ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਸਿਆਸਤ ਖਾਸ ਤੌਰ ‘ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਿੱਚ ਆਈ ਗਿਰਾਵਟ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ, ਜਦੋਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੀਆਂ ਹਾਰਾਂ ਦੀ ਮੂੰਹ ਬੋਲਦੀ ਤਸਵੀਰ ਵੇਖਣ ਤੋਂ ਬਾਅਦ, ਵਿਚਾਰਧਾਰਾ ਦੀ ਨੀਤੀ ਨੂੰ ਤਿਲਾਂਜ਼ਲੀ ਦੇ ਕੇ ਸਿਆਸਤਦਾਨਾਂ ਵੱਲੋਂ ਦਲ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਐਨ.ਡੀ.ਏ. ਅਤੇ ਇੰਡੀਆ ਦੋਵੇਂ ਡਰੇ ਹੋਏ ਹਨ। ਦੋਹਾਂ ਧਿਰਾਂ ਦੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਐਨ.ਡੀ.ਏ.ਨੇ ਹਰ ਹਾਲਤ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਰਣਨੀਤੀ ਬਣਾਈ ਹੋਈ।
ਇੰਡੀਆ ਗੱਠਜੋੜ ਮਹਿਸੂਸ ਕਰਦਾ ਹੈ ਕਿ ਜੇਕਰ ਇਸ ਵਾਰ ਭਾਰਤੀ ਜਨਤਾ ਪਾਰਟੀ ਜਿੱਤ ਗਈ ਤਾਂ ਮੁੜਕੇ ਭਾਰਤੀ ਜਨਤਾ ਪਾਰਟੀ ਨੇ ਸੰਵਿਧਾਨ ਵਿੱਚ ਤਬਦੀਲੀ ਕਰਕੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਤਰ੍ਹਾਂ ਚੋਣਾ ਹੋਣ ਹੀ ਨਹੀਂ ਦੇਣੀਆਂ, ਸਿਰਫ ਨਾਂ ਦਾ ਹੀ ਪਰਜਾਤੰਤਰ ਰਹਿ ਜਾਵੇਗਾ। ਹਾਲਾਂ ਕਿ ਇਹ ਸਭ ਕਿਆਸ ਅਰਾਈਆਂ ਹਨ ਪ੍ਰੰਤੂ ਇਹ ਕਿਆਸ ਅਰਾਈਆਂ ਹੀ ਦੋਹਾਂ ਧੜਿਆਂ ਦੀ ਧੜਕਣ ਵਧਾ ਰਹੀਆਂ ਹਨ, ਜਿਸ ਕਰਕੇ ਦਲ ਬਦਲੀਆਂ ਦਾ ਦੌਰ ਚਲ ਰਿਹਾ ਹੈ। ਪੰਜਾਬ ਵਿੱਚ ਭਾਵੇਂ ਇਹ ਵੋਟਾਂ ਭਾਰਤ ਦੇ ਬਾਕੀ ਸੂਬਿਆਂ ਤੋਂ ਬਾਅਦ ਵਿੱਚ 1 ਜੂਨ 2024 ਨੂੰ ਪੈਣੀਆਂ ਹਨ ਪ੍ਰੰਤੂ ਪੰਜਾਬ ਵਿੱਚ ਸਾਉਣ ਦਾ ਮਹੀਨਾ ਆਉਣ ਤੋਂ 4 ਮਹੀਨੇ ਪਹਿਲਾਂ ਹੀ ਦਲ ਬਦਲੀਆਂ ਦੀ ਬਰਸਾਤ ਸ਼ੁਰੂ ਹੋ ਗਈ ਹੈ। ਜੇਕਰ ਇਹ ਕਹਿ ਲਈਏ ਕਿ ਦਲ ਬਦਲੀਆਂ ਦੀ ਬੇਮੌਸਮੀ ਝੜੀ ਹੀ ਲੱਗ ਗਈ ਹੈ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਅਜੇ ਵੀ ਸਿਆਸੀ ਦਲ ਬਦਲੀਆਂ ਦੇ ਬੱਦਲ ਗਰਜ ਰਹੇ ਹਨ ਤੇ ਕਾਲੀਆਂ ਘਟਾਵਾਂ ਸਿਆਸੀ ਅਸਮਾਨ ਵਿੱਚ ਚੜ੍ਹੀਆਂ ਹੋਈਆਂ ਲੁਕਣਮੀਟੀ ਖੇਡ ਰਹੀਆਂ ਹਨ, ਇਹ ਕਿਸੇ ਵੀ ਮੌਕੇ ਵਰਸ ਸਕਦੀਆਂ ਹਨ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਸਿਆਸਤਦਾਨਾ ਦੀਆਂ ਮੰਡੀਆਂ ਲੱਗੀਆਂ ਹੋਈਆਂ ਹਨ, ਵਧੇਰੇ ਬੋਲੀਆਂ ਦੇਣ ਵਾਲੇ ਖ੍ਰੀਦ ਰਹੇ ਹਨ। ਹਾਲਾਂ ਕਿ 2019 ਦੀਆਂ ਲੋਕ ਸਭਾ ਚੋਣਾ ਸਮੇਂ ਲਗਪਗ 80 ਨੇਤਾਵਾਂ ਨੇ ਦਲ ਬਦਲ ਕੇ ਚੋਣਾ ਲੜੀਆਂ ਸਨ, ਜਿਨ੍ਹਾਂ ਵਿੱਚੋਂ ਸਿਰਫ ਅੱਧੇ ਹੀ ਚੋਣ ਜਿੱਤ ਸਕੇ ਸਨ। ਪੰਜਾਬ ਵਿੱਚ ਸਿਆਸੀ ਭੰਬਲਭੂਸਾ ਪਿਆ ਹੋਇਆ ਹੈ, ਸਿਆਸਤਦਾਨਾ ਵਿੱਚ ਖਲਬਲੀ ਮੱਚੀ ਪਈ ਹੈ। ਦਲ ਬਦਲੀਆਂ ਵੀ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਰਾਜ ਚਲਾ ਰਹੀ ਆਮ ਆਦਮੀ ਪਾਰਟਂੀ ਦੇ ਵੱਡੇ ਨੇਤਾ ਕਰ ਰਹੇ ਹਨ। ਸਭ ਤੋਂ ਵੱਧ ਖ਼ੋਰਾ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਹੈ। ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆਉਂਦੀ ਹੈ, ਜਿਸ ਦੇ ਨੇਤਾ ਧੜਾਧੜ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਹਾਲਾਂ ਕਿ ਰਾਜ ਕਰ ਰਹੀ ਪਾਰਟੀ ਵਿੱਚੋਂ ਆਮ ਤੌਰ ਤੇ ਦਲ ਬਦਲੀ ਨਹੀਂ ਹੋਣੀ ਚਾਹੀਦੀ, ਜਦੋਂ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਕੋਲ ਵੱਡਾ ਬਹੁਮਤ ਹੈ।
ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਦਲ ਬਦਲੀਆਂ ਦਾ ਮਹੂਰਤ ਕੀਤਾ ਸੀ। ਪਰਨੀਤ ਕੌਰ 4 ਵਾਰ ਪਟਿਆਲਾ ਸੰਸਦੀ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਅਤੇ 2009 ਤੋਂ 2014 ਤੱਕ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ ਹਨ। ਉਨ੍ਹਾਂ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਨੇਤਾ ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਉਹ 2022 ਵਿੱਚ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਸਨ। ਉਸ ਤੋਂ ਬਾਅਦ ਬਸੀ ਪਠਾਣਾ ਤੋਂ ਕਾਂਗਰਸ ਪਾਰਟੀ ਦੇ 2017 ਵਿੱਚ ਚੁਣੇ ਗਏ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ.ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਹਨ। ਗੁਰਪ੍ਰੀਤ ਸਿੰਘ ਜੀ.ਪੀ. ਨੂੰ ਫਤਿਹਗੜ੍ਹ ਸਾਹਿਬ ਰਾਖਵੀਂ ਸੀਟ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਤਿੰਨ ਵਾਰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਰਵਨੀਤ ਸਿੰਘ ਬਿੱਟੂ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਦਾ ਪੋਤਰਾ ਹੈ। ਬਿੱਟੂ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਚੀਫ਼ ਅਤੇ ਵਿਰੋਧੀ ਧਿਰ ਦਾ ਨੇਤਾ ਵੀ ਰਿਹਾ ਹੈ। ਉਹ ਰਾਹੁਲ ਗਾਂਧੀ ਦਾ ਚਹੇਤਾ ਗਿਣਿਆਂ ਜਾਂਦਾ ਸੀ। ਸ੍ਰ.ਬੇਅੰਤ ਸਿੰਘ ਪੰਜਾਬ ਦੇ ਮਾੜੇ ਅਫ਼ਰਾ ਤਫ਼ਰੀ ਵਾਲੇ ਦਿਨਾ ਵਿੱਚ ਸਾਢੇ 9 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਰਿਹਾ। 19 ਫਰਵਰੀ 1992 ਨੂੰ ਉਨ੍ਹਾਂ ਦੀ ਅਗਵਾਈ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 92 ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਸਨ। 31 ਜਨਵਰੀ 1995 ਨੂੰ ਉਹ ਮੁੱਖ ਮੰਤਰੀ ਹੁੰਦਿਆਂ ਸਿਵਲ ਸਕੱਤਰੇਤ ਦੇ ਬਾਹਰ ਇਕ ਬੰਬ ਬਲਾਸਟ ਵਿੱਚ ਸਵਰਗਵਾਸ ਹੋ ਗਏ ਸਨ। ਰਵਨੀਤ ਸਿੰਘ ਬਿੱਟੂ ਪੰਜਾਬ ਯੂਥ ਕਾਂਗਰਸ ਦਾ ਪਹਿਲਾ ਚੁਣਿਆਂ ਹੋਇਆ ਪ੍ਰਧਾਨ ਸੀ। ਉਸ ਤੋਂ ਬਾਅਦ ਉਹ ਰੂਪ ਨਗਰ ਦੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ 2009, ਲੁਧਿਆਣਾ ਤੋਂ 2014 ਅਤੇ 2019 ਵਿੱਚ ਮੈਂਬਰ ਚੁਣੇ ਗਏ ਸਨ। ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੀ ਅਸਤੀਫ਼ੇ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ਼ੁਸ਼ੀਲ ਕੁਮਾਰ ਰਿੰਕੂ 2017 ਵਿੱਚ ਜਲੰਧਰ ਪੱਛਵੀਂ ਤੋਂ ਸ਼ੀਤਲ ਅੰਗੁਰਾਲ ਨੂੰ ਹਰਾ ਕੇ ਕਾਂਗਰਸ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਉਹ ਜਲੰਧਰ ਉਪ ਚੋਣ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਵਿੱਚੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਜਨਵਰੀ 2023 ਵਿੱਚ ਕਾਂਗਰਸ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰ ਪੈਣ ਕਰਕੇ ਅਚਾਨਕ ਸਵਰਗਵਾਸ ਹੋ ਜਾਣ ਤੋਂ ਬਾਅਦ ਉਹ 13 ਮਈ 2023 ਨੂੰ ਹੋਈ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਲੋਕ ਸਭਾ ਲਈ ਚੁਣੇ ਗਏ ਸਨ।
ਭਾਰਤੀ ਜਨਤਾ ਪਾਰਟੀ ਨੇ ਪਰਨੀਤ ਕੌਰ, ਰਵਨੀਤ ਸਿੰਘ ਬਿੱਟੂ, ਸ਼ੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਜੀ.ਪੀ.ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ। ਤਰਨਜੀਤ ਸਿੰਘ ਸੰਧੂ ਦੇਸ਼ ਭਗਤ ਤੇਜਾ ਸਿੰਘ ਸਮੁੰਦਰੀ ਦਾ ਪੋਤਰੇ ਤੇ ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਹਨ। ਉਹ ਵਿਦੇਸ਼ ਸੇਵਾ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਬੀ.ਜੇ.ਪੀ.ਨੇ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਹੈ। ਤੇਜਾ ਸਿੰਘ ਸਮੁੰਦਰੀ ਸਿਰਮੌਰ ਅਕਾਲੀ ਸਨ, ਜਿਨ੍ਹਾਂ ਦੀ ਯਾਦ ਵਿੱਚ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਬਣਿਆਂ ਹੋਇਆ ਹੈ। ਇਨ੍ਹਾਂ ਦਲ ਬਦਲੀਆਂ ਨੂੰ ਵੇਖਕੇ ਇਉਂ ਮਹਿਸੂਸ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਕੋਲ ਲੋਕ ਸਭਾ ਦੀਆਂ ਚੋਣਾਂ ਲੜਨ ਲਈ ਯੋਗ ਉਮੀਦਵਾਰ ਹੀ ਨਹੀਂ ਹਨ, ਜਿਸ ਕਰਕੇ ਉਹ ਦੂਜੀਆਂ ਪਾਰਟੀਆਂ ‘ਚੋਂ ਦਲ ਬਦਲੀ ਕਰਵਾ ਰਹੇ ਹਨ। ਲੋਕਤੰਤਰ ਵਿੱਚ ਇਹ ਰੁਝਾਨ ਬੜਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪੰਜਾਬ ਦੇ ਲੋਕ ਮਹਿਸੂਸ ਕਰਦੇ ਹਨ ਕਿ ਭਾਰਤੀ ਜਨਤਾ ਪਾਰਟੀ ਸਰਕਾਰੀ ਤੰਤਰ ਈ.ਡੀ.ਅਤੇ ਸੀ.ਬੀ.ਆਈ.ਦੇ ਦਬਾਅ ਨਾਲ ਇਨ੍ਹਾਂ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ। ਪ੍ਰੰਤੂ ਸੋਚਣ ਵਾਲੀ ਗੱਲ ਹੈ ਕਿ ਜਦੋਂ ਆਪਣੇ ਸਿੱਕੇ ਹੀ ਖੋਟੇ ਹੋਣ ਫਿਰ ਦੁਕਾਨਦਾਰ ਤੇ ਦੋਸ਼ ਕਿਵੇਂ ਦਿੱਤਾ ਜਾ ਸਕਦਾ ਹੈ। ਸਿਆਸਤਦਾਨ ਇਕ ਦੂਜੀ ਪਾਰਟੀ ਦੇ ਨੇਤਾਵਾਂ ਨੂੰ ਭਰਿਸ਼ਟਾਚਾਰ ਵਿੱਚ ਲਿਪਟੇ ਹੋਏ ਕਹਿੰਦੇ ਹਨ ਪ੍ਰੰਤੂ ਜਦੋਂ ਉਨ੍ਹਾਂ ਦੀਆਂ ਪਾਰਟੀਆਂ ਵਿੱਚ ਇਹ ਨੇਤਾ ਸ਼ਾਮਲ ਹੁੰਦੇ ਹਨ ਤਾਂ ਉਹ ਇਮਾਨਦਾਰ ਕਿਵੇਂ ਹੋ ਜਾਂਦੇ ਹਨ? ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚੋਂ ਵੀ ਦਲ ਬਦਲੀਆਂ ਹੋ ਰਹੀਆਂ ਹਨ। ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਸੰਯੁਕਤ ਅਕਾਲੀ ਦਲ, ਸ਼ਰੋਮਣੀ ਅਕਾਲੀ ਦਲ ਵਿੱਚ ਮਰਜ ਕਰਕੇ ਵਾਪਸ ਆ ਗਿਆ ਹੈ। ਏਸੇ ਤਰ੍ਹਾਂ ਬੀਬੀ ਜਾਗੀਰ ਕੌਰ ਨੇ ਵੀ ਮੁੜਕੇ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਹੈ। ਲਵ ਕੁਮਾਰ ਗੋਲਡੀ ਅਤੇ ਮਲਕੀਤ ਸਿੰਘ ਬੀਰਮੀ ਦੋਵੇਂ ਸਾਬਕਾ ਵਿਧਾਨਕਾਰਾਂ ਨੇ ਕਰਮਵਾਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਲਵ ਕੁਮਾਰ ਗੋਲਡੀ 2004 ਅਤੇ 2009 ਵਿੱਚ ਗੜ੍ਹਸ਼ੰਕਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਨਕਾਰ ਰਹੇ ਹਨ। 2022 ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਛੱਡ ਗਏ ਸਨ, ਫਿਰ ਕੈਪਟਨ ਨਾਲ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਮਲਕੀਤ ਸਿੰਘ ਬੀਰਮੀ 1992 ਵਿੱਚ ਲੁਧਿਆਣਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ, ਉਹ ਹਰਚਰਨ ਸਿੰਘ ਬਰਾੜ ਦੇ ਮੰਤਰੀ ਮੰਡਲ ਵਿੱਚ ਮੰਤਰੀ ਰਹੇ ਹਨ। ਉਹ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚੋਂ ਵੀ ਛੋਟੇ ਮੋਟੇ ਨੇਤਾ ਖਿਸਕ ਰਹੇ ਹਨ। ਪ੍ਰੇਮ ਸਿੰਘ ਚੰਦੂਮਾਜਰਾ ਦਾ ਭਾਣਜਾ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਪ੍ਰਿੰਸੀਪਲ ਡਾ.ਤੇਜਾ ਸਿੰਘ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕੁਝ ਇਸ ਦਲ ਬਦਲੀ ਨੂੰ ਘਰ ਵਾਪਸੀ ਦਾ ਨਾਮ ਦੇ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.