ਜ਼ੁਬਾਨ ਦੇ ਰਸ ਵਾਲੀ ਕਹਾਣੀ ਅਸੀਂ ਸਭ ਨੇ ਛੋਟੇ ਹੁੰਦੇ ਬਹੁਤ ਸੁਣੀ ਹੋਈ ਹੋਣੀ ਜਿਸ ਵਿੱਚ ਸਾਧੂ ਨੇ ਆਪਣੀ ਮੰਦੀ ਜੁਬਾਨ ਨਾਲ ਆਪਣਾ ਬਣਦਾ ਕੰਮ ਵੀ ਵਿਗਾੜ ਲਿਆ ਅਤੇ ਇਸ ਸਦਕੇ ਹਾਸੇ ਦਾ ਪਾਤਰ ਵੀ ਬਣਿਆ । ਲੋਕਾਂ ਵੱਲੋਂ ਅੱਜ ਵੀ “ਜੁਬਾਨ ਦੇ ਰਸ” ਦੀ ਗੱਲ ਕੀਤੀ ਜਾਂਦੀ ਹੈ।ਜਦੋਂ ਕੋਈ ਖਰਵੇ ਬੋਲ ਬੋਲਦਾ ਹੈ ਤਾਂ ਉਸਨੂੰ “ਜ਼ੁਬਾਨ ਦਾ ਰਸ ” ਕਹਿਕੇ ਸੋਹਣਾ ਬੋਲਣ ਲਈ ਸਮਝਾਇਆ ਜਾਂਦਾ ਹੈ। ਹੁਣ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜੁਬਾਨ ਦੇ ਰਸ ਦੇ ਨਾਲ-ਨਾਲ ਕੰਨਾਂ ਦਾ ਰਸ ਵੀ ਬੜਾ ਅਹਿਮ ਹੋ ਗਿਆ ਹੈ। ਅਜੋਕੇ ਦੌਰ ਵਿੱਚ ਜਦੋਂ ਮਨੁੱਖ ਕੋਲ ਆਪਣੀ ਭੱਜ ਦੌੜ ਭਰੀ ਜਿੰਦਗੀ ਵਿੱਚ ਕਿਸੇ ਕੋਲ ਬਹਿਣ ਖਲੋਣ ਦਾ ਵਕਤ ਨਹੀ ਹੈ ਉਸ ਵਿੱਚ ਇਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਜਿਵੇਂ ਜੁਬਾਨ ਦਾ ਰਸ ਸਾਡੇ ਆਪਣੇ ਆਪ ਤੇ ਨਿਰਭਰ ਕਰਦਾ ਹੈ ਠੀਕ ਉਸ ਤਰਾਂ ਕੰਨਾਂ ਦਾ ਰਸ ਵੀ ਸਾਡੇ ਤੇ ਹੀ ਨਿਰਭਰ ਹੈ।
ਕਿਸੇ ਹੋਰ ਦੀ ਜੁਬਾਨ ਦੁਆਰਾ ਬੋਲੀਆਂ ਗੱਲਾਂ ਸਾਡੇ ਕੰਨ ਕਿਸ ਤਰਾਂ ਲੈਦੇ ਹਨ ਇਹ ਉਹਨਾ ਦੇ ਅੰਦਰਲੇ ਰਸ ਤੇ ਹੀ ਨਿਰਭਰ ਹੁੰਦਾ ਹੈ । ਇੱਕ ਪੁਰਾਣੀ ਕਹਾਵਤ ਹੈ ਹੱਸਦਿਆਂ ਦੀਆਂ ਸਿਠੱਣੀਆ ਤੇ ਲੜਦਿਆਂ ਦੇ ਮਿਹਣੇ ।ਭਾਵ, ਜੇਕਰ ਅਸੀ ਆਪਸ ਵਿੱਚ ਖੁਸ਼ ਹਾਂ ਅਤੇ ਸਾਡੇ ਆਪਸੀ ਸਬੰਧ ਸੁਖਾਵੇ ਹਨ ਤਾਂ ਇੱਕ ਦੂਜੇ ਦੀਆਂ ਤਲਖ ਗੱਲਾਂ ਵਿੱਚ ਵੀ ਅਸੀ ਸਾਰਥਕਤਾ ਲੱਭ ਲੈਦੇ ਹਾਂ। ਜੇਕਰ ਸਾਡੇ ਆਪਸ ਵਿਚ ਸਬੰਧਾਂ ਦੀ ਸਥਿਤੀ ਕੜਵਾਹਟ ਵਾਲੀ ਜਾਂ ਅਣਸੁਖਾਵੇਂ ਹਨ ਤਾਂ ਆਮ ਜਿਹੀਆਂ ਆਪਸੀ ਗੱਲਾਂ ਵੀ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਸਾਡੇ ਕੰਨਾਂ ਨੇ ਜਿਹੋ ਜਿਹਾ ਰਸ ਸਾਹਮਣੇ ਵਾਲੇ ਦੀਆਂ ਗੱਲਾਂ ਵਿੱਚ ਘੋਲਿਆ ਉਹੋ ਜਿਹਾ ਹੀ ਸਾਡੇ ਦਿਮਾਗ ਨੇ ਹਜਮ ਕਰ ਲੈਣਾ ਹੈ। ਰੌਚਕ ਗੱਲ ਇਹ ਹੈ ਕਿ ਇਸ ਸੰਬੰਧੀ ਕੋਈ ਵਿਗਿਆਨਕ ਟਿੱਪਣੀ ਤੱਕ ਉਪਲਬਧ ਨਹੀ ਹੈ ਪਰ ਇਹ ਅਜਿਹੀ ਬਿਮਾਰੀ ਹੈ ਜਿਸ ਦਾ ਸ਼ਿਕਾਰ ਹਰ ਕੋਈ ਹੈ। ਸਾਹਮਣੇ ਵਾਲੇ ਦੀ ਜੁਬਾਨ ਦੀ ਕਲਾ ਚੰਗੇ ਭਲੇ ਦੇ ਕੰਨਾਂ ਦਾ ਰਸ ਕੌੜਾ ਵੀ ਕਰ ਸਕਦੀ ਹੈ ਅਤੇ ਮਿੱਠਾ ਵੀ।
ਵੱਡੇ 2 ਅਫਸਰ, ਮੰਤਰੀ , ਪ੍ਰਧਾਨ, ਕਰਿੰਦੇ ਬਸ਼ਿੰਦੇ , ਘਰੇਲੂ ਔਰਤਾਂ , ਆਮ ਵਿਅਕਤੀ , ਇੱਥੋ ਤੱਕ ਕਿ ਛੋਟੇ-2 ਬੱਚੇ ਵੀ ਇਸ ਦੇ ਪ੍ਰਭਾਵ ਹੇਠ ਅਸਾਨੀ ਨਾਲ ਆ ਜਾਂਦੇ ਹਨ । ਕਹਿੰਦੇ ਬੰਦਾ ਤਕੜਾ ਚਾਹੀਦਾ ਕਿਸੇ ਨੂੰ ਜਿੱਧਰ ਮਰਜੀ ਲਾ ਲਵੋ। ਕਈ ਬੰਦੇ ਤਾਂ ਇੰਨੇ ਚੁਗਲਬਾਜ ਵੀ ਦੇਖੇ ਜੋ ਮਿੰਟਾਂ ਵਿੱਚ ਚੰਗੇ ਭਲੇ ਬੰਦੇ ਨੂੰ ਬੁੱਧੂ ਬਣਾ ਦਿੰਦੇ ਹਨ ਜਿਸਦੇ ਚਲਦੇ ਪਤਾ ਨਹੀ ਕਿੰਨਿਆਂ ਦਾ ਨੁਕਸਾਨ ਹੁੰਦਾ ਹੈ ਤੇ ਕਿੰਨੇ ਹੀ ਘਰ ਤਬਾਹ ਹੋ ਜਾਂਦੇ ਹਨ। ਇੱਕ ਸਮਾਂ ਸੀ ਜਦੋਂ ਜਨਾਨੀਆਂ ਹੀ ਕੰਨਾ ਦੀਆਂ ਕੱਚੀਆਂ ਮੰਨੀਆਂ ਜਾਦੀਆਂ ਸਨ। ਪਰ ਅੱਜ ਦੇ ਦੌਰ ਵਿੱਚ ਮਰਦ ਵੀ ਇਸ ਕੰਮ ਵਿੱਚ ਬਰਾਬਰੀ ਕਰਦੇ ਦਿਖਾਈ ਦਿੰਦੇ ਹਨ।
ਮਹਿਕਮਾ ਚੁਗਲੀ ਕਰਨ ਦਾ ਹੋਵੇ ਜਾ ਚੁਗਲੀ ਸੁਣਨ ਦਾ - ਟਕੱਰ ਬਰਾਬਰ ਦੀ ਚੱਲ ਰਹੀ ਹੈ ।ਇਹੋ ਸਮੱਸਿਆਂ ਦੇ ਚਲਦੇ ਸਾਡੇ ਆਸਪਾਸ ਸਮੱਸਿਆਵਾਂ, ਆਪਸੀ ਪਾੜੇ, ਮਤਭੇਦ ਅਤੇ ਵਖਰੇਵੇਂ ਵਧ ਰਹੇ ਹਨ।ਮਨੁੱਖਾਂ ਦੇ ਆਪਸੀ ਰਿਸ਼ਤੇ ਕੰਮਕਾਜ ਦਾ ਮਹੌਲ ਸਮਾਜਿਕ ਸਾਂਝ ਸਭ ਖਰਾਬ ਹੋ ਰਿਹਾ ਹੈ। ਸੋ ਅੱਜ ਜਰੂਰਤ ਹੈ ਇਸ ਕੰਨਾਂ ਦੇ ਰਸ ਨੂੰ ਉਸਾਰੂ ਢੰਗ ਨਾਲ ਵਰਤਣ ਦੀ। ਕੋਸ਼ਿਸ਼ ਕਰੀਏ ਕਿ ਕਿਸੇ ਹੋਰ ਦੀ ਜੁਬਾਨ ਦਾ ਰਸ ਜੇਕਰ ਮਿੱਠਾ ਹੋਵੇ ਤਾਂ ਹੀ ਆਪਣੇ ਦਿਮਾਗ ਤੱਕ ਪਹੁੰਚਣ ਦੇਈਏ। ਸੁਣੀ ਸੁਣਾਈ ਤੇ ਭਰੋਸਾ ਘੱਟ ਤੇ ਅੱਖੋਂ ਦੇਖੀ , ਹੰਢਾਈ -ਵਰਤਾਈ ਤੇ ਯਕੀਨ ਕਰਨਾ ਸ਼ੁਰੂ ਕਰੀਏ। ਨਾਲ ਦੀ ਨਾਲ ਆਪਣੀ ਸੋਚ ਨੂੰ ਵੀ ਸਕਾਰਾਤਮਕ ਬਣਾਈਏ ਤਾਂ ਜੋ ਕੌੜਾ ਰਸ ਵੀ ਸਾਡੇ ਕੰਨਾ ਵਿੱਚ ਆਂਪਣੀ ਪ੍ਰਵਿਰਤੀ ਬਦਲਣ ਲਈ ਮਜਬੂਰ ਹੋ ਜਾਵੇ । ਜੇਕਰ ਅਸੀਂ ਅਜਿਹਾ ਕਰਨ ਵਿੱਚ ਕਾਮਯਾਬ ਹੋ ਜਾਦੇ ਹਾਂ ਤਾਂ ਯਕੀਨ ਮੰਨੋ ਸਾਡੇ ਆਸਪਾਸ ਦਾ ਮਹੌਲ ਪੂਰਾ ਨਹੀ ਤਾਂ ਅੱਧਾ ਤਾਂ ਜਰੂਰ ਹੀ ਸੁਖਾਵਾਂ ਹੋ ਜਾਵੇਗਾ।
-
ਡਿੰਪਲ ਵਰਮਾ, ਹੈੱਡਮਿਸਟ੍ਰੈਸ ਸ.ਹ.ਸ. ਕਰਮਗੜ੍ਹ, ਸ੍ਰੀ ਮੁਕਤਸਰ ਸਾਹਿਬ
*********
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.