ਪੰਜਾਬੀ ਸਾਹਿਤ ਦੇ ਆਧੁਨਿਕ ਯੁਗ ਦੇ ਮੁੱਢਲੇ ਚਾਰ ਸਾਹਿਤਕਾਰਾਂ ਭਾਈ ਵੀਰ ਸਿੰਘ, ਪ੍ਰੋ.ਪੂਰਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਡਾ.ਮੋਹਨ ਸਿੰਘ ਦੀਵਾਨਾ ਦੇ ਆਪੋ ਆਪਣੇ ਖੇਤਰਾਂ ਦੇ ਯੋਗਦਾਨ ਬਾਰੇ ਡਾ.ਰਤਨ ਸਿੰਘ ਜੱਗੀ ਦੀ ਪੁਸਤਕ ‘ਆਧੁਨਿਕ ਪੰਜਾਬੀ ਸਾਹਿਤ ਪਰਿਚਯ’ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਲਈ ਇੱਕ ਮਾਰਗ ਦਰਸ਼ਕ ਪੁਸਤਕ ਸਾਬਤ ਹੋਵੇਗੀ। ਜਿਹੜੇ ਸਾਹਿਤਕਾਰ ਸਾਹਿਤ ਦੇ ਇਕ ਤੋਂ ਵੱਧ ਰੂਪਾਂ ਵਿੱਚ ਰਚਨਾਵਾਂ ਕਰਦੇ ਹਨ, ਆਮ ਤੌਰ ਤੇ ਉਨ੍ਹਾਂ ਬਾਰੇ ਇਕੱਠਿਆਂ ਜਾਣਕਾਰੀ ਨਹੀਂ ਮਿਲਦੀ ਪ੍ਰੰਤੂ ਡਾ.ਰਤਨ ਸਿੰਘ ਜੱਗੀ ਨੇ ਇਨ੍ਹਾਂ ਮੀਲ ਪੱਥਰ ਸਥਾਪਤ ਕਰਨ ਵਾਲੇ ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਸਮੁੱਚਾ ਸੰਗਠਤ ਵਿਸ਼ਲੇਸ਼ਣ ਕਰਕੇ ਵਿਲੱਖਣ ਕਾਰਜ ਕੀਤਾ ਹੈ। ਇਨ੍ਹਾਂ ਚਾਰ ਸਾਹਿਤਕਾਰਾਂ ਬਾਰੇ ਲਿਖਣ ਤੋਂ ਪਹਿਲਾਂ ਡਾ.ਜੱਗੀ ਨੇ ਪੰਜਾਬੀ ਵਿੱਚ ਕਦੋਂ ‘ਤੇ ਕਿਸਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਕਿਹੜੇ ਸਾਹਿਤਕਾਰਾਂ ਨੇ ਇਸ ਨੂੰ ਅੱਗੇ ਤੋਰਿਆ ਬਾਰੇ ਦੋ ਅਧਿਆਇ ਵਿੱਚ ਲਿਖਿਆ ਗਿਆ ਹੈ ਤਾਂ ਜੋ ਖੋਜਕਾਰਾਂ ਲਈ ਖੋਜ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ। ਡਾ.ਰਤਨ ਸਿੰਘ ਜੱਗੀ ਨੇ ਬਹੁਤ ਹੀ ਪ੍ਰਮਾਣਿਕਤਾ ਨਾਲ ਸਮੇਂ ਤੇ ਕਾਲ ਅਨੁਸਾਰ ਵੇਰਵੇ ਦਿੱਤੇ ਹਨ। ਪੰਜਾਬੀ ਆਲੋਚਨਾ ਦੀ ਪਹਿਲੀ ਸੰਗਠਤ ਪੁਸਤਕ ਕਹੀ ਜਾ ਸਕਦੀ ਹੈ।
ਪਹਿਲਾ ਅਧਿਆਇ ਸਾਹਿਤਕ ਪਿਛੋਕੜ: ਇਨ੍ਹਾਂ ਚਾਰ ਸਾਹਿਤਕਾਰਾਂ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਸਾਹਿਤਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਨਾਥ ਸਾਹਿਤ ਜਿਸ ਵਿੱਚ ਜੋਗੀਆਂ ਤੇ ਸਿੱਧਾਂ ਦੀਆਂ ਬਾਣੀਆਂ, ਸੂਫ਼ੀ ਸਾਹਿਤ ਵਿੱਚ ਸ਼ੇਖ਼ ਫ਼ਰੀਦ-ਉਦ-ਦੀਨ ਮਸਊਦ ਗੰਜ-ਏ ਸ਼ਕਰ ਅਤੇ ਲੋਕ ਸਾਹਿਤ ਰਚਿਆ ਗਿਆ। ਲੋਕ-ਧਾਰਾ ਇਸ ਕਾਲ ਦੀ ਤੀਜੀ ਸਾਹਿਤਕ ਪ੍ਰਵਿਰਤੀ ਹੈ। ਲੋਕ ਧਾਰਾ ਦਾ ਸੁੰਦਰ ਨਮੂਨਾ ਨੌਂ ਵਾਰਾਂ ਹਨ। ਫਿਰ ਗੁਰਮਤਿ ਕਾਵਿ ਧਾਰਾ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਬਾਬਾ ਫਰੀਦ ਦੇ 4 ਸ਼ਬਦ ਅਤੇ 112 ਸ਼ਲੋਕ, ਭਗਤਾਂ, ਸੰਤਾਂ, ਭੱਟਾਂ ਦੀ ਬਾਣੀ ਸ਼ਾਮਲ ਕਰ ਲਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਸ਼ਾਮਲ ਕੀਤੀ। ਕਾਵਿਧਾਰਾ ਵਿੱਚ ਭਾਈ ਗੁਰਦਾਸ ਪ੍ਰਮੁੱਖ ਕਵੀ ਸਨ। ਲੋਕ-ਧਾਰਾ ਇਸ ਕਾਲ ਦੀ ਤੀਜੀ ਸਾਹਿਤਕ ਪ੍ਰਵਿਰਤੀ ਹੈ। ਇਸ ਕਾਲ ਦੀ ਤੀਜੀ ਕਾਵਿਧਾਰਾ ਕਿੱਸਾਕਾਰੀ ਹੈ। ਇਸ ਸਮੇਂ ਰੁਮਾਂਟਿਕ ਗੱਲਾਂ ਸ਼ਾਮਲ ਕੀਤੀਆਂ ਗਈਆਂ। ਵਾਰਤਕ ਇਸ ਕਾਲ ਦੀ ਅੰਤਮ ਅਤੇ ਮਹੱਤਵਪੂਰਣ ਸਾਹਿਤਕ ਧਾਰਾ ਹੈ। ਜਨਮ ਸਾਖੀਆਂ ਵਾਰਤਕ ਦਾ ਹੀ ਰੂਪ ਹਨ। ਮੱਧ ਕਾਲ ਅਠਾਰਵੀਂ ਸਦੀ ਨੂੰ ਮੰਨਿਆਂ ਗਿਆ। ਇਸ ਸਮੇਂ ਦਮੋਦਰ ਗੁਲਾਟੀ ਤੋਂ ਸ਼ੁਰੂ ਹੋ ਕੇ ਸਭ ਤੋਂ ਵਧੇਰੇ ਕਿੱਸੇ ਲਿਖੇ ਗਏ, ਵਾਰਿਸ ਸ਼ਾਹ ਦੀ ਹੀਰ ਸ਼ਾਹਕਾਰ ਗਿਣੀ ਗਈ ਹੈ। ਨੌਂ ਵਾਰਾਂ, ਜੰਗਨਾਮੇ ਅਤੇ ਗੁਰਬਿਲਾਸ ਦੀ ਰਚਨਾ ਹੋਈ।
ਜਾਗਰਣ ਅਵਧੀ: ਇਹ 19ਵੀਂ ਸਦੀ ਦਾ ਸਮਾਂ ਸੀ ਜਦੋਂ ਕਿੱਸਾ ਕਾਵਿ ਸਿਖ਼ਰ ‘ਤੇ ਪਹੁੰਚਿਆ। ਇਸ ਸਮੇਂ ਬਹੁਤ ਸਾਰੇ ਕਿੱਸਾਕਾਰ ਹੋਏ ਡਾ.ਰਤਨ ਸਿੰਘ ਜੱਗੀ ਨੇ ਲਗਪਗ ਸਾਰੇ ਕਿੱਸਾਕਾਰਾਂ ਅਤੇ ਉਨ੍ਹਾਂ ਦੇ ਕਿੱਸਿਆਂ ਬਾਰੇ ਸੰਖੇਪ ਵਿੱਚ ਦੱਸਿਆ ਹੈ। ਇਸ ਦੌਰਾਨ ਹੀ ਕਵੀਸ਼ਰੀ ਦੀ ਸ਼ੁਰੂਆਤ ਹੋਈ। ਮੁੱਖ ਰੂਪ ਵਿੱਚ ਕਵੀਸ਼ਰੀ ਪੰਜਾਬੀ ਦੀ ਮਲਵਈ ਭਾਸ਼ਾ ਵਿੱਚ ਲਿਖੀ ਜਾਂਦੀ ਸੀ। ਕਵੀਸ਼ਰੀ ਦੇ ਸਮੇਂ ਸੂਫ਼ੀਕਾਵਿ ਦਾ ਅਸਰ ਘੱਟ ਗਿਆ। ਧਰਮਾ ਦੇ ਕਾਵਿ ਦਾ ਜ਼ੋਰ ਰਿਹਾ। 19ਵੀਂ ਸਦੀ ਦੇ ਅਖ਼ੀਰ ਵਿੱਚ ਸਾਹਿਤ ਦੇ ਅਨੇਕਾਂ ਰੂਪ ਸ਼ੁਰੂ ਹੋਏ ਜਿਨ੍ਹਾਂ ਵਿੱਚ ਸਫ਼ਰਨਾਮਾ, ਨਾਟਕ, ਨਾਵਲ, ਧਾਰਮਿਕ ਸਾਹਿਤ ਅਤੇ ਪੱਤਰਕਾਰੀ ਸਾਹਿਤ ਆਦਿ। ਇਸ ਸਮੇਂ ਬਹੁਤ ਸਾਰੇ ਅਖ਼ਬਾਰ ਪ੍ਰਕਾਸ਼ਤ ਹੋਣ ਲੱਗੇ ਡਾ.ਰਤਨ ਸਿੰਘ ਜੱਗੀ ਨੇ ਸਾਰੇ ਅਖ਼ਬਾਰਾਂ ਦਾ ਵਿਵਰਣ ਦਿੱਤਾ ਹੈ। ਸਾਰੀਆਂ ਸਾਹਿਤਕ ਪ੍ਰਵਿਰਤੀਆਂ ਬਾਰੇ ਚਾਨਣਾ ਪਾਇਆ।
ਧਰਮ ਸਾਧਕ ਭਾਈ ਵੀਰ ਸਿੰਘ: ਡਾ.ਰਤਨ ਸਿੰਘ ਜੱਗੀ ਅਨੁਸਾਰ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਵਾਰਤਕ ਦਾ ਮੋਢੀ ਕਿਹਾ ਜਾ ਸਕਦਾ। ਉਸ ਨੇ 1898 ਆਪਣੀ ਪਹਿਲੀ ਵਾਰਤਕ ਪੁਸਤਕ ਸੁੰਦਰੀ ਪ੍ਰਕਾਸ਼ਤ ਕਰਵਾਈ ਸੀ। ਉਸ ਦਾ ਮੁੱਖ ਮੰਤਵ ਸਿੱਖ-ਧਰਮ ਅਤੇ ਗੁਰਮਤਿ ਦਰਸ਼ਨ ਦੀ ਸਮਕਾਲੀ ਪ੍ਰਸਥਿਤੀਆਂ ਵਿੱਚ ਨਵੀਨ ਢੰਗ ਨਾਲ ਵਿਆਖਿਆ ਕਰਨਾ ਸੀ। ਉਸ ਨੇ ਲਗਪਗ ਤਿੰਨ ਦਰਜਨ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪ੍ਰਕਾਸ਼ਤ ਕਰਵਾਈਆਂ। ਇਕ ਸੰਸਥਾ ਜਿਤਨਾ ਕੰਮ ਕੀਤਾ। ਉਸ ਦੀ ਸਾਰੀ ਵਾਰਤਕ, ਨਾਵਲ, ਜਨਮ ਸਾਖੀਆਂ, ਲੇਖ, ਟ੍ਰੈਕਟ, ਨਾਟਕ, ਧਾਰਮਿਕ ਰੰਗ ਵਿੱਚ ਰੰਗੇ ਹੋਏ ਸਨ। ਉਨ੍ਹਾਂ ਅਧਿਆਤਮਿਕਤਾ ਦਾ ਰਸਤਾ ਚੁਣਿਆ। ਪੱਤਰਕਾਰੀ ਵਿੱਚ ਵੀ ਵਰਨਣਯੋਗ ਕਾਰਜ ਕੀਤਾ। ਸੰਸਥਾਵਾਂ ਬਣਾਈਆਂ, ਖਾਲਸਾ ਸਮਾਚਾਰ ਸਪਤਾਹਿਕ ਸ਼ੁਰੂ ਕੀਤਾ। ਸੰਥ੍ਰਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਉਨ੍ਹਾਂ ਦੀ ਮੌਤ ਹੋਣ ਕਰਕੇ ਅੱਧ ਵਿਚਕਾਰ ਰਹਿ ਗਈ। ਉਨ੍ਹਾਂ ਦੀ ਖੂਬੀ ਇਹ ਰਹੀ ਕਿ ਉਰਦੂ, ਅੰਗਰੇਜ਼ੀ ਤੇ ਬ੍ਰਜ ਭਾਸ਼ਾ ਦਾ ਬੋਲਬਾਲਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਣ ਨੂੰ ਚੁਣਿਆਂ। ਉਨ੍ਹਾਂ ਦੀਆਂ ਤਿੰਨ ਪੁਸਤਕਾਂ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਅਤੇ ਅਸ਼ਟਗੁਰ ਚਮਤਕਾਰ ਦਾ ਮਨੋਰਥ ਸਿੱਖ ਜੀਵਨ, ਸਿੱਖ ਸਮਾਜ, ਸਿੱਖ ਇਤਿਹਾਸ ਅਤੇ ਸਿੱਖ ਦਰਸ਼ਨ ਨੂੰ ਘੋਖਣਾ ਅਤੇ ਯੁਗ ਅਨੁਰੂਪ ਉਸ ਦਾ ਵਿਸ਼ਲੇਸ਼ਣ ਕਰਨਾ ਸੀ ਜੋ ਮੀਲ ਪੱਥਰ ਸਾਬਤ ਹੋਈਆਂ। ਉਨ੍ਹਾਂ ਦੇ ਸਾਖੀ ਪ੍ਰਸੰਗ ਇਕ ਕਿਸਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹਨ। ਗੁਰ ਪ੍ਰਤਾਪ ਸੂਰਜ ਗ੍ਰੰਥਾਵਲੀ ਚੌਦਾਂ ਭਾਗਾਂ ਵਿੱਚ ਸੰਪਾਦਿਤ ਕੀਤੀ। ਉਨ੍ਹਾਂ ਪੰਜਾਬੀ ਦਾ ਖਿੰਡਿਆ ਪੁੰਡਿਆ ਸਾਹਿਤ ਇਕੱਠਾ ਕਰਕੇ ਸੰਪਾਦਿਤ ਕੀਤਾ। ਡਾ.ਰਤਨ ਸਿੰਘ ਜੱਗੀ ਨੇ ਬਾਖ਼ੂਬੀ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਵਿਵਰਣ ਸਿਸਟੇਮੈਟਿਕ ਢੰਗ ਨਾਲ ਕੀਤਾ ਹੈ।
ਅਲਬੇਲਾ ਸਾਹਿਤਕਾਰ ਪ੍ਰੋ.ਪੂਰਨ ਸਿੰਘ: ਪ੍ਰੋ.ਪੂਰਨ ਸਿੰਘ ਅਲਬੇਲਾ ਰਹੱਸਵਾਦੀ ਤੇ ਵਿਸਮਾਦੀ ਸਾਹਿਤਕਾਰ ਸੀ। ਉਹ 50 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪ੍ਰੰਤੂ ਇਤਨੇ ਥੋੜ੍ਹੇ ਜਿਹੇ ਸਮੇਂ ਵਿੱਚ ਸਿੱਖ ਧਰਮ ਅਤੇ ਹੋਰ ਕਈ ਵਿਸ਼ਿਆਂ ਦੀਆਂ 40 ਪੁਸਤਕਾਂ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਅਨੁਵਾਦ ਦੀਆਂ ਲਿਖ ਗਿਆ। ਇਤਨੇ ਥੋੜ੍ਹੇ ਸਮੇਂ ਵਿੱਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਇਤਨਾ ਸਾਹਿਤ ਰਚ ਦਿੱਤਾ, ਜਿਸ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਉਸ ਤੇ ਗੁਰਮਤਿ ਦਾ ਬਹੁਤ ਪ੍ਰਭਾਵ ਸੀ। ਉਹ ਦਾਰਸ਼ਨਿਕ ਚਿੰਤਕ, ਸਾਹਿਤਕਾਰ ਅਤੇ ਸੰਪਾਦਕ ਸੀ। ਪੰਜਾਬੀ ਅਤੇ ਬ੍ਰਜ ਭਾਸ਼ਾ ਬਹੁਤ ਸਾਰਾ ਖਿੱਲਰਿਆ ਪਏ ਸਾਹਿ ਦੀ ਉਸ ਨੇ ਸੰਪਾਦਨਾ ਦਾ ਕੰਮ ਵੱਡੇ ਪੱਧਰ ‘ਤੇ ਕੀਤਾ। ਗੁਰਮਤਿ ਅਤੇ ਸਿੱਖ ਮਤ ਦੇ ਵਿਸ਼ਲੇਸ਼ਣ ਤੋਂ ਇਲਾਵਾ ਪੰਜਾਬੀ ਦਾ ਇਕ ਮਹਾਨ ਸਾਹਿਤਕਾਰ ਸੀ, ਉਹ ਪੰਜਾਬੀ ਜਗਤ ਵਿੱਚ ਇਕ ਵਾ ਵਰੋਲੇ ਦੀ ਤਰ੍ਹਾਂ ਅਇਆ ਅਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਕੇ ਛਾਂਈਂ ਮਾਂਈਂ ਹੋ ਗਿਆ। ਉਸ ਦੇ ਖੁਲ੍ਹੇ ਲੇਖ ਪੰਜਾਬੀਆਂ ਦੇ ਦਿਲਾਂ ਨੂੰ ਛੂਹ ਗਏ। ਉਸ ਦੀ ਵਾਰਤਕ ਵੀ ਕਾਵਿਮਈ ਹੈ। ਉਸ ਦੀ ਹਰ ਗੱਲ, ਹਰ ਬੋਲ, ਹਰ ਸ਼ਬਦ, ਹਰ ਵਾਕ ਹਰ ਲੇਖ, ਹਰ ਕਵਿਤਾ, ਹਰ ਪੁਸਤਕ ਸਭ ਕੁਝ ਅਨੋਖਾ ਤੇ ਨਿਵੇਕਲਾ ਸੀ। ਸ਼ਬਦਾਂ ਦਾ ਪਰਵਾਹ ਆਪ ਮੁਹਾਰੇ ਉਸਦੇ ਅੰਦਰੋਂ ਆਉਂਦਾ ਰਹਿੰਦਾ ਸੀ। ਉਹ ਕੋਈ ਵੀ ਰਚਨਾ ਸਜੱਗ ਹੋ ਕੇ ਨਹੀਂ ਸਗੋਂ ਜੋ ਦਿਲ ਵਿੱਚ ਆ ਗਿਆ ਉਹ ਹੀ ਲਿਖ ਦਿੰਦਾ ਸੀ। ਆਧੁਨਿਕ ਕਾਲ ਦਾ ਉਹ ਪ੍ਰਮੁੱਖ ਕਵੀ ਹੈ। ਉਹ ਛੰਦ ਬੱਧ ਕਵਿਤਾ ਨਹੀਂ ਸਗੋਂ ਖੁਲ੍ਹੀ ਕਵਿਤਾ ਲਿਖਦਾ ਸੀ। ਉਹ ਪ੍ਰਕ੍ਰਿਤੀ ਵਿੱਚੋਂ ਲੈ ਕੇ ਬਿੰਬ ਵਰਤਦਾ ਸੀ। ਉਸ ਦੀ ਲੇਖਣੀ ਭਾਵਨਾ ਦੀ ਤਸਵੀਰ ਖਿੱਚ ਦਿੰਦੀ ਸੀ।
Êਪ੍ਰਮੁੱਖ ਵਾਰਤਕ-ਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਡਾ.ਜੱਗੀ ਨੇ ਨਵੀਂ ਵਾਰਤਕ ਦੇ ਅਲੰਬਰਦਾਰ ਦਾ ਦਰਜਾ ਦਿੱਤਾ ਹੈ ਕਿਉਂਕਿ ਉਸ ਨੇ ਵਾਰਤਕ ਨੂੰ ਪੁਰਾਤਨਤਾ ਵਿੱਚੋਂ ਕੱਢਕੇ ਨਵਾਂ ਮੂੰਹ ਮੱਥਾ ਪ੍ਰਦਾਨ ਕੀਤਾ ਹੈ। ਸਿੱਖ ਧਰਮ ਅਤੇ ਸਭਿਆਚਾਰ ਬਾਰੇ ਆਧੁਨਿਕ ਪਰਿਪੇਖ ਵਿੱਚ ਉਦਾਰਤਾ ਨਾਲ ਸੋਚਣ ਅਤੇ ਆਧੁਨਿਕ ਪੰਜਾਬੀ ਵਾਰਤਕ ਵਿੱਚ ਨਿਖ਼ਾਰ ਲਿਆਂਦਾ। ਉਸ ਦੀ ਸਾਰੀ ਰਚਨਾ ਦਾ ਆਧਾਰ ਪਿਆਰ ਦਾ ਸੰਕਲਪ ਹੈ, ਜੋ ਸਹਿਜ ਪ੍ਰੀਤ ਦੇ ਦੁਆਲੇ ਘੁੰਮਦਾ ਹੈ। ਉਸ ਨੇ ਸਾਹਿਤ ਦੇ ਲਗਪਗ ਸਾਰੇ ਰੂਪਾਂ ਤੇ ਹੱਥ ਅਜਮਾਇਆ ਅਤੇ 55 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ 31 ਲੇਖ ਸੰਗ੍ਰਹਿ, ਤਿੰਨ ਨਾਵਲ ਪੰਜ ਇਕਾਂਗੀ ਸੰਗ੍ਰਹਿ, 11 ਕਹਾਣੀ ਸੰਗ੍ਰਹਿ, ਪੰਜ ਕਹਾਣੀ ਸੰਗ੍ਰਹਿ ਬੱਚਿਆਂ ਲਈ ਅਤੇ ਸਫਰਨਾਵਾਂ ਸ਼ਾਮਲ ਹੈ। ਪਿਆਰ ਦਾ ਸੰਕਲਪ ਉਸ ਦਾ ਮਾਂਗਵਾਂ ਸੀ, ਜਿਸ ਕਰਕੇ ਬਹੁਤਾ ਸਫਲ ਨਹੀਂ ਹੋਇਆ। ਆਸ਼ਾਵਾਦੀ ਅਤੇ ਆਦਰਸ਼ਵਾਦ ਦਾ ਮੁੱਦਈ ਬਣਕੇ ਲਿਖਦਾ ਰਿਹਾ। ਪ੍ਰੀਤ ਤੇ ਆਦਰਸ਼ਵਾਦ ਦਾ ਸਿਧਾਂਤ ਸਮੇਂ ਦਾ ਹਾਣੀ ਨਹੀਂ ਬਣ ਸਕਿਆ। ਉਸ ਤੋਂ ਬਾਅਦ ਉਸ ਨੇ ਸਮਾਜਵਾਦ ਵੱਲ ਝੁਕਾਅ ਕਰ ਲਿਆ। ਉਹ ਸਮਝਦਾ ਸੀ ਕਿ ਸਾਹਿਤ ਮਨਪ੍ਰਚਾਵੇ ਲਈ ਨਹੀਂ ਸਗੋਂ ਸਮਾਜ ਲਈ ਹੋਣਾ ਚਾਹੀਦਾ। ਉਸ ਦੀਆਂ ਰਚਨਾਵਾਂ ਵਿੱਚ ਸੁਪਨੇ ਸਿਰਜਣਾ ਹੁੰਦਾ ਸੀ, ਜੋ ਕਦੀ ਪੂਰੇ ਨਹੀਂ ਹੁੰਦੇ। ਉਸ ਦੀਆਂ ਰਚਨਾਵਾਂ ਜਾਤ-ਪਾਤ, ਵਹਿਮਾ ਭਰਮਾ, ਊਚ ਨੀਚ ਅਤੇ ਛੂਤ-ਛਾਤ ਦੇ ਵਿਰੁੱਧ ਹਨ। ਅਮਨ ਲਹਿਰ ਦੇ ਹੱਕ ਵਿੱਚ ਵੀ ਲਿਖਦਾ ਰਿਹਾ। ਅਸਲੀ ਅਰਥਾਂ ਵਿੱਚ ਉਹ ਮਾਨਵਵਾਦੀ ਸੀ। ਉਸ ਦੀ ਸ਼ੈਲੀ ਪੱਛਮ ਦਾ ਪ੍ਰਭਾਵ ਹੋਣ ਕਰਕੇ ਨਿਵੇਕਲੀ ਹੈ, ਉਹ ਉਰਦੂ ਅਤੇ ਅੰਗਰੇਜ਼ੀ ਦੇ ਸ਼ਬਦ ਵੀ ਵਰਤਦਾ ਹੈ, ਜਿਸ ਕਰਕੇ ਉਸਦੀ ਵੱਖਰੀ ਪਛਾਣ ਹੈ। ਪਾਠਕ ਨੂੰ ਆਪਣੇ ਨਾਲ ਜੋੜ ਲੈਂਦਾ ਹੈ, ਰੌਚਿਕਤਾ ਬਣਾਈ ਰੱਖਦਾ ਹੈ, ਕੋਹਜ ਨੂੰ ਸਹਜ ਵਿੱਚ ਬਦਲ ਦਿੰਦਾ ਹੈ, ਵਿਵੇਕ ਪ੍ਰਧਾਨ ਸ਼ੈਲੀ ਹੈ।
Êਪ੍ਰਬੁੱਧ ਵਿਦਵਾਨ ਡਾ.ਮੋਹਨ ਸਿੰਘ ਦੀਵਾਨਾ: ਡਾ.ਮੋਹਨ ਸਿੰਘ ਦੀਵਾਨਾ ਮਹਾਨ ਸਿੱਖ ਚਿੰਤਕ, ਪ੍ਰਤੀਬੱਧ ਸੰਤ ਕਵੀ ਯੋਗ ਸਾਧਕ ਸੀ। ਉਹ ਗਿਆਨ ਦਾ ਮੁਜੱਸਮਾ ਸਨ ਕਿਉਂਕਿ ਧਰਮ, ਇਤਿਹਾਸ, ਦਰਸ਼ਨ, ਭਾਸ਼ਾ, ਕਾਵਿ ਸ਼ਾਸ਼ਤ੍ਰ, ਸਭਿਅਚਾਰ ਆਦਿ ਅਨੇਕ ਵਿਸ਼ਿਆਂ ਬਾਰੇ ਵਿਸਤ੍ਰਿਤ ਗਿਆਨ ਪ੍ਰਾਪਤ ਕੀਤਾ ਸੀ। ਅੰਗਰੇਜ਼ੀ, ਹਿੰਦੀ, ਉਰਦੂ ਪੰਜਾਬੀ ਭਾਸ਼ਾਵਾਂ ਦੇ ਸਾਹਿਤ ਦੇ ਸਾਰੇ ਰੂਪਾਂ ਵਿੱਚ ਲਿਖਿਆ। ਉਨ੍ਹਾਂ ਦੀਆਂ 25 ਤੋਂ ਵੱਧ ਮੌਲਿਕ ਤੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋਈਆਂ, ਜਿਨ੍ਹਾਂ ਵਿੱਚ 8 ਪੰਜਾਬੀ ਦੇ ਕਾਵਿ ਸੰਗ੍ਰਹਿ ਸ਼ਾਮਲ ਹਨ । ਡਾ.ਜੱਗੀ ਨੇ ਡਾ. ਮੋਹਨ ਸਿੰਘ ਦੀਵਾਨਾਂ ਦੇ ਸਾਹਿਤਕ ਯੋਗਦਾਨ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅਨੇਕ ਪ੍ਰਕਾਰ ਦੇ ਰੂਪਕਾਰਾਂ ਵਿੱਚ ਕਾਵਿ ਰਚਨਾ ਕੀਤੀ। ਉਸ ਨੇ ਪ੍ਰਕਿ੍ਰਤੀ ਬਾਰੇ ਵੀ ਕਵਿਤਾਵਾਂ ਲਿਖੀਆਂ। ਉਨ੍ਹਾਂ ਨੂੰ ਵਿਦਵਤਾ ਦਾ ਸੂਰਜ ਕਿਹਾ ਜਾਂਦਾ ਸੀ। ਉਹ ਇਕ ਸਾਕਾਰ ਪ੍ਰਤਿਭਾ ਸਨ। ਉਹ ਖੁਲ੍ਹੀ ਕਵਿਤਾ ਦਾ ਸਿੱਧ-ਹਸਤ ਕਵੀ ਸੀ। ਡਾ.ਦੀਵਾਨਾ ਦੀ ਪ੍ਰਗੀਤ-ਸਿਰਜਨਾ ਦੀ ਨੁਹਾਰ ਕਲਾਸੀਕਲ ਹੈ। ਉਹ ਫਿਲਾਸਫਰ ਕਵੀ ਸੀ। ਉਸ ਦੀ ਕਵਿਤਾ ਵਿੱਚ ਦੋ ਰੂਪ ਉਘੜ ਹਨ। ਇਕ ਕਾਮ ਅਧਾਰਿਤ ਦੂਜਾ ਸੱਚਾ ਸੁੱਚਾ। ਉਨ੍ਹਾਂ ਰੁਬਾਈਆਂ ਵੀ ਲਿਖੀਆਂ। ਉਨ੍ਹਾਂ ਨੂੰ ਰੁਬਾਈ ਸਮਰਾਟ ਕਿਹਾ ਜਾਂਦਾ ਹੈ। ਡਾ.ਰਤਨ ਸਿੰਘ ਜੱਗੀ ਦੀ ਇਹ ਪੁਸਤਕ ਖੋਜਕਾਰਾਂ ਲਈ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਉਨ੍ਹਾਂ ਤੱਥਾਂ ਅਤੇ ਹਵਾਲਿਆਂ ਨਾਲ ਜਾਣਕਾਰੀ ਦਿੱਤੀ ਹੈ।
217 ਪੰਨਿਆਂ, 500 ਰੁਪਏ ਕੀਮਤ ਵਾਲੀ ਇਹ ਪੁਸਤਕ ਗ੍ਰੇਸੀਅਸ ਬੁਕਸ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.