ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਹੋਲੇ ਮਹੱਲੇ ਤੇ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਇਸ ਅਵਸਰ ਤੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਨਾਮਵਰ ਸਿੱਖ ਸਖ਼ਸ਼ੀਅਤਾਂ ਦੀ ਹੋਂਸਲਾ ਅਫਜਾਈ ਲਈ ਸਨਮਾਨਿਤ ਕਰਨ ਦੀ ਪਰੰਪਰਾ ਅਰੰਭੀ ਹੋਈ ਹੈ ਇਹ ਪਿਛਲੇ ਤਿੰਨ ਦਹਾਕਿਆਂ ਤੋਂ ਕਈ ਸਖ਼ਸ਼ੀਅਤਾਂ ਇਸ ਪੰਥ ਵੱਲੋਂ ਸਨਮਾਨੀਆਂ ਗਈਆਂ।
ਇਸ ਵਾਰ ਵੀ ਛੇ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਗੁਰੂਘਰ ਦੇ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ, ਉਘੇ ਵਿਦਵਾਨ, ਸਿੱਖ ਇਤਿਹਾਸ ਦੇ ਖੋਜੀ ਪ੍ਰੋਫੈਸਰ ਡਾ. ਪਰਮਵੀਰ ਸਿੰਘ, ਪੰਜਾਬੀ ਸਾਹਿਤ ਦੇ ਖੋਜ ਚਿੰਤਕ ਪ੍ਰੋਫੈਸਰ ਡਾ. ਧਰਮ ਸਿੰਘ, ਉਘੇ ਸਨਤਕਾਰ ਸ. ਹਰਪਾਲ ਸਿੰਘ ਭਾਟੀਆ ਇੰਦੌਰ ਦਾ ਵੀ ਸਨਮਾਨ ਹੋਵੇਗਾ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ:- ਗੁਰੂ ਦੀ ਰਹਿਮਤ ਹੋਵੇ ਤਾਂ ਗੁਰੂਘਰ ਵਿੱਚ ਸਨਮਾਨਤ ਪਦ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਪੂਰਬਲੇ ਕਰਮਾਂ ਦੀ ਭਗਤੀ ਸਦਕਾ ਸਿੱਖ ਕੌਮ ਦੇ ਦੋ ਕੇਂਦਰੀ ਅਸਥਾਨਾਂ ਦੀ ਧਾਰਮਿਕ ਸੇਵਾ ਨਿਭਾਉਣ ਲਈ ਖਾਲਸਾ ਪੰਥ ਨੇ ਸੇਵਾ ਸੌਂਪੀ ਹੈ। ਸਮੁੱਚੇ ਖਾਲਸਾ ਪੰਥ ਨੂੰ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਤੇ ਮਾਣ ਹੈ ਇਹ ਗੁਰਬਾਣੀ ਦੇ ਗਿਆਤਾ ਅਤੇ ਬਹੁਤ ਸੁੰਦਰ ਅਵਾਜ਼ ਵਾਲੇ ਪ੍ਰਭਾਵੀ ਵਕਤਾ ਹਨ।
ਜਾ ਕੇ ਮਸਤਕਿ ਭਾਗ ਸਿ ਸੇਵਾ ਲਾਇਆ॥
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸ੍ਰੀ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਪੱਤੀ ਮਨਸੂਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹਨ। ਸੰਨ 1989 ਵਿੱਚ ਅਖੰਡ ਪਾਠੀ ਸਿੰਘ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ 1991 ਤੋਂ 1995 ਤੱਕ ਵੱਖ-ਵੱਖ ਗੁਰੂ ਅਸਥਾਨਾਂ ’ਤੇ ਗ੍ਰੰਥੀ ਵਜੋਂ ਸੇਵਾ ਨਿਭਾਈ। 1995 ਤੋਂ ਅਪ੍ਰੈਲ 2014 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਿੰਘਾਂ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਦੇਸ਼ ਵਿਦੇਸ਼ ਵਿੱਚ ਨਿਭਾਈ ਅਤੇ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ। 21 ਅਪ੍ਰੈਲ 2014 ਨੂੰ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਸਿੰਘ ਸਾਹਿਬ ਨਿਯੁਕਤ ਕੀਤਾ ਗਿਆ ਅਤੇ 24 ਅਗਸਤ 2017 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਥਾਪਿਆ ਗਿਆ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ 16 ਜੂਨ 2023 ਨੂੰ ਭਗਤੀ ਤੇ ਸ਼ਕਤੀ ਦਾ ਸੁਮੇਲ ਸਿੱਖ ਕੌਮ ਦਾ ਸਰਵੋਤਮ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਸਾਹਿਬ (ਸਿੰਘ ਸਾਹਿਬ) ਦੀ ਸੇਵਾ ਸੌਂਪੀ ਗਈ ਅਤੇ ਉਹ ਨਾਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਵੀ ਸੇਵਾ ਨਿਭਾ ਰਹੇ ਹਨ। ਉਹ ਹਲੀਮੀ ਤੇ ਦਿਆਲਤਾ ਦੇ ਮੁਜੱਸਮੇ ਹਨ। ਸਮੁੱਚੇ ਸਿੱਖ ਜਗਤ ਦੇ ਸਿੱਖ ਇਹ ਆਸ਼ਾ ਰੱਖਦੇ ਹਨ ਕਿ ਸਿੰਘ ਸਾਹਿਬ ਕੌਮ ਦੇ ਭਵਿੱਖ ਲਈ ਸਮੁੱਚੀ ਤੇ ਨਿਗਰ ਅਗਵਾਈ ਕਰਨਗੇ। ਸਿੱਖ ਪੰਥ ਦੀ ਇਸ ਮਾਣਮੱਤੀ ਸਖ਼ਸ਼ੀਅਤ ਨੂੰ ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਯਾਦਗਾਰੀ ਐਵਾਰਡ ਗੁ: ਗੁਰੂ ਕਾ ਬਾਗ਼ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿਤਾ ਜਾਵੇਗਾ।
ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ:- ਸਨਮਾਨ ਸਮੁੱਚੀ ਜੀਵਨ ਦੀ ਘਾਲ ਕਮਾਈ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਦੇ ਉੱਤਰਫਲ ਵਜੋਂ ਪ੍ਰਾਪਤ ਹੁੰਦਾ ਹੈ। ਜਦੋਂ ਸਮਾਜ ਕਿਸੇ ਵਿਸ਼ੇਸ਼ ਸਖ਼ਸ਼ੀਅਤ ਵੱਲੋਂ ਬੇਸ਼ਕੀਮਤੀ ਕੀਤੀਆਂ ਜਾ ਰਹੀਆਂ ਨਿਮਰ ਸੇਵਾਵਾਂ ਨੂੰ ਕਬੂਲ ਲੈਂਦਾ ਹੈ ਤਾਂ ਸਤਿਕਾਰ ਦੇ ਵੱਖ-ਵੱਖ ਰੂਪ ਵਿਚ ਇਹ ਸਨਮਾਨ ਪ੍ਰਗਟ ਹੁੰਦਾ ਹੈ। ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੀ ਅਜਿਹੀ ਪ੍ਰਭਾਵਸ਼ਾਲੀ ਸਖ਼ਸ਼ੀਅਤ ਦੇ ਮਾਲਕ ਹਨ ਜਿਨ੍ਹਾਂ ਤੇ ਅਸੀ ਗੌਰਵ ਕਰ ਸਕਦੇ ਹਾਂ। ਗੁਰਮਤਿ ਦੇ ਮਾਰਗ ਤੇ ਚੱਲਣ ਲਈ ਆਪਣੇ ਆਪ ਨੂੰ ਸਾਧਣਾ ਜ਼ਰੂਰੀ ਹੈ। ਇਹ ਮਾਰਗ ਤਲਵਾਰ ਦੀ ਧਾਰ ਤੇ ਤੁਰਨ ਵਾਲਾ ਹੈ। ਸਿੱਖ ਦੀ ਉੱਚੀ ਸੁੱਚੀ ਸੁਰਤਿ ਤੇ ਉਸ ਦੇ ਸੱਚੇ ਬੋਲ ਲੋਕਾਈ ਲਈ ਮਾਰਗ ਬਣ ਜਾਂਦੇ ਹਨ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਸੁਲਤਾਨ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜਲੇ ਪਿੰਡ ਗੁਰੂਵਾਲੀ ਦੇ ਜੰਮਪਲ ਹਨ। ਗਿਆਨੀ ਸੁਲਤਾਨ ਸਿੰਘ ਸੰਨ 2008 ਵਿਚ ਬਤੌਰ ਗ੍ਰੰਥੀ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭਰਤੀ ਹੋਏ ਅਤੇ ਸੰਨ 2014 ਵਿਚ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸੀਏ ਸਿੰਘ ਵਜੋਂ ਸੇਵਾ ਸੰਭਾਲੀ। ਸੰਨ 2021 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ (ਸਿੰਘ ਸਾਹਿਬ) ਵਜੋਂ ਨਿਯੁਕਤ ਹੋਏ। ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ 16 ਜੂਨ 2023 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਵਜੋਂ ਸੇਵਾ ਸੰਭਾਲ ਦੀ ਜੁੰਮੇਵਾਰੀ ਸੌਂਪੀ ਗਈ। ਜਿਸ ਦੇ ਨਾਲ-ਨਾਲ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ-ਸਿੰਘ ਸਾਹਿਬ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।
ਪੰਥ ਦੀ ਇਸ ਮਾਣਮੱਤੀ ਸਖ਼ਸ਼ੀਅਤ ਨੂੰ ਉਨ੍ਹਾਂ ਦੀਆਂ ਪੰਥ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬੁੱਢਾ ਦਲ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਯਾਦਗਾਰੀ ਐਵਾਰਡ ਦਿਤਾ ਜਾਵੇਗਾ।
ਗੁਰੂਘਰ ਦੇ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ:- ਕੀਰਤਨ ਨਿਰਮੋਲਕ ਹੀਰਾ, ਕਲਯੁੱਗ ਵਿੱਚ ਸੰਗੀਤ ਦੀ ਪ੍ਰਧਾਨਤਾ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਲਲਿਤ ਕਲਾਵਾਂ ਵਿੱਚ ਸੰਗੀਤ ਅਤੇ ਰਾਗ ਨੂੰ ਸਰਵੋਤਮ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਇਨ੍ਹਾਂ ਦਾ ਨਿਰੰਤਰ ਕੀਰਤਨ ਹੁੰਦਾ ਹੈ। ਭਾਈ ਗੁਰਮੀਤ ਸਿੰਘ ਸਾਂਤ ਗੁਰੂਘਰ ਦੇ ਕੀਰਤਨੀਏ ਹਨ, ਉਹ ਗੁਰਬਾਣੀ ਦੇ ਵਿਆਖਿਆਕਾਰ ਵੀ ਹਨ, ਉਨ੍ਹਾਂ ਰਾਗਾਂ ਦੇ ਅਭਿਆਸੀ ਨਾਮਵਰ ਉਸਤਾਦਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਸਖ਼ਤ ਮੇਹਨਤਕਸ ਅਭਿਆਸ ਰਾਹੀਂ ਸਾਰੇ ਰਾਗਾਂ ਨੂੰ ਗਾਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਸਮਗ੍ਰੰਥ ਦੀ ਬਾਣੀ ਨੂੰ ਵੀ ਰਾਗਬੱਧ ਗਾਉਣ ਵਿੱਚ ਨਿਪੁੰਨ ਹਨ।
ਭਾਈ ਗੁਰਮੀਤ ਸਿੰਘ ਸਾਂਤ ਨੇ ਸ਼੍ਰੋਮਣੀ ਗੁ:ਪ੍ਰ ਕਮੇਟੀ, ਪੰਜਾਬ ਸਰਕਾਰ, ਦਿੱਲੀ ਸਿੱਖ ਗੁ:ਪ੍ਰ ਕਮੇਟੀ, ਹੋਰ ਸੰਸਥਾਵਾਂ ਵੱਲੋਂ ਕਰਵਾਏ ਰਾਗ ਦਰਬਾਰਾਂ ਵਿੱਚ ਜਿਥੇ ਹਾਜ਼ਰੀ ਭਰੀ ਉਥੇ ਅਮਰੀਕਾ, ਕਨੇਡਾ, ਯੂ.ਕੇ, ਪੋਲੈਂਡ, ਫਰਾਂਸ, ਜਰਮਨੀ, ਮਲੇਸ਼ੀਆਂ, ਥਾਈਲੈਂਡ, ਕੀਨੀਆਂ ਆਦਿ ਦੇਸ਼ਾਂ ਵਿੱਚ ਗੁਰਬਾਣੀ ਕੀਰਤਨ ਰਾਗਬੱਧ ਗਾ ਕੇ ਸੰਗਤਾਂ ਦੀ ਅਸੀਸ ਹਾਸਲ ਕੀਤੀ ਹੈ। ਸ਼ਤਾਬਦੀ ਸਮਾਗਮਾਂ ਦੌਰਾਨ ਰਾਗ ਸ਼ੈਲੀ ਵਿੱਚ ਕੀਰਤਨ ਕਰਨ ਲਈ, ਮਾਤਾ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ "ਰਾਗ ਕਲਾ ਸਮਰਾਟ" ਅਵਾਰਡ ਨਾਲ ਗੋਲਡ ਮੈਡਲ ਦਿੱਤਾ ਗਿਆ, ਸੰਤ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਜਵੱਦੀ ਟਕਸਾਲ ਲੁਧਿਆਣਾ ਵੱਲੋਂ ਗੁਰਮਤਿ ਸੰਗੀਤ ਅਵਾਰਡ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਭਾਈ ਸਮੁੰਦ ਸਿੰਘ ਯਾਦਗਾਰੀ ਗੁਰਮਤਿ ਸੰਗੀਤ ਅਵਾਰਡ, ਪੰਜਾਬ ਰਾਜ ਸਰਕਾਰ ਦੁਆਰਾ ਬਸੰਤ ਰਾਗ ਗਾਉਣ ਲਈ ਪਹਿਲਾ ਸਥਾਨ ਪੁਰਸਕਾਰ। ਭਾਰਤ ਦਾ ਅਦਾਰਾ ਪ੍ਰਚੀਨ ਕਲਾ ਕੇਂਦਰ ਕਲਚਰਲ ਚੰਡੀਗੜ ਵੱਲੋਂ ‘ਲਾਈਫ ਟਾਈਮ ਅਚੀਵਮੈਂਟ’ ਅਵਾਰਡ ਦਿੱਤਾ ਗਿਆ। ਹੁਣ ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਜੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਘੇ ਵਿਦਵਾਨ, ਸਿੱਖ ਇਤਿਹਾਸ ਦੇ ਖੋਜੀ ਪ੍ਰੋਫੈਸਰ ਡਾ. ਪਰਮਵੀਰ ਸਿੰਘ:- ਪ੍ਰੋਫੈਸਰ ਹਰਬੰਸ ਸਿੰਘ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਵਜੋਂ ਡਾ. ਪਰਮਵੀਰ ਸਿੰਘ ਸੇਵਾ ਨਿਭਾ ਰਹੇ ਹਨ। ਇਨ੍ਹਾਂ ਨੇ ਐਮ.ਏ. (ਫਿਲਾਸਫੀ, ਪੰਜਾਬੀ, ਰਿਲੀਜੀਅਸ ਸਟੱਡੀਜ਼), ਐਮ.ਫਿਲ. ਧਾਰਮਿਕ ਅਧਿਐਨ, ਪੀ.ਐਚ.ਡੀ. ਧਾਰਮਿਕ ਅਧਿਐਨ, ਨੈੱਟ (ਧਾਰਮਿਕ ਅਧਿਐਨ ਅਤੇ ਦਰਸ਼ਨ) ਦੀ ਵਿਦਿਅਕ ਯੋਗਤਾ ਹਾਸਲ ਕੀਤੀ ਹੈ। ਇਨ੍ਹਾਂ ਨੇ ਸਿੱਖਇਜ਼ਮ ਦਾ ਐਨਸਾਈਕਲੋਪੀਡੀਆ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਚਬਤੀ ਸੰਦੇਸ਼ ਦੇ ਸੰਪਾਦਕ ਇਨ ਚੀਫ ਵਜੋਂ ਪਸ਼ੰਸਾਜਨਕ ਸੇਵਾ ਨਿਭਾਈ ਹੈ। ਡਾ. ਸਾਹਿਬ ਗੁਰੂ ਤੇਗ਼ ਸਾਹਿਬ ਜੀ ਦੇ ਵੱਖ-ਵੱਖ ਪਹਿਲੂਆਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਯਾਦਗਾਰੀ ਪੁਸਤਕਾਂ ਦੀ ਰਚਨਾ ਕੀਤੀ ਹੈ। ਉਹ ਸਿੱਖ ਸੰਸਥਾਵਾਂ ਦੇ ਚੰਗੇ ਸਹਿਯੋਗੀ ਵਜੋਂ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਰਹੇ ਹਨ। ਡਾ. ਪਰਮਵੀਰ ਸਿੰਘ ਨੂੰ ਅਕਾਲੀ ਫੂਲਾ ਸਿੰਘ ਮੈਮੋਰੀਅਲ ਟਰੱਸਟ ਪਟਿਆਲਾ, ਸ਼੍ਰੋਮਣੀ ਗੁ: ਪ੍ਰ ਕਮੇਟੀ, ਵੱਲੋਂ ਭਾਈ ਗੁਰਦਾਸ ਸਿੱਖ ਬੁਧੀਜੀਵੀ ਸਨਮਾਨ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਯਾ (ਭਾਰਤ) ਰਜਿ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਿੱਖ ਇਤਿਹਾਸ ਖੋਜ ਬੋਰਡ ਸ਼੍ਰੋਮਣੀ ਕਮੇਟੀ, ਅਕਾਦਮਿਕ ਕੌਂਸਲ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ, ਫੈਕਲਟੀ ਆਫ਼ ਸੋਸ਼ਲ ਸਾਇੰਸਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ।, ਬੋਰਡ ਆਫ਼ ਸਟੱਡੀਜ਼ ਧਰਮ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਭਾਗ ਸਟੱਡੀਜ਼, ਗੁਰਮਤਿ ਸੰਗੀਤ ਵਿਭਾਗ, ਬੋਰਡ ਆਫ਼ ਸਟੱਡੀਜ਼ ਇਨ ਰਿਲੀਜੀਅਸ ਸਟੱਡੀਜ਼ ਖ਼ਾਲਸਾ ਕਾਲਜ, ਪਟਿਆਲਾ।, ਅੰਡਰ ਗਰੈਜੂਏਟ ਬੋਰਡ ਆਫ਼ ਸਟੱਡੀਜ਼, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ।, ਗਵਰਨਿੰਗ ਕੌਂਸਲ ਅਤੇ ਅਕਾਦਮਿਕ ਕੌਂਸਲ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ। ਡਾ: ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਦੇ ਮੈਂਬਰ ਰਹੇ ਹਨ।
ਇਨ੍ਹਾਂ ਵੱਲੋਂ ਸਿੱਖ ਜੀਵਨ-ਜਾਚ, ਸਿੱਖ ਗੁਰੂ: ਸੰਕਲਪ ਅਤੇ ਸੱਭਿਆਚਾਰ, ਭਾਈ ਰੂਪ ਚੰਦ, ਗੁਰੂ ਗ੍ਰੰਥ ਸਾਹਿਬ: ਚਿੰਤਨ ਅਤੇ ਵੀਚਾਰਧਾਰਾ, ਸਰਦੂਲ ਸਿੰਘ ਕਵੀਸ਼ਰ, ਮਾਤਾ ਸੁੰਦਰੀ ਜੀ ਸੰਘਰਸ ਤੇ ਸਖਸ਼ੀਅਤ, ਭਾਰਤ ਦੇ ਪਰਮੁੱਖ ਧਰਮ, ਗੁਰੂ ਗੋਬਿੰਦ ਸਿੰਘ ਜੀ ਅਤੇ ਬਿਹਾਰ ਦੀ ਸਿੱਖ ਵਿਰਾਸਤ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੰਗਲਾਦੇਸ਼ ਦੇ ਗੁਰਧਾਮ, ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਤੇਗ ਬਹਾਦਰ: ਗੁਰਮੁਖੀ ਸਰੋਤ, ਗੁਰੂ ਤੇਗ ਬਹਾਦਰ: ਜੀਵਨ ਮਹਿਮਾ ਚਰਣ ਛੋਹਿ ਅਸਥਾਨ, ਗੁਰੂ ਤੇਗ਼ ਬਹਾਦਰ: ਜੀਵਨ ਯਾਤਰਾਵਾਂ ਅਤੇ ਸੰਦੇਸ਼, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਆਦਿ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਜੀ ਯਾਦਗਾਰੀ ਐਵਾਰਡ ਦਿਤਾ ਜਾਵੇਗਾ।
ਪੰਜਾਬੀ ਸਾਹਿਤ ਦੇ ਖੋਜ ਚਿੰਤਕ ਪ੍ਰੋਫੈਸਰ ਡਾ. ਧਰਮ ਸਿੰਘ :- ਗੁਰਮੁਖੀ ਹਥ-ਲਿਖਤ ਵਿਦਿਆ ਦੇ ਵਿਸ਼ੇਸ਼ਗ ਡਾ. ਧਰਮ ਸਿੰਘ (ਅੰਮ੍ਰਿਤਸਰ) ਦਾ ਸਮੁਚਾ ਜੀਵਨ ਪੰਜਾਬੀ/ਗੁਰਮੁਖੀ ਦੇ ਅਧਿਐਨ, ਅਧਿਆਪਨ ਅਤੇ ਖੋਜ ਨੂੰ ਸਮਰਪਿਤ ਰਿਹਾ ਹੈ। ਪੰਜਾਬੀ ਸਾਹਿਤਕ ਖੋਜ ਵਿੱਚ ਡਾ. ਧਰਮ ਸਿੰਘ ਇੱਕ ਜਾਣਿਆ ਪਛਾਣਿਆ ਨਾਮ ਹੈ। ਪੰਜਾਬੀ ਖੋਜ ਦੇ ਇਤਿਹਾਸ ਦੇ ਸਰਵੇਖਣ ਅਤੇ ਮੁਲਾਂਕਣ ਵਿੱਚ ਸ਼ਾਨਦਾਰ ਤੇ ਪ੍ਰਸ਼ਸਾਜਨਕ ਕਾਰਜ ਹੈ। ਇਨ੍ਹਾਂ ਦੀਆਂ 14 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ ਪੰਜਾਬੀ ਬੋਲੀ ਦੇ ਇਕ ਮਾਣਯੋਗ ਹਸਤਾਖਰ ਹਨ। ਪੰਜਾਬੀ ਅਧਿਐਨ ਨਾਲ ਜੁੜੀਆਂ ਪਿਛਲੇ ਚਾਰ ਦਹਾਕਿਆਂ ਦੀਆਂ ਗਤੀਵਿਧੀਆਂ ਦੇ ਆਪ ਚਸ਼ਮਦੀਦ ਗਵਾਹ ਹਨ। ਆਪ ਨੇ ਮਧਕਾਲ ਦੇ ਗੁਰਮੁਖੀ ਸਾਹਿਤ ਬਾਰੇ ਇਕ ਸੰਸਥਾ ਵਾਂਗ ਕਾਰਜ ਕੀਤਾ ਹੈ।ਇਨ੍ਹਾਂ ਦੀਆਂ ਪੰਜਾਬੀ ਸਾਹਿਤ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਵੱਖ-ਵੱਖ ਯੂੂਨੀਵਰਸਿਟੀਆਂ ਵਿਚ ਬੀ. ਏ., ਐਮ. ਏ. ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ। ਡਾ. ਧਰਮ ਸਿੰਘ ਨੇ ਪੂਰੀ ਅਧੀ ਸਦੀ ਤਕ ਪੰਜਾਬੀ ਮਾਂ ਬੋਲੀ ਦਾ ਪਰਚਮ ਧੜੱਲੇ ਨਾਲ ਲਹਿਰਾਅ ਕੇ ਰਖਿਆ ਹੈ। ਇਨ੍ਹਾਂ ਦੁਆਰਾ ਲਿਖੇ ਖੋਜ -ਪੱਤਰ ਅਤੇ ਲੇਖ ਪੰਜਾਬੀ ਅਖਬਾਰਾਂ ਵਿਚ ਸਮੇਂ ਸਮੇਂ `ਤੇ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਆਪ ਦਾ ਜਨਮ 05 ਮਈ, 1940 ਨੂੰ ਪਿਤਾ ਸ. ਬੰਤਾ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁਖੋਂ ਪਿੰਡ ਕਾਲੇ ਘਣੂਪੁਰ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਸ ਸਮੇਂ ਆਪ ਜੀਵਨ ਦੇ 84 ਵਰ੍ਹਿਆਂ ਦੀ ਅਉਧ ਹੰਢਾ ਚੁੱਕੇ ਹਨ। ਪੰਜਾਬੀ ਦੇ ਸੁਹਿਰਦ ਅਧਿਆਪਕ ਅਤੇ ਖੋਜੀ ਨੂੰ ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਯਾਦਗਾਰੀ ਐਵਾਰਡ ਦਿਤਾ ਜਾਵੇਗਾ।
ਉਘੇ ਸਨਤਕਾਰ ਸ. ਹਰਪਾਲ ਸਿੰਘ ਭਾਟੀਆ ਇੰਦੌਰ:- ਇੰਦੌਰ ਦੇ ਨਾਮਵਰ ਸਿੱਖ ਘਰਾਣੇ ਦੇ ਮਾਲਕ ਸ. ਗੁਰਦੀਪ ਸਿੰਘ ਭਾਟੀਆ ਦੇ ਗ੍ਰਹਿ ਅਤੇ ਮਾਤਾ ਸੁਰਿੰਦਰ ਕੌਰ ਭਾਟੀਆ ਦੀ ਕੁੱਖੋਂ ਪੈਦਾ ਹੋਇਆ ਇਹ ਹੋਣਹਾਰ ਸਪੁੱਤਰ ਸ. ਹਰਪਾਲ ਸਿੰਘ ਭਾਟੀਆ ਆਪਣੇ ਪਿਤਾ ਜੀ ਦੇ ਜੀਵਨ ਰਾਹਾਂ ਤੇ ਚਲਦਿਆਂ ਹਰ ਖੇਤਰ ਵਿੱਚ ਚੰਗਾ ਤੇ ਪ੍ਰਸ਼ੰਸਾਜਨਕ ਨਾਮ ਕਮਾ ਰਹੇ ਹਨ ਅਤੇ ਸੁਖਦ ਗੁਰਸਿੱਖੀ ਜੀਵਨ ਜੀ ਰਹੇ ਹਨ। ਆਪ ਕਾਰਮਰਸ ਗ੍ਰੈਜੂਏਟ ਹਨ ਅਤੇ ਪ੍ਰੇਮਨਗਰ ਮਾਨਿਕ ਬਾਗ਼ ਰੋਡ ਇੰਦੌਰ ਵਿਖੇ ਰਹਿ ਰਹੇ ਹਨ। ਉਘੇ ਸਨਤਕਾਰ ਅਤੇ ਗੁਰੂ ਘਰ ਦੇ ਨਿਮਰ ਪ੍ਰੇਮੀ ਹਨ। ਉਨ੍ਹਾਂ ਨੇ ਸਮਾਜ ਭਲਾਈ ਵਾਸਤੇ ਅਨੇਕਾਂ ਕਾਰਜ ਅਰੰਭੇ ਹੋਏ ਹਨ। ਬੋਰਡ ਆਫ਼ ਗਵਰਨਰ ਡੇਲੀ ਕਾਲਜ ਇੰਦੌਰ, ਪ੍ਰਧਾਨ ਮੱਧ ਪ੍ਰਦੇਸ ਅਤੇ ਛੱਤੀਸਗੜ੍ਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ। ਸਾਬਕਾ ਮੈਂਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ। ਐਸੋਸੀਏਟ ਮੈਂਬਰ, ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਕਨਵੀਨਰ ਮੱਧ ਪ੍ਰਦੇਸ਼। ਮੈਂਬਰ ਚੀਫ਼ ਖਾਲਸਾ ਦੀਵਾਨ। ਪ੍ਰਧਾਨ ਮੱਧ ਪ੍ਰਦੇਸ਼ ਅਤੇ ਗਲੋਬਲ ਮੀਤ ਪ੍ਰਧਾਨ, ਵਰਲਡ ਸਿੱਖ ਚੈਂਬਰ ਆਫ਼ ਕਾਮਰਸ। ਪ੍ਰਧਾਨ ਮੱਧ ਪ੍ਰਦੇਸ਼, ਵਿਸ਼ਵ ਪੰਜਾਬੀ ਸੰਸਥਾ। ਮੈਂਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਸਪੀਟਲ ਮੈਡੀਕਲ ਕਾਲਜ ਅਤੇ ਸਕੂਲ ਨੰਦੇੜ। ਮੈਂਬਰ ਕਾਲਜ ਵਿਕਾਸ ਕਮੇਟੀ ਗੁਰੂ ਨਾਨਕ ਖਾਲਸਾ ਕਾਲਜ ਆਫ਼ ਆਰਟਸ, ਸਾਇੰਸ ਐਂਡ ਕਾਮਰਸ ਮੁੰਬਈ ਤੋਂ ਇਲਾਵਾ ਉਹ ਕਈ ਵਿਉਪਾਰਕ, ਅਦਾਰਿਆਂ ਦੇ ਮਾਲਕ ਅਤੇ ਸਲਾਹਕਾਰ ਹਨ। ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਜੀ ਯਾਦਗਾਰੀ ਐਵਾਰਡ ਨਾਲ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
-
ਦਿਲਜੀਤ ਸਿੰਘ ਬੇਦੀ, ਲੇਖਕ
budhadalamritsar@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.