Solar ਕ੍ਰਿਸ਼ਮਾ: ਸਾਡੀ ਤੀਰਥ ਯਾਤਰਾ-ਪ੍ਰਛਾਂਵੇਂ ਹੇਠ ਸਵ੍ਰਗੀ ਨਜ਼ਾਰਾ
------ ਕੁਦਰਤ ਦੀ ਵਿਸ਼ਾਲਤਾ ਇੰਨੀ ਅਪਾਰ ਹੈ ਕਿ ਮਨੁੱਖਤਾ ਦੀ ਮਹੱਤਤਾ, ਸਮੁੰਦਰ ਦੇ ਕੰਢੇ ਤੇ ਪਏ ਰੇਤ ਦੇ ਕਿਣਕੇ ਦੇ ਮੁਕਾਬਲੇ ਵੀ ਕਿਤੇ ਛੋਟੀ ਹੈ - ਬਿੱਲਕੁਲ ਨਿਗੂਣੀ। ਅਜਿਹੀ ਵਿਸ਼ਾਲ ਕੁਦਰਤ ਵਿੱਚ, ਅਣਗਿਣਤ ਮਹੱਤਵਪੂਰਣ ਘਟਨਾਵਾਂ, ਨਿੱਤ ਘਟਦੀਆਂ ਹਨ, ਜਿਹਨਾਂ ਬਾਰੇ ਸਾਨੂੰ ਕਦੀ ਵੀ ਪਤਾ ਨਹੀਂ ਲਗਦਾ। ਪਰ ਜਦੋਂ ਕਦੀ ਵਿਰਲ਼ੇ ਮੌਕਿਆਂ ਤੇ ਸਾਨੂੰ ਅਜਿਹੀਆਂ ਬ੍ਰਹਿਮੰਡੀ ਚਮਤਕਾਰਾਂ ਨੂੰ ਵੇਖਣ ਜਾਂ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ ਤਾਂ ਅਸੀਂ ਕੁਦਰਤ ਦੀਆਂ ਅੱਲੋਕਾਰੀਆਂ ਤੇ ਅੱਖਾਂ ਝਪਕਦੇ ਰਹਿ ਜਾਂਦੇ ਹਾਂ। ਅਜਿਹਾ ਹੀ ਇੱਕ ਅਚੰਭਾ ਸਾਨੂੰ 8 ਅਪ੍ਰੈਲ, 2024 ਨੂੰ ਮਿਲਿਆ, ਮੁਕੰਮਲ-ਸੂਰਜ-ਗ੍ਰਹਿਣ ਨੂੰ ਵੇਖਣ ਦਾ ਮੌਕਾ।
ਇੱਥੇ ਨਾ-ਮੁਕੰਮਲ ਅਤੇ ਮੁਕੰਮਲ ਸੂਰਜ ਗ੍ਰਹਿਣ ਵਿਚਲਾ ਫਰਕ ਸਮਝਣਾ ਜ਼ਰੂਰੀ ਹੈ। ਨਾ-ਮੁਕੰਮਲ ਸੂਰਜ ਗ੍ਰਹਿਣ ਭਾਂਵੇਂ ਕਾਫੀ ਵੱਡੇ ਖੇਤਰ ਤੋਂ ਵੇਖਿਆ ਜਾ ਸਕਦਾ ਹੈ, ਪਰ ਮੁਕੰਮਲ ਸੂਰਜ ਗ੍ਰਹਿਣ, ਕੁਦਰਤ ਦਾ ਅਨੋਖਾ ਅਚੰਭਾ ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰਾਂ ਲਕੋ ਲੈਂਦਾ ਹੈ, ਸਿਰਫ ਖਾਸ ਖਾਸ ਥਾਵਾਂ ਤੋਂ ਹੀ ਦੇਖਿਆ ਜਾ ਸਕਦਾ ਹੈ, ਜਿਹੜੀਆਂ ਚੰਦਰਮਾ ਦੇ ਪੂਰਨ ਪ੍ਰਛਾਂਵੇਂ ਥੱਲੇ ਹੁੰਦੀਆਂ ਹਨ। ਬ੍ਰਹਿਮੰਡੀ ਪੈਮਾਨੇ ਉੱਤੇ ਅਜਿਹੇ ਗ੍ਰਹਿਣ ਬੇਸ਼ੱਕ ਆਮ ਜਿਹੀ ਗੱਲ ਹੈ, ਪਰ ਇਹਨੂੰ ਵੇਖਣ ਦਾ ਮੌਕਾ ਸਾਰਿਆਂ ਨੂੰ ਨਹੀਂ ਮਿਲਦਾ। ਉਸਦਾ ਕਾਰਨ ਹੈ ਕਿ ਧਰਤੀ ਦੇ ਕਿਸੇ ਵੀ ਵਿਸ਼ੇਸ਼ ਥਾਂ ਤੇ ਇਸਦੇ ਵਾਪਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਮਿਸਾਲ ਦੇ ਤੌਰ ਤੇ, ਇਸ ਤੋਂ ਪਹਿਲਾਂ ਓਹਾਇਓ ਵਿੱਚ ਮੁਕੰਮਲ ਸੂਰਜ ਗ੍ਰਹਿਣ 2018 ਵਿੱਚ ਆਇਆ ਸੀ ਅਤੇ ਇਹ ਅਚੰਭਾ 2099 ਤੀਕਰ ਐਥੇ ਦੁਬਾਰਾ ਵੇਖਣ ਨੂੰ ਨਹੀਂ ਮਿਲੇਗਾ।
ਸੂਰਜ ਗ੍ਰਹਿਣ ਵੇਖਣ ਨਾਲ ਸਾਨੂੰ ਅਹਿਸਾਸ ਹੋਇਆ ਕਿ ਕਿਵੇਂ ਇਹ ਸਵਰਗੀ ਮਾਜਰੇ, ਲੋਕਾਂ ਦੀਆਂ ਭਾਵਨਾਵਾਂ ਨੂੰ ਜੋੜ ਦਿੰਦੇ ਹਨ। ਆਪਣੇ ਓਹਾਇਓ ਦੇ ਨਿੱਕੇ ਨਗਰ ਤੋਂ ਗ੍ਰਹਿਣ ਵੇਖਣ ਲਈ ਅਸੀਂ ਇੱਕ ਹੋਰ ਨਿੱਕੇ ਸ਼ਹਿਰ ਆਕਸਫੋਰਡ ਜਾਣ ਵਾਲੀ ਸੜਕ ਤੇ ਚੜ੍ਹੇ, ਜਿਹੜੀ ਸਵੇਰ-ਸ਼ਾਮ ਦੇ ਟ੍ਰੈਫਿਕ ਟਾਈਮਾਂ ਨੂੰ ਛੱਡ, ਬਾਕੀ ਸਾਰਾ ਦਿਨ ਤਕਰੀਬਨ ਖਾਲੀ ਹੀ ਹੁੰਦੀ ਹੈ। ਪਰ ਕੱਲ ਜਦੋਂ ਦੋ ਕੁ ਵਜੇ ਅਸੀਂ ਆਪਣਾ ਸਫਰ ਸ਼ੁਰੂ ਕੀਤਾ, ਤਾਂ ਅੱਗੇ ਪਿੱਛੇ ਦੂਰ ਦੂਰ ਤੀਕ ਕਾਰਾਂ ਹੀ ਕਾਰਾਂ ਦਿਖਾਈ ਦਿੰਦੀਆਂ ਸਨ। ਜਿਹੜਾ ਸਫਰ ਅਸੀਂ 25-30 ਮਿੰਟ ਵਿੱਚ ਕਰ ਸਕਦੇ ਸਾਂ, ਸਾਡਾ ਜੀ ਪੀ ਐਸ, ਘੰਟੇ ਤੋਂ ਵੱਧ ਦਾ ਰਸਤਾ ਵਿਖਾ ਰਿਹਾ ਸੀ। ਕੀ ਨਜ਼ਾਰਾ ਸੀ ਵੇਖਣ ਵਾਲਾ-ਇਕੋ ਦਿਸ਼ਾ ਵਿੱਚ ਜਾ ਰਹੀਆਂ ਸਾਰੀਆਂ ਕਾਰਾਂ, ਜਿਵੇਂ ਸਾਰੀਆਂ ਸਵਾਰੀਆਂ ਦਾ ਬੱਸ ਇੱਕੋ ਮਕਸਦ ਹੋਵੇ-ਕੁਦਰਤ ਦੇ ਇਸ ਅਦਭੁੱਤ ਨਜ਼ਾਰੇ ਨੂੰ ਵੇਖਣ ਦਾ ਮੌਕਾ ਹੱਥੋਂ ਨਾਂ ਖੁੰਝਾਉਣਾ; ਜਿਵੇਂ ਅਸੀਂ ਸਾਰੇ ਕੁਦਰਤ ਦੀ ਵਿਸ਼ਾਲਤਾ ਨੂੰ ਇਕੱਠਿਆਂ ਮਹਿਸੂਸ ਕਰਨ ਜਾ ਰਹੇ ਹੋਈਏ।
ਚੰਦਰਮਾ ਧਰਤੀ ਦੁਆਲੇ ਘੁੰਮਦਾ ਹੈ ਅਤੇ ਧਰਤੀ ਸੂਰਜ ਦੁਆਲੇ। ਕਿਓਂਕਿ ਚੰਦਰਮਾ, ਸੂਰਜ ਦੇ ਮੁਕਾਬਲੇ ਧਰਤੀ ਦੇ ਬਹੁਤ ਨੇੜੇ ਹੈ, ਇਹਨਾਂ ਘੁੰਮਣ ਘੇਰੀਆਂ ਵਿੱਚ ਉਹ ਕਦੀ ਕਦਾਰ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਅਤੇ ਅਸੀਂ ਉਸਦੇ ਪ੍ਰਛਾਂਵੇਂ ਵਿੱਚ ਸੂਰਜ ਨੂੰ ਨਹੀਂ ਵੇਖ ਸਕਦੇ। ਕਿਉਂਕਿ ਚੰਦਰਮਾ ਦਾ ਕੱਦ ਸੂਰਜ ਅਤੇ ਧਰਤੀ ਦੇ ਮੁਕਾਬਲੇ ਬਹੁਤ ਛੋਟਾ ਹੈ, ਉਹਦਾ ਪੂਰਾ ਪ੍ਰਛਾਵਾਂ ਧਰਤੀ ਦੇ ਸਿਰਫ ਥੋੜੇ ਹਿੱਸੇ ਤੇ ਹੀ ਪੈਂਦਾ ਹੈ। ਚੰਦਰਮਾ ਨੂੰ ਸੂਰਜ ਦੇ ਅੱਗੋਂ ਲੰਘਦਿਆਂ ਢਾਈ ਘੰਟੇ ਤੋਂ ਵੀ ਵੱਧ ਸਮਾਂ ਲਗਦਾ ਹੈ, ਪਰ ਉਸਦਾ ਮੁਕੰਮਲ ਪ੍ਰਛਾਵਾਂ ਸਿਰਫ ਤਿੰਨ ਕੁ ਮਿੰਟ ਹੀ ਰਹਿੰਦਾ ਹੈ। ਪਰ ਉਹਨਾਂ ਦੋ ਤਿੰਨ ਮਿੰਟਾਂ ਲਈ ਉਹ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ। ਇਸ ਅਚਾਨਕ ਪਈ ਰਾਤ ਨਾਲ ਜਾਨਵਰਾਂ ਦਾ ਵਰਤਾਰਾ ਅਜੀਬੋ ਗਰੀਬ ਹੋ ਜਾਂਦਾ ਹੈ, ਪੰਛੀ ਆਲ੍ਹਣਿਆਂ ਵਿੱਚ ਜਾ ਵੜਦੇ ਨੇ। ਇਹ ਪ੍ਰਛਾਵਾਂ ਸਾਰੀਆਂ ਥਾਵਾਂ ਤੇ ਇੱਕੋ ਵੇਲੇ ਨਹੀਂ ਪੈਂਦਾ ਸਗੋਂ ਧਰਤੀ ਤੇ ਚੰਦਰਮਾ ਦੀ ਘੁੰਮਣ ਘੇਰੀ ਦੇ ਨਾਲ ਨਾਲ ਤੁਰਦਾ ਰਹਿੰਦਾ ਹੈ। ਇਹ ਵਾਲਾ ਸੂਰਜ ਗ੍ਰਹਿਣ ਦੱਖਣੀ ਪ੍ਰਸ਼ਾਂਤ ਸਾਗਰ ਤੋਂ ਸ਼ੁਰੂ ਹੋ ਕੇ ਮੈਕਸੀਕੋ ਵਿੱਚੋਂ ਹੁੰਦਾ ਹੋਇਆ ਅਮਰੀਕਾ ਦੇ ਸੂਬੇ ਟੈਕਸਸ ਵਿੱਚ 12 ਵੱਜ ਕੇ 23 ਮਿੰਟ ਤੇ ਵੜਿਆ ਅਤੇ ਅਮਰੀਕਾ ਦੇ ਕਈ ਸੂਬਿਆਂ ਵਿਚੋਂ ਲੰਘਦਾ, ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਦਾਖਲ ਹੋ ਗਿਆ ਅਤੇ ਫਿਰ ਕਿਊਬੈਕ ਵਿੱਚੋਂ ਹੁੰਦਾ ਹੋਇਆ ਨਿਊ ਫਾਂਊਂਡਲੈਡ ਦੀ ਤਟ ਤੇ ਖਤਮ ਹੋ ਗਿਆ।
ਮੈਂ ਤੇ ਮੇਰੀ ਜੀਵਨ ਸਾਥਣ, ਮਨਜੀਤ, ਤਿੰਨ ਕੁ ਵਜੇ ਆਕਸਫੋਰਡ ਦੇ ਲਾਗੇ ਪਹੁੰਚ ਗਏ। ਉੱਥੇ ਇੱਕ ਚਰਚ ਵਾਲਿਆਂ ਨੇ, ਲੋਕਾਂ ਨੂੰ ਗ੍ਰਹਿਣ ਦਾ ਨਜ਼ਾਰਾ ਮਾਨਣ ਲਈ, ਆਪਣੇ ਪਾਰਕਿੰਗ ਲਾਟ ਵਿੱਚ ਰੁਕਣ ਦੀ ਇਜਾਜ਼ਤ ਦਿੱਤੀ ਹੋਈ ਸੀ ਅਤੇ ਸੌ ਕੁ ਔਰਤਾਂ, ਮਰਦ ਅਤੇ ਬੱਚੇ ਉੱਥੇ ਪਹਿਲਾਂ ਹੀ ਇਕੱਠੇ ਹੋਏ ਸਨ। ਸਾਰਿਆਂ ਕੋਲ ਗ੍ਰਹਿਣ ਵੇਖਣ ਲਈ ਚਸ਼ਮੇ ਫੜੇ ਹੋਏ ਸਨ। ਅਸੀਂ ਵੀ ਇੱਕ ਪਾਸੇ ਥਾਂ ਲੱਭ ਕੇ ਘਾਹ ਤੇ ਬੈਠ ਗਏ। ਚਰਚ ਦੇ ਪਾਰਕਿੰਗ ਗਰਾਊਂਡ ਵਿੱਚ ਬੈਠਿਆਂ ਲਗਦਾ ਸੀ ਜਿਵੇਂ ਉਹ ਇੱਕ ਧਾਰਮਕ ਅਸਥਾਨ ਤੋਂ ਵੱਧ, ਕੋਈ ਇਨਸਾਨੀ ਜਗਿਆਸਾ ਅਤੇ ਅਚੰਭਾ ਪੂਰਤੀ ਵਾਲੀ ਬੰਦਰਗਾਹ ਹੋਵੇ। ਉਸ ਵੇਲੇ ਪੂਰੀ ਧੁੱਪ ਸੀ, ਪਰ ਜਦੋਂ ਅਸੀਂ ਚਸ਼ਮਾ ਲਾ ਕੇ ਸੂਰਜ ਵੱਲ ਵੇਖਿਆ ਤਾਂ ਤਕਰੀਬਨ ਦੋ ਤਿਆਹੀ ਸੂਰਜ ਨੂੰ ਚੰਦਰਮਾ ਢਕ ਚੁੱਕਾ ਸੀ। ਹੌਲੀ ਹੌਲੀ ਸੂਰਜ ਦਾ ਘਟ ਰਿਹਾ ਕੱਦ ਵੇਖਦਿਆਂ ਲਗਦਾ ਸੀ ਜਿਵੇਂ ਅਸੀਂ ਸੂਰਜ ਨੂੰ ਨਹੀਂ, ਸਗੋਂ ਚੰਦਰਮਾ ਵੱਲ ਵੇਖ ਰਹੇ ਹੋਈਏ, ਜਿਹੜਾ ਵਧਦਾ ਵਧਦਾ ਪੂਰਨਮਾਸ਼ੀ ਵੱਲ ਜਾਣ ਦੀ ਥਾਂ, ਘਟਦਾ ਘਟਦਾ, ਮੱਸਿਆ ਵੱਲ ਜਾ ਰਿਹਾ ਸੀ।
ਜਦੋਂ ਸੂਰਜ ਦੇ ਪੂਰੇ ਢਕੇ ਜਾਣ ਨੂੰ ਪੰਜ ਕੁ ਮਿੰਟ ਰਹਿ ਗਏ ਤਾਂ ਤੇਜ਼ੀ ਨਾਲ ਵਧ ਰਹੀ ਸ਼ਾਮ ਵਾਲਾ ਵਾਤਾਵਰਣ ਬਣ ਗਿਆ। ਦਿਨ ਦੀ ਰੌਸ਼ਨੀ ਖਤਮ ਹੋਣ ਲੱਗੀ ਤੇ ਅਜੀਬ ਜਿਹਾ, ਸੂਰਜ ਦੇ ਛਿਪਣ ਵਾਲਾ ਸਮਾਂ ਲੱਗਣ ਲੱਗਾ। ਚਰਚ ਦੀਆਂ ਸੈਂਸਰਾ ਤੇ ਲੱਗੀਆਂ ਲਾਈਟਾਂ ਵਿੱਚ ਜਾਨ ਪੈ ਗਈ। ਤਾਪਮਾਨ ਘਟ ਗਿਆ ਤੇ ਕਾਰ ਚੋਂ ਕੱਢ, ਸਾਨੂੰ ਆਪਣੇ ਸਵੈਟਰ ਪਾਉਣੇ ਪਏੇ।
ਜਦੋਂ ਚੰਦਰਮਾ ਨੇ ਸੂਰਜ ਨੂੰ ਪੂਰਾ ਢਕ ਲਿਆ, ਤਾਂ ਅਸਲੀਅਤ ਇੱਕਦਮ ਬਦਲ ਗਈ। ਦਿਨ ਦੀ ਥਾਂ, ਰਾਤ ਸੀ। ਦਿਸਹੱਦੇ ਵਿੱਚ ਹਲਕੀ ਜਿਹੀ ਲਾਲੀ ਸੀ। ਸੂਰਜ ਹੁਣ ਇੱਕ ਲਾਟ ਦਾ ਚੱਕਰ ਲੱਗ ਰਿਹਾ ਸੀ, ਉਹੋ ਜਿਹਾ ਜਿਸ ਵਿਚੋਂ ਪੁਰਾਣੇ ਸਮਿਆਂ ਵੇਲੇ ਦੇ ਬਾਜ਼ੀਗਰ, ਛਾਲਾਂ ਮਾਰਿਆ ਕਰਦੇ ਸਨ। ਲਗਦਾ ਸੀ ਕੋਈ ਬ੍ਰਹਿਮੰਡੀ ਸਵਰਗ ਵਿਚੋਂ ਸਾਡੀ ਦੁਨੀਆਂ ਤੇ ਝਾਤ ਮਾਰ ਰਿਹਾ ਹੋਵੇ, ਜਿਸ ਦੀ ਚਮਕ ਸਾਨੂੰ ਸਾਰਿਆਂ ਨੂੰ ਜੋੜ ਰਹੀ ਸੀ, ਇਕਾਗਰ ਕਰ ਰਹੀ ਸੀ, ਜਿਵੇਂ ਕੋਈ ਸੂਫੀ ਫਕੀਰ ਉਸ ਕਰਨਹਾਰੇ ਦੀ ਕਵਿਤਾ ਸੁਣਾ ਰਿਹਾ ਹੋਵੇ।
ਕੁੱਝ ਮਿੰਟਾਂ ਬਾਅਦ ਸੂਰਜ, ਚੰਦਰਮਾ ਦੀ ਪਕੜ ਵਿੱਚੋਂ ਨਿਕਲ, ਦੁਬਾਰਾ ਆਪਣਾ ਤਾਜ ਸੰਭਾਲਣ ਲੱਗਾ ਅਤੇ ਚੜ੍ਹ ਰਹੀ ਸਵੇਰ ਵਾਂਗ ਉਸ ਦੀ ਚਮਕ ਹੌਲੀ ਹੌਲੀ ਵਧਣ ਲੱਗੀ। ਪਰ ਉਹ ਕੁੱਝ ਮਿੰਟਾਂ ਵਾਲਾ ਸਾਂਝਾ ਅਹਿਸਾਸ ਹੁਣ ਸਾਡੇ ਦਿਲਾਂ ਵਿੱਚ ਪੱਕਾ ਵਾਸ ਕਰ ਚੁੱਕਾ ਸੀ।
ਸੰਪੂਰਨ ਸੂਰਜ ਗ੍ਰਹਿਣ ਨੂੰ ਵੇਖਣਾ, ਵਾਕਿਆ ਹੀ ਇੱਕ ਵਿਲੱਖਣ ਅਨੁਭਵ ਸੀ। ਕੋਈ ਅਦਭੁੱਤ ਸ਼ਾਂਤੀ ਸੀ ਜਿਹੜੀ ਸਾਨੂੰ ਸਾਰੇ ਵੇਖਣ ਵਾਲਿਆਂ ਨੂੰ ਕੁਦਰਤ ਦੀ ਵਿਸ਼ਾਲਤਾ ਨਾਲ ਜੋੜ ਰਹੀ ਸੀ। ਘਰ ਮੁੜਦਿਆਂ ਨੂੰ ਲਗਦਾ ਸੀ ਜਿਵੇਂ ਕਿਸੇ ਤੀਰਥ ਯਾਤਰਾ ਜਾਕੇ ਆਏ ਹੋਈਏ। ਚੰਦਰਮਾ ਦੇ ਪ੍ਰਛਾਂਵੇਂ ਵਿਚੋਂ ਜਿਸ ਰੋਸ਼ਨੀ ਦਾ ਸਾਨੂੰ ਅਨੁਭਵ ਹੋਇਆ, ਉਹ ਸਾਡੇ ਦਿਲਾਂ ਤੇ ਇੱਕ ਪੱਕਾ ਚਿੱਤਰ ਉਕਰਦੀ, ਸਾਨੂੰ ਸਿਰਫ ਤਾਰਿਆਂ ਨਾਲ ਹੀ ਨਹੀਂ, ਇੱਕ ਦੂਜੇ ਨਾਲ ਵੀ ਜੋੜ ਰਹੀ ਸੀ।
10 ਅਪ੍ਰੈਲ, 2024
-
ਡਾ. ਰਛਪਾਲ ਸਿੰਘ ਸਹੋਤਾ, ਸਾਇੰਟਿਸਟ ਅਤੇ USA Editor, ਬਾਬੂਸ਼ਾਹੀ ਨੈਟਵਰਕ
rachhpalsahota@hotmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.