ਸਮੇਂ ਨਾਲ ਬਹੁਤ ਕੁਝ ਬਦਲ ਜਾਂਦਾ ਹੈ,ਜੋ ਸਾਡੇ ਇਤਿਹਾਸਕ ਯਾਦ ਵਿੱਚ ਹੀ ਰਹਿ ਜਾਂਦਾ ਹੈ ਸਾਡੇ ਸਮੇਂ ਵਿੱਚ ਸਕੂਲ ਦੇ ਸਿਲੇਬਸ ਦੀਆਂ ਕਿਤਾਬਾਂ ਦੇ ਨਾ ਲ-ਨਾਲ ਮਨ ਪ੍ਰਚਾਵੇ ਦੇ ਸਾਧਨ ਟੀ.ਵੀ. ਜਾਂ ਕਿਸੇ ਵੀ ਖੇਡ ਦੇ ਨਾਲ-ਨਾਲ ਖਾਲੀ ਸਮੇਂ ਵਿੱਚ ਵੱਖ ਵੱਖ ਕਾੱਮਿਕਸ ਵੀ ਪੜ੍ਹੀ ਜਾਂਦੀ ਸੀ। ਉਹਨਾਂ ਵੇਲਿਆਂ ਦੀਆਂ ਪ੍ਰਚਲਿਤ ਕਾੱਮਿਕਸ ਵਿੱਚ ਚਾਚਾ ਚੌਧਰੀ, ਲੋਟਪੋਟ, ਬਿੱਲੂ, ਪਿੰਕੀ, ਰਮਨ, ਅਕਬਰ ਤੇ ਬੀਰਬਲ ਦੀਆਂ ਕਹਾਣੀਆਂ, ਤੇਨਾਲੀਰਾਮਾ, ਸ੍ਰੀਮਤੀ ਆਦਿ ਸ਼ਾਮਲ ਸਨ। ਇਤਿਹਾਸਕ ਕਾੱਮਿਕਸ ਜਿਵੇਂ ਅਕਬਰ ਬੀਰਬਲ, ਬਿਕਰਮ -ਬਤਾਲ, ਪੰਚਤੰਤਰ ਕਹਾਣੀਆਂ,ਤੇਨਾਲੀਰਾਮਾ ਆਦਿ 'ਚੋਂ ਨਿੱਕੀਆਂ-ਨਿੱਕੀਆਂ ਇਤਿਹਾਸਕ ਘਟਨਾਂਵਾਂ ਬਾਰੇ ਰੋਚਕ ਜਾਣਕਾਰੀ ਮਿਲ ਜਾਂਦੀ। ਅਸੀਂ ਆਪਣੇ ਜੇਬ ਖਰਚ ਵਿੱਚੋਂ ਕੁਝ ਪੈਸੇ ਬਚਾਕੇ ਇੱਕ-ਅੱਧੀ ਕਾੱਮਿਕਸ ਖਰੀਦ ਲੈਂਦੇ ਅਤੇ ਉਸਨੂੰ ਪੜ੍ਹਕੇ ਕਿਸੇ ਹੋਰ ਬੱਚੇ ਦੀ ਕਾੱਮਿਕਸ ਨਾਲ ਹੋਰ ਕਾੱਮਿਕਸ ਦਾ ਤਬਾਦਲਾ ਕਰ ਲੈਂਦੇ ਸੀ । ਇਸ ਤਬਾਦਲੇ ਦੀ ਕਿਰਿਆ ਨਾਲ ਅਸੀਂ ਕਿੰਨੀਆਂ ਹੀ ਕਾੱਮਿਕਸ ਪੜ੍ਹ ਲੈਂਦੇ ਅਤੇ ਸਾਨੂੰ ਪਤਾ ਲਗਦਾ ਕਿ ਸਾਡੀ ਕਾੱਮਿਕਸ ਸਰਕਲ ਤੋਂ ਬਾਹਰ ਚਲੀ ਗਈ ਹੈ। ਅਜਿਹਾ ਕਰਦਿਆਂ ਸਾਡੇ ਵਿੱਚ ਖੁਦ ਪੜ੍ਹਨ ਦੀ ਆਦਤ ਪਈ, ਜੋ ਸਮੇਂ ਨਾਲ ਵੱਧਦੀ ਗਈ। ਇਸ ਨਾਲ ਸਾਨੂੰ ਲਿਖਣ ਸਮੇਂ ਹੁੰਦੀਆਂ ਗਲਤੀਆਂ ਬਾਰੇ ਵੀ ਪਤਾ ਲਗਦਾ। ਇਸਦਾ ਇੱਕ ਹੋਰ ਫਾਇਦਾ ਇਹ ਵੀ ਹੋਇਆ ਕਿ ਉਹਨਾਂ ਕਿਤਾਬਾਂ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਜ਼ਿੰਦਗੀ ਵਿੱਚ ਸ਼ੁਮਾਰ ਹੋਈਆਂ। ਹੌਲੀ-ਹੌਲੀ ਸਾਨੂੰ ਕਾੱਮਿਕਸ ਪੜ੍ਹਨ ਦੀ ਆਦਤ ਤੋਂ ਹੀ ਅਗਾਂਹ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਪੜ੍ਹਨ ਦੀ ਚੇਟਕ ਲੱਗੀ। ਕਾੱਮਿਕਸ ਦੇ ਆਦਾਨ-ਪ੍ਰਦਾਨ ਨਾਲ ਕਈ ਨਵੇਂ ਮਿੱਤਰ ਵੀ ਮਿਲੇ। ਕਾੱਮਿਕਸ ਪੜ੍ਹਦਿਆਂ ਇੱਕ ਰੋਚਕ ਗੱਲ ਇਹ ਵੀ ਸੀ ਕਿ ਇਹਨਾਂ ਨੂੰ ਕਾਹਲ ਨਾਲ ਪੜ੍ਹਦੇ ਤਾਂ ਜੋ ਘਰ ਦੇ ਗੁੱਸੇ ਨਾ ਹੋਣ ਕਿ ਸਿਲੇਬਸ ਦੀ ਕਿਤਾਬਾਂ ਛੱਡ ਵਾਧੂ ਕਿਤਾਬਾਂ ਪੜ੍ਹ ਰਹੇ ਆਂ। ਇਸ ਲਈ ਅਕਸਰ ਘਰਦਿਆਂ ਤੋਂ ਲੁਕੋ ਕੇ ਕਾੱਮਿਕਸ ਦੀ ਅਦਲਾ ਬਦਲੀ ਕੀਤੀ ਜਾਂਦੀ। ਇਸਦੇ ਉਲਟ ਅਜੋਕੇ ਵੇਲੇ ਵਿਦਿਆਰਥੀ ਵਿਹਲੇ ਸਮੇਂ ਵਿੱਚ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਉੱਤੇ ਅਤੇ ਆੱਨਲਾਈਨ ਗੇਮਾਂ ਖੇਡਕੇ ਸਮਾਂ ਬਰਬਾਦ ਕਰਦੇ ਹਨ। ਜਿਸ ਨਾਲ ਉਹਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਪ੍ਰਵਿਰਤੀ ਘਟਦੀ ਜਾ ਰਹੀ ਹੈ। ਅਜੋਕੇ ਵੇਲੇ ਵਧੇਰੇ ਦੋਸਤ ਵੀ ਕੇਵਲ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਰਹਿ ਗਏ ਹਨ ਤੇ ਮਿਲਣਾ-ਜੁਲਣਾ ਘਟ ਗਿਆ ਹੈ। ਕਿਤਾਬਾਂ ਪੜ੍ਹਦਿਆਂ ਅੱਖਾਂ ਤੇ ਇੰਨਾ ਪ੍ਰਭਾਵ ਨਹੀਂ ਸੀ ਪਿਆ ਕਰਦਾ, ਜਿੰਨਾ ਅੱਜਕੱਲ੍ਹ ਮੋਬਾਈਲ ਫੋਨਾਂ ਦੀ ਬੇਲੋੜੀ ਵਰਤੋਂ ਨਾਲ ਪੈ ਰਿਹਾ ਹੈ । ਕਾੱਮਿਕਸ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਵੀ ਸਹਾਈ ਹੁੰਦੀਆਂ ਸਨ ਅਤੇ ਇਹਨਾਂ 'ਚੋਂ ਪੜ੍ਹਿਆ ਲੰਬੇ ਸਮੇਂ ਤੱਕ ਚੇਤੇ ਵੀ ਰਹਿੰਦਾ। ਮੋਬਾਈਲ ਫੋਨ ਜਾਣਕਾਰੀ ਦੀ ਖਾਣ ਹੁੰਦਿਆਂ, ਜਿੰਨੀ ਜਲਦੀ ਜਾਣਕਾਰੀ ਮੁਹੱਈਆ ਕਰਾਉਂਦੇ ਹਨ, ਬਹੁਤਾਂਤ ਦੇ ਚੱਲਦਿਆਂ ਸਹੀ ਜਾਣਕਾਰੀ ਮਿਲਣ ਦੀ ਆਸ ਘੱਟ ਤੇ ਮਿਲੀ ਜਾਣਕਾਰੀ ਭੁੱਲਣ ਦੇ ਕੇਸ ਵਧੇਰੇ ਮਿਲਦੇ ਹਨ। ਅੱਜ-ਕੱਲ੍ਹ ਦੇ ਬਹੁਤ ਘੱਟ ਬੱਚੇ ਕਿਤਾਬਾਂ ਤੇ ਪੈਸੇ ਖਰਚ ਕਰਦੇ ਹਨ। ਤਾਂ ਹੀ ਬਜ਼ਾਰਾਂ ਵਿੱਚ ਕਿਤਾਬਾਂ ਦੀਆਂ ਦੁਕਾਨਾਂ ਤੋਂ ਅਤੇ ਪਿ੍ਟਿੰਗ ਪ੍ਰੈੱਸ ਵਿੱਚੋਂ ਕਾੱਮਿਕਸ ਛਪਣੀਆਂ ਬੰਦ ਹੋ ਗਈਆਂ ਹਨ,ਪਰ ਮੈਨੂੰ ਨਹੀਂ ਲਗਦਾ ਹੈ ਕਿ ਭਵਿੱਖ ਵਿੱਚ ਕਾੱਮਿਕਸ ਦਾ ਯੁੱਗ ਹੁਣ ਕਦੇ ਵਾਪਸ ਆਵੇਗਾ, ਕਿ ਤੁਹਾਨੂੰ ਲਗਦਾ ਹੈ....?
-
ਰੰਧਾਵਾ ਸਿੰਘ ਪਟਿਆਲਾ, ਪਿ੍ੰਸੀਪਲ
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.