ਸੁੱਚਾ ਸਿੰਘ ਕਲੇਰ ਵੈਨਕੂਵਰ ਇਲਾਕੇ ਦੀ ਮਾਣਯੋਗ ਬਹੁਪੱਖੀ ਸ਼ਖਸੀਅਤ ਹਨ। ਉਹ ਬਹੁਤ ਹੀ ਨਿਮਰ, ਮਿਲਣਸਾਰ ਅਤੇ ਮਦਦਗਾਰ ਤਬੀਅਤ ਦੇ ਮਾਲਕ ਹਨ।ਕੈਨੇਡਾ ਦੇ ਸਾਹਿਤਕ ਹਲਕਿਆਂ ਵਿੱਚ ਉਹ ਬੜੇ ਸਤਿਕਾਰ ਨਾਲ ਜਾਣੇ ਜਾਂਦੇ ਹਨ। ਬੀ.ਸੀ. ਦੇ ਕਾਰੋਬਾਰੀ ਖੇਤਰ ਵਿੱਚ ਵੀ ਉਹ ਸਰਗਰਮ ਰਹੇ ਹਨ। ਸਮਾਜ ਸੇਵਾ ਦੇ ਪ੍ਰਬਲ ਜਜ਼ਬੇ ਸਦਕਾ ਪੰਜਾਬੀ ਭਾਈਚਾਰੇ ਲਈ ਉਨ੍ਹਾਂ ਬੇਹੱਦ ਯੋਗਦਾਨ ਪਾਇਆ ਹੈ। ਲੰਮਾ ਸਮਾਂ ਇੰਡੋ ਕੈਨੇਡੀਅਨ ਪੰਜਾਬੀ ਅਖਬਾਰ ਵਿੱਚ ਆਪਣੇ ਕਾਲਮ ਰਾਹੀਂ ਉਨ੍ਹਾਂ ਪੰਜਾਬੀ ਭਾਈਚਾਰੇ ਦੇ ਮਸਲਿਆਂ, ਲੋੜਾਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਅਤੇ ਵੈਨਕੂਵਰ ਇਲਾਕੇ ਵਿਚ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਹਿਤ ਬੇਹੱਦ ਘਾਲਣਾ ਕੀਤੀ।
ਸੁੱਚਾ ਸਿੰਘ ਕਲੇਰ ਦਾ ਜਨਮ 8 ਜੁਲਾਈ 1937 ਨੂੰ ਪਿਆਰਾ ਸਿੰਘ ਕਲੇਰ (ਪਿਤਾ) ਅਤੇ ਨਸੀਬ ਕੌਰ ਕਲੇਰ (ਮਾਤਾ) ਦੇ ਘਰ ਪਿੰਡ ਜਗਤਪੁਰ ਜੱਟਾਂ ਜ਼ਿਲ੍ਹਾ ਕਪੂਰਥਲਾ (ਪੰਜਾਬ) ਵਿੱਚ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰ ਕੇ ਉਹਨਾਂ ਨੇ ਰਾਮਗੜ੍ਹੀਆ ਸਕੂਲ ਅਤੇ ਕਾਲਜ ਫਗਵਾੜਾ ਤੋਂ ਆਪਣੀ ਅਗਲੇਰੀ ਵਿੱਦਿਆ ਹਾਸਲ ਕੀਤੀ। ਉਹ ਕੁਝ ਸਮਾਂ ਪਿੰਡ ਦੀ ਕੋਆਪ੍ਰੇਟਿਵ ਬੈਂਕ ਦੇ ਪ੍ਰਧਾਨ ਵੀ ਰਹੇ। 25 ਸਾਲ ਦੀ ਉਮਰ ਵਿਚ ਉਹਨਾਂ ਨੇ ਪ੍ਰਵਾਸ ਵੱਲ ਰੁਖ਼ ਕੀਤਾ ਅਤੇ 1962 ਵਿੱਚ ਇੰਗਲੈਂਡ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਮਸ਼ੀਨ ਆਪਰੇਟਰ ਦੀ ਜੌਬ ਕੀਤੀ। ਉਹ 1964 ਤੋਂ 1966 ਤੱਕ ਇੰਡੀਅਨ ਵਰਕਰ ਐਸੋਸੀਏਸ਼ਨ ਕਵੈਂਟਰੀ (ਯੂ.ਕੇ.) ਦੇ ਡਾਇਰੈਕਟਰ ਅਤੇ 1967 ਤੋਂ 1969 ਤੱਕ ਇੰਡੀਅਨ ਕਲਚਰਲ ਸੋਸਾਇਟੀ ਦੇ ਜਨਰਲ ਸੈਕਟਰੀ ਰਹੇ।
ਅਕਤੂਬਰ 1969 ਵਿੱਚ ਉਹ ਕੈਨੇਡਾ ਆ ਗਏ ਅਤੇ ਇਥੇ ਆ ਕੇ ਉਹਨਾਂ ਆਪਣਾ ਬਿਜ਼ਨਸ ਸਥਾਪਿਤ ਕੀਤਾ।ਵੈਨਕੂਵਰ ਵਿਖੇ ਪੰਜਾਬੀ ਮਾਰਕੀਟ ਸਥਾਪਤ ਕਰਨ ਵਿੱਚ ਉਹਨਾਂ ਦਾ ਮੋਹਰੀ ਰੋਲ ਰਿਹਾ। ਇਹ ਮਾਰਕੀਟ ਬਣਾਉਣ ਲਈ ਅਤੇ ਇੱਥੇ ਮਾਰਕੀਟ ਦਾ ਸਾਈਨ ਪੰਜਾਬੀ ਵਿੱਚ ਲਿਖਵਾਉਣ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਪਰ ਆਪਣੇ ਮਿਸ਼ਨ ਵਿਚ ਸਫਲ ਰਹੇ ਅਤੇ ਭਾਰਤ ਤੋਂ ਬਾਹਰ ਪੰਜਾਬੀ ਵਿੱਚ ਲਿਖਿਆ ਪਹਿਲਾ ਬੋਰਡ ਉਨ੍ਹਾਂ ਵੈਨਕੂਵਰ ਵਿਚ ਲਗਵਾਇਆ ਜੋ ਅੱਜ ਵੀ ਉਨ੍ਹਾਂ ਦੀ ਪ੍ਰਾਪਤੀ ਦਾ ਲਖਾਇਕ ਹੈ। ਬਾਅਦ ਵਿਚ ਪੰਜਾਬੀ ਮਾਰਕੀਟ ਐਸੋਸੀਏਸ਼ਨ ਲਈ ਖਜ਼ਾਨਚੀ ਅਤੇ ਪ੍ਰਧਾਨ ਦੇ ਅਹੁਦਿਆਂ ‘ਤੇ ਵੀ ਉਹ ਬਿਰਾਜਮਾਨ ਰਹੇ। 1991 ਤੋਂ ਲੈ ਕੇ 2015 ਤੱਕ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਲਈ ਉਨ੍ਹਾਂ ਵੱਲੋਂ ਬਤੌਰ ਖਜ਼ਾਨਚੀ ਨਿਭਾਈਆਂ ਸੇਵਾਵਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸਮਾਜ ਸੇਵਾ ਵਿੱਚ ਕਾਰਜ ਕਰਦਿਆਂ ਉਹ ਕੈਨੇਡੀਅਨ ਕੈਂਸਰ ਸੋਸਾਇਟੀ ਦੇ ਡਾਇਰੈਕਟਰ ਵੀ ਰਹੇ। ਇਸ ਤੋਂ ਇਲਾਵਾ ਹੋਲੀ ਫੈਮਲੀ ਹੌਸਪੀਟਲ ਵੈਨਕੂਵਰ ਦੇ ਦੋ ਸਾਲ ਡਾਇਰੈਕਟਰ ਰਹੇ ਅਤੇ ਸਾਊਥ ਏਸ਼ੀਅਨ ਐਡਵਾਈਜ਼ਰੀ ਕਮੇਟੀ (ਇੰਸ਼ੋਰੈਂਸ ਕਾਰਪੋਰੇਸ਼ਨ ਬੀਸੀ) ਲਈ ਦੋ ਸਾਲ ਡਾਇਰੈਕਟਰ ਦੇ ਤੌਰ ‘ਤੇ ਕਾਰਜ ਕੀਤਾ। ਉਹ ਸਨਸਿਟ ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਦੇ ਸੱਤ ਸਾਲ ਪ੍ਰਧਾਨ ਵੀ ਰਹੇ ਤੇ ਚਾਰ ਸਾਲ ਡਾਇਰੈਕਟਰ ਰਹੇ। ਉਹਨਾਂ ਨੇ 10 ਕਿਲੋਮੀਟਰ ਦੀ ‘ਸਨ ਰਨ’ ਵਿੱਚ ਵੀ ਭਾਗ ਲਿਆ।
ਆਪਣਾ ਕਾਰੋਬਾਰ ਚਲਾਉਣ ਅਤੇ ਕਮਿਊਨਿਟੀ ਲਈ ਵੱਖ-ਵੱਖ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਉਹ ਸਾਹਿਤ ਦੇ ਖੇਤਰ ਵਿਚ ਵੀ ਸਰਗਰਮ ਰਹੇ ਅਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਆਪਣੀਆਂ ਪੁਸਤਕਾਂ ਰਾਹੀਂ ਸਾਹਿਤਕ ਯੋਗਦਾਨ ਪਾਇਆ। ਪੰਜਾਬੀ ਵਿੱਚ ਉਹਨਾਂ ਦੀਆਂ ਪੰਜ ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚ ‘ਜੱਗ ਬੀਤੀਆਂ’, ‘ਸਮੇਂ ਦੀ ਪੈੜ’, ‘ਨਵੀਆਂ ਪੈੜਾਂ ਦੇ ਸਿਰਜਣਹਾਰ’, ‘ਤੋਰਾ ਫੇਰਾ’ ਅਤੇ ‘ਪ੍ਰਵਾਸ ਦਰਪਣ’ ਸ਼ਾਮਲ ਹਨ ਅਤੇ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਹਨ। ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਸੁੱਚਾ ਸਿੰਘ ਕਲੇਰ ਨੂੰ ਬਹੁਤ ਸਾਰੀਆਂ ਸਭਾਵਾਂ, ਸੰਸਥਾਵਾਂ, ਸੁਸਾਇਟੀਆਂ ਅਤੇ ਅਦਾਰਿਆਂ ਵੱਲੋਂ ਬੇਹੱਦ ਮਾਣ ਸਨਮਾਨ ਪ੍ਰਦਾਨ ਕੀਤਾ ਜਾ ਚੁੱਕਾ ਹੈ। ਪੰਜਾਬੀ ਮਾਰਕੀਟ ਵੈਨਕੂਵਰ, ਇੰਡੋ ਕੈਨੇਡੀਅਨ ਕਮਿਊਨਿਟੀ, ਸ਼੍ਰੋਮਣੀ ਸਿੱਖ ਸਰਵਿਸ ਸੁਸਾਇਟੀ ਆਫ ਕੈਨੇਡਾ, ਕੈਨੇਡੀਅਨ ਕੈਂਸਰ ਸੋਸਾਇਟੀ, ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ, ਯੂਨੀਵਰਸਿਟੀ ਆਫ ਬੀਸੀ, ਜਨਤਾ ਸੇਵਕ ਸੋਸਾਇਟੀ ਆਫ ਬੀਸੀ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਦੇਵ ਹੇਅਰ ਐਮਐਲਏ ਸਰੀ, ਇੰਡੋ-ਕੈਨੇਡੀਅਨ ਅਖਬਾਰ (ਬੈਸਟ ਰਿਪੋਰਟਰ ਤੇ ਕਾਲਮ ਨਵੀਸ), ਕਨੇਡੀਅਨ ਪੰਜਾਬੀ ਕਲਚਰ ਐਸੋਸੀਏਸ਼ਨ ਆਫ ਬੀਸੀ (ਗੁਰਦੇਵ ਮਾਨ ਮੈਮੋਰੀਅਲ ਐਵਾਰਡ), ਪੰਜਾਬ ਭਵਨ ਸਰੀ (ਅਰਜਨ ਸਿੰਘ ਬਾਠ ਐਵਾਰਡ) ਅਤੇ ਬੀਸੀ ਕਲਚਰਲ ਡਾਈਵਰਸਿਟੀ ਐਸੋਸੀਏਸ਼ਨ ਵੱਲੋਂ ਮਿਲੇ ਅਵਾਰਡ ਅਤੇ ਮਾਣ ਸਨਮਾਨ ਉਹਨਾਂ ਦੀ ਜ਼ਿੰਦਗੀ ਦਾ ਵੱਡਮੁੱਲਾ ਸਰਮਾਇਆ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ 31 ਮਾਰਚ 2024 ਨੂੰ ਸਰੀ ਵਿਖੇ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੁੱਚਾ ਸਿੰਘ ਕਲੇਰ ਨੂੰ ਸਾਹਿਤ ਵਿਚ ਪਾਏ ਯੋਗਦਾਨ ਲਈ ਸਾਲ 2024 ਦੇ ‘ਸਰਵੋਤਮ ਸਾਹਿਤਕਾਰ ਅਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
-
ਹਰਦਮ ਮਾਨ , ਸਪੈਸ਼ਲ ਰਿਪੋਰਟਰ , ਬੀ ਸੀ ,ਕੈਨੇਡਾ, ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
maanbabushahi@gmail.com
+1 604 308 6663
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.