*ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਦਾ ਮੋਗਾ,*
*ਬਈ ਉਰਲੇ ਪਾਸੇ ਢਾਬ ਸੁਣੀਂਦੀ ਪਰਲੇ ਪਾਸੇ ਟੋਭਾ•••••••••••*
ਸਿਆਣੇ ਕਹਿੰਦੇ ਹਨ ਕਿ ਪਿੰਡ ਦੀ ਦਿੱਖ ਅਤੇ ਤਰੱਕੀ ਦਾ ਪਤਾ ਪਿੰਡ ਦੇ ਟੋਭੇ ਤੋਂ ਹੀ ਲੱਗਦਾ ਹੈ। ਹਰ ਪਿੰਡ ਵਿੱਚ ਇੱਕ ਟੋਭਾ ਹੁੰਦਾ ਹੈ। ਜਿਸ ਦਾ ਜ਼ਿਕਰ ਇਤਿਹਾਸ ਅਤੇ ਗੀਤਾਂ ਵਿੱਚ ਵੀ ਆਉਂਦਾ ਹੈ।ਪੁਰਾਤਨ ਸਮੇਂ ਵਿੱਚ ਟੋਭੇ ਵਰਖਾ ਦੇ ਪਾਣੀ ਨੂੰ ਸਾਂਭ ਕੇ ਰੱਖਣ ਦਾ ਸਭ ਤੋਂ ਵਧੀਆ ਸਰੋਤ ਸਨ | ਇਹਨਾਂ ਟੋਭਿਆਂ ਵਿੱਚ ਕੇਵਲ ਬਰਸਾਤ ਦਾ ਪਾਣੀ ਹੀ ਪੈਂਦਾ ਸੀ, ਜਿਸ ਨਾਲ ਪਿੰਡ ਦੀਆਂ ਪਾਣੀ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਸਨ । ਕਦੀ ਵੀ ਇੰਨਾ ਟੋਭਿਆਂ ਵਿੱਚ ਪਿੰਡ ਦਾ ਕੋਈ ਵੀ ਗੰਦਾ ਪਾਣੀ ਨਹੀਂ ਪਾਇਆ ਜਾਂਦਾ ਸੀ। ਇਹ ਟੋਭਿਆਂ ਨੂੰ ਅਕਸਰ ਬੱਚਿਆਂ ਨੂੰ ਨਵਾਉਣ -ਧੋਣ, ਕੱਪੜੇ ਧੋਣ ਜਾਂ ਡੰਗਰਾਂ ਨੂੰ ਪਾਣੀ ਪਿਆਉਣ ਲਈ ਵਰਤਿਆ ਜਾਂਦਾ ਸੀ । ਟੋਭਿਆਂ ਦੇ ਪਾਣੀ 'ਚ ਸਣ ਨੂੰ ਦਬਾ ਕੇ ਬਾਅਦ ਵਿੱਚ ਉਸ ਤੋਂ ਰੱਸੇ ਵੱਟਣ ਦਾ ਕੰਮ ਵੀ ਲਿਆਂ ਜਾਂਦਾ ਸੀ । ਟੋਭੇ ਦੀ ਮਿੱਟੀ ਪਿੰਡ ਵਿੱਚ ਚੁੱਲਿਆਂ ਨੂੰ ਲਿੱਪਣ , ਛੱਤ ਤੇ ਪਾਉਣ ਲਈ ਚਿੱਕਣੀ ਮਿੱਟੀ ਜਾਂ ਮਿੱਟੀ ਦੇ ਘਰ ਦੀ ਉਸਾਰੀ ਦੇ ਵੀ ਬਹੁਤ ਕੰਮ ਆਉਂਦੀ ਸੀ। ਕੱਚੇ ਟੋਭੇ ਵਿਚ ਇਕੱਠਾ ਪਾਣੀ ਹੌਲੀ ਹੌਲੀ ਧਰਤੀ ਅੰਦਰ ਜਾਂਦਾ ਸੀ ਨਤੀਜਨ ਜ਼ਮੀਨ ਦੇ ਪਾਣੀ ਦਾ ਪੱਧਰ ਉੱਚਾ ਬਣਿਆ ਰਹਿੰਦਾ ਸੀ, ਜਿਸ ਕਰਕੇ ਘਰ ਦੇ ਵਿਹੜੇ ਵਿੱਚ ਲਗਾਏ ਨਲ਼ਕਿਆਂ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਸੀ। ਪਿੰਡ ਦੇ ਟੋਭੇ ਦਾ ਸਭ ਤੋਂ ਵੱਧ ਆਨੰਦ ਪਿੰਡ ਦੇ ਬੱਚੇ ਹੀ ਉਠਾਉਂਦੇ ਸਨ ਕਿਉਂਕਿ ਉਹ ਮੱਝਾਂ ਨੂੰ ਨੁਹਾਉਂਦੇ ਸਮੇਂ ਖ਼ੁਦ ਵੀ ਚੰਗਾ ਤੈਰਨਾ ਸਿੱਖ ਜਾਂਦੇ ਸਨ। ਮੈਂ ਵੀ ਪਿੰਡ ਦੇ ਟੋਭੇ ਤੋਂ ਹੀ ਤੈਰਨਾ ਸਿੱਖਿਆ ਹਾਂ। ਜਦੋਂ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮਾਂ -ਬਾਪ ਬੱਚਿਆਂ ਨੂੰ ਤੈਰਨਾ ਸਿਖਾਉਣ ਦੇ ਲਈ ਸਪੈਸ਼ਲ ਸਿਖਲਾਈ ਦਵਾਉਂਦੇ ਹਨ, ਜਿਸ ਦੀ ਵੱਡੇ- ਵੱਡੇ ਕਲੱਬ ਅਤੇ ਸਵੀਮਿੰਗ ਪੂਲ ਵਾਲੇ ਬਹੁਤ ਮੋਟੀਆਂ ਫ਼ੀਸਾਂ ਬਟੋਰਦੇ ਹਨ। ਟੋਭੇ ਵਾਤਾਵਰਨ ਨੂੰ ਬਚਾਉਣ ਦਾ ਇੱਕ ਬਹੁਤ ਹੀ ਖ਼ੂਬਸੂਰਤ ਸਾਧਨ ਸਨ ਪਰੰਤੂ ਅਫ਼ਸੋਸ ਹਰ ਪਿੰਡ ਦਾ ਟੋਭਾ ਤਰਸਯੋਗ ਹਾਲਤ ਵਿੱਚ ਹੈ ਜੋ ਕਿ ਪ੍ਰਦੂਸ਼ਣ ਦਾ ਕੇਂਦਰ ਬਿੰਦੂ ਬਣ ਗਿਆ ਹੈ, ਕਿਉਂਕਿ ਇਸ ਵਿੱਚ ਸਿਰਫ ਬਰਸਾਤ ਦਾ ਪਾਣੀ ਹੀ ਨਹੀਂ ਸਗੋਂ ਪਿੰਡ ਦੀਆਂ ਗਲੀਆਂ ਨਾਲ਼ੀਆਂ ਦਾ , ਸੀਵਰੇਜ ਦਾ ਪਾਣੀ ਵੀ ਜਾ ਰਿਹਾ ਹੈ । ਇਹ ਪਾਣੀ ਬਹੁਤ ਜਿਆਦਾ ਵੱਡੇ ਪੱਧਰ ਤੇ ਪ੍ਰਦੂਸ਼ਿਤ ਹੋ ਰਿਹਾ ਹੈ। ਜਿਸ ਵਿੱਚ ਨਾ ਤਾਂ ਬੱਚਿਆਂ ਦਾ ਨਹਾਉਣਾ ਸੁਰੱਖਿਅਤ ਹੈ, ਤੇ ਨਾ ਹੀ ਇਸ ਵਿੱਚ ਗਾਵਾਂ ਮੱਝਾਂ ਜਾ ਹੋਰ ਜਾਨਵਰ ਨਵਾਏ ਜਾ ਸਕਦੇ ਹਨ। ਸਗੋਂ ਇਹ ਮੱਛਰਾਂ , ਮੱਖੀਆਂ ਤੇ ਹੋਰ ਜ਼ਹਿਰੀਲੇ ਜਾਨਵਰਾਂ ਦਾ ਰਹਿਣ ਬਸੇਰਾ ਬਣ ਕੇ ਰਹਿ ਗਏ ਹਨ। ਜਿਸ ਕਰਕੇ ਮਲੇਰੀਆ, ਡੇਂਗੂ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਜ਼ਿਆਦਾ ਹੋਣ ਲੱਗੀ ਪਈਆਂ ਹਨ । ਇਹ ਮੰਨਿਆ ਕਿ ਸਰਕਾਰ ਇੰਨ੍ਹਾਂ ਪ੍ਰਤੀ ਸੁਚੇਤ ਹੈ ਪਰ ਕਿਉਂ ਨਾ ਅਸੀਂ ਵੀ ਪੁਰਜੋਰ ਕੋਸ਼ਿਸ਼ ਕਰੀਏ ਕਿ ਪਿੰਡ ਦੇ ਟੋਭਿਆਂ ਨੂੰ ਬਚਾਈਏ, ਇੰਨਾ ਖੂਬਸੂਰਤ ਅਨਮੋਲ ਟੋਭਿਆਂ ਨੂੰ ਸੋਹਣੇ ਪਿੰਡ ਦੀ ਦਿੱਖ ਬਣਾਈਏ। ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਟੋਭਿਆਂ ਤੋਂ ਹਾਲੇ ਵੀ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਹੈ ਜਿਸ ਜਗ੍ਹਾ ਤੇ ਪਾਣੀ ਘੱਟ ਹੁੰਦਾ ਹੈ, ਮੀਂਹ ਘੱਟ ਪੈਂਦੇ ਹਨ, ਉੱਥੇ ਟੋਭਿਆਂ ਤੋਂ ਹੀ ਕੰਮ ਸਾਰ ਲਿਆ ਜਾਂਦਾ ਹੈ,ਇਹ ਪਾਣੀ ਨੂੰ ਸਟੋਰ ਕਰਕੇ ਰੱਖਣ ਦਾ ਜ਼ਰੀਆ ਬਣ ਜਾਂਦੇ ਹਨ। ਕਦੇ ਟੋਭੇ ਸਾਡੇ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਸਨ , ਪਰੰਤੂ ਚਲੰਤ ਵਰਤਾਰੇ 'ਚ ਟੋਭਿਆਂ ਦੀ ਮਹੱਤਤਾ ਤੇ ਇਹਨਾਂ ਦੀ ਕਾਰਜ ਸ਼ੈਲੀ ਕਿਤੇ ਖੰਭ ਲਗਾ ਕੇ ਉੱਡ ਗਈ। ਟੋਭਿਆਂ 'ਤੇ ਬਰੋਟੇ , ਪਿੱਪਲ਼, ਨਿੰਮ ਆਦਿ ਵੱਡੇ ਅਕਾਰ ਧਾਰਨ ਕਰ ਜਾਂਦੇ ਸਨ। ਇਹਨਾਂ ਦੀ ਛਾਵੇਂ ਜਿੱਥੇ ਬੱਚੇ , ਬਜ਼ੁਰਗ, ਹਾਲ਼ੀ, ਪਾਲ਼ੀ ਰਲ਼- ਮਿਲ਼ ਰਸ-ਭਿੰਨੇ ਬੋਲਾਂ 'ਚ ਗੜੁੱਚ ਗੱਲਾਂ ਕਰਦੇ ਉੱਥੇ ਪਸ਼ੂ-ਪੰਛੀ ਵੀ ਬਚਿੱਤਰ ਦੁਨੀਆਂ 'ਚ ਅਲਮਸਤ ਰਹਿੰਦੇ। ਪਰ ਅਫਸੋਸ ਹੁਣ ਇਹ ਦ੍ਰਿਸ਼ ਅਲੋਪ ਹੋ ਗਏ ਹਨ...
*ਕਿਤੇ ਖੂਹ ਤੇ ਟੋਭੇ ਖੋ ਗਏ,*
*ਕਿਤੇ ਗੁੰਮਿਆਂ ਸਭਿਆਚਾਰ ਲੋਕੋ•••*
*ਕਿਤੇ ਫੁੱਲ ਫੁਲਕਾਰੀ ਲੱਭਦੀ ਨਾ,*
*ਨਾ ਹੀ ਚਿੜੀਆਂ ਦੀ ਉਡਾਰ ਲੋਕੋ•••*
-
ਪਿ੍ੰਸੀਪਲ ਰੰਧਾਵਾ ਸਿੰਘ ਪਟਿਆਲਾ, Writer
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.