ਮਈ ਆਉਂਦਿਆਂ ਹੀ ਬਦਲਦਾ ਮੌਸਮ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਤਲਾਬਾਂ, ਟੋਭਿਆਂ ਦਾ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਹੈ ਗਰਮੀ ਦਾ ਸ਼ੁਰੂ ਹੁੰਦਾ ਮੌਸਮ ਸਭ ਜੀਵਾਂ ਨੂੰ ਛਾਂ ਭਾਲਣ ਲਈ ਮਜ਼ਬੁਰ ਕਰ ਦਿੰਦਾ ਹੈ ਗਰਮੀ ਦੇ ਦਿਨਾਂ 'ਚ ਸਾਡੇ ਆਲੇ-ਦੁਆਲੇ ਬਹੁਤ ਸਾਰੇ ਪੰਛੀ ਪਾਣੀ ਤੇ ਚੋਗਾ ਨਾ ਮਿਲਣ ਕਾਰਨ ਆਪਣੀ ਜਾਨ ਗਵਾ ਲੈਂਦੇ ਹਨ ਕੁਝ ਤਾਂ ਨਵੀਆਂ ਵਿਗਿਆਨਕ ਤਕਨੀਕਾਂ ਨੇ ਪਸ਼ੂ-ਪੰਛੀਆਂ ਦਾ ਜਿਉਣਾ ਮੁਸ਼ਕਿਲ ਕਰ ਰੱਖਿਆ ਹੈ ਮੋਬਾਈਲ ਟਾਵਰਾਂ 'ਚੋਂ ਨਿੱਕਲਦੀਆਂ ਖ਼ਤਰਨਾਕ ਕਿਰਨਾਂ, ਕਾਰਖਾਨਿਆਂ 'ਚੋਂ ਨਿੱਕਲਦਾ ਜ਼ਹਿਰੀਲਾ ਧੂੰਆਂ ਤੇ ਅੰਨ੍ਹੇਵਾਹ ਹੁੰਦੀ ਦਰੱਖਤਾਂ ਦੀ ਕਟਾਈ ਵੀ ਪੰਛੀਆਂ ਦੀ ਮੌਤ ਦਾ ਵੱਡਾ ਕਾਰਨ ਬਣ ਰਹੀ ਹੈ
ਪੰਛੀਆਂ ਦੇ ਰੈਣ ਬਸੇਰੇ ਵੀ ਲਗਭਗ ਖ਼ਤਮ ਹੋ ਚੁੱਕੇ ਹਨ ਕੋਈ ਸਮਾਂ ਸੀ ਜਦੋਂ ਲੋਕਾਂ ਦੀ ਪੰਛੀਆਂ ਨਾਲ ਬੜੀ ਗੂੜ੍ਹੀ ਸਾਂਝ ਹੁੰਦੀ ਸੀ ਸਵੇਰੇ ਸਭ ਨੂੰ ਮੁਰਗਾ ਬਾਂਗ ਦੇ ਕੇ ਉਠਾਇਆ ਕਰਦਾ ਸੀ ਅਸੀਂ ਜਦੋਂ ਛੋਟੇ ਹੁੰਦੇ ਸਵੇਰੇ ਕਾਫ਼ੀ ਦੇਰ ਤੱਕ ਸੁੱਤੇ ਰਹਿੰਦੇ ਸੀ ਤਾਂ ਚਿੜੀਆਂ ਦੀ ਚਹਿਬਰ (ਚੀਂ-ਚੀਂ) ਸਾਡੇ ਕੰਨਾਂ 'ਚ ਪੈਂਦੀ ਸੀ ਤੇ ਸਾਨੂੰ ਮਜ਼ਬੂਰੀ ਵੱਸ ਉੱਠਣਾ ਹੀ ਪੈਂਦਾ ਸੀ ਸਾਡੇ ਕੱਚੇ ਘਰਾਂ ਦੀਆਂ ਸਿਰਕੀ ਤੇ ਕਾਨਿਆਂ ਵਾਲੀਆਂ ਛੱਤਾਂ ਦੇ ਛਤੀਰਾਂ 'ਚ ਚਿੜੀਆਂ ਬੜੀ ਠਾਠ ਨਾਲ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ ਚਿੜੀਆਂ ਭਾਵੇਂ ਆਪਣਾ ਆਲ੍ਹਣਾ ਬਣਾਉਣ ਲਈ ਛੱਤ 'ਚੋਂ ਕਿੰਨੀ ਵੀ ਮਿੱਟੀ ਕੇਰਦੀਆਂ ਰਹਿੰਦੀਆਂ ਲੋਕ ਉਨ੍ਹਾਂ ਨੂੰ ਮਾਰਦੇ ਨਹੀਂ ਸਨ ਸਗੋਂ ਤਾੜੀ ਮਾਰ ਕੇ ਉਡਾ ਦਿੰਦੇ ਸਨ ਤਾਂ ਕਿ ਚਿੜੀਆਂ ਦਾ ਧਿਆਨ ਮਿੱਟੀ ਕੇਰਨ ਤੋਂ ਹਟ ਜਾਵੇ
ਸਾਡੇ ਬਜ਼ੁਰਗ ਖਾਣਾ ਖਾਣ ਸਮੇਂ ਪਹਿਲੀ ਬੁਰਕੀ ਤੋੜ ਕੇ ਆਪਣੀ ਥਾਲੀ ਦੇ ਇੱਕ ਕੋਨੇ 'ਚ ਰੱਖ ਦਿੰਦੇ ਸਨ ਤੇ ਖਾਣਾ ਖਾਣ ਤੋਂ ਬਾਅਦ ਉਹ ਬੁਰਕੀ ਭੋਰ ਕੇ ਪੰਛੀਆਂ ਨੂੰ ਜ਼ਰੂਰ ਪਾਉਂਦੇ ਸਨ ਅੱਜ-ਕੱਲ੍ਹ ਆਧੁਨਿਕਤਾ ਦੇ ਯੁੱਗ 'ਚ ਤਾਂ ਲੋਕਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਹੈ ਸਵੇਰੇ ਕੰਮ 'ਤੇ ਜਾਣ ਵੇਲੇ ਹਲਕ-ਝਲੂਣੇ ਰੋਟੀ ਖਾਂਦੇ ਹਨ ਕਈ ਤਾਂ ਖਾਂਦੇ ਨਹੀਂ, ਨਿਗਲਦੇ ਹਨ ਅਜਿਹੀ ਭੱਜ-ਦੌੜ ਭਰੀ ਜ਼ਿੰਦਗੀ 'ਚ ਕੀ ਕਿਸੇ ਨੇ ਪੰਛੀਆਂ ਲਈ ਬੁਰਕੀ ਕੱਢਣੀ ਹੈ
ਪਿਛਲੇ ਇੱਕ ਦਹਾਕੇ ਵਿੱਚ ਬਹੁਤ ਸਾਰੇ ਪੰਛੀਆਂ ਦੀਆਂ ਪਰਜਾਤੀਆਂ ਅਲੋਪ ਹੋਈਆਂ ਹਨ ਦੇਸੀ ਚਿੜੀਆਂ, ਘੁੱਗੀ ਤੇ ਕਾਂ ਤਾਂ ਬਿਲਕੁਲ ਹੀ ਨਹੀਂ ਦਿੱਸਦੇ ਘੁੱਗੀ ਤੇ ਕਾਂ ਦੀਆਂ ਬਹੁਤ ਸਾਰੀਆਂ ਕਹਾਵਤਾਂ ਤੇ ਕਹਾਣੀਆਂ ਵੀ ਪੰਜਾਬੀ ਸਿਲੇਬਸ 'ਚ ਆਉਂਦੀਆਂ ਸਨ ਪਰ ਕੀ ਪਤਾ ਸੀ ਕਿ ਇਹ ਪਰਿੰਦੇ ਕਹਾਣੀਆਂ ਹੀ ਬਣ ਕੇ ਰਹਿ ਜਾਣਗੇ ਪੰਛੀਆਂ ਦੇ ਨਾਂਅ 'ਤੇ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਸਨ ਜਿਵੇਂ ਚਿੜੀ ਉੱਡ-ਕਾਂ ਉੱਡ, ਬਗਲਿਆ- ਬਗਲਿਆ ਕੌਡੀ ਪਾ ਆਦਿ
ਇੰਝ ਜਾਪਦੈ ਜਿਵੇਂ ਪੰਛੀ ਤਾਂ ਸਾਡੀ ਜ਼ਿੰਦਗੀ 'ਚੋਂ ਕਿਧਰੇ ਦੂਰ ਉਡਾਰੀ ਮਾਰ ਗਏ ਹੋਣ ਤੇ ਸਿਰਫ਼ ਕਹਾਵਤਾਂ ਤੇ ਕਹਾਣੀਆਂ ਹੀ ਸਾਡੇ ਪੱਲੇ ਛੱਡ ਗਏ ਹੋਣ ਬਹੁਤ ਸਾਰੇ ਪੰਛੀ ਭੁੱਖ, ਤ੍ਰੇਹ, ਗਰਮੀ ਤੇ ਉਜਾੜੇ ਦੀ ਮਾਰ ਨਾ ਝੱਲਦੇ ਹੋਏ ਮੌਤ ਦੇ ਮੂੰਹ 'ਚ ਜਾ ਰਹੇ ਹਨ ਪੰਛੀ ਜਾਂ ਤਾਂ ਬਿਜਲੀ ਦੀਆਂ ਤਾਰਾਂ 'ਤੇ ਟੰਗੇ ਦੇਖੇ ਜਾਂਦੇ ਹਨ ਜਾਂ ਫਿਰ ਸੁੰਨੀਆਂ ਥਾਵਾਂ 'ਤੇ ਪਿੰਜਰ ਬਣੇ ਪਏ ਮਿਲਦੇ ਹਨ
ਇਸੇ ਹੀ ਤਰ੍ਹਾਂ ਦਾ ਵਾਕਿਆ ਮੈਂ ਸਾਰੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕੁਝ ਦਿਨ ਪਹਿਲਾਂ ਸਵੇਰੇ ਗਿਆਰਾਂ ਕੁ ਵਜੇ ਮੈਂ ਦਫ਼ਤਰ ਜਾਣ ਲਈ ਘਰੋਂ ਨਿੱਕਲਿਆ ਮੈਂ ਆਪਣੇ ਮੋਟਰਸਾਈਕਲ ਤੱਕ ਪਹੁੰਚਣ ਲਈ ਅਜੇ ਦਸ ਕੁ ਪੁਲਾਂਘਾਂ ਈ ਪੁੱਟੀਆਂ ਸੀ ਕਿ ਸਵੇਰ ਦੀ ਧੁੱਪ ਨੇ ਹੀ ਮੈਨੂੰ ਆਪਣਾ ਰੰਗ ਦਿਖਾ ਦਿੱਤਾ ਗਲੀ ਦੇ ਇੱਕ ਕੋਨੇ ਵਿੱਚ ਡਿੱਗਿਆ ਹੋਇਆ ਇੱਕ ਗੋਲਾ ਕਬੂਤਰ ਘਰਕਦਾ ਹੋਇਆ ਛਾਂ ਵੱਲ ਜਾਣ ਦੀ ਜੱਦੋ-ਜ਼ਹਿਦ ਕਰ ਰਿਹਾ ਸੀ ਉਸ ਬੇਜੁਬਾਨ ਜੀਵ ਨੂੰ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆਇਆ ਜਦੋਂ ਚਿੜੀ ਦੇ ਆਲ੍ਹਣੇ 'ਚੋਂ ਨਿੱਕਾ ਜਿਹਾ ਚਿੜੀ ਦਾ ਬੋਟ ਡਿੱਗਦਾ ਸੀ ਤੇ ਅਸੀਂ ਉਸ ਬੋਟ ਦੁਆਲੇ ਹੋ ਜਾਂਦੇ ਸੀ ਐਨੇ ਨੂੰ ਮਾਂ ਦੇਖਦੀ ਕਿ ਆਲ੍ਹਣੇ 'ਚੋਂ ਡਿੱਗੇ ਬੋਟ ਨੂੰ ਜੁਆਕ ਕਿਤੇ ਨੁਕਸਾਨ ਨਾ ਪਹੁੰਚਾਉਣ ਉਹ ਝੱਟ ਸਾਨੂੰ ਬੋਟ ਤੋਂ ਦੂਰ ਹੋਣ ਲਈ ਕਹਿੰਦੀ ਹੋਈ ਪਾਣੀ ਦੀ ਕੌਲੀ ਲੈ ਕੇ ਆਉਂਦੀ ਤੇ ਆਪਣੀਆਂ ਉਂਗਲਾਂ ਦੇ ਪੋਟਿਆਂ 'ਤੇ ਪਾਣੀ ਦੀਆਂ ਬੂੰਦਾਂ ਚੜ੍ਹਾ ਕੇ ਬੋਟ ਦੀ ਚੁੰਝ 'ਚ ਪਾਉਂਦੀ ਇਸ ਪ੍ਰਕਿਰਿਆ ਨਾਲ ਬੋਟ ਨੂੰ ਕਾਫ਼ੀ ਹੌਸਲਾ ਹੁੰਦਾ ਮਾਂ ਬੋਟ ਨੂੰ ਚੁੱਕ ਕੇ ਆਲ੍ਹਣੇ 'ਚ ਰੱਖ ਦਿੰਦੀ ਜਿਵੇਂ ਹੀ ਬਚਪਨ ਦੀ ਇਹ ਪਿਆਰੀ ਤਸਵੀਰ ਮੇਰੀਆਂ ਅੱਖਾਂ ਅੱਗੇ ਆਈ ਤਾਂ ਮੇਰੇ ਦਿਲ 'ਚ ਖਿਆਲ ਆਇਆ ਕਿ ਜੇਕਰ ਮਾਂ ਵੱਲੋਂ ਪਿਆਈਆਂ ਗਈਆਂ ਦੋ ਬੂੰਦਾਂ ਨਾਲ ਬੋਟ ਬਚ ਸਕਦੈ ਤਾਂ ਇਸ ਕਬੂਤਰ ਦਾ ਬਚਣਾ ਕੀ ਔਖਾ ਹੈ ਮੈਂ ਉਸ ਨੂੰ ਜਿਵੇਂ ਹੀ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡਰਦਾ ਹੋਇਆ ਆਪਣੇ ਖੰਭਾਂ ਨੂੰ ਫੜਫੜਾਉਣ ਲੱਗਾ ਜਿਵੇਂ ਕਹਿੰਦਾ ਹੋਵੇ 'ਮੈਨੂੰ ਮਰੇ ਨੂੰ ਹੋਰ ਨਾ ਮਾਰੋ' ਤੜਫ਼ਦੇ ਹੋਏ ਕਬੂਤਰ ਨੂੰ ਬਿਨਾ ਕੋਈ ਪਰਵਾਹ ਕੀਤੇ ਮੈਂ ਆਪਣੇ ਹੱਥਾਂ 'ਚ ਚੁੱਕ ਲਿਆ ਅਤੇ ਆਪਣੇ ਘਰ ਛਾਵੇਂ ਲੈ ਗਿਆ ਛਾਵੇਂ ਲਿਜਾ ਕੇ ਉਸ ਦੀ ਚੁੰਝ 'ਚ ਪਾਣੀ ਦੇ ਤਿੰਨ-ਚਾਰ ਤੁਪਕੇ ਪਾਏ ਚੁੰਝ ਨੂੰ ਪਾਣੀ ਲੱਗਦਿਆਂ ਹੀ ਉਹ ਆਪਣੀ ਗਰਦਨ ਨੂੰ ਤੇਜ਼ੀ ਨਾਲ ਹਿਲਾਉਣ ਲੱਗਾ ਅਤੇ ਉਸ ਦੀਆਂ ਬੁਝੀਆਂ ਅੱਖਾਂ ਵੀ ਲਾਟੂਆਂ ਵਾਂਗ ਜਗਣ ਲੱਗੀਆਂ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਮੈਂ ਉਸ ਦੀ ਜਾਂਦੀ ਜਾਨ ਬਚਾ ਲਈ ਹੋਵੇ
ਪੰਛੀ ਸਾਡੇ ਦੇਸ਼ ਦਾ ਅਨਮੋਲ ਸਰਮਾਇਆ ਹਨ ਇਸ ਲਈ ਇਨ੍ਹਾਂ ਨੂੰ ਬਚਾਉਣਾ ਸਾਡਾ ਫ਼ਰਜ਼ ਬਣਦਾ ਹੈ ਗਰਮੀ ਤੇ ਭੁੱਖ ਨਾਲ ਮਰਦੇ ਪੰਛੀਆਂ ਲਈ ਆਪਣੇ ਘਰ ਦੀਆਂ ਛੱਤਾਂ, ਬਾਲਕੋਨੀਆਂ ਅਤੇ ਘਰ ਜਿਸ ਕੋਨੇ 'ਚ ਵੀ ਪੰਛੀਆਂ ਦੀ ਪਹੁੰਚ ਸੰਭਵ ਹੈ ਉਨ੍ਹਾਂ ਥਾਵਾਂ 'ਤੇ ਪਾਣੀ ਦੇ ਕਟੋਰੇ ਤੇ ਦਾਣਾ-ਚੋਗਾ ਆਦਿ ਦਾ ਪ੍ਰਬੰਧ ਕਰੀਏ ਤਾਂ ਕਿ ਪੰਛੀ ਸਾਡਾ ਸਾਥ ਕਦੇ ਨਾਲ ਛੱਡਣ
-
ਰਵਿੰਦਰ ਸ਼ਰਮਾ,
rinku.rinku36@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.