- ਰੋਜ਼ਿਆਂ ਰਾਹੀ ਰੱਬ ਵੱਲੋ ਇਨਸਾਨ ਨੂੰ ਸਬਰ ਕਰਨ,ਦੂਜਿਆਂ ਦੇ ਕੰਮ ਆਉਣ ਅਤੇ ਸ਼ਹਿਣਸ਼ਕਤੀ ਦਾ ਅਲੰਬਰਦਾਰ ਬਣਾਕੇ ਦੁਨੀਆਵੀ ਜਿੰਦਗੀ ਜਿਉਣ ਦੇ ਦਿੱਤੇ ਗਏ ਹਨ ਪਦ
ਮੁਸਲਿਮ ਸਮਾਜ ਨਾਲ ਸਬੰਧਿਤ ਰਮਜਾਨ ਉਲ ਮੁਬਾਰਕ ਮਹੀਨੇ ਨੂੰ ਲੈ ਕੇ ਮੁਸਲਿਮ ਸਮਾਜ ਵਿੱਚ ਅੱਜ ਕੱਲ ਇਸ ਭਾਈਚਾਰੇ ‘ਚ ਬੇਹੱਦ ਉਤਸੱੁਕਤਾ ਪਾਈ ਜਾ ਰਹੀ ਹੈ ਕਿਉਕਿ ਇਸਲਾਮ ਵਿੱਚ ਇਸ ਮਹੀਨੇ ਦੀ ਬੇਹੱਦ ਮਹੱੱੱਤਤਾ ਹੈ। ਇਸਲਾਮ ਦੇ ਪੰਜ ਵੱਡੇ ਅਸੂਲ (ਫਰਜ) ਯਕੀਨ ,ਪੰਜ ਵਕਤ ਨਮਾਜ, ਰਮਜਾਨ ਮਹੀਨੇ ਦੇ ਰੋਜੇ ,ਗਰੀਬਾ ਦੀ ਮਦਦ ਲਈ ਜ਼ਕਾਤ ਅਤੇ ਹੱਜ ਵਿੱਚੋ ਇੱਕ ਅਸੂਲ ਹੈ ਜੋ ਰੱਬ ਵੱਲੋ ਇਸਲਾਮੀ ਕਲੰਡਰ ਦੇ ਰਮਜ਼ਾਨ ਮਹੀਨੇ ਵਿੱਚ ਮੁਸਲਮਾਨਾਂ ਵੱਲੋ ਰੱਖੇ ਜਾਦੇ ਹਨ । ਰਮਜਾਨ ਦੇ ਮਹੀਨੇ ਰੱਖੇ ਜਾਣ ਵਾਲੇ ਇਹ ਰੋਜ਼ੇ ਅੰਗਰੇਜੀ ਸਾਲ ਦੇ ਹਰ ਮਹੀਨੇ ਵਿੱਚ ਆਉਦੇ ਹਨ ਕਿਉਕਿ ਇਸਲਾਮੀ ਮਹੀਨੇ ਚੰਦ ਅਨੁਸਾਰ ਤੀਹ ਦਿਨ ਤੋਂ ਵੱਧ ਨਹੀ ਹੁੰਦੇ ਜਦੋ ਕਿ ਈਸਵੀ ਮਹੀਨੇ ਤੀਹ ਦਿਨ ਤੋ ਵੱਧ ਵੀ ਹੁੰਦੇ ਹਨ ਜਿਸ ਕਾਰਣ ਹਰ ਸਾਲ ਲੱਗਭੱਗ ਦਸ ਦਿਨਾਂ ਦਾ ਫਰਕ ਪੈ ਜਾਦਾ ਹੈ ਜਿਸ ਕਾਰਨ ਇਹ ਪੂਰਾ ਸਾਲ ਬਦਲ ਬਦਲ ਵੱਖੋ ਵੱਖੋ ਸਮੇ ਤੇ ਆਉਦੇ ਰਹਿੰਦੇ ਹਨ ਤੇ ਇਹ ਫਰਕ 35 ਸਾਲ ਬਾਦ ਪੂਰਾ ਹੋ ਕੇ ਫਿਰ ਪਹਿਲੇ ਹੀ ਦਿਨ ਤੇ ਆ ਜਾਦੇ ਹਨ ਭਾਵ ਕਿ ਇਹ ਰੋਜੇ ਗਰਮੀ ਅਤੇ ਕਦੀ ਸਰਦੀ ਵਿੱਚੋ ਦੀ ਗੁਜਰਦੇ ਹੋਏ ਸਾਰਾ ਸਾਲ ਗਰਦਿਸ ਕਰਦੇ ਹਨ ।
ਇਸ ਪਵਿੱਤਰ ਮਹੀਨੇ ਦੀਆ ਵਿਸ਼ੇਸ਼ਤਾਵਾਂ ਬਾਰੇ ਪੈਗੰਬਰ ਏ ਇਸਲਾਮ ਹਜ਼ਰਤ ਮੁਹੰਮਦ ਸਾਹਿਬ (ਸਲ.) ਫਰਮਾਉਦੇ ਹਨ ਕਿ “ਲੋਕੋ ਤੁਹਾਡੇ ਤੇ ਇੱਕ ਮਹੀਨਾ ਬਹੁਤ ਮੁਬਾਰਕ ਬਰਕਤਾਂ ਵਾਲਾ ਆ ਰਿਹਾ ਹੈ ਇਸ ਦੀ ਇਕ ਰਾਤ ਸ਼ੱਬੇ ਕਦਰ ਹਜ਼ਾਰਾ ਮਹੀਨਿਆਂ ਤੋ ਵਧਕੇ ਹੈ । ਅੱਲਾ ਨੇ ਇਸ ਦੇ ਰੋਜਿਆ ਨੂੰ ਫਰਜ ਕੀਤਾ ਹੈ ਤੇ ਰਾਤ ਦੇ ਕਿਯਾਮ ਯਾਨੀ ਤਰਾਵੀਹ ( ਰਮਜਾਨ ਮਹੀਨੇ ਦੀਆ ਰਾਤਾਂ ਦੀ ਵਿਸੇਸ਼ ਨਮਾਜ ਨੂੰ ) ਤੁਹਾਡੇ ਲਈ ਸਵਾਬ ਦੀ ਚੀਜ਼ ਬਣਾਇਆ ਹੈ, ਜੋ ਬੰਦਾ ਇਸ ਮਹੀਨੇ ‘ਚ ਨੇਕੀ ਦੇ ਨਾਲ ਅੱਲਾ ਦਾ ਕੁਰਬ ਹਾਸਿਲ ਕਰੇ ਇਸ ਤਰਾਂ ਹੈ ਜਿਸ ਤਰਾਂ ਗੈਰ ਰਮਜਾਨ ਮਹੀਨੇ ਵਿੱਚ ਫਰਜ ਅਦਾ ਕਰੇ ਅਤੇ ਜੋ ਬੰਦਾ ਇਸ ਮbਹੀਨੇ ਵਿੱਚ ਫਰਜ ਅਦਾ ਕਰੇ ਇਸ ਤਰਾਂ ਹੈ ਜਿਸ ਤਰਾਂ ਹੋਰ ਮਹੀਨਿਆਂ ਵਿੱਚ ਸੱਤਰ ਫਰਜ਼ ਅਦਾ ਕਰੇ । ਇਹ ਮਹੀਨਾ ਸਬਰ ਦਾ ਹੈ ਅਤੇ ਸਬਰ ਦਾ ਬਦਲਾ ਜੰਨਤ (ਸਵਰਗ) ਹੈ ਅਤੇ ਇਹ ਮਹੀਨਾ ਲੋਕਾਂ ਨਾਲ ਗਮਖੁਆਰੀ ਹਮਦਰਦੀ ਕਰਨ ਦਾ ਹੈ । ਇਸ ਮਹੀਨੇ ਮੋੋਮਿਨ ਦਾ ਰਿਜ਼ਕ ਵਧਾ ਦਿੱਤਾ ਜਾਦਾ ਹੈ ਜੋ ਬੰਦਾ ਕਿਸੇ ਰੋਜ਼ੇਦਾਰ ਦਾ ਰੋਜਾ ਇਫਤਾਰ ਕਰਵਾਏ (ਖੁਲਵਾਏ) ਉਸ ਦੇ ਸਾਰੇ ਗੁਨਾਹ ਮੁਆਫ ਹੋ ਜਾਣਗੇ ਅਤੇ ਅੱਗ ਤੋ ਖਲਾਸੀ ਦਾ ਸਬੱਬ ਹੋਵੇਗਾ ਅਤੇ ਰੱਬ ਵੱਲੋ ਰੋਜ਼ੇਦਾਰ ਜਿੰਨੀਆਂ ਹੀ ਨੇਕੀਆਂ ਰੋਜ਼ਾ ਖੁਲਵਾਉਣ ਵਾਲੇ ਨੂੰ ਦਿੱਤੀਆ ਜਾਣਗੀਆ ਤੇ ਉਸ ਦੇ ਸਵਾਬ ਵਿੱਚ ਕੋਈ ਨੇਕੀ ਘੱਟ ਨਹੀ ਕੀਤੀ ਜਾਵੇਗੀ” ਤਾਂ ਹਜਰਤ ਮੁਹੰਮਦ (ਸਲ.) ਦੇ ਸਾਥੀਆ ਨੇ ਕਿਹਾ ਕਿ ਰਸੂਲੁਲੱਾਹ ਸਾਡੇ ਵਿੱਚੋ ਹਰ ਕੋਈ ਤਾਂ ਇਸ ਦੀ ਤਾਕਤ ਨਹੀ ਰੱਖਦਾ ਕਿ ਰੋਜ਼ੇਦਾਰ ਦਾ ਰੋਜ਼ਾ ਖੋਲਵਾਏ ਤਾਂ ਆਪ ਨੇ ਫਰਮਾਇਆ ਕਿ ਇਹ ਸਵਾਬ ਪੇਟ ਭਰਕੇ ਖੁਲਵਾਉਣ ਤੇ ਹੀ ਨਹੀ ਮਿਲਦਾ ਸਗੋ ਇਹ ਨੇਕੀਆ ਤਾਂ ਰੱਬ ਇੱਕ ਖਜੂਰ ਦੇ ਨਾਲ ਕਿਸੇ ਦਾ ਰੋਜ਼ਾ ਖੁਲਵਾਏ ਜਾਂ ਇੱਕ ਘੁੱਟ ਪਾਣੀ ਨਾਲ ਖੁਲਵਾਏ ਅੱਲਾ ਉਸਤੇ ਵੀ ਦੇ ਦਿੰਦੇ ਹਨ ।
ਇਹ ਐਸਾ ਮਹੀਨਾ ਹੈ ਇਸ ਦਾ ਪਹਿਲਾ ਹਿੱਸਾ ਅੱਲਾ ਦੀ ਰਹਿਮਤ ਹੈ ਤੇ ਆਖਰੀ ਹਿੱਸਾ ਅੱਗ ਤੋਂ ਅਜ਼ਾਦੀ ਹੈ ਤੇ ਦਰਮਿਆਨੀ ਹਿੱਸਾ ਮਗਫਿਰਤ, ਜੋ ਬੰਦਾ ਇਸ ਮਹੀਨੇ ਵਿੱਚ ਹਲਕਾ ਕਰ ਦੇਵੇ ਅਪਣੇ ਗੁਲਾਮ ਤੇ ਖਾਦਿਮ ਦੇ ਬੋਝ ਨੂੰ ਅੱਲਾ ਉਸ ਦੀ ਬਖਸਿਸ਼ ਕਰ ਦੇਣਗੇ ਅਤੇ ਅੱਗ ( ਨਰਕ ) ਤੋਂ ਉਸ ਨੂੰ ਅਜ਼ਾਦੀ ਫਰਮਾ ਦੇਣਗੇ । ਹਜਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਚਾਰ ਚੀਜ਼ਾਂ ਦੀ ਇਸ ਮਹੀਨੇ ਵਿੱਚ ਕਸਰਤ ਰੱਖੋ ਜਿਸ ਵਿੱਚੋਂ ਦੋ ਚੀਜ਼ਾਂ ਅੱਲਾ ਦੀ ਰਜ਼ਾ ਵਾਸਤੇ ਤੇ ਦੋ ਚੀਜ਼ਾਂ ਅਜਿਹੀਆਂ ਹਨ ਜਿੰਨਾਂ ਤੋ ਬਿਨਾਂ ਚਾਰਾ ਏ ਕਾਰ ਨਹੀਂ, ਪਹਿਲੀਆਂ ਦੋ ਚੀਜ਼ਾਂ ਜੋ ਅੱਲਾ ਨੂੰ ਰਾਜ਼ੀ ਕਰਨ ਵਾਸਤੇ ਹਨ ਉਨਾਂ ਵਿੱਚ ਪਹਿਲੀ ਕਲਮਾ ਏ ਤੋਇਬਾ ਲਾ ਈ ਲਾਹਾ ਇਲਲੱਾਹ ਮੁਹੰਮਦਰ ਰਸੱੂਲੁਲਾਹ ਤੇ ਦੂਜੇ ਇਸਤਗਫਾਰ ( ਅੱਲਾ ਤੋਂ ਗੁਨਾਹਾਂ ਦੀ ਮੁਆਫੀ ) ਦੀ ਕਸਰਤ ਹੈ ਔਰ ਦੋ ਚੀਜ਼ਾਂ ਜੰਨਤ ਦੀ ਤਲਬ ਅਤੇ ਅੱਗ ਤੋਂ ਖਲਾਸੀ ਦੀ ਪਨਾਹ ਹਨ । ਜਿਹੜਾ ਬੰਦਾ ਰੋਜ਼ੇਦਾਰ ਨੂੰ ਪਾਣੀ ਪਿਲਾਏ ਕਿਆਮਤ ਦੇ ਦਿਨ ਅੱਲਾ ਪਾਕ ਮੇਰੀ ਹੋਜ਼ ਤੋ ਐਸਾ ਪਾਣੀ ਪਿਲਾਉਣਗੇ ਕਿ ਜੰਨਤ ਦੇ ਦਾਖਿਲ਼ ਹੋਣ ਤੱਕ ਉਸ ਨੂੰ ਪਿਆਸ ਨਹੀ ਲੱਗੇਗੀ ।
ਇਸ ਮਹੀਨੇ ਨੂੰ ਬੇਸੱਕ ਰੱਬ ਪਰਬਰਦਿਗਾਰ ਵੱਲੋਂ ਇਨਸਾਨ ਵਿੱਚ ਖੂਬੀਆਂ ਪੈਦਾ ਕਰਨ, ਸਬਰ ਅਤੇ ਦੂਜਿਆਂ ਦੀਆ ਤਕਲੀਫਾਂ ਨੂੰ ਸਮਝਣ ਲਈ ਇੱਕ ਮਾਰਗ ਦਰਸ਼ਨ ਦੇ ਰੂਪ ਵਿੱਚ ਇਨਸਾਨੀਅਤ ਨੂੰ ਦਿੱਤਾ ਗਿਆ ਇੱਕ ਇਨਾਮ ਵੀ ਕਿਹਾ ਜਾ ਸਕਦਾ ਹੈ ਡਾਕਟਰਾਂ ਅਤੇ ਹਕੀਮਾਂ ਅਨੁਸਾਰ ਜਿੱਥੇ ਰੋਜ਼ੇ ਰੱਖਣ ਨਾਲ ਸਰੀਰ ਅਤੇ ਪੇਟ ਦੀਆਂ ਅਨੇਕਾਂ ਬਿਮਾਰੀਆਂ ਤੋਂ ਇਨਸਾਨ ਨੂੰ ਰਾਹਤ ਮਿਲਦੀ ਹੈ ਉੱਥੇ ਹੀ ਧਾਰਮਿਕ ਗੁਰੂਆਂ ਅਨੁਸਾਰ ਆਤਮਿਕ ਸ਼ਾਤੀ ਲਈ ਭੁੱਖੇ ਪਿਆਸੇ ਰੱਖਕੇ ਕੋਈ ਫਾਇਦਾ ਰੱਬ ਦੀ ਜਾਤ ਨੂੰ ਨਹੀਂ ਹੈ, ਸਗੋਂ ਸਹੀ ਸ਼ਬਦਾਂ ਵਿੱਚ ਇਸ ਨੂੰ ਇਹ ਸਮਝਾਉਣਾ ਹੀ ਹੈ ਕਿ ਗਰੀਬ ਲੋਕ ਆਪਣੀ ਭੱਖੇ ਪਿਆਸ ਕਿਸ ਤਰਾਂ ਬਰਦਾਸਤ ਕਰਦੇ ਹਨ । ਉਨ੍ਹਾਂ ਅਨੁਸਾਰ ਇਨਸਾਨ ਅੰਦਰ ਗੁਨਾਹਾਂ ਦੀ ਰਗਬਤ ਪੇਟ ਭਰੇ ਹੋਣ ਕਾਰਨ ਵੱਧ ਪੈਦਾ ਹੁੰਦੀ ਹੈ ਤੇ ਗੰਦੇ ਖਿਆਲ ਵੀ ਇਸੇ ਕਰਕੇ ਦਿਲ ਵਿੱਚ ਪੈਦਾ ਹੁੰਦੇ ਹਨ ਤੇ ਰੋਜ਼ੇ ਰੱਖਣ ਨਾਲ ਗਲਤ ਖਿਆਲ ਅਤੇ ਦਿਲ ਦੀ ਖੋਟ ਦੂਰ ਹੋ ਜਾਂਦੀ ਹੈ । ਦੂਜੇ ਪਾਸੇ ਰੱਬ ਦੇ ਮੰਨਣ ਅਤੇ ਡਰ ਦੀ ਇੰਤਹਾ ਵੀ ਇੰਨ੍ਹਾਂ ਰੋਜ਼ਿਆ ਅੰਦਰ ਛੁਪੀ ਹੋਈ ਹੈ ਕਿ ਤੜਕੇ ਪਾਓ ਫੁਟਣ ਤੋਂ ਲੈ ਕੇ ਸੂਰਜ ਦੇ ਛਿਪਣ ਤੱਕ ਲੱਗਭੱਗ 15-16 ਘੰਟੇ ਬਿਨਾਂ ਖਾਦੇ ਪੀਤੇ ਭੁੱਖ ਬਰਦਾਸ਼ਤ ਕਰਨਾ ਰੱਬ ਦਾ ਡਰ ਨਹੀਂ ਤਾਂ ਹੋਰ ਕੀ ਹੈ ? ਜਦੋਂ ਕਿ ਰੋਜ਼ੇਦਾਰ ਲੱੁਕ ਛਿਪ ਕੇ ਵੀ ਕੁਝ ਖਾ ਪੀ ਸਕਦਾ ਹੈ ਇਸੇ ਲਈ ਹਦੀਸੇ ਕੁਦਸੀ ਵਿੱਚ ਅੱਲਾ ਪਾਕ ਫਰਮਾਉਦੇ ਹਨ ਕਿ ਹਰ ਕੰਮ ਦਾ ਬਦਲਾ ਉਸ ਵੱਲੋਂ ਤੈਅ ਫਰਿਸ਼ਤਿਆਂ ਵੱਲੋ ਦਿਤਾ ਜਾਵੇਗਾ ਪਰ ਰੋਜ਼ੇ ਦਾ ਬਦਲਾ ਕਿਆਮਤ ਵਾਲੇ ਦਿਨ ਉਹ ਖੁਦ ਦੇਣਗੇ ਕਿਉਕਿ ਇਹ ਸਿਰਫ ਮੇਰੇ ਲਈ ਹੀ ਹੈ ਇਸ ਵਿੱਚ ਕੋਈ ਦਿਖਾਵਾ ਨਹੀਂ ਹੋ ਸਕਦਾ ।
ਇਸੇ ਲਈ ਇੱਕ ਜਗ੍ਹਾ ਹਜ਼ਰਤ ਮੁਹੰਮਦ ਸਾਹਿਬ (ਸਲ.) ਫਰਮਾਉਂਦੇ ਹਨ ਕਿ ਇਹ ਮਹੀਨਾ ਰੱਬ ਵੱਲੋਂ ਵੱਡੀਆਂ ਰਹਿਮਤਾਂ ਅਤੇ ਬਰਕਤਾਂ ਵਾਲਾ ਬਣਾਇਆ ਗਿਆ ਹੈ। ਕਿਹਾ ਕਿ ਅਗਰ ਲੋਕਾਂ ਨੂੰ ਇਹ ਪਤਾ ਚੱਲ ਜਾਵੇ ਕਿ ਰਮਜ਼ਾਨ ਕੀ ਚੀਜ ਹੈ ਤਾਂ ਮੇਰੀ ਉੱਮਤ ਇਹ ਤਮੰਨਾ ਕਰੇਗੀ ਕਿ ਸਾਰਾ ਸਾਲ ਹੀ ਰਮਜ਼ਾਨ ਰਹੇ । ਇਸ ਮਹੀਨੇ ਬਾਰੇ ਹਜ਼ਰਤ ਮੁਹੰਮਦ (ਸਲ.) ਇਕ ਜਗ੍ਹਾ ਹੋਰ ਫਰਮਾਉਦੇ ਹਨ ਕਿ ਮੇਰੀ ਉੱਮਤ ਨੂੰ ਰਮਜ਼ਾਨ ਸ਼ਰੀਫ ਦੇ ਬਾਰੇ ਵਿੱਚ ਹੋਰ ਉੱਮਤਾਂ ਨਾਲੋ ਪੰਜ ਚੀਜ਼ਾਂ ਵਿਸ਼ੇਸ਼ ਤੌਰ ਤੇ ਦਿੱਤੀਆ ਗਈਆਂ ਹਨ ਪਹਿਲੀ ਭੱੁਖੇ ਰਹਿਣ ਕਾਰਨ ਇੰਨਾਂ ਦੇ ਮੂੰਹ ਦੀ ਬੂ ਰੱਬ ਨੂੰ ਮੁਸ਼ਕ ਤੋ ਜਿਆਦਾ ਮਹਿਬੂਬ ਹੈ, ਦੂਜੇ ਰੋਜ਼ੇਦਾਰ ਲਈ ਮੱਛਲੀਆਂ ਰੋਜ਼ਾ ਖੋਲਣ ਤੱਕ ਬਖਸ਼ਿਸ ਦੀ ਦੁਆ ਕਰਦੀਆ ਹਨ, ਤੀਜੇ ਰੱਬ ਵੱਲੋਂ ਜੰਨਤ (ਸਵਰਗ) ਰੋਜ਼ੇਦਾਰਾਂ ਲਈ ਹਰ ਰੋਜ਼ ਸਜਾਈ ਜਾਂਦੀ ਹੈ, ਚੌਥੇ ਸ਼ੈਤਾਨ ਨੂੰ ਇਸ ਮਹੀਨੇ ਕੈਦ ਕਰ ਲਿਆ ਜਾਦਾ ਹੈ, ਪੰਜਵੇਂ ਰਮਜਾਨ ਦੀ ਆਖਰੀ ਰਾਤ ਨੂੰ ਰੋਜ਼ੇਦਾਰਾਂ ਦੀ ਮਗਫਿਰਤ (ਬਖਸ਼ਿਸ਼) ਕਰ ਦਿੱਤੀ ਜਾਦੀ ਹੈ ਇਸੇ ਦੀ ਖੁਸੀ ਵੱਜੋਂ ਮੁਸਲਿਮ ਲੋਕ ਈਦ ਮਨਾਉਦੇ ਹਨ ਤੇ ਇਸ ਦੀਆਂ ਖੁਸ਼ੀਆਂ ਵਿੱਚ ਸਾਰਾ ਸਮਾਜ ਸ਼ਰੀਕ ਹੋ ਸਕੇ ਇਸ ਲਈ ਗਰੀਬ ਲੋਕਾਂ ਨੂੰ ਜ਼ੁਕਾਤ, ਸਦਕਾ ਏ ਫਿਤਰ ਦੇ ਰੂਪ ਵਿੱਚ ਦਾਨ ਪੁੰਨ ਕੀਤਾ ਜਾਦਾ ਹੈ ਜੋ ਜ਼ਕਾਤ ਦੇ ਰੂਪ ਵਿੱਚ ਹਰ ਮਾਲਦਾਰ ਮੁਸਲਮਾਨ ਤੇ ਉਸਦੀ ਆਮਦਨ ਤੇ ਢਾਈ ਪ੍ਰਤੀਸ਼ਤ ਫਰਜ ਕੀਤਾ ਗਿਆ ਹੈ ਕਿ ਉਹ ਹਰ ਸਾਲ ਇਸ ਦੀ ਅਦਾਇਗੀ ਕਰੇ। ਇਸ ਮਹੀਨੇ ਦੇ ਅਖੀਰਲੇ ਦਸ ਦਿਨਾਂ ਦੀਆਂ ਟਾਂਕ ਰਾਤਾਂ ਵਿੱਚ ਇੱਕ ਵਿਸ਼ੇਸ ਰਾਤ “ਸ਼ੱਬੇ ਕਦਰ’ ਨੂੰ ਇਨਾਮ ਦੇ ਰੂਪ ਵਿੱਚ ਦਿੱਤਾ ਗਿਆ ਹੈ ਜਿਸ ਵਿੱਚ ਕੀਤੀ ਗਈ ਇਬਾਦਤ ਹਜਾਰਾਂ ਸਾਲਾਂ ਨਾਲੋ ਅਫਜ਼ਲ ਮੰਨੀ ਜਾਂਦੀ ਹੈ ।
ਇੰਨਾਂ ਕੁਝ ਹੋਣ ਦੇ ਬਾਵਜੂਦ ਵੀ ਇਸ ਪਵਿੱਤਰ ਮਹੀਨੇ ਵਿੱਚ ਵੀ ਚਾਰ ਕਿਸਮ ਦੇ ਲੋਕਾਂ ਦੀ ਰੱਬ ਵੱਲੋਂ ਮੁਆਫੀ ਅਤੇ ਬਖਸ਼ਿਸ਼ ਕੀਤੀ ਜਾਂਦੀ ਪਹਿਲਾ ਸ਼ਰਾਬ ਪੀਣ ਵਾਲਾ, ਦੂਜਾ ਮਾਂ-ਬਾਪ ਦੀ ਨਾ ਫਰਮਾਨੀ ਕਰਨ ਵਾਲਾ, ਤੀਜਾ ਰਿਸ਼ਤੇ ਨਾਤੇ ਤੋੜਣ ਵਾਲਾ, ਚੌਥੇ ਕਿਸੇ ਪ੍ਰਤਿ ਘ੍ਰਿਣਾ ਰੱਖਣ ਵਾਲਾ । ਜਿਹੜਾ ਰੋਜ਼ੇਦਾਰ ਰੋਜ਼ੇ ਨੂੰ ਰੱਖਣ ਅਤੇ ਖੋਲ੍ਹਣ ਵੇਲੇ ਹਰਾਮ ਕਮਾਈ ਦਾ ਇਸਤਮਾਲ ਕਰ ਰਿਹਾ ਹੈ ਜਾਂ ਚੁਗਲੀ ਨਿੰਦਾ ਅਤੇ ਗੁਨਾਹਾ ਵਾਲੇ ਕੰਮ ਕਰ ਰਿਹਾ ਹੈ ਮੁਹੰਮਦ ਸਹਿਬ (ਸਲ.) ਅਨੁਸਾਰ ਇਸ ਨੂੰ ਭੁੱਖੇ ਪਿਆਸੇ ਰਹਿਣ ਤੋ ਇਲਾਵਾ ਕੁਝ ਵੀ ਨਹੀਂ ਮਿਲਦਾ । ਸਹੀ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪਵਿੱਤਰ ਰਮਜ਼ਾਨ ਦਾ ਮਕਸਦ ਇਸਲਾਮ ਨੇ ਬੇਹਤਰ ਸਮਾਜ ਦੀ ਸਿਰਜਨਾ, ਸਮਾਜ ਲਈ ਇੱਕ ਚੰਗਾ ਇਨਸਾਨ ਬਣਾਕੇ ਇਨਸਾਨਅਤ ਨੂੰ ਭਲਾਈਆਂ ਅਤੇ ਰੱਬ ਦੀ ਬੰਦਗੀ ਦੀ ਤਰਫ ਜਿੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਰੱਬ ਵੱਲੋਂ ਉਸ ਨੂੰ ਸਬਰ ਕਰਨ ਵਾਲਾ, ਦੂਜਿਆਂ ਦੇ ਕੰਮ ਆਉਣ ਵਾਲਾ, ਸ਼ਹਿਣਸ਼ਕਤੀ ਦਾ ਅਲੰਬਰਦਾਰ ਬਣਾਕੇ ਦੁਨੀਆਵੀ ਜਿੰਦਗੀ ਜਿਉਣ ਦੇ ਪਦ ਦਿੱਤੇ ਗਏ ਹਨ ਕਿ ਉਹ ਇੱਕ ਬੇਹਤਰ ਇਨਸਾਨ ਬਣਕੇ ਇਸ ਜਿੰਦਗੀ ਨੂੰ ਪੂਰਾ ਕਰਕੇ ਜਾਵੇ ਜਿਸ ਨਾਲ ਉਸਦੀ ਅਤੇ ਦੂਜਿਆਂ ਦੀ ਭਲਾਈ ਹੋ ਸਕੇ।
****ਨੋਟ---ਰਮਜਾਨ ਦੇ ਪਵਿੱਤਰ ਮ੍ਹੀਨੇ ਸਬੰਧੀ ਜੋ ਟਾਮੀਮ ਟੇਬਲ ਮਹੀਂਨੇ ਦੇ ਰੋਜ਼ਿਆ ਦਾ ਭੇਜਿਆ ਗਿਆ ਹੈ ਇਹ ਮਾਲੇਰਕੋਟਲਾ ਮੁਤਾਬਕ ਹੈ ਜਦੋਂ ਕਿ ਪੰਜਾਬ ਦੇ ਦੂਜੇ ਸ਼ਹਿਰਾਂ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼੍ਹਾ ਖੋਲਣ ਤੇ ਰੱਖਣ ਦਾ ਸਮਾਂ) ਮਾਲੇਰਕੋਟਲਾ ਮੁਤਾਬਿਕ ਹੀ ਹੋਵੇਗਾ ਪਰ ਨਾਭਾ ਅੱਧਾ ਮਿੰਟ, ਸਰਹਿੰਦ 2 ਮਿੰਟ, ਹੁਸ਼ਿਆਰਪੁਰ ਅੱਧਾ ਮਿੰਟ, ਚੰਡੀਗੜ੍ਹ 3 ਮਿੰਟ, ਖੰਨਾਂ 1 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ ਜਿਥੇ 2 ਮਿੰਟ ਪਹਿਲਾ ਹੋਵੇਗਾ ਉਥੇ ਹੀ ਸੰਗਰੂਰ ਅੱਧਾ ਮਿੰਟ, ਮਾਨਸਾ 2 ਮਿੰਟ, ਸੁਨਾਮ ਅੱਧਾ ਮਿੰਟ, ਜਲੰਧਰ 3 ਮਿੰਟ, ਅਹਿਮਦਗੜ੍ਹ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ ‘ਚ 4 ਮਿੰਟ ਬਾਅਦ ਹੋਵੇਗਾ।
ਰੋਜ਼ਾ ਰੱਖਣ ਅਤੇ ਖੋਲ੍ਹਣ ਸਮੇਂ ਇਹ ਨੀਯਤ (ਦੁਆ) ਪੜ੍ਹੀ ਜਾਦੀ ਹੈ
ਰੋਜ਼ਾ ਖੋਲਣ ਦੀ ਅਰਬੀ ’ਚ ਨੀਯਤ (ਦੁਆ)
“ਅੱਲ੍ਹਾਹੁੰਮਾ ਇੰਨੀ ਲਕਾ ਸੁਮਤੁ ਵ ਬਿਕਾ ਆਮਨਤੂ ਵ ਅਲੈਕਾ ਤਵੱਕਲਤੂ ਵ ਅਲਾ ਰਿਜ਼ਕਿਕਾ ਅਫਤਰਤੂ”
ਰੋਜ਼ਾ ਰੱਖਣ ਦੀ ਅਰਬੀ ’ਚ ਨੀਯਤ (ਦੁਆ)
“ ਵ ਬਿ ਸੋਮੀ ਗ਼ਦਿੱਨ ਨਵੈਤੂ ਮਿਨ ਸ਼ਹਿਰੀ ਰਮਜ਼ਾਨ”
-
ਮੁਹੰਮਦ ਇਸਮਾਈਲ ਏਸ਼ੀਆ , ਲੇਖਕ
asia.ajitmalerkotla@gmail.com
9855978675
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.