ਸਿਰਫ ਇੱਕ ਦਿਨ ਸੁਰਖ਼ੀਆਂ ਬਣਿਆ ਸੀ ਅਕਾਲੀ ਦਲ ਦਾ 1982 ਕਪੂਰੀ ਮੋਰਚਾ
ਗੁਰਪ੍ਰੀਤ ਸਿੰਘ ਮੰਡਿਅਣੀ
8 ਅਪਰੈਲ 1982 ਨੂੰ ਬੜੇ ਜੋਸ਼ ਨਾਲ ਲੱਗਿਆ ਕਪੂਰੀ ਮੋਰਚਾ ਅਗਲੇ ਹੀ ਦਿਨ ਠੰਡਾ ਪੈ ਗਿਆ।19 ਜੁਲਾਈ 1982 ਨੂੰ ਬਾਬਾ ਠਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ (ਦਰਬਾਰ ਸਾਹਿਬ) ਕੰਪਲੈਕਸ ਤੋਂ ਇੱਕ ਮੋਰਚਾ ਸ਼ੁਰੂ ਕਰ ਦਿੱਤਾ। 04 ਅਗਸਤ 1982 ਨੂੰ ਸ਼ਰੋਮਣੀ ਅਕਾਲੀ ਦਲ ਨੇ ਵੀ ਇੱਕ ਮੋਰਚਾ ਸ਼ੁਰੂ ਕਰ ਦਿੱਤਾ ਗਿਆ।ਇਸ ਮੋਰਚੇ ਦਾ ਏਜੰਡਾ ਦਲ ਵੱਲੋਂ ਸਤੰਬਰ 1981 ਨੂੰ ਕੇਂਦਰ ਸਰਕਾਰ ਕੋਲ ਪੇਸ਼ ਕੀਤਾ ਗਿਆ 40 ਮੰਗਾਂ ਵਾਲਾ ਚਾਰਟਰ ਸੀ।ਇਹਨਾਂ 40 ਮੰਗਾਂ ਤੋਂ ਇਲਾਵਾ 41 ਵੀਂ ਮੰਗ ਬਾਬਾ ਠਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਵਾਲੀ ਸ਼ਾਮਲ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮੋਰਚੇ ਵੀ ਅਪਣਾ ਲਿਆ ਜਾਂ ਕਹਿ ਲਓ ਕਿ ਆਪਦੇ ਮੋਰਚੇ ਵਿੱਚ ਮਰਜ ਕਰ ਲਿਆ।ਕਪੂਰੀ ਮੋਰਚਾ ਵੀ ਹੁਣ ਅੰਮ੍ਰਿਤਸਰ ਸ਼ਿਫ਼ਟ ਹੋ ਗਿਆ ਕਹਿ ਕੇ ਅਕਾਲੀ ਨੇ ਰਸਮੀ ਤੌਰ ਕਪੂਰੀ ਮੋਰਚਾ ਠੱਪ ਕਰ ਦਿੱਤਾ । ਇਹ ਮੋਰਚਾ ਭਾਵੇਂ 8 ਅਪਰੈਲ 1982 ਤੋਂ ਲੈ ਕੇ 4 1982 ਤੱਕ ਚਾਰ ਮਹੀਨੇ ਰਸਮੀ ਤੌਰ ਤੇ ਤਾਂ ਚੱਲਿਆ ਪਰ 8 ਅਪ੍ਰੈਲ ਤੋਂ ਅਗਲੇ ਹੀ ਇਹ ਏਨਾਂ ਠੰਡਾ ਹੋ ਗਿਆ ਕਿ 9 ਅਪਰੈਲ ਦੇ ਅਖਬਾਰ ਤੋਂ ਬਾਅਦ ਮੋਰਚੇ ਦੀ ਕੋਈ ਖ਼ਬਰ ਵੀ ਦੇਖਣ ਨੂੰ ਨਹੀਂ ਮਿਲਦੀ ਸੀ।ਯਾਨੀ ਕਿ ਇਹ ਮੋਰਚਾ ਸਿਰਫ ਇੱਕ ਦਿਨ ਹੀ ਚੱਲਿਆ ।
4 ਅਗਸਤ 1982 ਨੂੰ ਸ਼ੁਰੂ ਕੀਤੇ ਮੋਰਚੇ ਦਾ ਨਾਂਅ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਰੱਖਿਆ ।ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਤੋਂ ਲੈ ਕੇ ਪੰਥਕ ਸਰਗਰਮੀਆਂ ਲਗਾਤਾਰ ਤੇਜ ਰਹੀਆਂ ਤੇ ਖਬਰਾਂ ਬਣ ਕੇ ਇਤਿਹਾਸ ਦਾ ਹਿੱਸਾ ਬਣੀਆਂ।ਇਸ ਇਤਿਹਾਸ ਮੂਹਰੇ ਕਪੂਰੀ ਮੋਰਚੇ ਦਾ ਇਤਿਹਾਸ ਬਹੁਤ ਫਿੱਕਾ ਹੈ।8 ਅਪ੍ਰੈਲ ਨੂੰ ਉਸ ਵੇਲੇ ਦੀ ਭਰਦਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਘਨੌਰ ਨੇੜੇ ਸਤਲੁਜ-ਜਮਨਾ ਨਹਿਰ ਦਾ ਟੱਕ ਲਾਉਣ ਤੇ ਅਕਾਲੀ ਦਲ ਵੱਲੋਂ ਟੱਕ ਨੂੰ ਰੋਕਣ ਖ਼ਾਤਰ ਮੁਜ਼ਾਹਰਾ ਕਰਨ ਤੋਂ ਇਲਾਵਾ ਹੋਰ ਕੋਈ ਲਿਖਤ ਇਤਿਹਾਸ ਨਾ ਹੋਣ ਕਰਕੇ ਅਜੋਕੀ ਪੀੜੀ ਨੂੰ ਬਹੁਤਾ ਪਤਾ ਨਹੀਂ ਹੈ।
31 ਦਸੰਬਰ 1981 ਨੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਭਰਦਾਨ ਮੰਤਰੀ ਇੰਦਰਾ ਗਾਂਧੀ ਦੀ ਦਾਬ ਹੇਠ ਇੱਕ ਸਮਝੌਤੇ ਤੇ ਦਸਖ਼ਤ ਕੀਤੇ।ਇਸ ਸਮਝੌਤੇ ਤਹਿਤ ਪੰਜਾਬ ਦੀ ਮਾਲਕੀ ਵਾਲੇ ਦਰਿਆਈ ਪਾਣੀਆਂ ਤੇ 75 ਫੀਸਦੀ ਹੱਕ ਹਰਿਆਣੇ ਤੇ ਰਾਜਸਥਾਨ ਦਾ ਤਸਲੀਮ ਕਰ ਲਿਆ ਗਿਆ ।ਨਾਲ ਦੀ ਨਾਲ ਹਰਿਆਣੇ ਨੂੰ ਨਹਿਰ ਪੱਟ ਕੇ ਦੇਣਾ ਵੀ ਮੰਨ ਲਿਆ ਗਿਆ। ਭਰਦਾਨ ਮੰਤਰੀ ਇੰਦਰਾ ਗਾਂਧੀ ਨੇ ਟੱਕ ਲਾ ਕੇ ਨਹਿਰ ਪੱਟਣ ਦੀ ਸ਼ੁਰੂਆਤ ਕਰਨ ਖ਼ਾਤਰ 8 ਅਪਰੈਲ 1982 ਦਾ ਦਿਨ ਵੀ ਮੁਕੱਰਰ ਕਰ ਦਿੱਤਾ।ਅਕਾਲੀ ਦਲ ਨੇ ਐਲਾਨ ਕੀਤਾ ਕਿ ਅਸੀਂ ਕਿਸੇ ਸੂਰਤ ਵਿੱਚ ਟੱਕ ਨਹੀਂ ਲਾਉਣ ਦੇਣਾ।ਦਲ ਨੇ ਵੀ 8 ਅਪਰੈਲ ਵਾਲੇ ਦਿਨ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚ ਕੱਠ ਰੱਖ ਲਿਆ।
ਸੋ 8 ਅਪ੍ਰੈਲ ਨੂੰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਅਕਾਲੀਆਂ ਦਾ ਇੱਕ ਵੱਡਾ ਕੱਠ ਹੋਇਆ ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦੇ ਧੂੰਆਂ ਧਾਰ ਤਕਰੀਰਾਂ ਕਰਕੇ ਕਪੂਰੀ ਪਿੰਡ ਪਹੁੰਚਣ ਲਈ ਆਖਿਆ ਕਿ ਅਕਾਲੀ ਯੋਧੇ ਅੱਜ ਕਪੂਰੀ ਜਾ ਇੰਦਰਾ ਗਾਂਧੀ ਨੂੰ ਟੱਕ ਲਾਉਣੋਂ ਰੋਕਣਗੇ ਅਤੇ ਅਕਾਲੀਆਂ ਦਾ ਇਹ ਮੋਰਚਾ ਲਗਾਤਾਰ ਉਦੋਂ ਤੱਕ ਚੱਲੂਗਾ ਜਦੋਂ ਤੱਕ ਨਹਿਰ ਦੀ ਪੁਟਾਈ ਰੁਕ ਨਹੀਂ ਜਾਂਦੀ। ਇਹ ਵੀ ਆਖਿਆ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਅਕਾਲੀ ਵਰਕਰ ਨਹਿਰ ਦੀ ਪੁਟਾਈ ਨੂੰ ਰੋਕਣਗੇ। ਪਰ ਅਗਲੇ ਹੀ ਦਿਨ ਅਕਾਲੀਆਂ ਨੇ ਮੋਰਚਾ ਠੰਡਾ ਕਰ ਦਿੱਤਾ। ਸਿਰਫ ਇਕਵੰਜਾ ਬੰਦਿਆਂ ਦਾ ਜੱਥਾ ਤੋਰਿਆ ਤੇ ਓਹਤੋਂ ਵੀ ਅਗਲੇ ਦਿਨ ਸਿਰਫ ਪੰਜ ਬੰਦਿਆਂ ਦਾ।ਕਪੂਰੀ ਮੋਰਚੇ ਦੇ ਨਾਂਅ ਅਕਾਲ ਮਸ਼ਹੂਰ ਹੋਇਆ ਇਹ ਮੋਰਚਾ ਅਸਲ ਵਿੱਚ ਕੋਈ ਮੋਰਚਾ ਨਹੀਂ ਸੀ ਸਿਰਫ ਇੱਕ ਦਿਨ ਦਾ ਐਕਸ਼ਨ ਸੀ।ਅਕਾਲੀ ਮੋਰਚਿਆਂ ਦੇ ਦੇ ਇਤਿਹਾਸ ਚ ਇਹ ਸਭ ਤੋਂ ਛੋਟਾ ਮੋਰਚਾ ਸੀ ।ਇਸ ਮੋਰਚੇ ਵਿੱਚ ਕਮਿਊਨਿਸਟ ਪਾਰਟੀ (ਸੀ ਪੀ ਐਮ) ਦੀ ਵੀ ਸ਼ਮੂਲੀਅਤ ਸੀ।ਇਹਤੋਂ ਪਹਿਲਾਂ ਅਕਾਲੀ ਦਲ ਨੇ 1977 ਵਾਲੀ ਲੋਕ ਸਭਾ ਚੋਣ ਤੇ 1980 ਵਾਲੀ ਵਿਧਾਨ ਸਭਾ ਇਲੈਕਸ਼ਨ ਵੀ (ਸੀ ਪੀ ਐਮ) ਨਾਲ਼ ਰਲ਼ ਕੇ ਲੜੀ ਸੀ, ਸੋ ਉਸ ਵੇਲੇ ਤੱਕ ਦੋਨਾਂ ਪਾਰਟੀਆਂ ਦੀ ਆੜੀ ਬਰਕਰਾਰ ਸੀ।ਜਦੋਂ ਅਕਾਲੀ ਦਲ ਨੇ ਮੋਰਚੇ ਦਾ ਨਾਂਅ “ਧਰਮ ਜੁੱਧ ਮੋਰਚਾ” ਰੱਖ ਦਿੱਤਾ ਤਾਂ ਸੀ ਪੀ ਐਮ ਨੇ ਅਕਾਲੀ ਦਲ ਤੋਂ ਕਿਨਾਰਾਕਸ਼ੀ ਕਰ ਲਈ।
ਇਹ ਮੋਰਚਾ ਸਿਰਫ ਇੱਕ ਦਿਨ ਦੀ ਗਰਮੀ ਦਿਖਾ ਕੇ ਅਗਲੇ ਹੀ ਠੰਡਾ ਕਿਵੇਂ ਹੋਇਆ ਇਹ ਮੈਂ ਸਭ ਕੁੱਝ ਖੁਦ ਨੇੜਿਓਂ ਦੇਖਿਆ ਹੈ।ਗੁਰਦੁਆਰਾ ਦੁਖਨਿਵਾਰਨ ਸਾਹਿਬ ਵਾਲੇ ਇਕੱਠ ਚ ਜਾਣ ਤੋਂ ਪਹਿਲਾਂ ਅਕਾਲੀ ਦਲ ਦੇ ਭਰਦਾਨ ਸੰਤ ਹਰਚੰਦ ਸਿੰਘ ਲੌਂਗੋਵਾਲ , ਵਿਧਾਨ ਸਭਾ ਚ ਲੀਡਰ ਆਫ ਆਪੋਜੀਸ਼ਨ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਭਰਦਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਇੱਕ ਮੀਟਿੰਗ ਹੋਈ ਜੀਹਦੇ ਚ ਮੋਰਚੇ ਦੀ ਹਿਕਮਤ-ਅਮਲੀ ਤੈਅ ਕੀਤੀ ਗਈ।ਪਟਿਆਲੇ ਦੇ ਰਜਬਾਹਾ ਰੋਡ ਤੇ ਪੈਂਦੀਆਂ ਸਰਕਾਰੀ ਕੋਠੀਆਂ ਵਿੱਚ ਇੱਕ ਕੋਠੀ ਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਇੱਕ ਮੈਂਬਰ ਸੁਰਿੰਦਰਪਾਲ ਸਿੰਘ ਮਾਨ ਦੀ ਰਿਹਾਇਸ਼ ਸੀ। ਮਾਨ ਸਾਹਿਬ ਨੂੰ ਬਾਦਲ ਸਾਹਿਬ ਨੇ ਆਪਦੀ 1977 ਵਾਲੀ ਸਰਕਾਰ ਦੌਰਾਨ ਕਮਿਸ਼ਨ ਦਾ ਮੈਂਬਰ ਥਾਪਿਆ ਸੀ।ਮਾਨ ਸਾਹਿਬ ਪੁਰਾਣੇ ਅਕਾਲੀ ਸੀਗੇ ਤੇ ਕਮਿਸ਼ਨ ਦੀ ਮੈਂਬਰੀ ਦੌਰਾਨ ਵੀ ਉਹ ਅਕਾਲੀਆਂ ਵਰਗੀ ਨੀਲੀ ਪੱਗ ਬੰਨ ਕੇ ਰੱਖਦੇ ਹੁੰਦੇ ਸੀ। ਅਕਾਲੀ ਦੇ ਉਕਤ ਤਿੰਨੇ ਲੀਡਰਾਂ ਦੀ ਇਹ ਮੀਟਿੰਗ ਮਾਨ ਸਾਹਿਬ ਦੀ ਕੋਠੀ ਵਿੱਚ ਹੀ ਹੋਈ ਸੀ। ਮੈਂ ਵੀ ਗੁਰਦਾਸਪੁਰ ਤੋਂ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨਾਲ ਮਾਸਟਰ ਅਜੀਤ ਸਿੰਘ ਸੇਖੋਂ ਨਾਲ ਮਾਨ ਸਾਹਿਬ ਦੀ ਕੋਠੀ ਪਹੁੰਚ ਗਿਆ। ਕੋਠੀ ਦੇ ਡਰਾਇੰਗ ਰੂਮ ਚ ਕੁੱਝ ਮੋਹਤਬਰ ਸੱਜਣ ਪਹਿਲਾਂ ਹੀ ਬੈਠੇ ਹੋਏ ਸੀ।ਡਰਾਇੰਗ ਰੂਮ ਚ ਮੇਰਾ ਦਾਖਲਾ ਵੀ ਸੇਖੋਂ ਸਾਹਿਬ ਦੇ ਕਹਿਣ ਤੇ ਸੰਭਵ ਹੋਇਆ।ਉੱਥੇ ਆ ਕੇ ਦੱਬਵੀਂ ਸੁਰ ਚ ਨੀਲੀ ਪੱਗ ਵਾਲੇ ਸੁਰਿੰਦਰਪਾਲ ਸਿੰਘ ਮਾਨ ਨੇ ਦੱਸਿਆ ਕਿ ਚੌਧਰੀ ਦੇਵੀ ਲਾਲ ਦਾ ਸੁਨੇਹਾ ਆਇਆ ਹੈ ਕਿ ਤੁਸੀਂ ਮੋਰਚਾ ਬੰਦ ਕਰੋ ਕਿਉਂਕਿ ਹਰਿਆਣੇ ਵਿੱਚ ਇਸ ਗੱਲ ਦਾ ਮੈਨੂੰ ਨੁਕਸਾਨ ਹੋ ਹੁੰਦਾ ਹੈ। ਹਰਿਆਣੇ ਵਿੱਚ ਕਾਂਗਰਸ ਦੀ ਭਜਨ ਲਾਲ ਸਰਕਾਰ ਨੂੰ ਆਪੋਜੀਸ਼ਨ ਦਾ ਲੀਡਰ ਚੌਧਰੀ ਦੇਵੀ ਲਾਲ ਇਹ ਕਹਿ ਕੇ ਭੰਡ ਰਿਹਾ ਸੀ ਕਿ ਹਰਿਆਣੇ ਨੂੰ ਕਾਂਗਰਸ ਦੀ ਸੈਂਟਰ ਸਰਕਾਰ ਨੇ ਘੱਟ ਪਾਣੀ ਦੇ ਕੇ ਪੰਜਾਬ ਦਾ ਫਾਇਦਾ ਕੀਤਾ ਹੈ। ਦੇਵੀ ਲਾਲ ਨੇ ਸੁਨੇਹੇਂ ਵਿੱਚ ਆਖਿਆ ਸੀ ਕਿ ਜੇ ਪੰਜਾਬ ਇਸ ਗੱਲ ਦਾ ਰਉਲਾ ਪਾਉਂਦਾ ਹੈ ਕਿ ਇੰਦਰਾ ਨੇ ਹਰਿਆਣੇ ਨੂੰ ਵੱਧ ਪਾਣੀ ਦੇ ਦਿੱਤਾ ਹੈ ਤਾਂ ਸਾਡੇ ਵੱਲੋਂ ਭਜਨ ਲਾਲ ਤੇ ਲਾਇਆ ਦੋਸ਼ ਝੂਠਾ ਪੈਂਦਾ ਹੈ।ਯਾਨੀ ਕਿ ਅਕਾਲੀ ਦਲ ਦਾ ਮੋਰਚੇ ਦੀ ਗਰਮੀ ਦੇਵੀ ਲਾਲ ਦਾ ਨੁਕਸਾਨ ਕਰੂਗੀ। ਇਸੇ ਦੌਰਨ ਤਿੰਨੇ ਅਕਾਲੀ ਲੀਡਰ ਵੀ ਮੀਟਿੰਗ ਵਾਲੇ ਕਮਰੇ ਤੋਂ ਬਾਹਰ ਆ ਗਏ ।ਤਾਂ ਅਜੀਤ ਸਿੰਘ ਸੇਖੋਂ ਨੇ ਲੀਡਰਾਂ ਤੋਂ ਮਾਨ ਸਾਹਿਬ ਦੀ ਗੱਲ ਦੀ ਤਕਦੀਕ ਕਰਨੀ ਚਾਹੀ ਤਾਂ ਲੀਡਰਾਂ ਦਾ ਜਵਾਬ ਹੂ- ਬ- ਹੂ ਮੈਨੂੰ ਯਾਦ ਨਹੀਂ ਪਰ ਉਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਮਈ ਤੱਕ ਹਰਿਆਣੇ ਦੇ ਇਲੈਕਸ਼ਨ ਹੋ ਜਾਣ ਦੇਈਏ ਬਾਅਦ ਵਿੱਚ ਮੋਰਚਾ ਤੇਜ਼ ਕਰ ਦਿਆਂਗੇ।ਕੋਠੀ ਵਿੱਚ ਪੰਜਾਬੀ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਬਲਕਾਰ ਸਿੰਘ ਵੀ ਹਾਜ਼ਰ ਸਨ। ਚੌਧਰੀ ਦੇਵੀ ਲਾਲ ਨੇ ਇਲੈਕਸ਼ਨਾਂ ਵਿੱਚ ਇੰਦਰਾ ਗਾਂਧੀ ਵੱਲੋਂ ਹਰਿਆਣੇ ਨਾਲ ਧੱਕੇ ਦੀ ਗੱਲ ਨੂੰ ਖੂਬ ਪ੍ਰਚਾਰਿਆ ਤੇ ਇਲੈਕਸ਼ਨਾਂ ਜਿੱਤੀਆ ਵੀ ਭਾਵੇਂ ਬਹੁਮਤ ਹੁੰਦਿਆਂ ਸੁੰਦਿਆਂ ਵੀ ਇੰਦਰਾ ਨੇ ਓਹਦੀ ਸਰਕਾਰ ਨਹੀਂ ਬਣਨ ਦਿੱਤੀ।ਸੋ ਇਹ ਵਜਾਹ ਸੀ ਅਗਲੇ ਹੀ ਦਿਨ ਮੋਰਚਾ ਠੰਡਾ ਕਰਨ ਦੀ।
ਆਪਦੇ ਪਰਿਵਾਰਕ ਦੋਸਤ ਚੌਧਰੀ ਦੇਵੀ ਲਾਲ ਦਾ ਹਰਿਆਣੇ ਚ ਸਿਆਸੀ ਫ਼ਾਇਦਾ ਕਰਨ ਖ਼ਾਤਰ ਪੰਜਾਬ ਦੇ ਹਿੱਤ ਕੁਰਬਾਨ ਕਰਨ ਦੇ ਇਲਜ਼ਾਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਕਪੂਰੀ ਮੋਰਚੇ ਤੋਂ ਪਹਿਲਾਂ ਵੀ ਲਗਦੇ ਰਹੇ ਸਨ ਤੇ ਮਗਰੋਂ ਵੀ ਲਗਦੇ ਰਹੇ।
8 ਅਪਰੈਲ ਨੂੰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਹਜਾਰਾਂ ਅਕਾਲੀ ਵਰਕਰ ਕਪੂਰੀ ਪਹੁੰਚੇ ਪਰ ਉਹਨਾਂ ਨੂੰ ਭਰਦਾਨ ਮੰਤਰੀ ਦੇ ਜਲਸੇ ਨੇੜੇ ਪੁਲਿਸ ਨੇ ਪੁੱਜਣ ਨਹੀਂ ਦਿੱਤਾ ਸਰਕਾਰ ਨੇ।ਪੁਲਿਸ ਲਾਠੀਚਾਰਜ ਚ ਦਰਜਣਾ ਅਕਾਲੀ ਫੱਟੜ ਤੇ ਸੈਂਕੜੇ ਗ੍ਰਿਫਤਾਰ ਵੀ ਹੋਏ।ਇੱਕ ਪੱਤਰਕਾਰ ਨਾਲ ਅਗਲੇ ਦਿਨ ਮੈਂ ਰਾਜਪੁਰਾ ਦੇ ਸਰਕਾਰੀ ਹਸਪਤਾਲ ਚ ਫੱਟੜ ਅਕਾਲੀ ਵਰਕਰਾਂ ਦਾ ਹਾਲ ਚਾਲ ਪੁੱਛਿਆ । ਹੋਰ ਤਾਂ ਚੇਤੇ ਨਹੀਂ ਪਰ ਇੱਕ ਅਕਾਲੀ ਜ਼ਰੂਰ ਯਾਦ ਹੈ ਜੀਹਨੇ ਆਪਦੇ ਜੂੜੇ ਤੇ ਚਿੱਟਾ ਰੁਮਾਲ ਇਓਂ ਬੰਨਿਆਂ ਹੋਇਆ ਸੀ ਜਿਵੇਂ ਜੂੜੇ ਵਾਲੇ ਹਾਕੀ ਖਿਡਾਰੀ ਆਪਣੇ ਜੂੜੇ ਤੇ ਬੰਨ੍ਹਦੇ ਨੇ।ਇਸ ਅਕਾਲੀ ਦਾ ਨਾਂਅ ਜਸਮੇਰ ਸਿੰਘ ਸੀ ਜੋ ਕਿ ਅੱਜ ਦੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਰਾਜਪੁਰਾ ਨੇੜੇ ਪੈਂਦੇ ਪਿੰਡ ਚੰਦੂਮਾਜਰਾ ਦਾ ਹੀ ਵਸਨੀਕ ਸੀ। ਜਸਮੇਰ ਸਿੰਘ ਦੀ ਆਪਦੇ ਗਰਾਈਂ ਪਰੇਮ ਸਿੰਘ ਨਾਲ ਸਿਆਸੀ ਅਣਬਣ ਉਦੋਂ ਹੀ ਸਾਹਮਣੇ ਆ ਗਈ ਸੀ ਜਦੋਂ ਉਹ ਫੱਟੜ ਹਾਲਤ ਚ ਵੀ ਪਰੇਮ ਸਿੰਘ ਦੀ ਵੱਢਵੀਂ ਕਰ ਰਿਹਾ ਸੀ।
ਅਕਾਲੀ ਅੰਦੋਲਨਕਾਰੀਆਂ ਵੱਲੋਂ ਟੱਕ ਲਾਉਣ ਵਾਲੀ ਕਹੀ ਇੰਦਰਾ ਹੱਥੋਂ ਖੋਹਣ ਜਾਂ ਉਸ ਵੇਲੇ ਦੇ ਕਾਂਗਰਸੀ ਐਮ ਪੀ ਅਮਰਿੰਦਰ ਸਿੰਘ ਕੋਲ਼ੋਂ ਬੱਠਲ਼ ਖੋਹ ਲੈਣ ਵਾਲੀ ਗੱਲ ਵੀ ਬਹੁਤ ਮਸ਼ਹੂਰ ਹੈ।ਪਰ ਅਸਲੀਅਤ ਚ ਅਜਿਹਾ ਕੁਝ ਨਹੀਂ ਵਾਪਰਿਆ। ਪਟਿਆਲੇ ਤੋਂ ਤੁਰੇ ਅਕਾਲੀਆਂ ਨੂੰ ਪੁਲਿਸ ਨੇ ਟੱਕ ਲਾਉਣ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ ਘਨੌਰ ਤੋਂ ਪਹਿਲਾਂ ਹੀ ਰੋਕ ਲਿਆ ਸੀ।ਟੱਕ ਲਾਉਣ ਦੀ ਜਗਾਹ ਪਿੰਡ ਕਪੂਰੀ ਤੋਂ 3 ਕਿਲੋਮੀਟਰ ਦੂਰ ਪਿੰਡ ਸਰਾਲ਼ਾ ਕਲਾਂ ਵਿੱਚ ਸੀ।ਭਰਦਾਨ ਮੰਤਰੀ ਦਾ ਜਲਸਾ ਵੀ ਇੱਥੇ ਹੀ ਸੀ।ਜਲਸੇ ਵਿੱਚ ਕਿਸੇ ਕਿਸਮ ਦਾ ਕੋਈ ਵਿਘਨ ਨਹੀਂ ਪਿਆ ਸੀ,ਭਰਦਾਨ ਮੰਤਰੀ ਦੇ ਖਿਲਾਫ ਕੋਈ ਨਾਅਰਾ ਤੱਕ ਲੱਗਣ ਦੀ ਖ਼ਬਰ ਵੀ ਕਿਸੇ ਅਖਬਾਰ ਚ ਸ਼ਾਇਆ ਨਹੀਂ ਹੋਈ।ਹਾਲਾਂਕਿ ਕਿਸੇ ਵੱਡੇ ਜਲਸੇ ਚ ਭਰਦਾਨ ਮੰਤਰੀ ਦੇ ਨੇੜੇ ਕੋਈ ਬੰਦਾ ਛਿੱਕ ਵੀ ਮਾਰ ਜਾਵੇ ਤਾਂ ਵੀ ਉਹ ਖ਼ਬਰ ਬਣ ਜਾਂਦੀ ਹੈ।ਸੋ ਭਰਦਾਨ ਮੰਤਰੀ ਇੰਦਰਾ ਗਾਂਧੀ ਹੱਥੋਂ ਕਹੀ ਜਾਂ ਵੇਲੇ ਦੇ ਲੋਕਲ ਐਮ ਪੀ ਅਮਰਿੰਦਰ ਸਿੰਘ ਹੱਥੋਂ ਬੱਠਲ਼ ਖੋਹੇ ਜਾਣ ਦੀ ਖ਼ਬਰ ਨੂੰ ਕੋਈ ਅਖਬਾਰ ਨਜ਼ਰ ਅੰਦਾਜ਼ ਕਰ ਦੇਵੇ ਇਹ ਗੱਲ ਇਤਬਾਰ ਲਾਇਕ ਨਹੀਂ ਹੈ।ਭਰਦਾਨ ਮੰਤਰੀ ਦੇ ਜਲਸੇ ਨੂੰ ਕਵਰ ਕਰਨ ਵਾਸਤੇ ਪਟਿਆਲੇ ਦੇ ਸਾਰੇ ਵੱਡੇ ਪੱਤਰਕਾਰ ਪੁੱਜੇ ਹੋਏ ਸੀ।ਹਾਂ ਏਨੀ ਕੁ ਗੱਲ ਜ਼ਰੂਰ ਹੋਈ ਸੀ ਜੋ ਅਖਬਾਰਾਂ ਵਿੱਚ ਵੀ ਛਪੀ ਸੀ ।ਉਸ ਵੇਲੇ ਦੀ ਮੈਂਬਰ ਰਾਜ ਸਭਾ ਅਤੇ ਇਸਤਰੀ ਅਕਾਲੀ ਦੀ ਭਰਦਾਨ ਬੀਬੀ ਰਜਿੰਦਰ ਕੌਰ ਕੁਝ ਬੀਬੀਆਂ ਨੂੰ ਲੈ ਕੇ ਕਪੂਰੀ ਦੇ ਗੁਰਦੁਆਰੇ ਚ ਦਾਖਲ ਹੋਣ ਚ ਕਾਮਯਾਬ ਹੋ ਗਏ।ਉਹਨਾਂ ਗੁਰਦੁਆਰੇ ਅੰਦਰੋਂ ਕੁਝ ਆਤਿਸ਼ਬਾਜੀਆਂ ਛੱਡੀਆਂ ਜਿੰਨਾਂ ਦੇ ਭੜਾਕੇ ਪੁਲਿਸ ਅਫਸਰਾਂ ਨੂੰ ਕੁਝ ਹੱਦ ਤੱਕ ਵਖਤ ਪਾਉਣ ਚ ਕਾਮਯਾਬ ਰਹੇ।
-
ਗੁਰਪ੍ਰੀਤ ਸਿੰਘ ਮੰਡਿਅਣੀ, ਲੇਖਕ/ ਪੱਤਰਕਾਰ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.