ਬਦਲਿਆ ਜ਼ਿੰਦਗੀ ਜਿਊਣ ਦਾ ਢੰਗ
ਵਿਜੈ ਗਰਗ
ਸੂਚਨਾ ਤਕਨੀਕ ਨੇ ਜਿੱਥੇ ਸਾਨੂੰ ਤੇਜ਼-ਤਰਾਰਤਾ ਦਿੱਤੀ ਹੈ, ਉੱਥੇ ਸਾਡੇ ਅੰਦਰਲੇ ਕੁਦਰਤੀ ਗੁਣਾਂ ਦਾ ਖ਼ਾਤਮਾ ਵੀ ਕੀਤਾ ਹੈ। ਮੋਬਾਈਲ ਫੋਨ ’ਤੇ ਨਿਰਭਰਤਾ ਕਰਕੇ ਸਾਡੀ ਯਾਦ ਸ਼ਕਤੀ ਘਟੀ ਹੈ। ਅੱਜ-ਕੱਲ੍ਹ ਨਵੀਆਂ ਥਾਵਾਂ ਜਾਂ ਵੱਡੇ ਸ਼ਹਿਰਾਂ ’ਚ ਜਾ ਕੇ ਲੱਗਦਾ ਹੈ ਕਿ ਅਸੀਂ ਗੂਗਲ ਮੈਪਸ ਤੋਂ ਬਿਨਾਂ ਗੁੰਮ ਹੋ ਜਾਵਾਂਗੇ। ਸੌਣ ਵੇਲੇ ਫੋਨ ਸਿਰਹਾਣੇ ਹੇਠਾਂ ਰੱਖ ਕੇ ਸੌਂਦੇ ਹਾਂ ਤੇ ਜਾਗਣ ਤੋਂ ਤਰੁੰਤ ਬਾਅਦ ਫੋਨ ਖੋਲ੍ਹਦੇ ਹਾਂ ਕਿ ਕਿਸੇ ਪੋਸਟ ਨੂੰ ਵੇਖਣ ਤੋਂ ਖੁੰਝ ਨਾ ਜਾਈਏ। ਅੱਜ-ਕੱਲ੍ਹ ਦੇ ਬੱਚੇ ਸਕੂਲੋਂ ਦਿੱਤਾ ਘਰ ਦਾ ਕੰਮ ਕਾਪੀਆਂ ’ਤੇ ਕਰਨ ਦੀ ਥਾਂ ਆਨਲਾਈਨ ਸਾਧਨਾਂ ਰਾਹੀਂ ਕਰਦੇ ਹਨ।
ਤਕਨੀਕੀ ਸਾਧਨਾਂ ਦੀ ਭਰਮਾਰ
ਕੋਈ ਸਮਾਂ ਸੀ, ਜਦੋਂ ਘਰ ਦੀਆਂ ਦਰਾਂ ਨੂੰ ਸਵੇਰੇ-ਸਵੇਰੇ ਅਖ਼ਬਾਰ ਵਾਲੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ। ਅਖ਼ਬਾਰ ਜੀਵਨਸ਼ੈਲੀ ਦਾ ਹਿੱਸਾ ਹੰੁਦੇ ਸਨ ਪਰ ਅੱਜ ਅਸੀਂ ਪਲ-ਪਲ ਸੋਸ਼ਲ ਮੀਡੀਆ ਰਾਹੀਂ ਕੱਚੀਆਂ-ਪਿੱਲੀਆਂ ਖਬਰਾਂ ਪੜ੍ਹ ਕੇ ਮਸਲਿਆਂ ਬਾਰੇ ਅਧੂਰੀ ਤੇ ਗ਼ਲਤ ਸਮਝ ਸਿਰਜ ਰਹੇ ਹਾਂ। ਖਾਣਾ ਖਾਂਦੇ ਸਮੇਂ ਤਾਂ ਫੋਨ ਦੀ ਵਰਤੋਂ ਆਮ ਗੱਲ ਹੈ। ਬਾਜ਼ਾਰ ਘੁੰਮਣਾ ਕੇਵਲ ਸਾਮਾਨ ਖ਼ਰੀਦਣਾ ਨਹੀਂ ਸਗੋਂ ਆਲੇ-ਦੁਆਲੇ ਨਾਲ ਸਾਂਝ ਪਾ ਕੇ ਖ਼ੁਦ ਨੂੰ ਵੱਡਾ ਕਰਨਾ ਹੁੰਦਾ ਹੈ ਪਰ ਅੱਜ-ਕੱਲ੍ਹ ਤਾਂ ਕਰਿਆਨੇ ਦੇ ਸਾਮਾਨ ਦੇ ਆਰਡਰ ਵੀ ਵ੍ਹਟਸਐਪ ’ਤੇ ਕੀਤੇ ਜਾਂਦੇ ਹਨ। ਖ਼ਰੀਦਦਾਰੀ ਦੀਆਂ ਵੱਖ-ਵੱਖ ਸਾਈਟਾਂ ਦੀਆਂ ਮਨਲਭਾਊ ਸਕੀਮਾਂ ਨੇ ਸਾਨੂੰ ਆਪਣੇ ਮੱਕੜਜਾਲ ਬੁਰੀ ਤਰ੍ਹਾਂ ਫਸਾ ਲਿਆ ਹੈ। ਚਿੰਤਾ ਇਹ ਹੈ ਕਿ ਅਸੀਂ ਸਾਰਾ ਕੰਮ ਘਰਾਂ ਤੋਂ ਕਰਨ ਕਰਕੇ ਬੋਲਣਾ, ਤੁਰਨਾ ਤੇ ਹੋਰ ਸਮਾਜਿਕ ਰਹੁ-ਰੀਤਾਂ ਭੁੱਲਦੇ ਜਾ ਰਹੇ ਹਾਂ।
ਕਿਸੇ ਵੀ ਵਸਤੂ ਦੀ ਪ੍ਰਮਾਣਕਿਤਾ ਦੀ ਜਾਂਚ ਵਰਤੋਂ ਜਾਂ ਕਿਸੇ ਦੇ ਅਨੁਭਵ ਰਾਹੀਂ ਕਰਨ ਦੀ ਬਜਾਏ ਗੂਗਲ ਤੋਂ ਸਟਾਰ ਰੇਟਿੰਗਜ਼ ਰਾਹੀਂ ਵਾਚਦੇ ਹਾਂ। ਮੁੱਕਦੀ ਗੱਲ ਕਿ ਮੋਬਾਈਲ ਤੋਂ ਪੁੱਛ ਕੇ ਪੁਲਾਂਘ ਪੁੱਟੀ ਜਾਂਦੀ ਹੈ। ਘਰਾਂ ਅੰਦਰ ਕਿਤਾਬਾਂ, ਰਸਾਲਿਆਂ ਦੀ ਥਾਂ ਫੋਨ, ਲੈਪਟਾਪ, ਟੈਬਲੇਟ, ਟੀਵੀ ਤੇ ਹੋਰ ਕਿੰਨੇ ਹੀ ਤਕਨੀਕੀ ਸਾਧਨਾਂ ਦੀ ਭਰਮਾਰ ਹੈ। ਸਾਨੂੰ ਇਹ ਵੀ ਯਾਦ ਨਹੀਂ ਕਿ ਅਸੀਂ ਪਿਛਲੀ ਵਾਰ ਪੈੱਨ ਦੀ ਵਰਤੋਂ ਕਦੋਂ ਕੀਤੀ ਸੀ ਜਾਂ ਕੋਈ ਚੰਗੀ ਕਿਤਾਬ ਕਦੋਂ ਪੜ੍ਹੀ ਸੀ। ਗੱਲਾਂ ਦਾ ਵਿਸਥਾਰ ਮੁੱਕ ਚੁੱਕਿਆ ਹੈ। ਇੰਟਰਨੈੱਟੀ ਸ਼ਾਰਟਕੱਟਾਂ ਰਾਹੀਂ ਗੱਲਬਾਤ ਕੀਤੀ ਜਾਂਦੀ ਹੈ। ਛੁੱਟੀਆਂ ’ਚ ਬਾਹਰ ਘੁੰਮਣ ਦੀ ਥਾਂ ਘਰਾਂ ’ਚ ਸਮਾਂ ਬਿਤਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਸਮਾਜਿਕ ਰਿਸ਼ਤੇ ਤੇ ਆਪਸੀ ਪਰਿਵਾਰਕ ਸਬੰਧ ਕਮਜ਼ੋਰ ਹੀ ਨਹੀਂ, ਮਰਨ ਕਿਨਾਰੇ ਹਨ। ਰਾਤ ਨੂੰ ਵੱਖ-ਵੱਖ ਕਮਰਿਆਂ ’ਚ ਬੱਚੇ ਆਨਲਾਈਨ ਗੇਮਾਂ ’ਚ ਮਸਤ ਹਨ। ਬਜ਼ੁਰਗ ਮਿਹਨਤ ਨਾਲ ਬਣਾਏ ਘਰ ਦੇ ਕਿਸੇ ਖੂੰਜੇ ’ਚ ਇਕੱਲਤਾ ਹੰਢਾ ਰਹੇ ਹਨ।
ਮੋਬਾਈਲ ਦੀ ਸਕਰੀਨ ’ਤੇ ਜਾਂਦਾ ਪੜ੍ਹਾਇਆ
ਕਿਤਾਬਾਂ ਪੜ੍ਹਨ ਦਾ ਜ਼ਮਾਨਾ ਬੀਤ ਗਿਆ ਹੈੈ, ਹੁਣ ਤਾਂ ਸਭ ਕੁਝ ਮੋਬਾਈਲ ਦੀ ਸਕਰੀਨ ਰਾਹੀਂ ਪੜ੍ਹਿਆ ਜਾਂਦਾ ਹੈ। ਸਕੂਲ ਸਿੱਖਿਆ ਵਿਭਾਗ ਨੂੰ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਪਣਪਾਉਣ ਲਈ ਲਾਇਬ੍ਰੇਰੀ ਲੰਗਰ ਵਰਗੀਆਂ ਮੁਹਿੰਮਾਂ ਸ਼ੁਰੂ ਕਰਨੀਆਂ ਪੈ ਰਹੀਆਂ ਹਨ। ਵਰਚੁਅਲ ਸੰਸਾਰ ਨੇ ਬੱਚਿਆਂ ਦੇ ਦਾਦਾ-ਦਾਦੀ, ਨਾਨਾ-ਨਾਨੀ ਵਰਗੇ ਮੋਹ ਭਰੇ ਰਿਸ਼ਤਿਆਂ ਦੀ ਮਹੱਤਤਾ ਘਟਾ ਦਿੱਤੀ ਹੈ। ਬੱਚੇ ਕਹਾਣੀਆਂ ਦੀ ਬਜਾਏ ਕਾਰਟੂਨਾਂ ਤੇ ਵੈੱਬ ਸੀਰੀਜ਼ ਜਾਂ ਆਨਲਾਈਨ ਗੇਮਾਂ ’ਚ ਮਸਤ ਹਨ, ਜਿਸ ਨਾਲ ਸਰੀਰਕ ਵਿਕਾਸ ’ਚ ਖੜੋਤ ਆ ਗਈ ਹੈ। ਅਸੀਂ ਵਰਤਮਾਨ ਦੇ ਸਿਆਸੀ ਤੇ ਸਾਮਜਿਕ ਮਸਲਿਆ ਬਾਰੇ ਛੋਟੇ-ਛੋਟੇ ਆਧਾਰਹੀਣ ਤੇ ਬੇਤੁੱਕੇ ਯੂ-ਟਿਊਬ ਵੀਡਿਉ ਕਲਿੱਪ ਵੇਖ ਕੇ ਸਮਾਂ ਬਰਬਾਦ ਕਰਦੇ ਹਾਂ।
ਸਮਾਂ ਸੀਮਾ ਕੀਤੀ ਜਾਵੇ ਨਿਰਧਾਰਤ
ਅੱਜ ਸਮੇਂ ਦੀ ਲੋੜ ਹੈ ਕਿ ਬੱਚਿਆਂ ਤੋਂ ਵਿਅਕਤੀਤਵ ਵੱਲ ਵੱਧਦੇ ਬਾਲਾਂ ਲਈ ਮੋਬਾਈਲ ਦੀ ਉਚਿਤ ਸਮਾਂ ਸੀਮਾ ਨਿਰਧਾਰਤ ਕੀਤੀ ਜਾਵੇ ਤਾਂ ਜੋ ਸਾਡਾ ਆਉਣ ਵਾਲੀ ਪੀੜ੍ਹੀ ਦਾ ਸੰਤੁਲਿਤ ਵਿਕਾਸ ਹੋ ਸਕੇ। ਭਾਵੇਂ ਕੋਰੋਨਾ ਕਾਲ ਕਰਕੇ ਆਨਲਾਈਨ ਸਿੱਖਿਆ ਪੜ੍ਹਾਈ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ, ਦੇ ਸਰੀਰਕ ਵਿਕਾਸ ਲਈ ਕਮਰਿਆਂ ਤੋਂ ਬਾਹਰ ਦੀਆਂ ਮੈਦਾਨੀ ਗਤੀਵਿਧੀਆਂ ਦੀ ਅਤਿਅੰਤ ਲੋੜ ਹੈ। ਮੋਬਾਈਲ ਦੀ ਵਰਤੋਂ ਦੇ ਮਾਮਲੇ ’ਚ ਮਾਪਿਆਂ ਤੇ ਸਕੂਲ ਨੂੰ ਉਦਾਹਾਰਨ ਬਣਨ ਨਾਲ ਨਵੀਂ ਪੀੜ੍ਹੀ ’ਤੇ ਸਕਾਰਾਤਮਕ ਅਸਰ ਪੈ ਸਕਦਾ ਹੈ। ਇਹ ਵਾਕਿਆ ਹੀ ਗੰਭੀਰ ਮਸਲਾ ਹੈ ਤੇ ਇਸ ਦੇ ਹੱਲ ਲਈ ਮਾਪਿਆਂ ਤੇ ਅਧਿਆਪਕਾਂ ਅਤੇ ਸਕੂਲ ਤੇ ਘਰਾਂ ਦਾ ਲਗਾਤਾਰ ਪ੍ਰਭਾਵਸ਼ਾਲੀ ਤਾਲਮੇਲ ਬਹੁਤ ਜ਼ਰੂਰੀ ਹੈ।
ਜ਼ਰੂਰੀ ਕੰਮ ਯਾਦ ਕਰਵਾਉਂਦੈ ਮੋਬਾਈਲ ਅਲਾਰਮ
ਕੋਈ ਵੀ ਜ਼ਰੂਰੀ ਕੰਮ ਸਾਨੂੰ ਮੋਬਾਈਲ ਦਾ ਅਲਾਰਮ ਯਾਦ ਕਰਵਾੳਂਦਾ ਹੈ। ਪੂਜਾ ਪਾਠ, ਕਸਰਤ, ਕੁਕਿੰਗ, ਘਰ ਦਾ ਲੇਖਾ ਆਦਿ ਕਰਨ ਲਈ ਕਾਪੀ ਪੈੱਨ ਦੀ ਥਾਂ ਵੱਖ-ਵੱਖ ਐਪਸ ਹਨ। ਸਾਡੀ ਬਿਮਾਰੀ ਜਾਂ ਤੰਦਰੁਸਤੀ ਵੀ ਮੋਬਾਇਲ ਟਰੈਕ ਕਰਦਾ ਹੈ। ਇੱਥੋਂ ਤਕ ਕਿ ਸਾਨੂੰ ਖਾਣਾ-ਪੀਣਾ ਤੇ ਉੱਠਣਾ-ਬੈਠਣਾ ਵੀ ਐਪਸ ਹੀ ਦੱਸਦੇ ਹਨ। ਮਾਵਾਂ ਕੋਲ ‘ਇਕ ਸੀ ਰਾਜਾ ਇਕ ਸੀ ਰਾਣੀ’ ਵਰਗੀਆਂ ਕਹਾਣੀਆਂ ਮੁੱਕ ਗਈਆਂ ਹਨ ਸਗੋਂ ਉਹ ਤਾਂ ਆਪ ਬੱਚਿਆਂ ਨੂੰ ਮੋਬਾਈਲ ਫੜਾ ਦਿੰਦੀਆਂ ਹਨ ਤਾਂ ਜੋ ਉਹ ਆਪਣੇ ਆਪ ’ਚ ਮਸਤ ਰਹਿ ਸਕਣ।
ਜ਼ਿੰਦਗੀ ’ਚ ਦੁੱਖ-ਸੁੱਖ ਤੋਂ ਹਾਂ ਬੇਖ਼ਬਰ
ਜਦੋਂ ਸਾਡਾ ਫੋਨ 10 ਫ਼ੀਸਦੀ ਤੋਂ ਘੱਟ ਬੈਟਰੀ ’ਤੇ ਹੁੰਦਾ ਹੈ ਤਾਂ ਅਸੀਂ ਚਿੰਤਤ ਹੋ ਜਾਂਦੇ ਹਾਂ। ਹਰ ਕੋਈ ਔਸਤਨ ਤਿੰਨ ਤੋਂ ਵੱਧ ਸੋਸ਼ਲ ਮੀਡੀਆ ਦੀਆਂ ਸਾਈਟਾਂ ਵੇਖਣ ਦਾ ਆਦੀ ਹੈ। ਇਕ ਸਰਵੇ ਅਨੁਸਾਰ ਹਰ ਦੂਜਾ ਵਿਅਕਤੀ ਹਫ਼ਤੇ ਦੌਰਾਨ 50 ਘੰਟੇ ਫੋਨ ’ਤੇ ਲਾਉਂਦਾ ਹੈ। ਮਿੱਤਰਾਂ ਦਾ ਜਨਮ ਦਿਨ ਫੇਸਬੁੱਕ ਯਾਦ ਕਰਵਾੳਂਦੀ ਹੈ। ਬਿਨਾਂ ਵਾਈ-ਫਾਈ ਤੇ ਖ਼ਰਾਬ ਨੈੱਟਵਰਕ ਵਾਲੀ ਜਗ੍ਹਾ ’ਤੇ ਸਮਾਂ ਬਿਤਾਉਣਾ ਦੁੱਭਰ ਹੋ ਜਾਂਦਾ ਹੈ। ਅਸੀਂ ਜ਼ਿੰਦਗੀ ’ਚ ਦੁੱਖ-ਸੁੱਖ ਦੇ ਅਸਲ ਸਾਂਝੀਦਾਰ ਗਲੀ-ਗੁਆਂਢ ਦੇ ਲੋਕਾਂ ਤੋਂ ਬੇਖ਼ਬਰ ਹਾਂ।
-
ਵਿਜੈ ਗਰਗ , ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ
vkmalout@gmail.com
0009990000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.