ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਸ਼ਾਨਾਂ-ਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁਲਦੀ ਜਾ ਰਹੀ ਹੈ ਅਤੇ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ। ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ।
ਖ਼ਾਲਸਾ-ਪੰਥ ਵਿਚ `ਹੋਲਾ ਮਹੱਲਾ` ਤਿਉਹਾਰ ਦੇ ਮੰਤਵ ਤੇ ਉਦੇਸ਼ ਬੜੇ ਉਸਾਰੂ ਤੇ ਸਾਰਥਿਕ ਹਨ। ਦਰਅਸਲ ਹੋਲਾ ਤੇ ਮਹੱਲਾ ਦੋ ਵੱਖ-ਵੱਖ ਸ਼ਬਦ ਹਨ। `ਹੋਲਾ` ਅਰਬੀ ਭਾਸ਼ਾ ਅਤੇ `ਮਹੱਲਾ` ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਹੋਲ, ਹੂਲ ਤੇ ਹੋਲਾ ਮਹੱਲਾ ਆਦਿ ਰਲਦੇ-ਮਿਲਦੇ ਸ਼ਬਦ ਹਨ। ਅਰਬੀ ਭਾਸ਼ਾ ਦਾ ਇਕ ਸ਼ਬਦ ਹੈ `ਹੂਲ` ਜਿਸ ਦੇ ਅਰਥ ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ `ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ `ਤੇ ਚੱਲਣਾ ਕੀਤੇ ਗਏ ਸੀ। ਦਸਮੇਸ਼ ਪਿਤਾ ਜਨੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ ਲਈ ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਨਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਲਈ ਉਨ੍ਹਾਂ ਨੇ ਚਰਨ-ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ। ਅਜ਼ਾਦੀ ਪ੍ਰਾਪਤ ਕਰਨ ਅਤੇ ਜੋਸ਼ ਪੈਦਾ ਕਰਨ ਲਈ ਕਲਗੀਧਰ ਦਸਮੇਸ਼ ਪਿਤਾ ਜੀ ਨੇ ਜਿਥੇ ਨਵਾਂ ਜੀਵਨ ਬਖਸ਼ਿਆ ਉਥੇ ਭਾਰਤੀ ਸਮਾਜ ਨੂੰ ਉਹਨਾਂ ਦੇ ਰੀਤੀ-ਰਿਵਾਜ਼ਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਗੁਰੂ ਸਾਹਿਬ ਨੇ 1699 ਈ: ਦੀ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਕਰਕੇ ਸਿੱਖ ਪੰਥ ਵਿਚ ਇਕ ਮਹਾਨ ਤੇ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਅਤੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਪ੍ਰਦਾਨ ਕੀਤੀ। ਗੁਰੂ ਜੀ ਨੇ ਇਸ ਕਾਇਮ ਕੀਤੀ ਜਥੇਬੰਦੀ ਵਿਚ ਦਲੇਰੀ ਅਤੇ ਜੁਰਅਤ ਭਰਨ ਲਈ ਉਹਨਾਂ ਵਲੋਂ ਮਨਾਏ ਜਾ ਰਹੇ ਤਿਉਹਾਰਾਂ ਨੂੰ ਮਨਾਉਣ ਦੇ ਰੰਗ-ਢੰਗ ਹੀ ਬਦਲ ਕੇ ਰੱਖ ਦਿਤੇ। ਹੋਲੀ ਮਨਾਉਣ ਸਮੇਂ ਜਿਥੇ ਲੋਕ ਇਕ ਦੂਜੇ `ਤੇ ਰੰਗ ਸੁੱਟ ਕੇ ਅਤੇ ਨਸ਼ੇ ਪੀ ਕੇ ਮਨੁੱਖੀ-ਸ਼ਕਤੀ ਨੂੰ ਨਸ਼ਟ ਕਰ ਰਹੇ ਸਨ, ਉਥੇ ਸਤਿਗੁਰਾਂ ਨੇ ਇਸ ਬੁਰਿਆਈ ਨੂੰ ਖਤਮ ਕਰਨ ਲਈ `ਹੋਲੀ` ਨੂੰ `ਹੋਲੇ ਮਹੱਲੇ` ਦਾ ਰੂਪ ਦੇ ਦਿੱਤਾ।
ਔਰਨ ਕੀ ਹੋਲੀ ਮਮ ਹੋਲਾ।
ਕਹ੍ਯੋ ਕ੍ਰਿਪਾਨਿਧ ਬਚਨ ਅਮੋਲਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ-ਵਿੱਦਿਆ ਵਿਚ ਪ੍ਰਬੀਨ ਬਨਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹੋਲੀ ਦੇ ਪਰੰਪਰਾਈ ਪੱਖ ਤੋਂ ਹਟ ਕੇ ਇਸ ਤਿਉਹਾਰ ਦਾ ਸਬੰਧ ਸੂਰਮਤਾਈ ਨਾਲ ਜੋੜਿਆ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਭਾਵ ਬਨਾਉਟੀ ਲੜਾਈ ਹੈ। ਇਸ ਵਿਚ ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਇਕ ਖਾਸ ਹਮਲੇ ਦੀ ਥਾਂ ਉਤੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤਬ ਦਿਖਾਉਂਦੇ ਹਨ। ਕਲਗੀਧਰ ਪਾਤਸ਼ਾਹ ਜੀ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਖੁਦ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ।ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ `ਤੇ ਹੋਲਾ-ਮਹੱਲਾ ਦੇ ਰੂਪ ਵਿਚ ਮਨਾਏ ਜਾਂਦੇ ਜੰਗਜੂ ਤਿਉਹਾਰ `ਤੇ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋ-ਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ `ਚੋਂ ਨਿਕਲ ਕੇ ਇਸ ਤਿਉਹਾਰ ਵਿਚ ਧੜਾਧੜ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਣ ਲੱਗੇ। ਅਤਰ-ਫੁਲੇਲ ਦੀਆਂ ਸੁਗੰਧੀਆਂ, ਰੰਗਾਂ ਦੀਆਂ ਫੁਹਾਰਾਂ ਤੇ ਬੇਅੰਤ ਇਕੱਠ ਦੀ ਸ਼ੋਭਾ ਨੇ ਭਾਈ ਨੰਦ ਲਾਲ ਜੀ ਵਰਗੇ ਮਹਾਨ ਵਿਦਵਾਨ ਚਿੰਤਕ ਨੂੰ ਵੀ ਪ੍ਰਭਾਵਿਤ ਕੀਤਾ। ਸਤਿਗੁਰਾਂ ਦੁਆਰਾ ਹੋਲੇ ਮਹੱਲੇ ਦੀ ਖੇਡ ਨੂੰ ਆਪਣੀ ਕਲਮ ਨਾਲ ਬਿਆਨ ਕਰਦਿਆਂ ਉਹ ਲਿਖਦੇ ਹਨ ਕਿ ਹੋਲੀ ਦੇ ਫੁੱਲ ਖਿੜਨ ਨਾਲ ਸਾਰਾ ਬਾਗ ਸੁਗੰਧੀ ਨਾਲ ਭਰ ਗਿਆ। ਪਾਤਸ਼ਾਹ ਦਾ ਮੁਖੜਾ ਕਲੀ ਵਾਂਗ ਖਿੜ ਗਿਆ। ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਮੀਂਹ ਦੀ ਤਰ੍ਹਾਂ ਵਰਸਣ ਲੱਗੀ। ਕੇਸਰ ਦੀ ਪਿਚਕਾਰੀ ਨੇ ਸਭ ਚਿੱਟੇ ਚੋਲਿਆਂ ਨੂੰ ਰੰਗਾਂ ਨਾਲ ਭਰ ਦਿੱਤਾ। ਪਾਤਸ਼ਾਹ ਨੇ ਗੁਲਾਲ ਦੀ ਐਸੀ ਵਰਖਾ ਕੀਤੀ ਕਿ ਧਰਤੀ ਤੇ ਅਕਾਸ਼ ਸੂਹਾ ਹੋ ਗਿਆ। ਜਦੋਂ ਪਾਤਸ਼ਾਹ ਨੇ ਰੰਗਿਆ ਹੋਇਆ ਚੋਲਾ ਪਹਿਨਿਆਂ ਤਾਂ ਸਭ ਦੀ ਆਤਮਾ ਖਿੜ ਗਈ:
ਗੁਲੇ ਹੋਲੀ ਬ ਬਾਗੇ ਦਰ ਬੂ ਕਰਦ।
ਲਬੇ ਚੂੰ ਗ਼ੁੰਚਾ ਰਾ ਫ਼ਰਖ਼ੰਦਹ ਖ਼ੂ ਕਰਦ।
ਗੁਲਾਬੋ ਅੰਬਰੋ ਮੁਸ਼ਕੋ ਅਬੀਰੋ।
ਚੂ ਬਾਰਾਂ ਬਾਰਸ਼ੇ ਅਜ ਸੂ ਬਸੂ ਕਰਦ।
ਜਹੇ ਪਿਚਕਾਰੀਏ ਪੁਰ ਜੁਫਰਾਨੀ।
ਕਿ ਹਰ ਬੇਰੰਗ ਰਾ ਖੁਸ਼ਰੰਗੋ ਬੂ ਕਰਦ।
ਗੁਲਾਲ ਅਫਸ਼ਾਨੀ ਅਜ਼ ਦਸਤੇ ਮੁਬਾਰਕ।
ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੋ ਆਲਮ ਗਸ਼ਤ ਰੰਗੀ ਅਜ਼ ਤੁਫਲੈਸ਼।
ਚੁ ਸ਼ਾਹਮ ਜਾਮਹ ਰੰਗੀ ਦਹ ਗੁਲੂ ਕਰਦ।
(ਭਾਈ ਨੰਦ ਲਾਲ ਰਚਨਾਵਲੀ)
ਭਾਰਤ ਬਹੁਤ ਸਾਰੇ ਮੌਸਮੀ, ਸੱਭਿਆਚਾਰਕ ਅਤੇ ਇਤਿਹਾਸਕ ਤਿਉਹਾਰਾਂ ਦਾ ਦੇਸ਼ ਹੈ। ਖ਼ਾਲਸਾ-ਪੰਥ ਇਨ੍ਹਾਂ ਵਿਚੋਂ ਕਈ ਤਿਉਹਾਰਾਂ ਨੂੰ ਆਪਣੀ ਪਛਾਣ ਨਾਲ ਜੋੜ ਕੇ ਨਿਵੇਕਲੇ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਉਂਦਾ ਹੈ। ਜਿਵੇਂ `ਹੋਲੀ` ਦੀ ਥਾਂ ਖ਼ਾਲਸਾ-ਪੰਥ `ਹੋਲਾ ਮਹੱਲਾ` ਅਤੇ ਦੀਵਾਲੀ ਦੀ ਥਾਂ `ਬੰਦੀ-ਛੋੜ ਦਿਵਸ` ਮਨਾਉਂਦਾ ਹੈ। ਹੋਲੇ ਮਹੱਲੇ ਦਾ ਆਰੰਭ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ `ਤੇ ਕੀਤਾ ਸੀ। ਹੋਲੀ ਰੰਗਾਂ ਦੀ ਖੇਡ ਹੈ ਜਦਕਿ ਹੋਲਾ ਮਹੱਲਾ ਮਨਾਉਣ ਦਾ ਮੁੱਖ ਮੰਤਵ ਗੁਰਸਿੱਖਾਂ ਅੰਦਰ `ਫ਼ਤਹਿ` ਦੇ ਅਨੁਭਵ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਦੇਸ਼ ਦੀ ਜਨਤਾ ਖਾਸ ਕਰਕੇ ਗੁਰੂ ਨਾਨਕ ਨਾਮ-ਲੇਵਾ ਸਿੱਖ ਸੰਗਤਾਂ ਵਿਚ ਨਵਾਂ ਉਤਸ਼ਾਹ, ਨਿਡਰਤਾ ਅਤੇ ਨਿਰਭੈਤਾ ਦੀ ਭਾਵਨਾ ਭਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਆਦੇਸ਼ ਜਾਰੀ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਮਨਾਉਣ ਦੀ ਪਰੰਪਰਾਗਤ ਰਵਾਇਤ ਤੋਂ ਹਟ ਕੇ ਇਸ ਨੂੰ ਹੋਲਾ-ਮਹੱਲਾ ਦੇ ਵਿਲੱਖਣ ਰੂਪ `ਚ ਮਨਾਉਣਾ ਆਰੰਭ ਕੀਤਾ ਅਤੇ ਇਸ ਤਿਉਹਾਰ ਨੂੰ ਖ਼ਾਲਸਾ-ਪੰਥ ਵਿਚ ਚੜ੍ਹਦੀ ਕਲਾ ਦੀ ਭਾਵਨਾ ਨੂੰ ਬੁਲੰਦੀਆਂ `ਤੇ ਪਹੁੰਚਾਉਣ ਲਈ ਨਵੇਂ ਸਾਰਥਿਕ ਅਰਥ ਦਿੱਤੇ ਤੇ ਨਵੇਂ ਢੰਗ-ਤਰੀਕੇ ਅਪਣਾਏ।
ਮੌਸਮੀ ਤਬਦੀਲੀ ਦੇ ਪੱਖ ਤੋਂ `ਹੋਲੀ` ਬਸੰਤ ਰੁੱਤ ਦੇ ਆਗਮਨ ਦੇ ਨਾਲ ਨਾਲ ਖੇੜੇ ਤੇ ਖੁਸ਼ੀਆਂ ਦਾ ਤਿਉਹਾਰ ਹੋਣ ਕਰਕੇ ਮਾਨਵ ਚੇਤਨਾ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਪੱਤਝੜ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ ਅਤੇ ਸਾਰੇ ਪਾਸੇ ਖੇੜਾ ਹੀ ਖੇੜਾ ਹੁੰਦਾ ਹੈ। ਗੁਰੂ ਸਾਹਿਬਾਨ ਨੇ ਇਹ ਤਿਉਹਾਰ ਸਿਮਰਨ, ਸਤਿਸੰਗ ਤੇ ਸੇਵਾ ਵਿਚ ਜੁੜ ਕੇ ਮਨਾਉਣ ਦਾ ਉਪਦੇਸ਼ ਦਿੱਤਾ ਹੈ:
ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ
ਸੇ ਅਹਿਨਿਸਿ ਫਿਰਹਿ ਜਲੰਤ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 791)
ਗੁਰੂ ਸਾਹਿਬ ਦੀ ਮਾਨਵ-ਸਮਾਜ ਨੂੰ ਵੱਡਮੁਲੀ ਦੇਣ ਹੀ ਇਹ ਹੈ ਕਿ ਉਨ੍ਹਾਂ ਨੇ ਮਨੁੱਖੀ ਜੀਵਨ ਨੂੰ ਹਰ ਪੱਖ ਤੋਂ ਸੰਪੂਰਨ, ਸਿਖਿਆਦਾਇਕ ਤੇ ਉਸਾਰੂ ਬਨਾਉਣ ਦੀ ਪ੍ਰੇਰਨਾ ਦਿੱਤੀ ਹੈ। ਏਸੇ ਲਈ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਵਿਚ ਪਰਮਾਰਥ ਦੇ ਮਾਰਗ ਦੀ ਅਨੰਦਮਈ ਹੋਲੀ ਖੇਡਣ ਦੀ ਇਸ ਤਰ੍ਹਾਂ ਪ੍ਰੇਰਨਾ ਕੀਤੀ ਹੈ:
ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥
ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ ॥1॥
ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ੍ ਬੇਅੰਤ ॥1॥ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ ॥2॥
(ਪੰਨਾ 1180)
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਇਆ ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖਾਲਸਾ ਪੰਥ ਲਈ ਸਵੈਮਾਨ, ਖਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ, ਪ੍ਰਭੂ-ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇਹ ਪਵਿੱਤਰ ਤਿਉਹਾਰ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਹੱਕ ਮੰਗਿਆਂ ਪ੍ਰਾਪਤ ਨਹੀਂ ਹੁੰਦੇ ਸਗੋਂ ਸ਼ਕਤੀ ਤੇ ਜ਼ੋਰ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ:
ਰਾਜ ਕਿਸੇ ਕੋ ਕੋਇ ਨ ਦੈ ਹੈਂ।
ਜੋ ਲੈ ਹੈ ਨਿਜ ਬਲ ਸੋਂ ਲੈ ਹੈਂ। (ਪੰਥ ਪ੍ਰਕਾਸ਼)
ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ। ਭਾਰੀ ਦੀਵਾਨ ਸਜਦੇ ਹਨ, ਨਿਹੰਗ ਸਿੰਘਾਂ ਦੇ ਜਥੇ ਤੇ ਖਾਲਸਾ ਪੰਥ ਦੀ ਫ਼ੌਜ ਦੇ ਹੋਰ ਦਸਤੇ ਰਲ-ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਘੋੜ ਸਵਾਰੀ ਤੇ ਗਤਕੇਬਾਜ਼ੀ ਦੇ ਜੰਗਜੂ ਕਰਤੱਵ ਦੇਖਣਯੋਗ ਹੁੰਦੇ ਹਨ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ `ਕਹਿਬੇ ਕਉ ਸੋਭਾ ਨਹੀ`, ਦੇਖਾ ਹੀ ਪ੍ਰਵਾਨ` ਅਨੁਸਾਰ ਕੇਵਲ ਕਥਨ ਕਰਨ ਨਾਲ ਹੀ ਨਹੀਂ ਸਗੋਂ ਅੱਖੀਂ ਦੇਖਣ ਨਾਲ ਪਤਾ ਲਗਦਾ ਹੈ। ਖਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕਢਦਾ ਹੈ। ਕਵੀ ਸੁਮੇਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਨੂੰ ਇਸ ਤਰ੍ਹਾਂ ਲਿਖਦੇ ਹਨ:
ਔਰਨ ਕੀ ਹੋਲੀ ਮਮ ਹੋਲਾ।
ਕਹ੍ਯੋ ਕ੍ਰਿਪਾਨਿਧ ਬਚਨ ਅਮੋਲਾ।
ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਸ਼ਾਨਾਂ-ਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁਲਦੀ ਜਾ ਰਹੀ ਹੈ ਅਤੇ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ। ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ। ਆਓ! ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹੋਏ ਆਪਣੇ ਗੌਰਵਮਈ ਵਿਰਸੇ ਅਤੇ ਜੁਝਾਰੂ ਬਿਰਤੀ ਦੀ ਸ਼ਕਤੀ ਨਾਲ ਨਸ਼ਿਆਂ ਤੇ ਪਤਿੱਤਪੁਣੇ ਵਿਰੁੱਧ ਜੂਝੀਏ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦਾ ਪ੍ਰਣ ਲਈਏ ਅਤੇ ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਸਰਬੰਸ-ਦਾਨੀ ਦਸਮੇਸ਼ ਪਿਤਾ ਦੇ ਸੱਚੇ ਸਪੂਤ ਬਣੀਏ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.