ। ਉਹਨੇ ਸੁਖਮਨ ਨੂੰ ਆਪਣੇ ਕਾਲਜੇ ਨਾਲ਼ ਲਾ ਲਿਆ।
ਬੰਦ ਅੱਖਾਂ 'ਚ ਕੁਲਦੀਪ ਦਾ ਬਚਪਨ ਉਹਦੇ ਸਾਹਵੇਂ ਆ ਖੜ੍ਹਾ ਹੋਇਆ। ਉਹਦੀ ਆਪਣੀ ਮਾਂ ਵੱਲੋਂ ਕੁੱਟ ਕੁਟਾਪੇ 'ਚ ਮਾਰੀਆਂ ਚੀਕਾਂ ਉਹਦੀ ਰੂਹ ਨੂੰ ਝੰਜੋੜਨ ਲੱਗ ਪਈਆਂ। ਢਿੱਲੇ ਸਾਫੇ ਵਾਲ਼ਾ ਉਹਦਾ ਸ਼ਰਾਬੀ ਪਿਓ ਉਹਨੂੰ ਸੱਥਰ 'ਤੇ ਮੋਇਆ ਦਿਖਾਈ ਦਿੱਤਾ। ਕੁਲਦੀਪ ਨੇ ਅੱਖਾਂ ਘੁੱਟ ਸਾਰੇ ਹੰਝੂਆਂ ਨੂੰ ਅੱਖਾਂ 'ਚੋਂ ਝਾੜ ਆਪਣੇ ਆਪ ਨੂੰ ਸੰਭਾਲ਼ਾ ਦਿੱਤਾ।
ਸਰ ਜੀ , ਤੁਸੀਂ ਰੋ ਕਿਉਂ ਰਹੇ ਹੋ ?"
"ਨਹੀਂ ਬੇਟਾ , ਤੈਨੂੰ ਭੁਲੇਖਾ ਲੱਗਿਆ।"
ਉਹਨੇ ਆਪਣੀਆਂ ਸੇਜਲ ਅੱਖਾਂ ਸੁਖਮਨ ਤੋਂ ਪਰੇ ਭੁੰਆਂ ਲਈਆਂ।
ਕੁਲਦੀਪ ਨੇ ਆਪਣੀ ਪੂਰੀ ਹਿੰਮਤ ਜੁਟਾ ਹੰਝੂ ਰੋਕ ਲਏ।
ਸੁਖਮਨ ਜੇ ਤੈਨੂੰ ਤੇਰੇ ਪਾਪਾ ਨਾਲ਼ ਮਿਲਾ ਦਿਆਂ।
ਉਹ ਹਲਕਾ ਜਿਹਾ ਮੁਸਕਰਾਈ।
ਇਹ ਉਹਦੀ ਹਾਂ ਦਾ ਚਿੰਨ੍ਹ ਸੀ।
ਉਹ ਆਪਣੇ ਪਿਓ ਨੂੰ ਬਹੁਤ ਪਿਆਰ ਕਰਦੀ ਸੀ। ਉਹ ਵੀ ਇਹਦੇ ਬਿਨਾਂ ਸਾਹ ਨਹੀਂ ਸੀ ਲੈਂਦਾ। ਉਹ ਲਾਡ 'ਚ ਕਦੇ ਉਹਨੂੰ ਲਾਡੋ, ਧੀ ਰਾਣੀ ,ਮੇਰੀ ਪਰੀ , ਮੇਰੀ ਕਾਟੋ ਹੋਰ ਪਤਾ ਨਹੀਂ ਕਿੰਨੇ ਰਸ ਭਿੰਨੇ ਸ਼ਬਦਾਂ ਨਾਲ਼ ਪੁਕਾਰਦਾ।
ਕੁਲਦੀਪ ਨੇ ਪਿਓ ਧੀ ਨੂੰ ਮਿਲਾਉਣ ਦਾ ਆਪਣੇ ਆਪ ਨਾਲ਼ ਪ੍ਰਣ ਕਰ ਲਿਆ।
ਉਸਨੇ ਸਕਿਊਰਿਟੀ ਗਾਰਡ ਨਾਲ਼ ਇਸ ਬਾਬਤ ਗੱਲ ਕੀਤੀ।
"ਮਾਸਟਰ ਜੀ ਤੁਸੀਂ ਠੀਕ ਤਾਂ ਹੋ ? ਤੁਹਾਨੂੰ ਪਤੈ ਮੈਨੂੰ ਸੁਖਮਨ ਦੇ ਮਾਮੇ ਕੀ ਕਹਿ ਕੇ ਗਏ ਨੇ। ਕਹਿੰਦੇ ਜੇ ਸਕੂਲ ਦੇ ਨੇੜੇ ਤੇੜੇ ਨਜ਼ਰੀਂ ਪਿਆ ਤਾਂ ਸਾਨੂੰ ਫੋਨ ਕਰ ਦਿਓ , ਫੇਰ ਅਸੀਂ ਜਾਣੀਏ ਜਾਂ ਸਾਡਾ ਕੰਮ । ਉਹਦੇ ਆਨੇ ਕੱਢ ਦਿਆਂਗੇ ਜੇ ਸੁਖਮਨ ਵੱਲ ਦੇਖਿਆ ਉਸਨੇ। ਜਿਊਂਦਾ ਨੀ ਛੱਡਦੇ ਅਸੀਂ ਮੇਰੇ ਸਾਲ਼ੇ ਨੂੰ। ਉਹਨਾਂ ਦੇ ਮਨਾਂ 'ਚ ਜਾਣੀਂ ਕੁਲਵੰਤ ਪ੍ਤੀ ਮਣਾ- ਮੂੰਹੀਂ ਜ਼ਹਿਰ ਭਰਿਆ ਪਿਆ ਸੀ।"
ਮਾਸਟਰ ਕੁਲਦੀਪ ਤੋਂ ਇਹ ਸਭ ਸੁਣ ਸਹਿਮ ਗਿਆ।
" ਸਰ ਮੈਂ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਆਂ। ਮੇਰਾ ਉਹਨਾਂ ਬਿਨਾਂ ਜੀਅ ਨਹੀਂ ਲੱਗਦਾ। ਮੇਰੇ ਮਾਮੇ ਪਾਪਾ ਨੂੰ ਸਾਰਾ ਦਿਨ ਗਾਲ਼ਾ ਕੱਢਦੇ ਨੇ ।" ਸੁਖਮਨ ਦੇ ਕਹੇ ਸ਼ਬਦ ਉਹਦੇ ਚੇਤੇ 'ਚ ਗੂੰਜੇ।
" ਕੁੱਝ ਨਹੀਂ ਹੁੰਦਾ ਦਲਜੀਤ। ਆਖਰਕਾਰ ਤੂੰ ਵੀ ਤਾਂ ਇੱਕ ਪਿਓ ਏਂ। ਉਹਦੇ 'ਚ ਵੀ ਤਾਂ ਸਾਡੇ ਵਾਂਗ ਆਪਣੀ ਧੀ ਲਈ ਪਿਆਰ ਦੀ ਸੱਧਰ ਜਿਉਂਦੀ ਏ। ਨਾਲ਼ੇ ਆਪਾਂ ਵੀ ਤਾਂ ਧੀਆਂ ਵਾਲ਼ੇ ਹਾਂ। ਪਿਓ ਤੇ ਧੀ ਦਾ ਰਿਸ਼ਤਾ ਕੀ ਹੁੰਦਾ, ਤੂੰ ਵੀ ਤਾਂ ਜਾਣਦੈਂ।"
ਮਾਸਟਰ ਕੁਲਦੀਪ ਦੇ ਸ਼ਬਦਾਂ ਅੱਗੇ ਕੋਈ ਟਿਕ ਨਹੀਂ ਸੀ ਸਕਦਾ। ਦਲਜੀਤ ਮੰਨ ਗਿਆ।
"ਪਰ ਹੁਣ ਤਾਂ ਉਹਨੂੰ ਕੋਈ ਵੀਹ ਦਿਨ ਹੋ ਗਏ, ਸਕੂਲ ਦੇ ਆਸ ਪਾਸ ਮੈਂ ਉਹਨੂੰ ਵੇਖਿਆ ਹੀ ਨਹੀਂ।" ਦਲਜੀਤ ਬੋਲਿਆ।
" ਮੈਨੂੰ ਪੱਕਾ ਯਕੀਨ ਏ ਉਹ ਜ਼ਰੂਰ ਆਵੇਗਾ। ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਏ। ਭਾਵੇਂ ਉਹ ਸ਼ਰਾਬੀ ਏ, ਪਰ ਉਸਦੇ ਅੰਦਰ ਇੱਕ ਪਿਓ ਤਾਂ ਜਿਉਂਦਾ ਏ ਨਾ। ਵੇਖੀਂ ਉਹ ਇੱਕ ਦਿਨ ਜ਼ਰੂਰ ਆਵੇਗਾ। " ਮਾਸਟਰ ਦ੍ਰਿੜ ਭਰੋਸੇ ਸਹਿਤ ਬੋਲਿਆ
ਜਦੋਂ ਵੀ ਅਗਲੇ ਪੀਰੀਅਡ ਦੀ ਘੰਟੀ ਵੱਜਦੀ ਮਾਸਟਰ ਕੁਲਦੀਪ ਮੁਰਾਦੀਆਂ ਅੱਖਾਂ ਨਾਲ਼ ਸਕੂਲ ਦੇ ਗੇਟ ਵੱਲ ਸਰਸਰੀ ਨਜ਼ਰ ਮਾਰ ਜਮਾਤ ਵਿੱਚ ਆ ਪੜ੍ਹਾਉਣ ਲੱਗਦਾ। ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ।
ਉਹ ਮੁੜਕੇ ਨਹੀਂ ਆਇਆ।
ਅੱਧੀ ਛੁੱਟੀ ਵੇਲ਼ੇ ਉਹਨੇ ਡਰਾਇੰਗ ਅਧਿਆਪਕਾ ਨੂੰ ਸੁਖਮਨ ਦੇ ਪਿਓ ਬਾਰੇ ਪੁੱਛ ਹੀ ਲਿਆ।
"ਕੀ ਦੱਸਾਂ ਪੁੱਤ! ਉਹ ਤਾਂ ਪਰਸੋਂ ਆਪਣੇ ਪਿੰਡ ਖੇਤ ਵਾਲ਼ੀ ਟਾਹਲੀ ਨਾਲ਼ ਫਾਹਾ ਲੈ ਕੇ ਮਰ ਗਿਆ।'"
ਰੋਟੀ ਦੀ ਬੁਰਕੀ ਮਾਸਟਰ ਕੁਲਦੀਪ ਦੇ ਮੂੰਹ 'ਚ ਫੁੱਲ ਗਈ।
"ਸੁਖਮਨ ਨੂੰ ਪਤੈ ?"
"ਨਹੀਂ !"
ਉਸ ਜਵਾਕੜੀ ਨੂੰ ਨੀ ਭਿਣਕ ਆਉਣ ਦਿੱਤੀ ਉਹਦੇ ਮਾਮਿਆਂ ਨੇ। ਮਨਦੀਪ ਵੀ ਵਰਜ ਕੇ ਬਿਠਾ ਦਿੱਤੀ---
" ਖ਼ਬਰਦਾਰ! ਜੇ ਕੁੜੀਏ ਰੋਈ ਤਾਂ ।"
ਮੈਂ ਕੱਲ੍ਹ ਸੁਖਮਨ ਨੂੰ ਆਪਣੇ ਘਰੇ ਲੈ ਆਈ। ਮਰਨੀ ਕੁੜੀਆਂ ਦੇ ਗੱਬੇ ਬੈਠੀ ਸੁਹਾਗ ਗਾਵੇ --
" ਦੇਈਂ ਦੇਈਂ ਬਾਬਲਾ ਓਸ ਘਰੇ ,
ਜਿੱਥੇ ਬੂਰੀਆਂ ਝੋਟੀਆਂ ਸੱਠ,
ਇੱਕ ਰਿੜਕਾਂ, ਇਕ ਜਮਾਇਸਾਂ,
ਵੇ ਮੇਰਾ ਚਾਟੀਆਂ ਦੇ ਵਿੱਚ ਹੱਥ,
ਬਾਬਲ ਤੇਰਾ ਪੁੰਨ ਹੋਵੇ•••••
ਕੁਲਦੀਪ ਨੇ ਆਪਣੀ ਨਿਕਲ਼ਦੀ ਭੁੱਬ ਨੂੰ ਮਸਾਂ ਰੋਕਿਆ।ਜਿਵੇਂ ਉਹਦਾ ਕਾਲਜਾ ਅੰਦਰ ਧੱਸ ਗਿਆ ਹੋਵੇ। ਜਿਵੇਂ ਉਹਦਾ ਜਗ ਸੁੰਨਾ ਹੋ ਗਿਆ ਹੋਵੇ। ਉਹਨੂੰ ਆਪਣਾ ਪਿਓ ਦੂਜੀ ਵਾਰ ਮੋਇਆ ਦਿਸਿਆ। ਬਾਕੀ ਅਧਿਆਪਕਾਂ ਤੋਂ ਅੱਖ ਬਚਾ ਉਹ ਸਟਾਫ਼ ਰੂਮ 'ਚੋ ਉੱਠ ਵਾਸ਼ਰੂਮ 'ਚ ਜਾ ਖੂਬ ਰੋਇਆ। ਇੰਨਾ ਤਾਂ ਉਹ ਆਪਣੇ ਪਿਓ ਦੀ ਮੌਤ ਵੇਲ਼ੇ ਵੀ ਨਹੀਂ ਸੀ ਰੋਇਆ। ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਮੂੰਹ ਧੋਤਾ ਤੇ ਬਾਹਰ ਆ ਗਿਆ।
ਸੁਖਮਨ ਮਿਡ -ਡੇ -ਮੀਲ ਖਾਣ ਲਈ ਤੱਪੜ ਤੇ ਬੈਠੀ ਆਪਣੀ ਸਹੇਲੀ ਨਾਲ਼ ਗੱਲਾਂ ਕਰ ਰਹੀ ਸੀ।
ਉਹ ਆਪਣੀ ਸਹੇਲੀ ਨੂੰ ਕਹਿ ਰਹੀ ਸੀ," ਤੈਨੂੰ ਪਤੈ ਪੰਜਾਬੀ ਵਾਲ਼ੇ ਸਰ ਮੈਨੂੰ ਮੇਰੇ ਪਾਪਾ ਨਾਲ਼ ਮਿਲਾਉਣਗੇ।" ਇਹ ਕਹਿ ਉਹ ਨਿਮਾ ਨਿਮਾ ਹੱਸੀ।
ਉਹਨੂੰ ਵਿਚਾਰੀ ਨੂੰ ਕਿ ਪਤਾ ਸੀ ਕਿ ਉਸਦਾ ਧਰਮੀ ਬਾਬਲ ਤਾਂ ਉਸਦੇ ਸੁਪਨਿਆਂ ਦਾ ਮਹਿਲ ਤਾਂ ਢਹਿ ਢੇਰੀ ਕਰ ਗਿਆ ਸੀ। ਆਪਣੇ ਬਾਬਲ ਨੂੰ ਮਿਲਣ ਦੀ ਅਧੂਰੀ ਤਾਂਘ 'ਚ ਉਹ ਕਿੰਨੀਆਂ ਆਲ਼ੀਆਂ ਭੋਲ਼ੀਆਂ ਗੱਲਾਂ ਸੰਜੋਈ ਬੈਠੀ ਸੀ। ਆਪਣੇ ਪਿਓ ਨਾਲ਼ ਉਹ ਕਿਹੜਾ ਸਰਾਪਿਆ ਰਿਸ਼ਤਾ ਲੈ ਕੇ ਜੰਮੀ ਸੀ।
ਇਹ ਸੋਚ ਸੋਚ ਕੁਲਦੀਪ ਦਾ ਅਫਸੋਸਿਆ ਮਨ ਹੋਰ ਦੁਖਾਂ ਦੇ ਕਲ਼ਾਵਿਆਂ 'ਚ ਜਕੜਿਆ ਜਾ ਰਿਹਾ ਸੀ। ਉਸਨੂੰ ਸੁਖਮਨ ਨੂੰ ਪਿੱਛਲੇ ਤਿੰਨ ਸਾਲਾਂ ਤੋਂ ਪੜ੍ਹਾ ਰਹੇ ਅਧਿਆਪਕਾਂ ਦੀਆਂ ਖ਼ੁਦ ਪੜ੍ਹੀਆਂ ਜਮਾਤਾਂ ਦੀਆਂ ਡਿਗਰੀਆਂ ਉਹਨਾਂ ਦੇ ਸਿਰਾਂ 'ਚੋ ਕਿਰਦੀਆਂ ਨਜ਼ਰੀਂ ਆ ਰਹੀਆਂ ਸਨ।
ਅਗਲੇ ਦਿਨ ਕੁਲਦੀਪ ਸਕੂਲ ਛੁੱਟੀ ਭਰਾ ਸੁਖਮਨ ਦੇ ਦਾਦਕੇ ਘਰ ਅਫਸੋਸ ਕਰਨ ਚਲਾ ਗਿਆ। ਫੁਹੜੀ 'ਤੇ ਬੈਠੇ ਲੋਕ ਉਸਨੂੰ ਉਪਰੋਂ ਥੱਲੇ ਤੱਕ ਓਪਰੀ ਨਜ਼ਰੀਂ ਵੇਖਦੇ ਹਨ।
"ਜੀ ਮੈਂ ਸੁਖਮਨ ਦਾ ਅਧਿਆਪਕ ਕੁਲਦੀਪ।"
ਇਹ ਸੁਣ ਸੁਖਮਨ ਦੀ ਬੁੱਢੀ ਦਾਦੀ ਦੀਆਂ ਧੱਸੀਆਂ ਅੱਖਾਂ ਦੇ ਨੱਕੇ ਟੁੱਟ ਗਏ। ਹੰਝੂ ਵਹਿ ਤੁਰੇ। ਉਹ ਉਹਦੇ ਗਲ਼ ਲੱਗ ਧਾਹਾਂ ਮਾਰ ਰੋਣ ਲੱਗ ਪਈ। ਜਿਵੇਂ ਪਤਾ ਨੀ ਕਿੰਨੇ ਚਿਰਾਂ ਤੋਂ ਉਸਨੂੰ ਜਾਣਦੀ ਹੋਵੇ। ਉਹਦੇ ਕੀਰਨੇ ਕੁਲਦੀਪ ਦੇ ਸਾਹ ਪਾਰ ਲੰਘ ਰਹੇ ਸਨ।
"ਵੇ ਤੂੰ ਸੁਖਮਨ ਨੂੰ ਤਾਂ ਆਖਰੀ ਵਾਰ ਮਿਲ ਆਉਂਦਾ ਵੇ ਚੰਦਰਿਆ•••• ਮੇਰੀਆਂ ਬਹੁਤੀਆ ਅਕਲਾਂ ਵਾਲ਼ਿਆਂ ਪੁੱਤਾ••••• ਵੇ ਆਪਣੀ ਧੀ ਨਾਲ਼ ਕਿਹੜਾ ਸਰਾਪਿਆ ਰਿਸ਼ਤਾ ਲੈ ਕੇ ਜੰਮਿਆਂ ਸੀ ਵੇ ਤੂੰ। ਵੇ ਆਜਾ ਵਾਪਸ ਮੇਰਿਆ ਛਿੰਦਿਆ •••••ਵੇ ਤੇਰੀ ਲਾਡੋ ਧੀ ਰਾਣੀ••• ਵੇ ਤੇਰੀ ਕਾਟੋ •••ਵੇ ਕਿਹਦੇ ਆਸਰੇ ਛੱਡ ਗਿਐਂ ਵੇ!•••• ਹਾਇ!••• ਹਾਇ!•••ਹਾਇ!•••••••ਹਾਇ!
ਸ•ਸ•ਸ•ਸ• ਸਕੂਲ, ਵਜ਼ੀਦਪੁਰ ਪਟਿਆਲਾ
-
ਅਸ਼ੋਕ ਕੁਮਾਰ, ਪੰਜਾਬੀ ਮਾਸਟਰ
jakhwali89@gmail.com
94561-51573
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.