ਖੇਡਾਂ ਤੰਦਰੁਸਤ ਜੀਵਨ ਦਾ ਆਧਾਰ ਹਨ।ਖਿਡਾਰੀ ਹਮੇਸ਼ਾ ਤੰਦਰੁਸਤ, ਫੁਰਤੀਲੇ ਅਤੇ ਮੁਸਤੈਦ ਰਹਿੰਦੇ ਹਨ।ਕਈ ਵਾਰ ਜੀਵਣ ਤੰਦਰੁਸਤੀ ਲਈ ਕਸਰਤ ਕਿਰਿਆਵਾਂ ਜਾਂ ਯੋਗਾ ਕਰਦਿਆਂ ਹੀ ਅੰਦਰਲਾ ਖਿਡਾਰੀ ਉੱਭਰ ਕੇ ਸਾਹਮਣੇ ਆ ਜਾਂਦਾ ਹੈ, ਅਜਿਹਾ ਹੀ ਵਾਕਿਆ ਰੋਜ਼ਮਰ੍ਹਾ ਦੀਆਂ ਸਰੀਰਕ ਕਿਰਿਆਵਾਂ ਕਰਦਿਆਂ ਖੇਡਾਂ ਦੇ ਖੇਤਰ ਚ ਥੋੜ੍ਹੇ ਸਮੇਂ ਲੰਮੀਆਂ ਅਤੇ ਉੱਚੀਆਂ ਉਡਾਰੀਆਂ ਮਾਰਨ ਵਾਲੇ ਦੌੜਾਕ ਗੁਰਬਿੰਦਰ ਸਿੰਘ (ਰੋਮੀ ਘੜਾਮੇ ਵਾਲਾ)ਨਾਲ ਹੋਇਆ ਹੈ।ਉਸਨੇ ਬਹੁਤ ਥੋੜ੍ਹੇ ਸਮੇਂ ਚ ਹੀ ਇਸ ਖੇਤਰ ਚ ਵੱਡੀਆਂ ਮੱਲਾਂ ਮਾਰ ਲਈਆਂ ਹਨ।ਸ਼ਾਇਰ ਦੀਆਂ ਇਹ ਸਤਰਾਂ ਉਸਤੇ ਸਹੀ ਢੁਕਦੀਆਂ ਹਨ-
ਇਸ ਦੁਨੀਆ ਵਿਚ ਬੰਦੇ ਖਾਤਿਰ ਨਹੀਂ ਕੋਈ ਕੰਮ ਔਖੇਰਾ,
ਬਸ ਚਾਹੀਦੈ ਮੰਜ਼ਿਲ ਉੱਤੇ ਪੈੜਾਂ ਕਰਨ ਦਾ ਜੇਰਾ।
ਗੁਰਬਿੰਦਰ ਸਿੰਘ ਉਰਫ ਰੋਮੀ ਘੜਾਮੇ ਵਾਲੇ ਦਾ ਜਨਮ ਰਾਜਪੁਰਾ ਨੇੜੇ ਘੜਾਮਾਂ ਕਲਾਂ (ਪਟਿਆਲਾ)ਵਿਖੇ 21 ਮਈ 1983 ਨੂੰ ਪਿਤਾ ਸ੍ਰ ਹਾਕਮ ਸਿੰਘ ਅਤੇ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੇ ਵਿਹੜੇ ਹੋਇਆ।ਮੁਢਲੀ ਸਿੱਖਿਆ ਤੋਂ ਬਾਅਦ ਬੀ.ਏ., ਡੀ.ਐਲ.ਐਮ.ਟੀ., ਜੀ.ਐਨ.ਐਮ., ਸੀ.ਐਮ.ਐਸ ਐਂਡ ਈ.ਡੀ. ਤੱਕ ਦੀ ਪੜਾਈ ਕੀਤੀ। ਪੰਜਾਬੀ ਦੇ ਵੱਖ ਵੱਖ ਅਖ਼ਬਾਰਾਂ ਚ ਪੱਤਰਕਾਰੀ ਕਰਦਿਆਂ ਅਤੇ ਰੋਜ਼ੀ ਰੋਟੀ ਦੇ ਜੁਗਾੜ ਲਈ ਰੋਪੜ ਸ਼ਹਿਰ ਚ ਸੈਟ ਹੋਇਆ।
ਇੱਥੇ ਰੋਜ਼ਾਨਾ ਸਵੇਰੇ ਕੁਦਰਤੀ ਫਿਜ਼ਾ ਦੇ ਨਜ਼ਾਰੇ ਮਾਣਦਿਆਂ ਸੈਰ ਕਰਨੀ, ਦੌੜ ਲਗਾਉਣੀ, ਗਰਾਂਊਂਡ ਚ ਕਸਰਤ ਕਰਨੀ ਰੋਜ਼ਮਰ੍ਹਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਉਸਨੇ ਇੱਕ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਉਸਨੇ ਆਪਣੇ ਵਿੱਦਿਆਰਥੀ ਜੀਵਣ ਕਦੇ ਵੀ ਕਿਸੇ ਖੇਡ ਵਿੱਚ ਹਿੱਸਾ ਨਹੀਂ ਲਿਆ ਸੀ,ਪਰ ਸਰੀਰਕ ਤੰਦਰੁਸਤੀ ਲਈ ਸੈਰ ਕਰਨਾ ਉਸਦੀ ਮੁੱਢਲੀ ਆਦਤ ਸੀ। ਖੇਡਾਂ ਵੱਲ ਆਉਣ ਬਾਰੇ ਉਸਨੇ ਦੱਸਿਆ ਕਿ ਇਤਫ਼ਾਕ ਹੀ ਕਿ 2022 ਚ ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਲਈ ਰੋਪੜ ਦੀ ਰਾਜਨ ਅਥਲੈਟਿਕਸ ਅਕੈਡਮੀ ਦੇ ਕੋਚ ਨੂੰ ਪੰਜ ਕਿਲੋਮੀਟਰ ਦੌੜ ਲਈ 35 ਸਾਲ ਦੀ ਉਮਰ ਤੋਂ ਉੱਪਰ ਵਾਲੇ ਦੌੜਾਕ ਦੀ ਲੋੜ ਸੀ।ਕੋਚ ਨੇ ਉਸਨੂੰ ਗਰਾਉਂਡ ਚ ਰੋਜ਼ਾਨਾ ਦੌੜ ਲਗਾਉਂਦਿਆਂ ਤੱਕਿਆ ਸੀ,ਸੋ ਉਹਨਾਂ ਰੋਮੀ ਤੱਕ ਪਹੁੰਚ ਕਰਕੇ ਮੁਕਾਬਲੇ ਲਈ ਨਾਮ ਭੇਜ ਦਿੱਤਾ।ਇਸ ਮੁਕਾਬਲੇ ਚ ਉਸਨੂੰ ਤੀਜਾ ਸਥਾਨ ਮਿਲਿਆ,ਪਰ ਹੌਸਲਾ ਅਫ਼ਜ਼ਾਈ ਬਹੁਤ ਹੋਈ।ਉਸ ਅੰਦਰਲਾ ਖਿਡਾਰੀਪੁਣਾ ਅੰਗੜਾਈਆਂ ਲੈਣ ਲੱਗ ਪਿਆ ਤੇ ਕੋਚ ਰਾਜਨ ਕੁਮਾਰ ਦੀ ਯੋਗ ਰਹਿਨੁਮਾਈ ਅਤੇ ਅਗਵਾਈ ਹੇਠ ਦ੍ਰਿੜ ਇਰਾਦੇ ਅਤੇ ਬੁਲੰਦ ਹੌਸਲੇ ਨਾਲ ਕਰੜੀ ਮਿਹਨਤ ਅਤੇ ਕਸਰਤ ਸ਼ੁਰੂ ਕਰ ਦਿੱਤੀ।
ਉਸਦਾ ਕਹਿਣਾ ਹੈ ਕਿ ਉਹ 65 ਸਾਲ ਤੋਂ ਵੀ ਵੱਧ ਉਮਰ ਦੇ ਮੋਹਨ ਸਿੰਘ ਚਾਹਲ ਵਾਸੀ ਰੋਪੜ ਅਤੇ ਜੀਤ ਸਿੰਘ ਵਾਸੀ ਡਸਕਾ(ਮੋਹਾਲੀ) ਤੋਂ ਬਹੁਤ ਪ੍ਰਭਾਵਿਤ ਹੋਇਆ ਹੈ, ਜੋ ਉਸਦੇ ਪ੍ਰੇਰਨਾ ਸਰੋਤ ਵੀ ਕਹੇ ਜਾ ਸਕਦੇ ਹਨ।
ਉਹ ਹੁਣ ਤੱਕ ਪੰਜਾਬ,ਗੋਆ,ਕੂਚ ਬੇਹਾਰ (ਪੱਛਮੀ ਬੰਗਾਲ), ਕਰਨਾਟਕ, ਰਾਜਸਥਾਨ, ਹਿਮਾਚਲ ਪ੍ਰਦੇਸ਼,ਹਰਿਆਣਾ, ਉੱਤਰਾਖੰਡ, ਚੰਡੀਗੜ੍ਹ,ਤੇਲੰਗਾਨਾ ਚ ਨੈਸ਼ਨਲ ਪੱਧਰੀ ਮੁਕਾਬਲਿਆਂ ਅਤੇ ਨੇਪਾਲ ਅਤੇ ਭੂਟਾਨ ਚ ਇੰਟਰਨੈਸ਼ਨਲ ਮੁਕਾਬਲਿਆਂ ਚ ਹਿੱਸਾ ਲੈਕੇ ਜਿੱਤਾਂ ਦਰਜ ਕਰਵਾ ਕੇ ਆਪਣੇ ਇਲਾਕੇ,ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਚੁੱਕਾ ਹੈ।
ਉਸਨੇ ਨੇਪਾਲ ਚ ਹੋਏ ਇੰਟਰਨੈਸ਼ਨਲ 400ਮੀਟਰ , 800ਮੀਟਰ, 1500 ਮੀਟਰ ਦੌੜ ਮੁਕਾਬਲਿਆਂ ਅਤੇ 4×100 ਮੀਟਰ ਰਿਲੇਅ ਦੌੜਾਂ ਵਿੱਚ ਗੋਲਡ ਮੈਡਲ ਜਿੱਤਿਆ। ਇਸੇ ਤਰ੍ਹਾਂ ਭੂਟਾਨ ਚ ਵੀ ਇੰਟਰਨੈਸਨਲ 800 ਮੀਟਰ ਤੇ 1500 ਮੀਟਰ ਦੌੜਾਂ ਵਿੱਚ ਗੋਲਡ ਮੈਡਲ ਅਤੇ 400 ਮੀਟਰ 'ਚ ਸਿਲਵਰ ਮੈਡਲ ਜਿੱਤ ਕੇ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ ।ਨੈਸ਼ਨਲ ਪੱਧਰੀ ਗੋਆ ਚ ਹੋਏ ਮੁਕਾਬਲਿਆਂ ਚ ਉਸਨੇ 800 ਤੇ 1500 ਮੀਟਰ ਦੌੜ ਚ ਗੋਲਡ ਮੈਡਲ, 400 ਮੀਟਰ ਦੌੜ ਚ ਬ੍ਰਾਂਜ਼ ਮੈਡਲ ਅਤੇ 4×100 ਮੀਟਰ ਰਿਲੇਅ ਰੇਸ ਵਿੱਚ ਸਿਲਵਰ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ।ਕੂਚ ਬੇਹਾਰ (ਪੱਛਮੀ ਬੰਗਾਲ) ਚ 800 ਤੇ 1500 ਮੀਟਰ ਦੌੜ ਚ ਗੋਲਡ ਅਤੇ 400 ਮੀਟਰ ਬ੍ਰਾਂਜ਼ ਮੈਡਲ ਜਿੱਤੇ ਹਨ ।ਉਸਨੇ ਦੌੜਾਂ ਤੋਂ ਇਲਾਵਾ ਜਲੰਧਰ ਵਿਖੇ ਸਟੇਟ ਮੁਕਾਬਲਿਆਂ ਦੌਰਾਨ ਜੈਵਲਿਨ ਥਰੋਅ ਵਿੱਚ ਬ੍ਰਾਂਜ ਮੈਡਲ, ਹੈਦਰਾਬਾਦ ਵਿਖੇ ਨੈਸ਼ਨਲ ਮੁਕਾਬਲੇ ਦੌਰਾਨ ਪੋਲ ਵਾਲਟ ਵਿੱਚ ਬ੍ਰਾਂਜ਼ ਮੈਡਲ ਨਾਲ ਪੰਜਾਬ ਦੀ ਜਿੱਤ ਦਰਜ ਕਰਵਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਕੀਤਾ।
ਨੇਪਾਲ ਵਿਖੇ ਇੰਟਰਨੈਸ਼ਨਲ ਅਤੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਨੈਸ਼ਨਲ ਮੁਕਾਬਲਿਆਂ ਵਿੱਚ ਉਸਨੇ ਟੀਮ ਲੀਡਰ ਅਤੇ ਆਫੀਸੀਅਲ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।
ਉਸਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਸਨੂੰ 26 ਜਨਵਰੀ 2023 ਨੂੰ ਐਸ ਡੀ ਐਮ ਰਾਜਪੁਰਾ ਵੱਲੋਂ,26 ਜਨਵਰੀ 2024 ਨੂੰ ਡਿਪਟੀ ਕਮਿਸ਼ਨਰ ਰੋਪੜ ਵੱਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਕੌਰ ਵੈਲਫੇਅਰ ਫਾਊਂਡੇਸ਼ਨ(ਰਜਿ.) ਵੱਲੋਂ ਆਲਾਜ਼-ਏ-ਆਵਾਮ ਅਵਾਰਡ ਅਤੇ ਡਾ.ਅਮਰਜੀਤ ਸ਼ਰਮਾ ਸਪੋਰਟਸ ਕਲੱਬ ਕੀਰਤਪੁਰ ਸਾਹਿਬ ਵੱਲੋਂ ਮਰਹੂਮ ਕੇ.ਦੀਪ ਯਾਦਗਾਰੀ ਅਵਾਰਡ ਸਨਮਾਨ ਚ ਮਿਲਿਆ ਹੈ। ਉਸਦਾ ਕਹਿਣਾ ਹੈ ਕਿ ਉਸਦੀ ਮੁੱਖ ਦੌੜ 400 ਮੀਟਰ ਹੈ ਅਤੇ ਉਹ 60 ਮੀਟਰ ਤੋਂ 21.1 ਕਿਲੋਮੀਟਰ(ਹਾਫ ਮੈਰਾਥਨ) ਤੱਕ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਕੇ ਮੁਕਾਬਲੇ ਜਿੱਤ ਚੁੱਕਾ ਹੈ।ਹੁਣ ਉਸਦਾ ਟੀਚਾ 42.2 ਕਿਲੋਮੀਟਰ (ਫੁੱਲ ਮੈਰਾਥਨ) ਜਿੱਤਣਾ ਹੈ।
ਬਹੁਤ ਹੀ ਮਿਲਣਸਾਰ ਅਤੇ ਪੁਆਧ ਦਾ ਜੰਮਪਲ ਰੋਮੀ ਘੜਾਮੇ ਵਾਲਾ ਇੱਕ ਵਧੀਆ ਪੱਤਰਕਾਰ,ਪੁਆਧੀ ਸ਼ਾਇਰ, ਸੁਰੀਲੀ ਅਤੇ ਬੁਲੰਦ ਆਵਾਜ਼ ਦਾ ਮਾਲਕ ਗਾਇਕ ਵੀ ਹੈ।ਉਹਦਾ ਕਹਿਣਾ ਹੈ ਕਿ ਹਿੰਮਤ ਕਰੇ ਇਨਸਾਨ ਤੋ ਕਯਾ ਕਾਮ ਹੈ ਮੁਸ਼ਕਿਲ, ਵੋ ਕੌਣ ਸਾ ਮਾਮਲਾ ਹੈ ਜੋ ਹੱਲ ਨਹੀ ਹੋ ਸਕਤਾ…।ਉਸਦਾ ਨੌਜਵਾਨਾਂ ਨੂੰ ਸੁਨੇਹਾ ਆਇਆਹੈ ਕਿ ਜਲਦੀ ਸੌ ਕੇ ਜਲਦੀ ਉੱਠਣ ਦੀ ਆਦਤ ਨਾਲ ਆਪਣਾ ਦਿਨ ਲੰਮਾ ਕਰੋ।ਸਾਰਥਕ ਸੋਚ ਅਤੇ ਇਮਾਨਦਾਰੀ ਨਾਲ ਮਿਹਨਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮੇਗੀ। ਉਸਦੀਆਂ ਸਫਲਤਾਵਾਂ ਦੀਆਂ ਲੰਮੀਆਂ ਉਡਾਰੀਆਂ ਲਈ ਸਾਡੀਆਂ ਵੀ ਦਿਲੋਂ ਦੁਆਵਾਂ।
ਆਮੀਨ !!
-
ਇੰਜੀ ਸਤਨਾਮ ਸਿੰਘ, ਮੱਟੂ ਬੀਂਬੜ, ਸੰਗਰੂਰ
jakhwali89@gmail.com
9779708257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.