ਗੁਰਦੀਸ਼ ਕੌਰ ਗਰੇਵਾਲ ਪੰਜਾਬੀ ਦੀ ਸਮਰੱਥ ਸਾਹਿਤਕਾਰ ਹੈ। ਉਹ ਸਾਹਿਤ ਦੇ ਚਾਰ ਰੂਪਾਂ ਕਵਿਤਾ, ਗੀਤ, ਗ਼ਜ਼ਲ ਅਤੇ ਵਾਰਤਕ ਲਿਖਦੀ ਹੈ। ਉਸ ਦੀਆਂ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਕਵਿਤਾ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਮੈਨੂੰ ਉਸ ਦੀਆਂ ਸਾਰੀਆਂ ਪੁਸਤਕਾਂ ਪੜ੍ਹਨ ਦਾ ਮਾਣ ਪ੍ਰਾਪਤ ਹੈ। ਉਸ ਦੇ ਵਿਸ਼ੇ ਆਮ ਤੌਰ ‘ਤੇ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਪ੍ਰਕ੍ਰਿਤੀ ਨਾਲ ਸੰਬੰਧਤ ਹੁੰਦੇ ਹਨ। ਉਹ ਮੁੱਢਲੇ ਤੌਰ ‘ਤੇ ਸਿੱਖ ਧਰਮ ਨੂੰ ਪ੍ਰਣਾਈ ਹੋਈ ਸਾਹਿਤਕਾਰ ਹੈ। ਉਸ ਦੀ ਸ਼ਬਦਾਵਲੀ ਮਲਵਈ ਭਾਸ਼ਾ ਵਿੱਚ ਰੰਗੀ ਹੋਈ ਹੁੰਦੀ ਹੈ।
ਉਸ ਦੀ ਹਰ ਰਚਨਾ ਵਿੱਚੋਂ ਸਿੱਖ ਧਰਮ ਦੀ ਵਿਚਾਰਧਾਰਾ ਦੀ ਖ਼ੁਸ਼ਬੋ ਆਉਂਦੀ ਹੈ। ‘ਆ ਨੀ ਚਿੜੀਏ’ ਬੱਚਿਆਂ ਲਈ ਉਸ ਦੀ ਇਹ ਪਲੇਠੀ ਕਾਵਿ ਪੁਸਤਕ ਹੈ। ਵਡੇਰੀ ਉਮਰ ਵਿੱਚ ਬੱਚਿਆਂ ਲਈ ਲਿਖਣਾ ਹੋਰ ਵੀ ਮੁਸ਼ਕਲ ਹੁੰਦਾ ਹੈ ਕਿਉਂਕਿ ਬੱਚਿਆਂ ਲਈ ਲਿਖਣ ਸਮੇਂ ਖੁਦ ਬੱਚਾ ਬਣਕੇ ਲਿਖਣਾ ਪੈਂਦਾ ਹੈ। ਬਚਪਨ ਦੀ ਸਥਿਤੀ ਵਿੱਚ ਪਹੁੰਚਕੇ ਲਿਖਣਾ ਪੈਂਦਾ ਹੈ ਤਾਂ ਜੋ ਬੱਚੇ ਸਮਝ ਸਕਣ। ਵੈਸੇ ਕਿਤੇ ਵਜੋਂ ਗੁਰਦੀਸ਼ ਕੌਰ ਗਰੇਵਾਲ ਅਧਿਆਪਕਾ ਰਹੀ ਹੈ, ਇਸ ਲਈ ਉਸ ਦਾ ਵਾਹ ਬੱਚਿਆਂ/ਵਿਦਿਆਰਥੀਆਂ ਨਾਲ ਪੈਂਦਾ ਰਿਹਾ ਹੈ। ਇਸ ਕਰਕੇ ਉਹ ਬੱਚਿਆਂ ਦੀ ਮਾਨਸਿਕਤਾ ਬਾਰੇ ਵੀ ਭਲੀ ਭਾਂਤ ਜਾਣਕਾਰੀ ਰੱਖਦੀ ਹੈ। ਗੁਰਦੀਸ਼ ਕੌਰ ਗਰੇਵਾਲ ਦੀ ਬਾਲ ਕਵਿਤਾਵਾਂ ਦੀ ਪੁਸਤਕ ‘ਆ ਨੀ ਚਿੜੀਏ’ ਬੱਚਿਆਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋਵੇਗੀ। ਜਿਹੋ ਜਹੇ ਵਾਤਾਵਰਨ ਅਤੇ ਹਾਲਾਤ ਵਿੱਚ ਬੱਚੇ ਵਿਚਰਦੇ ਹਨ, ਅਰਥਾਤ ਉਨ੍ਹਾਂ ਦੀ ਪਰਵਰਿਸ਼ ਹੁੰਦੀ ਹੈ, ਬਾਲ ਕਵਿਤਾਵਾਂ ਉਹੋ ਜਹੀਆਂ ਹੀ ਸਰਲ ਭਾਸ਼ਾ ਵਿੱਚ ਹੋਣੀਆਂ ਚਾਹੀਦੀਆਂ ਹਨ। ਕਵਿਤਰੀ ਭਾਵੇਂ ਇਸ ਸਮੇਂ ਪਰਵਾਸ ਵਿੱਚ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਰਹਿ ਰਹੀ ਹੈ ਪ੍ਰੰਤੂ ਪੰਜਾਬੀ ਭਾਸ਼ਾ, ਸਭਿਅਚਾਰ ਅਤੇ ਰਹਿਤਲ ਨਾਲ ਗੜੁੱਚ ਹੈ। ਉਸ ਦਾ ਪੇਕਾ ਪਰਿਵਾਰ ਜਲੰਧਰ ਜਿਲ੍ਹੇ ਨਾਲ ਸੰਬੰਧ ਰੱਖਦਾ ਹੈ, ਜਿਸ ਕਰਕੇ ਉਸ ਦਾ ਪਾਲਣ ਪੋਸ਼ਣ ਉਥੇ ਹੀ ਹੋਇਆ ਹੈ ਪ੍ਰੰਤੂ ਉਸ ਦਾ ਵਿਆਹ ਲੁਧਿਆਣਾ ਜਿਲ੍ਹੇ ਵਿੱਚ ਹੋਣ ਕਰਕੇ ਉਸ ਨੇ ਆਪਣਾ ਸਾਰਾ ਜੀਵਨ ਲੁਧਿਆਣਾ ਵਿਖੇ ਬੱਚਿਆਂ ਨੂੰ ਪੜ੍ਹਾਉਦਿਆਂ ਬਸਰ ਕੀਤਾ ਹੈ। ਇਸ ਕਰਕੇ ਉਸ ਦੀ ਲੇਖਣੀ ਵਿੱਚ ਮਲਵਈ ਮਹਿਕ ਆਉਂਦੀ ਹੈ। ਉਹ ਹਮੇਸ਼ਾ ਪੰਜਾਬ ਦੀ ਮਿੱਟੀ ਦੀ ਮਹਿਕ ਖਿਲਾਰਦੀ ਰਹਿੰਦੀ ਹੈ। ਗੁਰਦੀਸ਼ ਕੌਰ ਗਰੇਵਾਲ ਦੀਆਂ ਸਾਰੀਆਂ ਬਾਲ ਕਵਿਤਾਵਾਂ ਇਨ੍ਹਾਂ ਮਾਪ ਦੰਡਾਂ ‘ਤੇ ਪੂਰੀਆਂ ਉਤਰਦੀਆਂ ਹਨ। ਬੱਚਿਆਂ ਦੇ ਮਨ ਸੰਗੀਤ ਦੀਆਂ ਧੁਨਾਂ ਅਤੇ ਗੂੜ੍ਹੇ ਸ਼ੋਖ਼ ਰੰਗਾਂ ਤੋਂ ਬਹੁਤ ਜਲਦੀ ਪ੍ਰਭਾਵਤ ਹੁੰਦੇ ਹਨ। ਗੀਤ/ਕਵਿਤਾਵਾਂ ਨੂੰ ਸਮਝਣ ਲਈ ਹਰ ਕਵਿਤਾ/ਗੀਤ ਦੇ ਨਾਲ ਸ਼ੋਖ਼ ਰੰਗਾਂ ਵਾਲੇ ਚਿਤਰ ਦਿੱਤੇ ਗਏ ਹਨ। ਸ਼ੋਖ਼ ਰੰਗ ਵੀ ਬੱਚਿਆਂ ਦੇ ਮਨਾਂ ਨੂੰ ਮੋਂਹਦੇ ਹੋਏ ਅਤਿਅੰਤ ਪ੍ਰਭਾਵਤ ਕਰਦੇ ਹਨ। ਰੰਗਾਂ, ਚਿਤਰਾਂ ਅਤੇ ਕਾਵਿ ਸ੍ਰੋਦੀ ਸ਼ੈਲੀ ਵਾਲੀਆਂ ਕਵਿਤਾਵਾਂ/ਗੀਤ ਸੋਨੇ ਤੇ ਸੁਹਾਗੇ ਦਾ ਕੰਮ ਕਰਨਗੇ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ/ਗੀਤ ਵੀ ਲੈ ਬੱਧ, ਸ੍ਰੋਦੀ ਤੇ ਸੰਗੀਤਮਈ ਹਨ, ਜਿਸ ਕਰਕੇ ਇਨ੍ਹਾਂ ਦਾ ਬੱਚਿਆਂ ਦੇ ਮਨਾ ‘ਤੇ ਗਹਿਰਾ ਪ੍ਰਭਾਵ ਪਵੇਗਾ। ਬੱਚਿਆਂ ਦਾ ਪੰਜਾਬੀ ਬੋਲੀ ਨਾਲ ਮੋਹ ਤੇ ਲਗਾਵ ਵਧੇਗਾ। ਕਾਵਿ ਸੰਗ੍ਰਹਿ ਦੀ ਇਹ ਵੱਡੀ ਪ੍ਰਾਪਤੀ ਹੋਵੇਗੀ ਕਿਉਂਕਿ ਅੱਜ ਕਲ੍ਹ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹਾਉਣ ਦੀ ਪ੍ਰਵਿਰਤੀ ਭਾਰੂ ਹੈ। ਜੇਕਰ ਉਨ੍ਹਾਂ ਸਕੂਲਾਂ ਵਿੱਚ ਵੀ ਅਜਿਹੇ ਗੂੜ੍ਹੇ ਰੰਗਾਂ ਵਾਲੇ ਚਿਤਰਾਂ ਵਾਲੀਆਂ ਪੁਸਤਕਾਂ ਨਾਲ ਪੜ੍ਹਾਇਆ ਜਾਵੇ ਤਾਂ ਬੱਚੇ ਜ਼ਰੂਰ ਪੰਜਾਬੀ ਨੂੰ ਪ੍ਰਵਾਨ ਕਰਨਗੇ। ਇਹ ਬਾਲ ਕਾਵਿ ਸੰਗ੍ਰਹਿ ਪ੍ਰਵਾਸ ਵਿੱਚ ਵਸੇ ਬੱਚਿਆਂ ਲਈ ਵੀ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗਾ, ਕਿਉਂਕਿ ਬੱਚਿਆਂ ਲਈ ਇਹ ਕਵਿਤਾਵਾਂ ਉਥੇ ਦੇ ਵਾਤਾਵਰਨ ਮੁਤਾਬਕ ਬੱਚਿਆਂ ਲਈ ਅਚੰਭਾ ਹੋਣਗੀਆਂ। ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਅਚੰਭਾ ਲਗਦੀਆਂ ਹਨ, ਉਨ੍ਹਾਂ ਵਲ ਉਹ ਜਲਦੀ ਉਤੇਜਤ ਹੁੰਦੇ ਹਨ। ਜਾਨਵਰਾਂ, ਸ਼ੇਰਾਂ, ਜੈਬਰਿਆਂ, ਲੰਗੂਰਾਂ, ਮੋਰਾਂ, ਪੰਛੀਆਂ, ਪਸ਼ੂਆਂ, ਰੰਗ ਬਿਰੰਗੇ ਫੁੱਲਾਂ, ਤਿਤਲੀਆਂ, ਪਤੰਗਾਂ, ਬੱਚਿਆਂ, ਗੁਬਾਰਿਆਂ, ਰੁੱਖਾਂ, ਸਾਈਕਲ ਚਲਾਉਂਦੇ ਬੱਚਿਆਂ, ਜਹਾਜ, ਮੰਮੀ ਪਾਪਾ ਅਤੇ ਦਾਦਾ ਦਾਦੀਆਂ ਆਦਿ ਦੀਆਂ ਤਸਵੀਰਾਂ ਬੱਚਿਆਂ ਲਈ ਖਿਚ ਦਾ ਕਾਰਨ ਬਣਨਗੀਆਂ। ਅਰਥਾਤ ਉਨ੍ਹਾਂ ਬਾਰੇ ਜਾਨਣਾ ਚਾਹੁੰਣਗੇ। ਆਧੁਨਿਕ ਯੁਗ ਦੇ ਬੱਚੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਹਨ। ਇਨ੍ਹਾਂ ਬਾਲ ਕਵਿਤਾਵਾਂ/ਗੀਤਾਂ ਦੀ ਇੱਕ ਹੋਰ ਖ਼ੂਬੀ ਹੈ ਕਿ ਇਨ੍ਹਾਂ ਵਿੱਚ ਵਿਗਿਆਨਕ ਸੁਰ ਵੀ ਵਿਖਾਈ ਦਿੰਦੀ ਹੈ, ਜਿਵੇ ‘ਸਾਡੀ ਧਰਤੀ ਮਾਂ’ ਕਵਿਤਾ ਵਿੱਚ ਧਰਤੀ ਦਾ ਪਾਣੀ ਦੇਣਾ, ਮਿੱਟੀ ਵਿੱਚੋਂ ਪੌਦੇ ਬਾਹਰ ਆਉਣੇ ਅਤੇ ਰੁੱਖਾਂ ਦਾ ਉਗਣਾ ਵਿਗਿਆਨ ‘ਤੇ ਅਧਾਰਤ ਅਟੱਲ ਸਚਾਈਆਂ ਹਨ। ਕਵਿਤਾਵਾਂ ਦੀ ਵਿਗਿਆਨਕ ਸੁਰ ਸਾਡੀ ਧਰਤੀ ਮਾਂ ਕਵਿਤਾ ਵਿੱਚ ਵਿਖਾਈ ਦਿੰਦੀ ਹੈ, ਜਦੋਂ ਮਵਿਤਰੀ ਲਿਖਦੀ ਹੈ:
ਧਰਤੀ ਮਾਂ ਦੀ ਅਜਬ ਕਹਾਣੀ, ਦਿੰਦੀ ਸਾਨੂੰ ਦਾਣਾ ਪਾਣੀ।
ਮਿੱਟੀ ਦੇ ਵਿੱਚ ਬੀਜ ਲੁਕਾਏ, ਬਣ ਕੇ ਪੌਦੇ ਬਾਹਰ ਆਏ।
ਘਲ ਫ਼ੁੱਲੇ ਸਬਜ਼ੀ ਦੇਵ, ਦਾਲਾਂ ਚੌਲ ਤੇ ਸੁੱਕੇ ਮੇਵੇ।
ਇਸੇ ਤਰ੍ਹਾ ‘ਇੱਕ ਰੁੱਖ ਸੌ ਸੁੱਖ’ ਕਵਿਤਾ ਵੀ ਵਿਗਿਆਨਕ ਲੀਹਾਂ ‘ਤੇ ਹੈ:
ਸਾਡੇ ਪਿਛਵਾੜੇ ਹੈ ਰੁੱਖ, ਸਾਨੂੰ ਦਿੰਦਾ ਸੁੱਖ।
ਜਦ ਮੈਂ ਧੁੱਪੇ ਸੜਦਾ ਹੋਵਾਂ, ਭੱਜ ਕੇ ਰੁੱਖ ਦੇ ਹੇਠ ਖਲੋਵਾਂ।
ਕੁਦਰਤ ਦੇ ਕ੍ਰਿਸ਼ਿਮਿਆਂ ਬਾਰੇ ਵੀ ਕਵਿਤਾਵਾਂ ਹਨ, ਜਿਨ੍ਹਾਂ ਨੂੰ ਬੱਚੇ ਪਸੰਦ ਕਰਦੇ ਹਨ। ਆਧੁਨਿਕ ਸਮੇਂ ਦੇ ਬੱਚੇ ਸਚਾਈ ਤੋਂ ਦੂਰ ਦੀਆਂ ਗੱਲਾਂ ‘ਤੇ ਯਕੀਨ ਨਹੀਂ ਕਰਦੇ। ‘ਆ ਨੀ ਚਿੜੀਏ ’ ਕਾਵਿ ਸੰਗ੍ਰਹਿ ਵਿੱਚ 29 ਗੀਤ/ਕਵਿਤਾਵਾਂ ਹਨ। ਕਾਵਿ ਸੰਗ੍ਰਹਿ ਦਾ ਨਾਮ ‘ਆ ਨੀ ਚਿੜੀਏ’ ਬਹੁਤ ਹੀ ਢੁਕਵਾਂ ਹੈ। ਚਿੜੀ ਬੱਚਿਆਂ ਲਈ ਮਨਮੋਹਕ ਤੇ ਅਚੰਭਾ ਹੁੰਦੀ ਹੈ। ‘ਚਿੜੀਆ ਘਰ ਦੀ ਸੈਰ’ ਵਰਗੀ ਕਵਿਤਾ ਪੜ੍ਹਕੇ ਬੱਚੇ ਜਾਨਵਰਾਂ ਨੂੰ ਵੇਖਣ ਦੇ ਇੱਛਕ ਹੋਣਗੇ ਅਤੇ ਇਨ੍ਹਾਂ ਜਾਨਵਰਾਂ ਰਾਹੀਂ ਆਪਣੀ ਵਿਰਾਸਤ ਦੀ ਜਾਣਕਾਰੀ ਪ੍ਰਾਪਤ ਕਰਨਗੇ। ਕਵਿਤਾਵਾਂ/ਗੀਤਾਂ ਦੇ ਸਿਰਲੇਖ ਵੀ ਰੋਜ਼ਾਨਾ ਜੀਵਨ ਵਿੱਚੋਂ ਲਏ ਗਏ ਹਨ, ਜਿਨ੍ਹਾਂ ਦਾ ਬੱਚਿਆਂ ਨਾਲ ਹਰ ਰੋਜ਼ ਵਾਹ ਪੈਂਦਾ ਹੈ। ਉਦਾਹਰਣ ਲਈ ਮੇਰੇ ਡੈਡੀ, ਮੇਰੀ ਮੰਮੀ, ਮੇਰਾ ਸਾਈਕਲ, ਜਨਮ ਦਿਨ, ਦਾਦਾ-ਦਾਦੀ, ਚੰਦ ਤੇ ਤਾਰੇ, ਇਕ ਸੀ ਚਿੜੀ, ਰੱਬਾ ਰੱਬਾ ਮੀਂਹ ਵਰ੍ਹਾ, ਰੰਗ ਬਰੰਗੇ ਫੁੱਲ, ਸਾਡੀ ਧਰਤੀ ਮਾਂ, ਨੰਨ੍ਹੀ ਪਰੀ, ਆ ਨੀ ਤਿਤਲੀ ਅਤੇ ਆਓ ਪਤੰਗ ਉਡਾਈਏ ਆਦਿ।
32 ਪੰਨਿਆਂ, 10 ਡਾਲਰ ਕੀਮਤ, ਵਿਲੱਖਣ ਰੰਗਦਾਰ ਮੁੱਖ ਕਵਰ ਵਾਲਾ ਇਹ ਬਾਲ ਕਾਵਿ ਸੰਗ੍ਰਹਿ ਗੋਸਲ ਪ੍ਰਕਾਸ਼ਨ, ਪਿੰਡ ਗੋਸਲ, ਡਾਕ : ਸਹਾਰਨ ਮਾਜਰਾ, ਤਹਿਸੀਲ : ਪਾਇਲ, ਜ਼ਿਲ੍ਹਾ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.