ਸਾਹਿਤ ਦੀ ਇਕ ਵਿਧਾ ਹੈ ਗੀਤਕਾਰੀ। ਗੀਤਕਾਰੀ ਬਹੁਤ ਪਿਆਰੀ ਤੇ ਮਸ਼ਹੂਰ ਵਿਧਾ ਹੈ। ਜੇ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਗੀਤ ਇੱਕ ਐਸੀ ਕਲਾਮਈ ਪੇਸ਼ਕਾਰੀ ਹੁੰਦੀ ਹੈ, ਜਿਸ ਵਿੱਚ ਸੁਰਾਂ ਦੀ ਇੱਕ ਲਹਿਰ ਹੁੰਦੀ ਹੈ। ਹਰ ਇਨਸਾਨ ਆਪਣੀ ਜ਼ਿੰਦਗੀ ਚ ਕਦੇ ਨਾ ਕਦੇ ਗੀਤ ਜ਼ਰੂਰ ਗਾਉਂਦਾ ਹੈ ਤੇ ਲਿਖਦਾ ਹੈ। ਖਾਸਤੌਰ ਤੌਰ ਤੇ ਭਾਰਤੀ ਉਪਮਹਾਂਦੀਪ ਵਿਚ ਹਿੰਦੀ ਬਾਲੀਵੁੱਡ ਗੀਤ ਬਹੁਤ ਪਸੰਦ ਕੀਤੇ ਜਾਂਦੇ ਹਨ। ਜੇ ਇਸ ਖਿੱਤੇ ਦੇ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਦੀ ਵਸੋਂ ਵੀ ਗੀਤਕਾਰੀ ਤੇ ਉਸਦੀ ਗਾਇਕੀ ਬਹੁਤ ਪਸੰਦ ਕਰਦੀ ਹੈ। ਕਦੇ ਇਥੋਂ ਦੀ ਨੌਜਵਾਨੀ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਅਤਾਉਲ ਖ਼ਾਨ, ਗੁਰਦਾਸ ਮਾਨ, ਗੁਲਾਮ ਅਲੀ, ਹਰਭਜਨ ਮਾਨ, ਹੰਸ ਰਾਜ ਹੰਸ, ਹਾਕਮ ਸੂਫ਼ੀ, ਜਗਜੀਤ ਸਿੰਘ, ਕੁਲਦੀਪ ਮਾਣਕ, ਮੁਹੰਮਦ ਰਫ਼ੀ, ਨੁਸਰਤ ਫ਼ਤਹਿ ਅਲੀ ਖ਼ਾਨ, ਰੇਸ਼ਮਾ, ਰਣਜੀਤ ਕੌਰ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਪਾਲੀ ਦੇਤਵਾਲੀਆ, ਅਮਰ ਸਿੰਘ ਚਮਕੀਲਾ, ਨਸੀਬੋ ਲਾਲ ਆਦਿ ਨੂੰ ਸੁਣਦੀ ਸੀ ਤੇ ਸੁਣ ਰਹੀ ਹੈ।
ਅਜਿਹਾ ਨਹੀਂ ਕਿ ਇਨਾਂ ਦੇ ਗੀਤਾਂ ਵਿਚ ਨੌਜਵਾਨਾਂ ਨੂੰ ਹੁਲਾਰਾ ਦੇਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਸਨ। ਬਹੁਤ ਸਾਰੇ ਇਨਾਂ ਨੇ ਅਜਿਹੇ ਗੀਤ ਵੀ ਗਾਏ, ਜਿਨਾਂ ਨੂੰ ਸੁਣਕੇ ਨੌਜਵਾਨ ਇਕ ਅਜੀਬ ਜਿਹੇ ਨਸ਼ੇ ਚ ਮਹਿਸੂਸ ਕਰਦੇ ਸਨ ਅਤੇ ਕਰਦੇ ਹਨ, ਪਰ ਇਨਾਂ ਦੇ ਗੀਤਾਂ ਵਿਚ ਅਜੌਕੀ ਗਾਇਕੀ ਵਾਲੀਆਂ ਨਸ਼ੀਲੀਆਂ ਤੇ ਹਥਿਆਰਬੰਦ ਲਹਿਰਾਂ ਨਹੀਂ ਸਨ। ਮੌਜੂਦਾ ਦੌਰ ਦੀ ਪੰਜਾਬੀ ਗੀਤਕਾਰੀ ਤੇ ਗਾਇਕੀ ਚ ਨਸ਼ਿਆਂ, ਹਥਿਆਰਾਂ ਤੇ ਫੁਕਰੇਪਣ ਦੀ ਜੋ ਤਾਰੀਫ ਕੀਤੀ ਜਾ ਰਹੀ ਹੈ, ਉਹ ਬਹੁਤ ਮਾੜਾ ਵਰਤਾਰਾ ਹੈ ਅਤੇ ਚਿੰਤਾਜਨਕ ਹੈ।
ਨੌਜਵਾਨੀ ਹਮੇਸ਼ਾ ਆਪਣੇ ਹਾਣ ਦਾ ਸਾਥ ਅਤੇ ਹਾਣਦੇ ਗੀਤਾਂ, ਕਵਿਤਾਵਾਂ, ਗਜ਼ਲਾਂ ਨੂੰ ਪਸੰਦ ਕਰਦੀ ਹੈ। ਸਮੇਂ ਨਾਲ ਮਿਲਕੇ ਚੱਲਣਾ ਇਕ ਬਹੁਤ ਵਧੀਆ ਗੱਲ ਹੈ। ਹੁਣ ਨੌਜਵਾਨੀ ਵਰਤਮਾਨ ਦੇ ਨਾਲ ਨਾਲ ਭਵਿੱਖ ਵੀ ਸੋਚਦੀ ਤੇ ਵਿਚਾਰਦੀ ਹੈ। ਅੱਜ ਦੀ ਪੰਜਾਬੀ ਗਾਇਕੀ ਚ ਜੋ ਰੁਝਾਨ ਦੇਖਣ ਨੂੰ ਮਿਲ ਰਹੇ ਹਨ, ਜਿਵੇਂ ਨਸ਼ਿਆਂ ਤੇ ਹਥਿਆਰਾਂ ਦੇ ਨਾਮ ਅਤੇ ਉਨਾਂ ਦੀ ਵਰਤੋਂ ਆਦਿ। ਇਹ ਬਹੁਤ ਚਿੰਤਾਜਨਕ ਹੈ। ਇਸ ਦੇ ਨਾਲ ਹੀ ਫੁਕਰੇਪਣ ਨੂੰ ਵਡਾਉਣਾ ਵੀ ਕੋਈ ਚੰਗਾ ਸੰਕੇਤ ਨਹੀਂ ਹੈ। ਬੇਸ਼ੱਕ ਮੁਹੰਮਦ ਸਦੀਕ ਨੇ ਇਕ ਗੀਤ ਗਾਇਆ ਸੀ ਕਿ "ਮੁੱਕਗੀ ਫੀਮ ਡੱਬੀ ਚੋਂ ਯਾਰੋ, ਕੋਈ ਅਮਲੀ ਦਾ ਡੰਗ ਸਾਰੋ"। ਪਰ ਅੱਜ ਦੀ ਗਾਇਕੀ ਅਮਲੀ ਹੋਣ ਨੂੰ ਹੀ ਵੱਡੀ ਸ਼ਾਨ ਕਹਿੰਦੀ ਹੈ। ਜਿਸ ਕਾਰਨ ਨੌਜਵਾਨ ਨਸ਼ਿਆਂ ਵੱਲ ਨੂੰ ਵੱਧ ਉਤਾਵਲੇ ਹੁੰਦੇ ਜਾ ਰਹੇ ਹਨ। ਜਦੋਂ ਨੌਜਵਾਨਾਂ ਦੇ ਕੰਨਾਂ ਚ ਦਾਰੂ, ਅਫੀਮ, ਚਿੱਟੇ, ਜਰਦਾ ਤੰਬਾਕੂ ਵਰਗੇ ਨਸ਼ਿਆਂ ਦੇ ਨਾਮ ਪੈਂਦੇ ਹਨ ਤਾਂ ਉਹ ਵੀ ਇਨਾਂ ਨੂੰ ਟ੍ਰਾਈ ਕਰਨ ਦੀ ਸੋਚਦੇ ਹਨ। ਬਹੁਤ ਸਾਰੇ ਨੌਜਵਾਨ ਇਨਾਂ ਨਵੇਂ ਗੀਤਾਂ ਦੇ ਬੋਲ ਸੁਣ ਕੇ ਅਤੇ ਫਿਲਮਾਂਕਣ ਦੇਖ ਕੇ ਹੀ ਨਸ਼ੇ ਵਰਤ ਲੈਂਦੇ ਹਨ। ਫਿਰ ਟੀਕੇ ਲਗਾਉਂਦੇ ਹੋਏ ਸਿਵਿਆਂ ਦੇ ਰਾਹ ਪੈਂ ਜਾਂਦੇ ਹਨ।
ਇਸ ਤੋਂ ਬਾਅਦ ਅੱਜ ਦੇ ਗੀਤਾਂ ਵਿਚ ਹਥਿਆਰਾਂ ਦਾ ਬਹੁਤ ਜਿਕਰ ਮਿਲ ਰਿਹਾ ਹੈ। ਹਥਿਆਰਾਂ ਤੇ ਪਹਿਲਾਂ ਵੀ ਗੀਤ ਲਿਖੇ ਅਤੇ ਗਾਏ ਗਏ ਹਨ। ਉਨਾਂ ਗੀਤਾਂ ਚ ਜਿਆਦਾਤਰ ਰਵਾਇਤੀ ਹਥਿਆਰਾਂ ਦੇ ਨਾਲ ਬੰਦੂਕ ਦਾ ਵਰਣਨ ਮਿਲਦਾ ਹੈ। ਅੱਜ ਕੱਲ੍ਹ ਹਥਿਆਰਾਂ ਦੇ ਨਵੇਂ ਨਵੇਂ ਨਾਮ ਸੁਣਨ ਨੂੰ ਮਿਲ ਰਹੇ ਹਨ। ਉਨਾਂ ਨੂੰ ਕੋਲ ਰੱਖਣਾ ਤੇ ਦੁਨੀਆਂ ਤੇ ਰੋਹਬ ਮਾਰਨਾ, ਬਸ ਇਹ ਕੰਮ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ। ਅੱਗੇ ਇਸ ਤੋਂ ਵੱਧ ਕੇ ਕੁਝ ਨੌਜਵਾਨ ਗੈਰਕਾਨੂੰਨੀ ਹਥਿਆਰ ਖਰੀਦ ਰਹੇ ਹਨ। ਕੁਝ ਨੌਜਵਾਨ ਲਾਇਸੈਂਸੀ ਹਥਿਆਰ ਲੈ ਰਹੇ ਹਨ। ਭਾਵੇਂ ਉਨਾਂ ਨੂੰ ਪਾਥੀਆਂ ਪੱਥਣ ਵਾਲੀ ਥਾਂ ਵੇਚਣੀ ਪਵੇ। ਨਸ਼ਿਆਂ ਨੂੰ ਖਰੀਦਣ ਵਾਂਗ ਹੀ ਇਸ ਮਾਮਲੇ ਚ ਵੀ ਬੇਬੇ ਬਾਪੂ ਦੇ ਗੱਲ ਗੁੱਠਾ ਦੇ ਕੇ ਘਰੇ ਕਲੇਸ਼ ਕੀਤਾ ਜਾ ਰਿਹਾ ਹੈ। ਕਹਿੰਦੇ ਹਨ ਕਿ ਨਸ਼ਾ, ਹਥਿਆਰ ਤੇ ਫੁਕਰਾਪਣ ਹਮੇਸ਼ਾ ਲੜਾਈ ਝਗੜਾ ਅਤੇ ਖ਼ੂਨ ਭਾਲਦਾ ਹੈ।
ਫਿਰ ਕਿਸੇ ਬਦਕਿਸਮਤ ਨੌਜਵਾਨ ਤੋਂ ਕਿਧਰੇ ਹਥਿਆਰ ਚੱਲ ਜਾਂਦਾ ਹੈ ਜਾਂ ਲਹਿਰਾਇਆ ਜਾਂਦਾ ਹੈ। ਉਸ ਤੋਂ ਬਾਅਦ ਬਦਨਸੀਬ ਨੌਜਵਾਨ ਦੀ ਬੁਢਾਪੇ ਵੱਲ ਜਾਂਦੀ ਜਵਾਨੀ ਬਸ ਕੋਰਟ ਦੀਆਂ ਤਰੀਕਾਂ ਭੁਗਤ ਦੀ ਲੰਘ ਜਾਂਦੀ ਹੈ। ਇਥੇ ਨੋਟ ਕੀਤਾ ਹੋਵੇਗਾ ਕਿ ਕੋਰਟ ਚ ਇਕੱਲੀ ਇਕ ਤਾਰੀਕ ਪੈਣਾ ਹੀ ਨਹੀ, ਬਲਕਿ ਕਈ ਕਈ ਤਾਰੀਕਾਂ ਪੈਣ ਨੂੰ ਗੀਤਾਂ ਵਿਚ ਪੱਚੀ ਪਿੰਡਾਂ ਦੀ ਸਰਦਾਰੀ ਦੇ ਬਰਾਬਰ ਸਮਝਿਆ ਜਾਂਦਾ ਹੈ। ਵੈਸੇ ਵੀ ਜ਼ਮੀਨਾਂ, ਕੰਧਾਂ ਕੌਲਿਆਂ ਨੂੰ ਲੈ ਕੇ ਪਿੰਡਾਂ ਦੇ ਲੋਕ ਅਕਸਰ ਕੋਰਟ ਕੰਪਲੈਕਸ ਚ ਘੁੰਮਦੇ ਹੀ ਮਿਲ ਜਾਂਦੇ ਹਨ। ਇਸ ਤੋਂ ਅੱਗੇ ਹੁਣ ਦੇ ਗੀਤਾਂ ਚ ਜੇਲ ਜਾਣ ਨੂੰ ਦਿੱਲੀ ਸਰ ਕਰਨ ਦੇ ਬਰਾਬਰ ਗਿਣਿਆ ਜਾਂਦਾ ਹੈ। ਨੌਜਵਾਨ ਗੀਤਾਂ ਰਾਹੀਂ ਇਕ ਦੂਜੇ ਨੂੰ ਬੜੇ ਮਾਣ ਨਾਲ ਮਹਿਫਲਾਂ ਚ ਇਨਾਂ ਬਾਰੇ ਦੱਸਦੇ ਹਨ। ਜਿਵੇਂ ਬਾਬਰ ਦੇ ਬਰਾਬਰ ਪਾਨੀਪਤ ਦੀ ਜੰਗ ਲੜੀ ਹੋਵੇ।
ਇਸ ਤੋਂ ਬਾਅਦ ਜੇ ਜਿਕਰ ਕਰੀਏ ਤਾਂ ਉਹ ਚਿੰਤਾਜਨਕ ਵਿਸ਼ਾ ਗੀਤਾਂ ਵਿਚਲੀ ਫੁਕਰੇਪਣ ਦੀ ਪ੍ਰਵਿਰਤੀ ਦਾ ਹੈ। ਚਾਂਮਲਦਾ ਬੰਦਾ ਬਚਪਨ ਤੋਂ ਹੀ ਹੈ। ਇਕ ਦੂਜੇ ਨੂੰ ਨੀਵਾਂ ਵਿਖਾਕੇ ਇਕ ਮਾਨਸਿਕ ਸੁੱਖ ਤੇ ਨਸ਼ਾ ਮਹਿਸੂਸ ਕਰਦਾ ਹੈ, ਪਰ ਇਹ ਚਾਂਮਲਣਾ ਕਦੋਂ ਖਤਰਨਾਕ ਫੁਕਰੇਪਣ ਚ ਬਦਲ ਜਾਂਦਾ ਹੈ ਪਤਾ ਹੀ ਨਹੀਂ ਚਲਦਾ। ਅੱਜ ਕੱਲ੍ਹ ਪੰਜਾਬੀ ਗਾਇਕੀ ਦੇ ਨਾਲ ਨਾਲ ਪੂਰਾ ਪੰਜਾਬੀ ਸਮਾਜ ਸ਼ਦੀਦ ਫੁਕਰੇਪਣ ਦਾ ਸ਼ਿਕਾਰ ਹੈ। ਮਹਿੰਗੇ ਜਨਮਦਿਨ ਮਨਾਉਣੇ, ਖੁਸ਼ੀ ਮਰਗ ਦੇ ਭੋਗ ਪਾਉਣੇ, ਜ਼ਮੀਨਾਂ ਵੇਚ, ਬੈਂਕ ਲੋਨ ਲੈ ਕੇ ਵਿਆਹ ਮੰਗਣੇ ਕਰਨੇ, ਕੋਠੀਆਂ ਪਾਉਣੀਆਂ, ਟਰੈਕਟਰਾਂ ਨੂੰ ਚਲਦੇ ਫਿਰਦੇ ਡੀਜੇ ਬਣਾਉਣਾ, ਮਹਿੰਗੇ ਕੱਛੇ ਬਨੈਣਾਂ ਤੋਂ ਲੈ ਕੇ ਬੂਟ ਜੁਰਾਬਾਂ ਪਾਉਣੀਆਂ, ਮਰਗਾਂ ਤੇ ਜਾਣ ਲਈ ਅਲਗ ਮਹਿੰਗੇ ਲਿਬਾਸ ਪਾਉਣੇ, ਨਵੀਆਂ ਤੇ ਉਚੀਆਂ ਗੱਡੀਆਂ ਲੈਣੀਆਂ। ਇਹ ਸਭ ਫੁਕਰੇਪਣ ਦੀਆਂ ਨਿਸ਼ਾਨੀਆਂ ਹਨ। ਕਿਧਰੇ ਨਾ ਕਿਧਰੇ ਇਹ ਗੀਤਾਂ ਦੀ ਉਂਗਲ ਫੜ ਕੇ ਚਲ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਇਹ ਸਭ ਨੈਟ ਤੇ ਦੇਖਕੇ ਬਾਕੀ ਭਾਰਤ ਦੇ ਲੋਕ ਕਹਿ ਰਹੇ ਸਨ ਕਿ ਇਹ ਗਰੀਬ ਕਿਸਾਨ ਜਾਂ ਪੰਜਾਬੀ ਲਗਦੇ ਨਹੀਂ। ਬੇਸ਼ੱਕ ਜਿਆਦਾਤਰ ਦੀਆਂ ਲਿਮਟਾਂ ਅਤੇ ਕਿਸ਼ਤਾਂ ਟੁੱਟੀਆਂ ਹੋਈਆਂ ਸਨ। ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਹਾਂ ਚਾਂ ਬਾਜ਼ਾਰਾਂ ਤੇ ਸੜਕਾਂ ਤੇ ਫੁਕਰੇਪਣ ਨੂੰ ਦਿਖਾਉਂਦੇ ਪੰਜਾਬੀ ਦਿਖ ਜਾਂਦੇ ਹਨ। ਇਸ ਸਭ ਨੂੰ ਅਜੌਕੇ ਗੀਤ ਹੋਰ ਹੁਲਾਰਾ ਦੇ ਰਹੇ ਹਨ।
ਪ੍ਰਸ਼ਾਸਨ ਭਾਵੇਂ ਹਥਿਆਰਾਂ ਵਾਲੇ ਗੀਤਾਂ ਪ੍ਰਤੀ ਸੁਚੇਤ ਹੋਇਆ ਹੈ, ਪਰ ਅਜੌਕੇ ਸਮੇਂ ਚ ਇਹ ਰੋਕਣਾ ਨਾਮੁਮਕਿਨ ਹੈ ਕਿਉਂਕਿ ਅਜਿਹੇ ਗੀਤ ਇੰਟਰਨੈੱਟ ਤੇ ਪੰਜਾਬ ਦੇ ਬਾਹਰੋ ਰਿਲੀਜ ਕਰ ਦਿੱਤੇ ਜਾਂਦੇ ਹਨ। ਇਨਾਂ ਦਾ ਗਾਇਨ ਵੀ ਭਾਵੇਂ ਪੰਜਾਬੀ ਅਖਾੜਿਆਂ ਚ ਨਹੀਂ ਕੀਤਾ ਜਾਂਦਾ, ਪਰ ਸ਼ੰਭੂ ਤੋਂ ਪਾਰ ਤਾਂ ਕੋਈ ਸਰਕਾਰੀ ਬਾਬੂ ਪਰਚਾ ਦਰਜ ਨਹੀਂ ਕਰ ਸਕਦਾ!
ਹੁਣ ਗੱਲ ਨਿਕਲ ਕੇ ਆ ਰਹੀ ਹੈ ਤਿੰਨ ਸ਼ਰਾਰਤੀ ਤੱਤ ਪੰਜਾਬੀ ਗੀਤਕਾਰੀ ਤੇ ਗਾਇਕੀ ਨੂੰ ਤੰਗ ਕਰ ਰਹੇ ਹਨ। ਨਸ਼ਾ, ਹਥਿਆਰ ਤੇ ਫੁਕਰਾਪਣ। ਪੰਜਾਬੀ ਲੋਕ ਸਮਾਜ ਦਾ ਵੱਡਾ ਹਿੱਸਾ, ਇਨਾਂ ਤਿੰਨਾਂ ਦਾ ਆਦੀ ਹੋ ਚੁੱਕਾ ਹੈ।
ਇਹ ਸਚਾਈ ਹੈ ਕਿ ਸਾਧਾਰਨ ਸਭਿਆਚਾਰਕ ਸ਼ਬਦਾਵਲੀ ਵਾਲੇ ਗੀਤ ਬਹੁਤ ਘੱਟ ਪਸੰਦ ਕੀਤੇ ਜਾਂਦੇ ਹਨ। ਉਨਾਂ ਦੇ ਆਨਲਾਇਨ ਵਿਊ ਦੇਖਕੇ ਸਮਝ ਲਗ ਜਾਂਦੀ ਹੈ। ਇਨਾਂ ਤਿੰਨਾਂ ਤੇ ਕਾਬੂ ਪਾਉਣ ਲਈ ਭਾਵੇਂ ਸਰਕਾਰੀ ਸੈਂਸਰਸ਼ਿਪ ਦੀ ਵਕਾਲਤ ਕਰਨਾ ਮੂਰਖਤਾ ਹੋਵੇਗੀ, ਕਿਉਂਕਿ ਫਿਰ ਹਕੂਮਤਾਂ ਕ੍ਰਾਂਤੀਕਾਰੀ ਜਾਂ ਵਿਰੋਧੀ ਸੁਰਾਂ ਨੂੰ ਦੇਸ਼ ਹਿੱਤ ਕਹਿ ਕੇ ਦੱਬ ਦਿੰਦੀਆਂ ਹਨ। ਸੈਲਫ ਸੈਂਸਰਸ਼ਿਪ ਵੀ ਕਾਰਗਰ ਸਿੱਧ ਨਹੀਂ ਹੋ ਸਕਦੀ। ਇਸ ਦੀ ਉਦਾਹਰਣ ਟੀਵੀ ਵਾਲੇ ਖਬਰਾਂ ਦੇ ਚੈਨਲਾਂ ਦੀ ਹੈ। ਇਸ ਮਾਮਲੇ ਚ ਗਾਇਕਾਂ ਦੇ ਅਲੱਗ ਅਲੱਗ ਗਰੁੱਪ ਹੀ ਆਪਸ ਚ ਸਲਾਹ ਮਸ਼ਵਰਾ ਕਰਕੇ ਕੁਝ ਕਰ ਸਕਦੇ ਹਨ ਜਾਂ ਫਿਰ ਘਰੇਲੂ ਤੇ ਸਕੂਲੀ ਕਾਲਜ ਢਾਂਚੇ ਚ ਜਾਗਰੂਕਤਾ ਮੁਹਿੰਮਾਂ ਚਲਾ ਕੇ।
-
ਗੁਰਪ੍ਰੀਤ ਸਿੰਘ ਬਿਲਿੰਗ, ਲੇਖਕ
gurpreetnews@gmail.com
7508698066
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.