ਲੋਕ ਸਭਾ ਚੋਣਾਂ- ਆਪਣਾ ਰਾਹ ਆਪ ਅਖ਼ਤਿਆਰ ਕਰਦਾ ਹੈ ਪੰਜਾਬ !
-ਗੁਰਮੀਤ ਸਿੰਘ ਪਲਾਹੀ
ਪੰਜਾਬ, ਲੋਕ ਸਭਾ ਚੋਣਾਂ ਵੇਲੇ ਆਪਣਾ ਰਾਹ ਆਪ ਉਲੀਕਦਾ ਹੈ, ਉਹ ਦੇਸ਼ 'ਚ ਚੱਲੀ ਕਿਸੇ "ਵਿਅਕਤੀ ਵਿਸ਼ੇਸ਼" ਦੀ ਲਹਿਰ ਦਾ ਹਿੱਸਾ ਨਹੀਂ ਬਣਦਾ। ਉਹ ਧੱਕੇ ਧੌਂਸ ਵਿਰੁੱਧ ਹਿੱਕ ਡਾਹਕੇ ਖੜਦਾ ਹੈ, ਸੰਘਰਸ਼ ਕਰਦਾ ਹੈ। ਗੱਲ ਦੇਸ਼ 'ਚ 1975 'ਚ ਲੱਗੀ ਐਮਰਜੈਂਸੀ ਵੇਲੇ ਦੀ ਕਰ ਲਈਏ ਜਾਂ 2014 'ਚ ਚੱਲੀ "ਮੋਦੀ ਲਹਿਰ" ਦੀ , ਪੰਜਾਬ ਆਪਣੀ ਚਾਲੇ ਚਲਦਾ ਰਿਹਾ ਅਤੇ ਸਪਸ਼ਟ ਨਤੀਜੇ ਦਿੰਦਾ ਰਿਹਾ।
ਦੇਸ਼ 'ਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ। 17 ਵੀਂ ਲੋਕ ਸਭਾ ਚੋਣਾਂ 'ਚ 98 ਕਰੋੜ ਭਾਰਤੀ ਵੋਟਰ ਹਿੱਸਾ ਲੈਣਗੇ ਜੋ 7 ਪੜ੍ਹਾਵਾਂ 'ਚ ਹੋ ਰਹੀ ਹੈ। 19 ਅਪ੍ਰੈਲ ਤੋਂ ਪਹਿਲਾ ਪੜ੍ਹਾਅ ਅਤੇ ਪਹਿਲੀ ਜੂਨ 2024 ਨੂੰ ਸੱਤਵੇ ਪੜ੍ਹਾਅ 'ਚ ਵੱਖੋ-ਵੱਖਰੇ ਰਾਜਾਂ 'ਚ ਚੋਣ ਹੋਏਗੀ। ਨਤੀਜੇ 4 ਜੂਨ 2024 ਨੂੰ ਨਿਕਲਣਗੇ। ਪੰਜਾਬ ਪਹਿਲੀ ਜੂਨ ਨੂੰ ਚੋਣਾਂ 'ਚ ਹਿੱਸਾ ਲਵੇਗਾ। ਪੰਜਾਬ ਦੇ 2.12 ਕਰੋੜ ਵੋਟਰ ਹਨ। 2019 ਦੀਆਂ ਚੋਣਾਂ ਨਾਲੋਂ 8.96 ਲੱਖ ਵੋਟਰਾਂ ਦਾ 2024 ਦੀਆਂ ਚੋਣਾਂ ਲਈ ਵਾਧਾ ਹੋਇਆ ਹੈ। ਪੁਰਸ਼ 1.11 ਕਰੋੜ, ਔਰਤਾਂ 1.00 ਕਰੋੜ ਅਤੇ 744 ਟਰੈਜੈਂਡਰ ਹਨ।
ਪੰਜਾਬ ਦੇ 13 ਚੋਣ ਹਲਕਿਆਂ, ਪਟਿਆਲਾ, ਫਤਿਹਗੜ੍ਹ, ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ, ਲੁਧਿਆਣਾ, ਫਰੀਦਕੋਟ, ਫਿਰੋਜਪੁਰ,ਬਠਿੰਡਾ, ਸੰਗਰੂਰ ਵਿਚੋਂ 4 ਲੋਕ ਸਭਾ ਸੀਟਾਂ ਹੁਸ਼ਿਆਰਪੁਰ, ਜਲੰਧਰ, ਫਤਿਹਗੜ੍ਹ, ਫਰੀਦਕੋਟ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।
ਚਲਦੇ-ਚਲਦੇ ਮੋਦੀ ਦੌਰ ਦੇ ਪੰਜਾਬ ਦੇ ਲੋਕ ਸਭਾ ਚੋਣ ਨਤੀਜਿਆਂ ਉਤੇ ਝਾਤੀ ਮਾਰਦੇ ਹਾਂ। ਸਾਲ 2014 'ਚ ਜਦੋਂ ਦੇਸ਼ ਮੋਦੀ ਲਹਿਰ 'ਚ ਗ੍ਰਸਿਆ ਪਿਆ ਸੀ, ਭਾਜਪਾ ਨੂੰ ਪੰਜਾਬ ਵਿਚੋਂ ਸਿਰਫ਼ ਦੋ ਸੀਟਾਂ ਪ੍ਰਾਪਤ ਹੋਈਆਂ, ਜਦਕਿ ਦੇਸ਼ ਭਰ 'ਚ ਭਾਜਪਾ ਨੂੰ 282 ਸੀਟਾਂ ਆਈਆਂ ਸਨ। ਸਾਲ 2019 ਦਾ ਭਾਜਪਾ ਨੂੰ ਫਿਰ ਦੇਸ਼ 'ਚ 303 ਸੀਟਾਂ ਮਿਲੀਆਂ ਪਰ ਪੰਜਾਬ ਵਿਚ ਉਹ ਸਿਰਫ਼ ਤਿੰਨ ਸੀਟਾਂ ਪ੍ਰਾਪਤ ਕਰ ਸਕੀ, ਉਹ ਵੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਗੱਠਜੋੜ ਕਾਰਨ।
ਇਹਨਾ ਦਸ ਸਾਲਾਂ 'ਚ ਕੇਂਦਰ 'ਚ ਭਾਜਪਾ ਕਾਬਜ ਰਹੀ, ਪਰ ਪੰਜਾਬ 'ਚ ਪਹਿਲਾਂ, ਅਕਲੀ-ਭਾਜਪਾ, ਫਿਰ ਕਾਂਗਰਸ ਅਤੇ ਫਿਰ ਆਪ ਆਦਮੀ ਪਾਰਟੀ ਨੇ ਆਪਣੀਆਂ ਸੂਬਾ ਸਰਕਾਰਾਂ ਬਣਾਈਆਂ ਅਤੇ ਅਕਾਲੀ-ਭਾਜਪਾ ਗੱਠਜੋੜ ਦਾ ਜਿਵੇਂ ਸੂਬੇ ਪੰਜਾਬ ਵਿਚੋਂ ਸਫਾਇਆ ਹੀ ਕਰ ਦਿੱਤਾ। ਭਾਜਪਾ ਨੂੰ ਕਿਸਾਨ ਅੰਦੋਲਨ ਨੇ ਪੰਜਾਬ 'ਚ ਵਧੇਰੇ ਪ੍ਰਭਾਵਤ ਕੀਤਾ।
ਪੰਜਾਬ 'ਚੋਂ ਉਠੇ ਪਹਿਲੇ ਕਿਸਾਨ ਅੰਦਲਨ ਨੇ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਭਾਜਪਾ ਦੇ ਕੇਂਦਰਵਾਦ ਵਿਰੁੱਧ ਅਵਾਜ਼ ਉਠਾਈ। ਤਿੰਨ ਕਾਲੇ ਖੇਤੀ ਕਾਨੂੰਨ, ਉਸ ਪ੍ਰਧਾਨ ਮੰਤਰੀ ਕੋਲੋਂ ਰੱਦ ਕਰਵਾਏ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਕਿਸੇ ਅੱਗੇ ਝੁਕਦਾ ਨਹੀਂ ਅਤੇ ਮੋਦੀ ਹੈ ਤਾਂ ਮੁਮਕਿਨ' ਹੈ। ਇਹ ਅੰਦੋਲਨ, ਜੋ ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀਆਂ, ਚੇਤੰਨ ਲੋਕਾਂ ਦਾ ਅੰਦੋਲਨ ਹੋ ਨਿਬੜਿਆ, ਨੇ ਪੰਜਾਬ ਵਿਚੋਂ ਇੱਕ ਇਹੋ ਜਿਹਾ ਸੰਦੇਸ਼ ਦਿੱਤਾ ਕਿ ਲੋਕਤੰਤਰੀ ਢਾਂਚੇ ਨੂੰ ਆਂਚ ਆਉਣ ਅਤੇ ਭਾਰਤੀ ਸੰਘਵਾਦ ਦੀ ਤਬਾਹੀ ਜਾਂ ਖ਼ਾਤਮੇ ਲਈ ਕਿਸੇ ਵੀ ਯਤਨ ਨੂੰ ਪੰਜਾਬ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਬਾਵਜੂਦ ਇਸ ਗੱਲ ਦੇ ਕਿ ਪੰਜਾਬ ਦੇ ਲੋਕਾਂ ਨੇ 1947 ਭੁਗਤੀ, '84 ਦਾ ਸੰਤਾਪ ਪਿੰਡੇ ਹੰਢਾਇਆ, ਖਾੜਕੂਵਾਦ ਦੇ ਦੌਰ 'ਚ ਵੱਡਾ ਨੁਕਸਾਨ ਉਠਾਇਆ ਪਰ ਪੰਜਾਬ ਦੇ ਲੋਕ, ਜਿਹਨਾ ਦੇ ਪੱਲੇ ਆਜ਼ਾਦੀ ਦੀ ਅਲਖ਼ ਉਹਨਾ ਦੇ ਪੂਰਬਜਾਂ ਨੇ ਜਗਾਈ ਹੋਈ ਸੀ, ਉਸ ਵਿਰਾਸਤ ਨੂੰ ਅੱਗੇ ਤੋਰਿਆ ਅਤੇ ਨਿਰੰਤਰ ਤੋਰਿਆ।
1975 ਦੀ ਐਮਰਜੈਂਸੀ ਦੇ ਵਰ੍ਹਿਆਂ 'ਚ ਪੰਜਾਬ ਦੇ ਲੋਕਾਂ ਨੇ ਜੇਲ੍ਹਾਂਕੱਟੀਆਂ, ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਨੀਤੀਆਂ ਦੇ ਵਿਰੁੱਧ ਲੜੇ, ਉਹ ਜੈਪ੍ਰਕਾਸ਼ ਨਰਾਇਣ ਦੀ ਅਗਵਾਈ 'ਚ ਵਿਰੋਧੀ ਦਲਾਂ ਦੀ ਮੁਹਿੰਮ 'ਚ ਉਹਨਾ ਨਾਲ ਨਿਭੇ। ਲਗਭਗ ਇਹਨਾ ਹੀ ਵਰ੍ਹਿਆਂ 'ਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਜੋ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਦਾ ਸੀ। ਜਿਸਨੇ ਸਮੁੱਚੇ ਦੇਸ਼ 'ਚ ਇੱਕ ਤਰ੍ਹਾਂ ਨਵੀਂ ਚਰਚਾ ਛੇੜੀ।
ਇਸੇ ਦੌਰ 'ਚ ਦੱਖਣੀ ਭਾਰਤ 'ਚ ਖੇਤਰੀ ਪਾਰਟੀਆਂ ਡੀਐਮਕੇ ਅਤੇ ਅੰਨਾਡੀਐਮਕੇ(ਤਾਮਿਲਨਾਡੂ) ਤੇਲਗੂ ਦੇਸ਼ਮ ਅਤੇ ਵਾਈ ਐਸ.ਆਰ. (ਆਂਧਰਾ ਪ੍ਰਦੇਸ਼) ਅਤੇ ਤਿਲੰਗਾਨਾ 'ਚ ਟੀ.ਆਰ.ਐਸ ਵਰਗੀਆਂ ਪਾਰਟੀਆਂ ਨੇ ਸੂਬਿਆਂ ਲਈ ਵਧ ਅਧਿਕਾਰਾਂ ਦੀ ਮੰਗ ਕੀਤੀ। ਪਰ ਕਿਉਂਕਿ ਭਾਜਪਾ ਕਦੇ ਵੀ ਖੇਤਰੀ ਦਲਾਂ ਦੇ ਹੱਕ 'ਚ ਨਹੀਂ ਰਹੀ। ਕਈ ਥਾਵੀਂ ਉਸ ਵੇਲੇ ਖੇਤਰੀ ਦਲਾਂ ਨਾਲ ਸਾਂਝ ਭਿਆਲੀ ਕਰਦਿਆਂ, ਉਹਨਾ ਦੀ ਹੋਂਦ ਮਿਟਾਉਣ ਦਾ ਯਤਨ ਕੀਤਾ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਾਂਝ ਪਾਕੇ, ਉਸਦਾ ਵੱਡਾ ਨੁਕਸਾਨ ਕੀਤਾ। ਜਨਤਾ ਪਾਰਟੀ, ਇਨੈਲੋ, ਭਾਜਪਾ ਅਤੇ ਜਨਤਾ ਦਲ(ਐਸ) ਨਾਲ ਕੁਝ ਸਮੇਂ ਦੀ ਸਾਂਝ ਭਿਆਲੀ, ਉਹਨਾ ਪਾਰਟੀਆਂ ਦੀ ਦੁਰਦਸ਼ਾ ਦਾ ਕਾਰਨ ਬਣੀ। ਮਹਾਂਰਾਸ਼ਟਰ , ਉਡੀਸਾ, ਆਂਧਰਾ ਪ੍ਰਦੇਸ਼, ਹਰਿਆਣਾ ਵਿੱਚ ਸਿਵਸੈਨਾ, ਐਸ.ਸੀ.ਪੀ. ਅਤੇ ਜਜਪਾ ਨਾਲ ਸਾਂਝ ਭਿਆਲੀ ਕਰਕੇ ਭਾਜਪਾ ਦਾ ਉਦੇਸ਼ ਉਹਨਾ ਨੂੰ ਖ਼ਤਮ ਕਰਨਾ ਸੀ। ਪਰ ਉਹ ਸਮਾਂ ਰਹਿੰਦਿਆਂ ਭਾਜਪਾ ਦੀ ਚਾਲ ਸਮਝ ਗਏ।
ਪੰਜਾਬ ਦੇ ਲੋਕ ਵੀ ਭਾਜਪਾ ਦੀਆਂ ਨੀਤੀਆਂ ਤੋਂ ਵਾਕਫ ਹੋਏ। ਉਸਦੇ ਕੇਂਦਰੀਵਾਦ, ਇੱਕ ਦੇਸ਼ ਇੱਕ ਬੋਲੀ, ਇੱਕ ਚੋਣ ਦੇ ਦੇਸ਼ 'ਚ ਲਾਗੂ ਕਰਨ ਦੇ ਮੰਤਵ ਨੂੰ ਨਿਕਾਰਿਆ। ਧਾਰਮਿਕ ਕੱਟੜਤਾ ਦੇ ਉਸਦੇ ਅਜੰਡੇ ਨੂੰ ਪੰਜਾਬ ਨੇ ਕਦੇ ਪ੍ਰਵਾਨ ਨਹੀਂ ਕੀਤਾ ਅਤੇ ਪੰਜਾਬ ਨੇ ਭਾਜਪਾ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ, ਬਾਵਜੂਦ ਇਸ ਗੱਲ ਦੇ ਕਿ ਉਸ ਵਲੋਂ ਹੋਰ ਪਾਰਟੀਆਂ ਦੇ ਵੱਡੇ ਨੇਤਾਵਾਂ ਜਿਵੇਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਵਰਗੇ ਨੇਤਾਵਾਂ ਨੂੰ ਆਪਣੇ ਨਾਲ ਜੋੜ ਲਿਆ। ਭਾਜਪਾ ਦੇ ਕੇਂਦਰ ਸਰਕਾਰ ਦੇ ਨਾਹਰੇ "ਡਬਲ ਇੰਜਣ" ਸਰਕਾਰ ਦੇ ਲਾਲੀਪਾਪ ਨੂੰ ਪੰਜਾਬ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ।
ਪੰਜਾਬ ਸਰਹੱਦੀ ਸੂਬਾ ਹੈ। ਇਸ ਸੂਬੇ ਨੇ ਆਪਣੇ ਸੀਨੇ 'ਤੇ ਜੰਗਾਂ ਵੀ ਸਹੀਆਂ। ਖਾੜਕੂਵਾਦ ਦਾ ਸੰਤਾਪ ਵੀ ਹੰਢਾਇਆ। ਬੋਲੀ 'ਤੇ ਅਧਾਰਤ "ਪੰਜਾਬੀ ਸੂਬਾ" ਪ੍ਰਾਪਤ ਕਰਨ ਲਈ ਲੰਮਾ ਸੰਘਰਸ਼ ਕੇਂਦਰੀ ਹਾਕਮਾਂ ਨਾਲ ਲੜਿਆ। ਆਪਣੀ ਮਾਂ ਬੋਲੀ ਪੰਜਾਬੀ ਨੂੰ ਕੇਂਦਰੀ ਹਾਕਮਾਂ ਵਲੋਂ ਦਰਕਿਨਾਰ ਕਰਨ ਤੇ ਕੋਝੀਆਂ ਚਾਲਾਂ ਚੱਲਣ ਵਿਰੁੱਧ ਅਵਾਜ਼ ਉਠਾਈ। ਪੰਜਾਬ ਦੇ ਪਾਣੀ ਖੋਹੇ ਜਾਣ ਵਿਰੁੱਧ ਸੀਨਾ ਤਾਣਕੇ ਪੰਜਾਬ ਦੇ ਲੋਕ ਖੜੇ ਹੋਏ।
ਕੇਂਦਰ ਦੇ ਹਾਕਮ, ਪੰਜਾਬ ਨੂੰ ਨਾ ਦਰਿਆਈ ਪਾਣੀਆਂ ਦੇ ਮਾਮਲੇ 'ਤੇ ਇਨਸਾਫ਼ ਦੇ ਸਕੇ, ਨਾ ਪੰਜਾਬ ਨੂੰ ਇੱਕ ਸਨੱਅਤੀ ਸੂਬੇ ਵਜੋਂ ਜਾਂ ਵਪਾਰਕ ਕੇਂਦਰ ਵਜੋਂ ਉਭਰਨ ਦੇ ਮੌਕੇ ਉਸਨੇ ਦਿੱਤੇ। ਹਾਂ, ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਆਖਕੇ ਉਸਦੀਆਂ ਵਡਿਆਈਆਂ ਕਰਕੇ, ਇਥੋਂ ਐਨੀ ਕਣਕ ਤੇ ਚਾਵਲ ਪ੍ਰਾਪਤ ਕਰਦੇ ਰਹੇ ਕਿ ਅੱਜ ਪੰਜਾਬ, ਧਰਤੀ ਹੇਠਲੇ ਪਾਣੀ ਦੀ ਥੋੜ ਕਾਰਨ ਮਾਰੂਥਲ ਬਨਣ ਵੱਲ ਅੱਗੇ ਵਧ ਰਿਹਾ ਹੈ।
ਕਿਉਂਕਿ ਕੇਂਦਰੀ ਹਾਕਮ ਪੰਜਾਬ ਨਾਲ ਦੁਪਰਿਆਰਾ ਸਲੂਕ ਕਰਦੇ ਰਹੇ, ਇਸੇ ਕਰਕੇ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਰੋਹ ਉਪਜਦਾ ਰਿਹਾ ਹੈ। ਇਸੇ ਕਰਕੇ ਪੰਜਾਬ ਦੇ ਫ਼ੈਸਲੇ ਆਮ ਤੌਰ 'ਤੇ ਰੋਹ ਭਰੇ ਪਰ ਵਿਵੇਕਪੂਰਨ, ਲੋਕ ਹਿਤੈਸ਼ੀ ਰਹੇ ਹਨ, ਕਿਉਂਕਿ ਪੰਜਾਬ, ਉੱਚ ਦੁਮਾਲੜੇ ਕਿਰਦਾਰ ਵਿਹਾਰ ਵਾਲੇ ਅਜਿਹੇ ਸਿਆਸਤਦਾਨਾਂ ਦੀ ਜਿਹੜੇ ਪੰਜਾਬ ਤੇ ਮੁਲਕ ਦੀ ਬਿਹਤਰੀ ਲਈ ਫੈਡਰਲ ਸਿਆਸਤ ਦੇ ਬਿਰਤਾਂਤ ਤੇ ਅਜੰਡੇ ਨੂੰ ਸਮਰਪਿਤ ਹੋਣ, ਨੂੰ ਤਰਜੀਹ ਦਿੰਦਾ ਰਿਹਾ ਹੈ।
ਪੰਜਾਬ ਜਾਗਰੂਕ ਹੈ, ਉਹ ਸਮੇਂ-ਸਮੇਂ ਉਹਨਾ ਸਿਆਸਤਦਾਨਾਂ ਨੂੰ ਸਜ਼ਾ ਦੇਣ ਲਈ ਜਾਣਿਆ ਜਾਂਦਾ ਹੈ, ਜਿਹੜੇ ਪੰਜਾਬ ਨੂੰ ਆਪਣੀ ਮਲਕੀਅਤ ਸਮਝਦੇ ਰਹੇ। ਅਕਾਲੀ ਦਲ ਜਿਹੜਾ ਪੰਜਾਬ 'ਤੇ 25 ਸਾਲ ਰਾਜ ਕਰਨ ਦੀ ਗੱਲ ਕਰਦਾ ਰਿਹਾ, ਉਸ ਨੂੰ ਕਿਸਾਨਾਂ ਦੇ ਵਿਰੋਧ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਸਹੀ ਢੰਗ ਨਾਲ ਨਾ ਨਿਪਟਾਉਣ ਕਾਰਨ ਸੱਤਾ ਤੋਂ ਹੱਥ ਧੋਣੇ ਪਏ।
ਦੋ ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਆਪਣੇ ਸਿਰ 'ਤੇ ਬਿਠਾਇਆ, ਉਸ ਵਲੋਂ ਕੀਤੀ ਇਕੋ ਗਲਤੀ ਨੇ ਰਾਜਭਾਗ ਦੇ 6 ਮਹੀਨਿਆਂ ਦੇ ਅੰਦਰ ਸੰਗਰੂਰ ਲੋਕ ਸਭਾ ਸੀਟਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖਾਲੀ ਹੋਈ ਲੋਕ ਸਭਾ ਸੀਟ ਤੋਂ ਜਿਮਨੀ ਚੋਣ ਵੇਲੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ) ਨੂੰ ਇਹ ਸੀਟ ਜਿਤਾ ਦਿੱਤੀ।
ਅੱਜ ਜਦ ਭਾਜਪਾ ਆਪਣੇ ਮੂਲ ਅਜੰਡੇ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਪਾਰਟੀ ਲਈ 370 ਸੀਟਾਂ ਜਿਤਾਉਣ ਦੀ ਅਪੀਲ ਕਰ ਰਹੀ ਹੈ। ਉਸਦਾ ਅਜੰਡਾ ਸਿਰਫ ਹਿੰਦੂ ਰਾਸ਼ਟਰ ਆਯੋਧਿਆ, ਕਾਸ਼ੀ ਤੱਕ ਸੀਮਤ ਨਹੀਂ ਰਹੇਗਾ। ਹਿੰਦੂ ਮੰਦਰਾਂ ਦੇ ਕੋਲ ਹੋਰ ਵੀ ਮਸਜਿਦਾਂ ਨੂੰ ਲੈ ਕੇ ਵਿਵਾਦ ਹੋਣਗੇ। ਵੱਧ ਤੋਂ ਵੱਧ ਸੜਕਾਂ ਦੇ ਨਾਂਅ ਬਦਲੇ ਜਾਣਗੇ। ਗਿਆਰਾ ਮਾਰਚ 2024 ਨੂੰ ਨਾਗਰਿਕਤਾ ਸੋਧ ਕਾਨੂੰਨ 2019 ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਤਜ਼ਰਬੇ ਦੇ ਤੌਰ 'ਤੇ ਉਤਰਾਖੰਡ 'ਚ ਇਹ ਲਾਗੂ ਕਰ ਦਿੱਤਾ ਗਿਆ ਹੈ। ਇੱਕ ਰਾਸ਼ਟਰ, ਇੱਕ ਚੋਣ ਦਾ ਕਾਨੂੰਨ ਵੀ ਸੰਸਦ 'ਚ ਪਾਸ ਕਰ ਦਿੱਤਾ ਜਾਏਗਾ। ਇਸ ਨਾਲ ਸੰਘਵਾਦ ਅਤੇ ਲੋਕਤੰਤਰ ਹੋਰ ਵੀ ਕਮਜ਼ੋਰ ਹੋ ਜਾਏਗਾ। ਅਤੇ ਭਾਰਤ ਸਰਕਾਰ ਰਾਸ਼ਟਰਪਤੀ ਪ੍ਰਣਾਲੀ ਦੇ ਨਜ਼ਦੀਕ ਪੁੱਜ ਜਾਏਗਾ। ਜਿਸ ਵਿੱਚ ਸਾਰੀਆਂ ਸ਼ਕਤੀਆਂ ਇੱਕ ਹੀ ਵਿਅਕਤੀ ਉਤੇ ਕੇਂਦਰਤਿ ਹੋ ਜਾਣਗੀਆਂ।
ਤਦ ਪੰਜਾਬ ਸਦਾ ਇਹੋ ਜਿਹੀਆਂ ਨੀਤੀਆਂ ਦੇ ਵਿਰੋਧ 'ਚ ਖੜਾ ਹੈ। ਪੰਜਾਬ ਸਦਾ ਸਾਂਝੀਵਾਲਤਾ, ਭਰਾਤਰੀ ਭਾਵ ਦਾ ਮੁਦੱਈ ਰਿਹਾ ਹੈ। ਕਹਿਣੀ ਤੋਂ ਹੀ ਨਹੀਂ ਕਰਨੀ 'ਤੇ ਉਸਦਾ ਇਸੇ 'ਚ ਵਿਚਾਰਧਾਰਾ 'ਤੇ ਵਿਸ਼ਵਾਸ਼ ਹੈ। ਇਸੇ ਕਰਕੇ ਪੰਜਾਬ 'ਚ ਵਿਰੋਧ ਦੀ ਸੁਰ ਹਾਕਮ ਧਿਰਾਂ ਵਿਰੁੱਧ ਭਾਰੂ ਰਹਿੰਦੀ ਹੈ।
ਬਿਨ੍ਹਾਂ ਸ਼ੱਕ, ਦੇਸ਼ ਇਸ ਵੇਲੇ ਮੋਦੀ ਸਰਕਾਰ ਦੇ ਪ੍ਰਚਾਰ 'ਚ ਗ੍ਰਸਿਆ ਨਜ਼ਰ ਆਉਂਦਾ ਹੈ। ਇਹ ਇੱਕ ਅਸਲੀਅਤ ਹੈ ਕਿ ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੇ ਲੋਕ ਕੇਂਦਰਵਾਦ ਦਾ ਸਵਾਗਤ ਕਰਨਗੇ, ਕਿਉਂਕਿ ਸੱਚੇ ਲੋਕਤੰਤਰਿਕ ਮੁਲ ਹੁਣ ਤੱਕ ਸਾਂਝੇ ਪਰਿਵਾਰਕ, ਸਮਾਜਿਕ ਜਾਂ ਰਾਜਨੀਤਕ ਢਾਂਚੇ ਦਾ ਪੂਰੀ ਤਰ੍ਹਾਂ ਨਿਰੀਖਣ ਨਹੀਂ ਕਰ ਸਕੇ। ਇਸੇ ਲਈ ਵਿਕਾਸ ਦੇ ਨਾਅ ਉਤੇ ਅਮੀਰ ਨੂੰ ਜਿਆਦਾ ਅਮੀਰ ਹੁੰਦਿਆਂ ਲੋਕ ਪ੍ਰਵਾਨ ਕਰਨਗੇ ਅਤੇ ਹੇਠਲੇ ਪੰਜਾਹ ਫ਼ੀਸਦੀ ਲੋਕ ਕੁਲ ਜਾਇਦਾਦ ਦੇ ਤਿੰਨ ਫ਼ੀਸਦੀ ਹਿੱਸੇ ਅਤੇ ਰਾਸ਼ਟਰੀ ਆਮਦਨ ਦੇ 13 ਫ਼ੀਸਦੀ ਹਿੱਸੇ 'ਚ ਸੰਤੁਸ਼ਟ ਹੋਣ ਲਈ ਮਜ਼ਬੂਰ ਹੋਣਗੇ। ਇਸ ਨਾਲ ਸਮਾਜਿਕ , ਸੰਸਕ੍ਰਿਤਿਕ ਗੁਲਾਮੀ ਅਤੇ ਪੀੜਾ ਜਾਰੀ ਰਹੇਗੀ ਅਤੇ ਆਰਥਿਕ ਮੰਦਹਾਲੀ ਤੇ ਗਰੀਬੀ ਹੋਰ ਵਧੇਗੀ। ਇਹੋ ਜਿਹੀ ਸਥਿਤੀ ਕਾਲਪਨਿਕ ਨਹੀਂ ਹੈ। ਦੇਸ਼ 'ਚ ਇੱਕ ਗੰਭੀਰ ਸੰਕਟ ਸਥਿਤੀ ਹੈ।
ਪੰਜਾਬ ਇਹੋ ਜਿਹੀਆਂ ਵੱਡੀਆਂ ਤੇ ਗੰਭੀਰ ਸਥਿਤੀਆਂ ਨੂੰ ਮੁਗਲ ਰਾਜ ਵੇਲੇ ਵੀ ਹੰਢਾਉਂਦਾ ਰਿਹਾ ਹੈ,ਅੰਗਰੇਜ਼ ਰਾਜ ਵੇਲੇ ਵੀ। ਇਸੇ ਕਰਕੇ ਪੰਜਾਬ ਦੇ ਪੀੜਤ ਲੋਕ ਲਗਾਤਾਰ ਆਪਣੇ ਹੱਕਾਂ ਲਈ ਲੜਦੇ ਰਹੇ ਹਨ। ਸੰਘਰਸ਼ਾਂ ਤੋਂ ਸਿੱਖਦੇ ਰਹੇ ਹਨ। ਉਹ ਇਤਿਹਾਸ ਦੇ ਉਸ ਗੁਰ ਨੂੰ ਵੀ ਜਾਣਦੇ ਹਨ ਜੋ ਕਹਿੰਦਾ ਹੈ ਕਿ "ਆਜ਼ਾਦੀ ਅਤੇ ਵਿਕਾਸ ਯਕੀਨੀ ਬਨਾਉਣ ਲਈ ਸਮੇਂ-ਸਮੇਂ ਤੇ ਰਾਜ-ਭਾਗ 'ਚ ਤਬਦੀਲੀ ਜ਼ਰੂਰੀ ਹੈ।" ਪੰਜਾਬ ਨੇ ਇਸ ਸੱਚਾਈ ਨੂੰ ਪੱਲੇ ਬੰਨ੍ਹਿਆ ਹੋਇਆ ਹੈ।
ਫੋਕੇ ਨਾਹਰਿਆਂ, ਭਰਮ ਭੁਲੇਖਿਆਂ ਵਾਲੇ ਇਸ ਸਿਆਸੀ ਰੋਲੇ-ਘਚੋਲੇ 'ਚ ਭਾਰਤ ਦੀਆਂ ਚੋਣਾਂ ਉਤੇ ਦੁਨੀਆ ਦੀ ਨਜ਼ਰ ਹੈ। ਪੰਜਾਬ ਇਸ ਚੋਣ 'ਚ ਆਪਣੀਆਂ ਕਦਰਾਂ-ਕੀਮਤਾਂ ਅਨੁਸਾਰ ਨਿਵੇਕਲੀ ਇਬਾਰਤ ਲਿਖੇਗਾ, ਇਹੋ ਹੀ ਪੰਜਾਬ ਤੋਂ ਆਸ ਹੈ। ਉਮੀਦ ਹੈ।
ਅੰਤਿਕਾ
ਪੰਜਾਬ ਦੀਆਂ 13 ਸੀਟਾਂ 'ਆਪ' ਵਾਲੇ ਵੀ ਇਕੱਲਿਆਂ ਲੜਨਗੇ ਅਤੇ ਕਾਂਗਰਸ ਵਾਲੇ ਵੀ ਭਾਵੇਂ ਕਿ ਦੋਵੇਂ ਮੋਦੀ ਦੀ ਭਾਜਪਾ ਵਿਰੁੱਧ ਇੰਡੀਆ ਗੱਠਜੋੜ ਦੇ ਮੈਂਬਰ ਹਨ। ਸ਼ਾਇਦ ਖੱਬੀਆਂ ਧਿਰਾਂ ਕਾਂਗਰਸ ਦਾ ਸਾਥ ਦੇਣ। ਬਸਪਾ ਇਕੱਲਿਆਂ ਚੋਣ ਲੜੇਗੀ।
ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਵੀ ਇਕੱਲਿਆਂ ਲੜਨ ਲਈ ਬਿਆਨ ਦੇ ਰਹੀ ਹੈ, ਭਾਵੇਂ ਕਿ ਸੰਭਾਵਨਾ ਇਹਨਾ 'ਚ ਆਪਣੀ ਗੱਠਜੋੜ ਦੀ ਹੈ, ਜਿਸ ਵਿੱਚ ਮੌਜੂਦਾ ਕਿਸਾਨ ਅੰਦੋਲਨ ਅੜਿੱਕਾ ਬਣਿਆ ਹੈ।
ਜੋੜ-ਤੋੜ, ਆਇਆ ਰਾਮ, ਗਿਆ ਰਾਮ ਦੀ ਰਾਜਨੀਤੀ, ਪੰਜਾਬ 'ਚ ਹਾਕਮ ਧਿਰ ਨੇ ਜਲੰਧਰ ਪਾਰਲੀਮੈਂਟ ਜਿਮਨੀ ਚੋਣ ਵੇਲੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਵਿਚੋਂ ਆਪਣੇ ਪਾਸਿਓਂ ਚੋਣ ਲੜਾਕੇ ਤੇ ਹਰ ਸਰਕਾਰੀ ਹੀਲਾ-ਵਸੀਲਾ ਵਰਤਕੇ ਜਿੱਤਕੇ,ਕੀਤੀ ਸੀ ਲੋਕ ਸਭਾ ਚੋਣਾਂ ਦੀ ਮੁਹਿੰਮ 'ਆਪ' ਨੇ ਕਾਂਗਰਸ ਦੇ ਅਸੰਬਲੀ 'ਚ ਉਸ ਨੇਤਾ, ਰਾਜਕੁਮਾਰ ਚੱਬੇਵਾਲ ਜਿਹੜਾ ਕੁਝ ਦਿਨ ਪਹਿਲਾਂ ਹੋਏ ਅਸੰਬਲੀ ਇਜਲਾਸ ਵੇਲੇ ਗਲ 'ਚ ਸੰਗਲ ਪਾਕੇ 'ਆਪ' ਦਾ ਜਲੂਸ ਕੱਢ ਰਿਹਾ ਸੀ, ਨੂੰ ਆਪਣੇ ਵਲੋਂ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ, ਆਇਆ ਰਾਮ, ਗਿਆ ਰਾਮ ਸਹਾਰਾ ਲੈ ਕੇ 13-0 ਜਿੱਤ ਲਈ, ਸ਼ੁਰੂ ਕੀਤੀ ਹੈ।
ਇਹੋ ਕੰਮ ਭਾਜਪਾ ਨੇ ਪੰਜਾਬ 'ਚ ਕਾਂਗਰਸੀਆਂ ਨੂੰ ਉਧਰੋਂ ਪੁੱਟ ਕੇ ਕੀਤਾ ਸੀ ਤੇ ਆਪ ਵਾਲਿਆਂ ਅਸੰਬਲੀ ਚੋਣਾਂ ਵੇਲੇ ਵੀ ਇਹੋ ਜਿਹਾ ਕੁਝ ਕੀਤਾ ਸੀ।
ਇਹੋ ਜਿਹੇ ਹਾਲਾਤਾਂ ਦੇ ਮੱਦੇਨਜ਼ਰ, ਜਦੋਂ ਸਿਆਸਤਦਾਨਾਂ ਦਾ ਕੋਈ ਦੀਨ ਧਰਮ ਹੀ ਨਹੀਂ ਰਿਹਾ, ਉਹਨਾ ਦੀ ਬੋਲੀ ਲੱਗ ਰਹੀ ਹੈ। ਪੰਜਾਬ ਮੁੜ ਫਿਰ ਆਪਣਾ ਵੱਖਰਾ ਰਾਹ ਅਖਤਿਆਰ ਕਰੇਗਾ ਅਤੇ ਉਹਨਾ ਸਿਆਸਤਦਾਨਾਂ, ਸਿਆਸੀ ਪਾਰਟੀਆਂ ਨੂੰ ਖੁੱਡੇ ਲਾਏਗਾ, ਜਿਹਨਾ ਲਈ ਅਸੂਲ,ਆਦਰਸ਼ ਤੇ ਲੋਕ ਹਿੱਤ ਕੁਝ ਵੀ ਮਾਇਨੇ ਨਹੀਂ ਰੱਖਦੇ। ਜਿਹਨਾ ਲਈ ਸਿਰਫ਼ ਜਿੱਤ ਹੀ ਅਹਿਮ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ/ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.