ਸਫ਼ਰ-ਏ-ਰੰਗਾਂ
ਮੈਂ ਵਟਣੇ ਮਹਿੰਦੀਆਂ ਦੇ ਕਈ ਰੰਗ ਬਣਾ ਸਕਦਾ ਹਾਂ ਤੂੰ ਲਾਉਣ ਜੋਗੀ ਹੋਈਂ-4-ਅਮਰਜੀਤ ਟਾਂਡਾ
ਵਟਣੇ ਮਹਿੰਦੀਆਂ ਦੇ ਵੀ ਕਈ ਰੰਗ ਬਣ ਸਕਦੇ ਹਨ। ਹੁੰਦੇ ਹਨ
ਕੋਈ ਗੋਰਿਆਂ ਨਰਮ ਕੁਆਰੇ ਅੰਗਾਂ ਤੇ ਲਾਉਣ ਜੋਗਾ ਤਾਂ ਹੋਵੇ।
ਕੋਈ ਕਹੇ ਤਾਂ ਸਈ ਕਿ ਮੈਨੂੰ ਔਹ ਰੰਗ
ਬਹੁਤ ਪਸੰਦ ਹੈ
ਇਹ ਕੋਈ ਕੁਫ਼ਰ ਨਹੀਂ ਹੈ ਮੇਰਾ।
ਜੇ ਗੁਲਾਬ ਗੁਲਦਾਊਦੀ ਤੇ ਹੋਰ ਕਈ ਫੁੱਲ। ਕਈ ਕਈ ਰੰਗਾਂ ਦੇ ਹੋ ਸਕਦੇ ਹਨ। ਤਾਂ ਵਟਣੇ ਮਹਿੰਦੀਆਂ ਕਿਉਂ ਨਹੀਂ ਹੋ ਸਕਦੀਆਂ
ਜੇ ਤੇਰੇ ਵਰਗੀਆਂ ਸੂਰਤਾਂ ਏਨੀਆਂ ਹੋ ਸਕਦੀਆਂ ਹਨ
ਤਾਂ ਮਹਿੰਦੀ ਵਟਣੇ ਤਾਂ ਬਨਾਉਣੇ। ਕੀ ਔਖੇ। ਤੂੰ ਰੰਗ ਕੋਈ ਮੁਖੋਂ ਕੱਢ ਤਾਂ ਸਈ।
ਕੁਝ ਵੀ ਨਹੀਂ ਹੈ ਮੁਸ਼ਕਿਲ।ਮੇਰੇ ਵਾਸਤੇ
ਬਸ ਤੂੰ ਦਰਾਂ
ਅਤੇ ਉਹੀ ਰਾਹਾਂ ਵਿੱਚ ਦੀ ਲੰਘਦੀ ਰਿਹਾ ਕਰ।
ਮੈਂ ਨਜ਼ਮਾਂ ਵਿੱਚ ਵੀ ਹੋਰ ਰੰਗ ਭਰ ਦਿਆਂਗਾ। ਤੇਰੇ ਮੁਖੜੇ। ਬੁੱਲ੍ਹਾਂ ਤੋਂ ਉਧਾਰੇ ਲੈ ਕੇ।
ਤੈਨੂੰ ਪਤਾ ਹੈ
ਉਧਾਰੀ ਚੀਜ਼ ਵੀ ਤਾਂ ਲੈ ਹੀ ਲਈ ਦੀ। ਆਪਾਂ ਸਿਹਾਈ ਵਾਲੀ ਦਵਾਤ ਦੇ ਡੁਬਕੇ। ਸਲੇਟੀਆਂ। ਗਾਚਣੀਆਂ ਵੀ ਤਾਂ ਵਟਾਉਂਦੇ ਹੁੰਦੇ ਸੀ।
ਯਾਦ ਆਈ। ਤਾਂ ਹੀ ਤਾਂ ਮੁਸਕਰਾਉਂਦੀ ਪਈ ਏਂ
ਤੇ ਮੈਂ ਤੈਨੂੰ ਔਖੇ ਔਖੇ ਸਵਾਲ। ਕੱਢ ਕੇ ਦਿੰਦਾ ਹੁੰਦਾ ਸੀ।
ਤੇਰੀ ਕਾਪੀ ਤੇ ਤੇਰੇ ਮੇਰੇ ਨਿਸ਼ਾਨ ਅਜੇ ਵੀ ਹੋਣਗੇ ਇੱਕ ਦੂਸਰੇ ਨੂੰ ਛੁੰਹਦੇ
ਤੇ ਆਪਾਂ ਸਵਾਲ ਕੱਢਦੇ ਕੱਢਦੇ। ਸਮਝਦੇ ਸਮਝਾਉਂਦੇ ਇੱਕ ਦੂਸਰੇ ਨੂੰ ਛੁਹ ਵੀ ਲੈਂਦੇ ਸਾਂ।
ਮੈਂ ਕਈ ਵਾਰੀ ਤਾਂ ਤੇਰੀਆਂ ਗੋਰੀਆਂ ਗੱਲ੍ਹਾਂ ਤੋਂ ਉੱਡਦੇ ਵਾਲ ਪਿਛਾਂਹ ਵੀ ਕੀਤੇ ਸਨ।
ਤੇ ਤੂੰ ਮੈਨੂੰ ਕਈ ਕਈ ਮੁਸਕਾਰਟਾਂ ਦਿੰਦੀ ਹੁੰਦੀ ਸੀ।
ਜੋ ਮੈਂ ਅਜੇ ਵੀ ਆਪਣੇ ਚੇਤਿਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਹਨ
ਦੇਖ ਕਿੱਦਾਂ ਖੁਸ਼ੀਆਂ। ਮਹਿਕਾਂ ਸੁਗੰਧੀਆਂ ਇੱਕ ਦੂਸਰੇ ਦੀਆਂ
ਬਿਨਾਂ ਅਲਮਾਰੀਆਂ ਦਰਾਂਜਾਂ ਦੇ ਵਿੱਚ ਸਾਂਭ ਕੇ ਰੱਖ ਲਈਆਂ ਜਾਂਦੀਆਂ ਹਨ
ਦੇਖ ਇਹਨਾਂ ਦੁਰਲੱਭ ਨਿਸ਼ਾਨੀਆਂ। ਸਾਂਭੀਆਂ ਹੋਈਆਂ ਯਾਦਾਂ ਨੂੰ ਕਦੇ ਕੋਈ ਖੁੱਲ ਕੇ ਨਹੀਂ ਦੱਸਦਾ।
ਸਿਰਫ ਦਿਲਾਂ ਦੀਆਂ ਪਰਤਾਂ ਵਿੱਚ। ਜਾਂ ਨੂੰ ਹਿੱਕ ਨਾਲ ਲਾ ਕੇ ਰੱਖਦਾ ਹੈ। ਸਾਰੀ ਸਾਰੀ ਉਮਰ।
ਇਹਨਾਂ ਯਾਦਾਂ ਦਾ ਦੇਖ ਭਾਰ ਕਿੰਨਾ ਹੁੰਦਾ ਹੈ ਜੋ ਪੂਰੀਆਂ ਨਾ ਹੋਣ। ਅਧੂਰੀਆਂ ਹੀ ਰਹਿ ਜਾਣ। ਰੋਂਦੀਆਂ ਹੀ ਗਲੀਆਂ ਰਾਹਾਂ ਵਿੱਚ। ਭਟਕਦੀਆਂ ਹੀ ਰਹਿ ਜਾਂਦੀਆਂ ਹਨ। ਰੂਹਾਂ ਵਾਂਗ।
ਹੈ ਨਾ ਇਹ ਸੱਭ ਹੈਰਾਨ ਕਰਨ ਵਾਲੀਆਂ ਗੱਲਾਂ
ਤੇਰੀ ਇੱਕ ਮੁਸਕਰਾਹਟ ਹੀ ਸਭ ਕੁਝ ਦੱਸ ਦਿੰਦੀ ਹੁੰਦੀ ਸੀ
ਦੇਖ ਅਜਿਹੀਆਂ ਗੱਲਾਂ ਨਾਲ ਹੀ ਸਾਰੀ ਉਮਰ ਲੰਘ ਜਾਂਦੀ ਹੈ। ਇੰਝ ਕਈ ਕਈ ਸਾਲ ਜੁੜ ਜਾਂਦੇ ਹਨ ਜਿੰਦਗੀਆਂ ਨਾਲ। ਏਦਾਂ ਹੀ ਹੁੰਦੀਆਂ ਹਨ ਉਮਰਾਂ ਲੰਮੀਆਂ।
ਨਾਲੇ ਜੀਅ ਜਿਹਾ ਲੱਗ ਜਾਂਦਾ ਹੈ ਇੱਕ ਦੂਸਰੇ ਦਾ।
ਰਾਤਾਂ ਬੀਤ ਜਾਂਦੀਆਂ ਹਨ। ਕਦੇ ਕਦੇ ਵਾਟਾਂ ਕਰਦੇ ਵੀ ਅਸੀਂ ਆਪਣੇ ਚੇਤਿਆਂ ਵਿੱਚ ਉਹ ਗੱਲਾਂ। ਯਾਦਾਂ ਵਿਚ ਮੁੜ ਵਸਾ ਲੈਂਦੇ ਹਾਂ।
ਤੇ ਪਾਗਲ ਹੋ ਆਪੇ ਹੀ ਹੱਸਣ ਲੱਗ ਜਾਂਦੇ ਹਾਂ।
ਫ਼ੱਕਰ ਫ਼ਕੀਰ ਵੀ ਤਾਂ ਇਹੀ ਕੁਝ ਕਰਦੇ ਨੇ।
ਇਹਨਾਂ ਸਾਰਿਆਂ ਦਾ ਦਿਲ ਵੀ ਟੁੱਟਿਆ ਹੁੰਦਾ ਹੈ। ਹੋਰ ਕਿਹੜਾ ਘਰੋਂ ਕੋਈ ਜਾਂਦਾ ਇਨਾ ਕਿਸੇ ਮਤਲਬ ਦੇ।
ਤੇ ਫਿਰ ਕੋਈ ਨਾਥ। ਮਜਨੂੰ ਬਣ ਜਾਂਦਾ ਹੈ ਤੇ ਕੋਈ ਮੱਝੀਆਂ ਦਾ ਚਰਵਾਹਾ।
ਤੇ ਕੋਈ ਤਰ ਕੇ। ਝਨਾਂ ਵੀ ਨਹੀਂ ਪਾਰ ਕਰਨ ਜੋਗਾ ਰਹਿ ਜਾਂਦਾ ਹੈ। ਡਰਪੋਕ।
ਤੇ ਝੱਲੇ ਇਸ਼ਕ ਨੂੰ ਡੁਬੋ ਬਹਿੰਦਾ ਹੈ।
ਤੇ ਕੋਈ ਪਾਗਲ ਬਣ ਮਾਰੂਥਲਾਂ ਵਿੱਚ ਵਾਜਾਂ ਮਾਰਦਾ ਮਾਰਦਾ। ਥੱਕ ਜਾਂਦਾ ਹੈ। ਟੁੱਟ ਜਾਂਦਾ ਹੈ। ਬਿਖਰ ਜਾਂਦਾ ਹੈ
ਨਿਮਾਣੇ ਇਸ਼ਕ। ਆਸ਼ਕ ਤੇ ਮੁਹੱਬਤ ਨੂੰ ਲੱਭਦਾ ਲੱਭਦਾ।
ਇਹਨਾਂ ਰਾਹਾਂ ਵਿੱਚ ਮੈਨੂੰ ਵੀ ਕਈ ਤਰ੍ਹਾਂ ਦੇ ਰੰਗ ਮਿਲੇ ਸਨ
ਮੈਂ ਜਦੋਂ ਵੀ ਕੁਦਰਤ ਦੀਆਂ ਵੱਖ ਵੱਖ ਫੁੱਲਵਾੜੀਆਂ। ਗੁਲਜ਼ਾਰਾਂ। ਫਿਜ਼ਾਵਾਂ ਵਿਚ ਦੀ ਗੁਜ਼ਰਦਾ ਹਾਂ
ਤਾਂ ਮੈਂ ਸਾਰੇ ਰੰਗ ਬਾਹਵਾਂ ਵਿੱਚ ਇਕੱਠੇ ਕਰ। ਘਰ ਨੂੰ ਲੈ ਆਉਂਦਾ ਹਾਂ।
ਭਰ ਲਿਆਉਂਦਾ ਹਾਂ ਜੇਬਾਂ ਤੇ ਖੀਸੇ
ਤੇ ਉਹਨਾਂ ਨੂੰ ਆਪਣੇ ਵਿਹੜੇ। ਆਪਣੇ ਬਨੇਰਿਆਂ ਤੇ ਬੀਜ਼। ਸਜਾ ਦਿੰਦਾ ਹਾਂ।
ਉਹਨਾਂ ਵਿੱਚੋਂ ਰੰਗ ਬਰੰਗੇ ਪੌਦੇ ਮੈਨੂੰ ਆਪਣੇ ਆਪਣੇ ਫੁੱਲ ਬਖਸ਼ਦੇ ਹਨ।
ਤੇ ਖੁਸ਼ ਕਰ ਦਿੰਦੇ ਹਨ। ਮੇਰੀ ਜ਼ਿੰਦਗੀ ਨੂੰ। ਤੇ ਮੈਂ ਉਸ ਖੁਸ਼ੀ ਵਿੱਚ ਝੂੰਮਰ। ਲੁੱਡੀਆਂ ਪਾਉਂਦਾ ਸਰਸ਼ਾਰ ਹੋ ਜਾਂਦਾ ਹਾਂ।
ਤੇ ਉਸ ਖੁਸ਼ੀ ਵਿੱਚ ਨੱਚਦਿਆਂ ਮੈਂ ਬੁੱਲੇ ਸ਼ਾਹ ਅਖਵਾਉਦਾ ਹਾਂ।
ਤੇ ਤੂੰ ਵੀ ਲੰਘਦੀ ਲੰਘਦੀ। ਮੈਨੂੰ ਨੱਚਦਾ ਹੱਸਦਾ ਦੇਖ ਕੇ। ਮੁਸਕੜੀਂ ਹੱਸਦੀ ਗੁਜ਼ਰ ਜਾਂਦੀ ਏਂ। ਕਈ ਵਾਰ ਇਹ ਹੋਇਆ ਹੈ।
ਦੇਖ ਇਹ ਰੰਗਾਂ ਦੀ ਲੀਲਾ ਵੀ ਕਿੰਨੀ ਨਿਆਰੀ ਹੈ। ਕਿੰਨੀ ਅਨੂਠੀ। ਅਨੋਖੀ।
ਜੋ ਕੁਝ ਵੀ ਇਨਸਾਨ ਦੁਆਰਾ ਸਿਰਜਿਆ ਗਿਆ ਹੈ। ਉਹ ਕਲਾ ਹੀ ਤਾਂ ਹੈ। ਇਹੀ ਹੈ ਕਲਾ ਬਾਰੇ ਆਮ ਤੌਰ ਤੇ ਧਾਰਨਾ।
ਆਪਣਾ ਪਿਆਰ ਵੀ ਤਾਂ ਇੱਕ ਛੁਹ। ਨਜ਼ਰ। ਤੇ ਤੇਰੇ ਤਿੱਖੇ ਮਿਰਗੀ ਨੈਣਾਂ ਵਿੱਚੋਂ ਹੀ ਜਾਗਿਆ ਸੀ
ਫਿਰ ਇਸ਼ਕ ਤੇ ਪਿਆਰ ਕਲਾ ਹੀ ਇਕ ਹੋਈ
ਪਰ ਕੁਦਰਤ ਦੀ ਕਾਰੀਗਰੀ। ਤਾਰੇ ,ਚੰਨ,ਸੂਰਜ,ਧਰਤੀ,ਅਕਾਸ਼।
ਤਰ੍ਹਾਂ ਤਰ੍ਹਾਂ ਦੀਆਂ ਪਹਾੜਾਂ ਵਿੱਚ ਵਾਧੀਆਂ।
ਤੇ ਉਥੇ ਖਿੱਲਰੇ ਫੁੱਲ ਤਾਂ ਲੱਖਾਂ ਹਨ।
ਪਰ ਸੱਚ ਜਾਣੀ। ਮੈਂ ਤੇਰੇ ਰੂਪ। ਰੰਗ। ਹੁਸਨ ਵਰਗਾ। ਅਜੇ ਤੱਕ ਕੋਈ ਫੁੱਲ ਨਹੀਂ ਦੇਖਿਆ
ਪਹਾੜ, ਸਮੁੰਦਰ,ਜੰਗਲ,ਦਰਿਆ, ਪਸ਼ੂ, ਪੰਛੀਆਂ ਦੇ ਗੀਤ ਤੇ ਬਿਛੜੇ ਦੇ ਆਲ੍ਹਣੇ ਤਾਂ ਬਥੇਰੇ।
ਪਰ ਤੇਰੇ ਵਾਲਾਂ ਚ ਲੱਗੇ ਕਲਿੱਪ। ਤੇਰੀ ਗੁੱਤ ਵਰਗਾ ਵਲ ਖਾਂਦਾ ਡੀਜਾਇਨ। ਅਜੇ ਤੱਕ ਕੋਈ ਵੀ ਕਾਰੀਗਰ ਨਹੀਂ ਬਣਾ ਸਕਿਆ।
ਨਾ ਹੀ ਕਿਤੇ ਲੱਭ ਸਕਦਾ ਹੈ
ਭਾਂਤ ਭਾਂਤ ਦੀਆਂ ਬਣਾਈਆਂ ਹੋਈਆਂ ਵਸਤਾਂ। ਖਿਡੌਣਿਆਂ। ਸਾਜ਼ਾਂ। ਰੰਗਾਂ ਵਿੱਚ। ਉਹ ਤਰਜ਼। ਉਹ ਤੇਰੀਆਂ ਅੱਖਾਂ। ਨਕਸ਼ਾਂ ਵਰਗੇ ਰੰਗ ਹੀ ਨਹੀਂ ਭਰ ਸਕਿਆ ਕੋਈ ਸਾਜ਼ਿੰਦਾ
ਦੁਨੀਆਂ ਭਰ ਦੇ ਚਿੱਤਰਕਾਰ। ਸ਼ਾਇਰ ਤੇਰੇ ਹੁਸਨ ਵਰਗੀ। ਚਿੱਤਰਕਾਰੀ ਨਹੀਂ ਕਰ ਸਕੇ। ਤੇ ਨਾ ਹੀ ਕੋਈ ਨਜ਼ਮ ਲਿਖ ਸਕਿਆ ਹੈ
ਅਪਰਮ ਪਾਰ ਤੇਰਾ ਹੁਸਨ। ਸੁਗੰਧੀਆਂ ਮਹਿਕਾਂ
ਅਗੰਮੀ ਤੇਰੀਆਂ ਅਦਾਵਾਂ ਦੀਆਂ ਕਲਾਵਾਂ
ਜਿਵੇਂ ਸਾਜ਼ਿੰਦੇ ਇੱਕ ਸਾਜ ਵਿੱਚੋਂ ਅਨੇਕਾਂ ਸੁਰਾਂ ਤਰਜਾਂ ਨੂੰ ਰੰਗਮਈ ਬਣਾ।ਭਾਲ। ਸਰੋਤਿਆਂ ਨੂੰ ਮੋਹ ਲੈਂਦੇ ਹਨ।
ਤੂੰ ਇਹਨਾਂ ਸਭ ਸਾਜਾਂ। ਤਰਜਾਂ ਸੁਰਾਂ ਬਗੈਰ ਹੀ ਲੁਕਾਈ ਨੂੰ ਮੋਹ ਲਿਆ ਹੈ।
ਤੂੰ ਲੁੱਟ ਲਿਆ ਹੈ ਮਹਿਫ਼ਲਾਂ ਨੂੰ।
ਤੂੰ ਭਰ ਦਿੱਤਾ ਹੈ ਮੇਲਿਆਂ ਨੂੰ।
ਰਾਹਾਂ ਦੇ ਅਧੂਰੇ ਸੁਪਨਿਆਂ ਨੂੰ
ਗੱਲ ਤਾਂ ਡੁੰਘਾਈ ਵਿੱਚ ਜਾਣ ਦੀ ਹੁੰਦੀ ਹੈ।
ਡੁਬਕੀਆਂ ਲਾ ਕੇ ਹੀ ਮੋਤੀ ਲੱਭਦੇ ਹਨ।
ਕਿਨਾਰਿਆਂ ਤੇ ਤਾਂ ਘੋਗੇ ਸਿੱਪੀਆਂ ਬਗੈਰ ਕੁਝ ਨਹੀਂ ਪਿਆ ਹੁੰਦਾ। ਮੇਰੀ ਮਹਿਬੂਬ
ਤੂੰ ਸੱਭ ਕੁਝ ਚੁਰਾਅ ਲਿਆਈਂ ਏ ਗਲੀਆਂ ਬਾਜ਼ਾਰਾਂ ਚੋਂ
ਸਿਰਫ ਇੱਕ ਨਖਰੇ ਨਾਲ
ਤੂੰ ਸ਼ੈਲਫਾਂ ਦਰਾਜ਼ ਭਰ ਦਿਤੇ ਹਨ ਮੇਰੇ। ਆਪਣੇ ਰੰਗਾਂ ਦੀ ਪਸੰਦ ਨਾਲ।
ਅਲਮਾਰੀਆਂ ਚ ਰੰਗ ਬਿਰੰਗੀਆਂ ਚੁੰਨੀਆਂ। ਦੁਪੱਟਿਆਂ ਸੂਟਾਂ ਨਾਲ ਮਿਲਦੇ।
ਮੈਂ ਵੀ ਪੱਗਾਂ ਕਮੀਜ਼ਾਂ ਵਿੱਚ ਰੰਗ ਸੰਭਾਲ ਸੰਭਾਲ ਕੇ ਰੱਖੇ ਹੋਏ ਹਨ ਤੇਰੇ ਰੰਗਾਂ। ਪਸੰਦੀ ਦੇ
ਤੇਰੀਆਂ ਰੰਗ ਬਿਰੰਗੀਆਂ ਸਾੜੀਆਂ ਵਰਗੇ ਰੰਗ। ਤੈਨੂੰ ਉਡੀਕਦੇ। ਤੱਕਦੇ ਰਹਿ ਜਾਂਦੇ ਹਨ। ਕਈ ਵਾਰੀ।
ਗਲੀਆਂ ਰਾਹਾਂ ਬੱਦਲਾਂ ਦੇ ਰੰਗ ਕਈ ਵਾਰ ਇਹ ਦੱਸਦੇ ਹਨ। ਕਿ ਤੂੰ ਅੱਜ ਕਿਹੜੇ ਰੰਗ ਦਾ ਸੂਟ ਪਾ ਕੇ ਨਿਕਲੇਂਗੀ। ਤੇ ਮੈਂ ਕਿਹੜੇ ਰੰਗ ਦੀ ਪੱਗ ਬੰਨ ਕੇ ਤੈਨੂੰ ਲੱਭਾਂ।
ਲੋਕ ਤਾਂ ਮੇਲਾ ਦੇਖਣ ਆਉਂਦੇ ਹਨ। ਮੈਂ ਤਾਂ ਤੈਨੂੰ ਦੇਖਣਾ ਹੁੰਦਾ ਹੈ
ਤੇ ਹਾਂ। ਕਈ ਵਾਰ ਕੁਦਰਤੀ ਹੀ।
ਤੇਰੀਆਂ ਚੁੰਨੀਆਂ। ਤੇ ਮੇਰੀਆਂ ਪੱਗਾਂ ਦੇ ਰੰਗ ਮਿਲੇ ਵੀ ਸਨ
ਵਟਣੇ ਮਹਿੰਦੀਆਂ ਨੇ ਤੇਰੇ ਰੂਪ ਨੂੰ ਹੋਰ ਸੋਹਣਾ। ਸੁਨੱਖਾ ਕਰ ਦਿੱਤਾ ਹੈ।
ਵੰਗਾਂ ਚੂੜੀਆਂ ਲਿਪਸਟਿਕਾਂ ਦੇ ਰੰਗ ਤੈਨੂੰ ਹੋਰ ਕਈ ਚੰਨ ਲਾ। ਉਡਾਈ ਫਿਰਦੇ ਹਨ।
ਤੇਰੇ ਪਰਸਾਂ ਨੂੰ ਵਿਲੱਖਣ ਰੰਗਾਂ ਵਿੱਚ। ਤੇਰੀ ਵੱਖੀ। ਵੀਣੀਆਂ ਪੋਟਿਆਂ ਨਾਲ਼ ਖੇਡਦੇ ਮੈਂ ਕੲਈ ਵਾਰ ਤੱਕਿਆ ਹੈ। ਓਦੋਂ ਬਹੁਤ ਆਨੰਦ ਆਉਂਦਾ ਹੈ
ਜਦ ਮੇਰੇ ਹੱਥ ਵਾਂਗ। ਤੇਰੇ ਸੁਗੰਧੀਆਂ ਭਰੇ ਜਿਸਮ ਨੂੰ ਛੂੰਹਦਾ। ਨਸ਼ਿਆਂਉਦਾ ਹੈ।
ਓਦਣ ਵਾਲੀ ਮੇਰੀ ਸ਼ਾਮ। ਸਦਾ ਰੰਗੀਨ ਹੁੰਦੀ ਹੈ। ਓਦਣ ਮੈਂ ਰੱਜ ਕੇ ਪੀਂਦਾ ਖਾਂਦਾ ਨੱਚਦਾ ਗਾਉਂਦਾ ਹਾਂ
ਤੂੰ ਸਜਦੀ। ਫੱਬਦੀ। ਏਨੀਆਂ ਸ਼ੀਸ਼ਿਆਂ ਨੂੰ ਤਰੇੜਾਂ ਨਾ ਪਾਇਆ ਕਰ।
ਨਾ ਕਰਿਆ ਕਰ ਮਜ਼ਬੂਰ ਵਿਚਾਰਿਆਂ ਨੂੰ
ਲਗਾਤਾਰ ਕਈ ਕਈ ਘੰਟੇ ਮੂਹਰੇ ਖੜ੍ਹ ਕੇ
ਇਹ ਚਾਅ। ਹਿੱਕ। ਦਿਲ ਤਸੱਲੀਆਂ। ਤਾਂ ਮਹਿਫਿਲਾਂ। ਜਾਂ ਮੇਲਿਆਂ ਵਿੱਚ ਮਿਲ ਕੇ ਹੀ ਪੂਰੇ ਹੁੰਦੇ ਹਨ।
ਤੂੰ ਮਹਿਫਲਾਂ ਵਿੱਚ ਆਇਆ ਕਰ
ਕਿਸੇ ਗਰੀਬ ਦੇ ਜ਼ਖ਼ਮ। ਪਲ ਭਰ ਲਈ ਭਰ ਜਾਂਦੇ ਹਨ
ਵਿਚਾਰੇ ਰਾਤ ਨੂੰ ਸੌਂ ਵੀ ਲੈਂਦੇ ਹਨ। ਓਦਣ ਘੜੀ ਭਰ
ਹੀਰ ਸਾਹਿਬਾਂ। ਸੱਸੀ ਦੇ ਦਿਲ ਵਿੱਚ ਵੀ ਇੱਕ ਅਨੋਖੀ ਜੇਹੀ ਰੀਝ ਹੀ ਸੀ ਤੇਰੇ ਵਰਗੀ।
ਇਹ ਪਹਿਲ ਵਰੇਸ ਹੀ ਹੁੰਦੀ ਹੈ।ਜਦੋਂ ਕੁਆਰੇ ਅੰਗਾਂ ਨੂੰ ਕੋਈ ਅੱਗ ਛੂੰਹਦੀ ਹੈ। ਤੇ ਰਾਤਾਂ ਦੇ ਹੱਥ। ਯਾਦਾਂ ਤੋਂ ਬਗੈਰ ਕੁਝ ਵੀ ਨਹੀਂ ਰਹਿ ਜਾਂਦਾ
ਸ਼ੀਸ਼ੇ ਤਰੇੜਾਂ ਤਾਂਹੀ ਝੱਲਦੇ ਹਨ ਜਦ ਦਿਲ ਵਿੱਚ ਹੁੰਦਾ ਹੈ ਕਿ ਸ਼ਾਦੀ ਵਿਆਹ ਮਹਿਫ਼ਿਲ ਵਿੱਚ ਮੇਰੇ ਵੱਲ ਹੀ ਸਾਰੇ ਤੱਕਣ।
ਤੇ ਤਿਰਛੀ ਜਿਹੀ ਨਜ਼ਰ ਨਾਲ। ਤੂੰ ਨਿਗਾਹਾਂ ਕਾਊਂਟ ਵੀ ਕਰਿਆ ਕਰਦੀ ਸੀ।
ਇਹ ਬਹੁਤ ਹੀ ਵਧੀਆ ਤਾਂਘ ਹੁੰਦੀ ਹੈ। ਜੋ ਕਾਇਨਾਤ ਨੂੰ ਵੀ ਸੋਹਣਾ। ਸੁਚੱਜਾ ਤੇ ਦਿਲਕਸ਼ ਬਣਾ। ਸਾਰਿਆਂ ਨੂੰ ਦੇਖਣ ਲਾ ਦੇਵੇ।
ਓਦਣ ਕਈਆਂ ਦੀਆਂ ਧੌਣਾਂ ਨੂੰ ਮਰੋੜੇ ਆਉਂਦੇ ਹਨ। ਤੇ ਕਈਆਂ ਦੀ ਕਈ ਕਈ ਸਾਲ ਉਮਰ ਵੀ ਵਧ ਜਾਂਦੀ ਹੈ।
ਸਿਰਫ ਇੱਕ ਤੇਰੀ ਮਟਕਦੀ ਚਾਲ ਨੂੰ ਦੇਖ। ਤੇਰੇ ਮਿਰਗਲੇ ਨੈਣਾਂ ਦੇ ਨਖ਼ਰਿਆਂ ਨੂੰ ਤੱਕ। ਤੇ ਤੇਰੀਆਂ ਟੱਪਦੀਆਂ। ਨੱਚਦੀਆਂ ਚੁੰਗੀਆਂ ਨੂੰ ਨਿਹਾਰ।
ਓਦੋਂ ਫਿਰ ਲੋਕ। ਖਾਂਦੇ ਪੀਂਦੇ ਇਹ ਵੀ ਨਹੀਂ ਦੇਖਦੇ। ਕਿ ਗਰਾਹੀ ਤੇ ਗਿਲਾਸ ਚ ਕੀ ਖਾ ਪੀ ਰਹੇ ਹਾਂ
ਲੋਕ ਭੁੱਲ ਜਾਂਦੇ ਨੇ ਖਾਣਾ ਪੀਣਾ। ਤੇ ਸਾਰੇ ਦੁੱਖ ਦਲਿੱਦਰ।
ਓਸ ਦਿਨ। ਗੱਲਾਂ ਹੀ ਗੱਲਾਂ ਹੁੰਦੀਆਂ ਹਨ। ਤੇਰੇ ਰੰਗਾਂ ਦੀਆਂ। ਤੇ ਤੇਰੇ ਹੁਸਨ ਤੇ ਛਣਕਦੀਆਂ ਵੰਗਾਂ ਦੀਆਂ
ਜੇ ਤੂੰ ਮਹਿਫਲ ਵਿੱਚ ਇਦਾਂ ਹੀ ਆਉਂਦੀ ਰਹੇਂ।
ਲੋਕਾਂ ਦੀਆਂ ਉਮਰਾਂ ਵਧ ਜਾਣਗੀਆਂ ਕਿਸੇ ਨੂੰ ਬਲੱਡ ਪ੍ਰੈਸ਼ਰ ਵੀ ਨਹੀਂ ਹੋਵੇਗਾ।
ਕਹਿੰਦੇ ਹਨ।
ਨਜ਼ਾਰਿਆਂ ਨੂੰ ਮਾਣਦਿਆਂ। ਸੁਹੱਪਣਤਾ ਨਿਹਾਰਦਿਆਂ। ਖੁਸ਼ੀ ਵਿੱਚ ਕੋਈ ਵੀ ਬਿਮਾਰੀ ਨਹੀਂ ਹੁੰਦੀ।
ਤੇ ਨਾ ਹੀ ਬੁਢਾਪਾ ਨੇੜੇ ਢੁੱਕਦਾ ਹੈ
ਜਦੋਂ ਕੋਈ ਇਸ ਤਰਾਂ ਦਾ ਦ੍ਰਿਸ਼ ਮਹਿਫਿਲ ਵਿੱਚ ਦਿਸ ਜਾਵੇ ਤਾਂ।
ਦੇਖ ਕਿੰਨਾ ਕੁਝ ਲੁਕਿਆ
ਛੁਪਿਆ ਪਿਆ ਹੈ ਤੇਰਿਆਂ ਰੰਗਾਂ ਵਿਚ।
ਲੰਮੀ ਗੁੱਤ। ਮੀਢੀਆਂ ਦੀ ਕਸ਼ੀਦਗੀ। ਤੇ ਤੇਰੇ ਸਜੇ। ਸਾਜੇ ਢੰਗਾਂ ਵਿਚ।
ਮੈਂ ਇਹਨਾਂ ਤੇਰੇ ਰੰਗਾਂ ਦੀ ਚੋਣ। ਰੰਗਾਂ ਦੇ ਪਹਿਨਣ। ਤੇ ਮੈਚਿੰਗ ਲਈ ਪੁਰਜ਼ੋਰ ਸਿਫਾਰਿਸ਼ ਕਰਦਾ ਰਹਾਂਗਾ।
ਮਿਲਣ ਤੇ ਕੋਈ ਵਾਹ ਨਾ ਕਹੇ। ਤਾਂ ਉਹ ਪਹਿਰਾਵਾ ਹੀ ਕੀ।
ਉਸ ਪਹਿਰਾਵੇ ਨੂੰ ਨਿਕਾਰ ਕਰੋ। ਸੁੱਟ ਦਿਓ
ਮੇਰੀ ਸੋਹਣੀਆਂ ਸੋਹਣੀਆਂ ਪੰਜਾਬਣਾਂ। ਤੇ ਸੋਹਣੇ ਪੰਜਾਬੀਆਂ ਨੂੰ ਇਹ ਗੁਜ਼ਾਰਿਸ਼ ਹੈ। ਕਿ ਉਹ ਵੱਧ ਤੋਂ ਵੱਧ ਸੋਹਣੇ ਬਣ। ਸਜ ਫਬ ਕੇ ਘਰੋਂ ਬਾਹਰ ਪੈਰ ਪਾਇਆ ਕਰਨ
ਤੁਸੀਂ ਦੇਖਿਓ ।
ਅਜਿਹਾ ਕਰਨ ਨਾਲ ਅਸੀਂ ਸਾਰੇ ਸੰਸਾਰ ਨੂੰ ਆਪਣੇ ਵੱਲ ਖਿੱਚ ਲਵਾਂਗੇ।
ਤੇ ਲੁੱਟ ਲਵਾਂਗੇ ਸਾਰੇ ਨਜ਼ਾਰੇ।
ਤੇ ਤਾਰੀਫਾਂ ਕਰਨਗੀਆਂ ਗੋਰੀਆਂ ਤੇ ਕਾਲੀਆਂ।
ਤੇ ਤੁਸੀਂ ਫਿਰ ਉਹਨਾਂ ਦੀਆਂ ਵੀ ਤਾਰੀਫਾਂ ਕਰਿਓ। ਧੰਨਵਾਦ ਕਰਿਓ
ਮਿਲਣ ਤੇ ਹਰ ਹੁਸਨ ਇਹ ਕਹੇ ਕਿ ਨਹੀਂ ਭੈਣ ਜੀ ਇਹ ਤਾਂ ਇਹਨਾਂ ਦੀ ਹੀ ਚੋਆਇਸ ਸੀ। ਮੈਂਨੂੰ ਅਜੇ ਕਿੱਥੇ ਰੰਗਾਂ ਦੀ ਇੰਨੀ ਸਮਝ
ਬਿਨ ਚਾਹਤ
ਕੀ ਰੰਗਾਂ ਦਾ ਪਾਉਣਾ। ਤੇ ਪਹਿਨਣਾ।
ਰੰਗ ਹੋਣ ਕਿ ਦੁਨੀਆਂ ਦੇਖੇ।
ਰੰਗ ਹੋਣ ਕਿ ਮਹਿਫਲ ਸਜੀ ਲੱਗੇ
ਰੰਗ ਹੋਣ ਤਾਂ ਨਜ਼ਰਾਂ ਤਿਰਛੀਆਂ ਹੋ ਹੋ ਦੇਖਣ।
ਧੌਣਾਂ ਨੂੰ ਵਲ ਪੈ ਜਾਣ। ਜੇ ਰੰਗ ਹੋਣ ਤਾਂ ਦੇਖਣ ਵਾਲੇ।
ਤੂੰ ਸਦਾ ਵੱਖਰੇ। ਨਿਵੇਕਲੇ। ਵਿਲੱਖਣ ਰੰਗ ਪਾ। ਸਜ ਕੇ ਆਇਆ ਕਰ।
ਮੈਂ ਤਾਂ ਵਟਣੇ ਮਹਿੰਦੀਆਂ ਵੀ ਕਈ ਰੰਗਾਂ ਦੀਆਂ ਬਣਾ ਸਕਦਾ ਹਾਂ ਜੇ ਤੂੰ ਲਾਉਣ ਜੋਗੀ ਹੋਵੇਂ ਤਾਂ।
-
Amarjit Tanda, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.