ਔਰਤਾਂ ਖ਼ਿਲਾਫ਼ ਜ਼ਬਰ ਖਿਲਾਫ ਕਾਨੂੰਨਘਾੜੇ ਕਟਿਹਰੇ ‘ਚ
ਪੱਛਮੀ ਬੰਗਾਲ ਦਾ ਕਸਬਾ ਸੰਦੇਸ਼ਖਾਲੀ ਫ਼ਰਵਰੀ ਦੇ ਪਹਿਲੇ ਹਫ਼ਤੇ ਤੋਂ ਸਥਾਨਕ ਲੋਕਾਂ ਵੱਲੋਂ ਸ਼ਾਹਜਹਾਂ ਅਤੇ ਉਸ ਦੇ ਸਹਿਯੋਗੀਆਂ ਦੇ ਵਿਰੋਧ ਵਿੱਚ ਭੜਕਣ ਤੋਂ ਬਾਅਦ ਉੱਬਲਿਆ ਹੋਇਆ ਹੈ। ਜ਼ਮੀਨ ਹੜੱਪਣ ਦੇ ਦੋਸ਼ਾਂ ਦੇ ਨਾਲ-ਨਾਲ, ਔਰਤਾਂ ਨੇ ਸ਼ਾਹਜਹਾਂ ਅਤੇ ਉਸਦੇ ਆਦਮੀਆਂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਵੀ ਲਗਾਏ ਹਨ। ਤ੍ਰਿਣਮੂਲ ਕਾਂਗਰਸ ਦੇ ਦੋ ਨੇਤਾਵਾਂ, ਉੱਤਮ ਸਰਦਾਰ ਅਤੇ ਸ਼ਿਬੋਪ੍ਰਸਾਦ ਹਾਜ਼ਰਾ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਤ੍ਰਿਣਮੂਲ ਵਿਧਾਇਕ ਸਮੇਤ ਸਥਾਨਕ ਤ੍ਰਿਣਮੂਲ ਨੇਤਾਵਾਂ ਨੂੰ ਸਥਾਨਕ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਬੀਜੇਪੀ ਤ੍ਰਿਣਮੂਲ ਕਾਂਗਰਸ ਨੂੰ ਸਿਆਸੀ ਪਿੜ ਵਿੱਚੋਂ ਹਰਾਉਣ ਲਈ ਇਸ ਮੁੱਦੇ ਦਾ ਪੂਰਾ ਲਾਹਾ ਲੈਣ ਲਈ ਤਰਲੋਮੱਛੀ ਹੋ ਰਹੀ ਹੈ। ਇਸ ਮਾਮਲੇ ਵਿੱਚ ਸੀਬੀਆਈ, ਹਾਈਕੋਰਟ, ਕੇਂਦਰੀ ਸਰਕਾਰ, ਕੇਂਦਰ ਦੀ ਬੀਜੇਪੀ ਸਰਕਾਰ ਦਾ ਪਾਲਤੂ ਮੀਡੀਆ- ਗੱਲ ਕੀ ਸਾਰਾ ਤਾਮਝਾਮ ਪੂਰੀ ਮੁਸ਼ਤੈਦੀ ਕਰਦਾ ਵਿਖਾਈ ਦੇ ਰਿਹਾ ਹੈ।
ਹਾਲੇ ਕੁੱਝ ਦਿਨ ਪਹਿਲਾਂ ਹੀ 2024 ਦੀਆਂ ਪਾਰਲੀਮਾਨੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਐਲਾਨੀਆਂ ਪਾਰਲੀਮੈਂਟ ਉਮੀਦਵਾਰੀ ਦੀਆਂ 195 ਵਿੱਚ ਲਖੀਮਪੁਰ ਖੀਰੀ ਕਾਂਡ ਰਚਾਕੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਕਤਲ ਕਰਨ ਵਾਲੇ ਦਬੰਗ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਨਾਲ ਨਿਵਾਜ਼ ਦਿੱਤਾ ਹੈ। ਬੀਜੇਪੀ ਦੀ ਇਸ ਸ਼ਰਮਨਾਕ ਕਾਰਵਾਈ ਨੇ ਸੰਘਰਸ਼ ਕਰ ਰਹੇ ਕਿਸਾਨ ਕਾਫ਼ਲਿਆਂ ਦੇ ਜ਼ਖਮਾਂ 'ਤੇ ਲੂਣ ਭੁੱਕ ਦਿੱਤਾ ਹੈ। ਕਿਸਾਨ ਉਸੇ ਸਮੇਂ ਤੋਂ ਲਖੀਮਪੁਰ ਖੀਰੀ ਕਾਂਡ ਰਚਾਉਣ ਵਾਲੇ ਇਸ ਗੁੰਡਾ ਸਰਗਣੇ ਨੂੰ ਕੇਂਦਰੀ ਕੈਬਨਿਟ ਵਿੱਚੋਂ ਬਰਖ਼ਾਸਤ ਕਰਾਉਣ ਦੀ ਲੜਾਈ ਲੜ ਰਹੇ ਹਨ।
ਬੀਜੇਪੀ ਦੀ ਇਹ ਕੋਈ ਇਕੱਲੀ ਇਕਹਰੀ ਘਟਨਾ ਨਾ ਹੋਕੇ ਉਸ ਦੇ ਅੰਦਰੋਂ ਮਰ ਮਿਟ ਚੁੱਕੇ ਇਖਲਾਕ ਦਾ ਵਰਤਾਰਾ ਹੈ। ਪਿਛਲੇ ਸਾਲ ਪਹਿਲਵਾਨ ਖਿਡਾਰੀਆਂ ਨਾਲ ਸਰੀਰਕ ਸੋਸ਼ਣ ਕਰਨ ਦੇ ਦੋਸ਼ੀ, ਕੁਸ਼ਤੀ ਫੈਡਰੇਸ਼ਨ ਦੇ ਬਾਹੂਬਲੀ ਪ੍ਰਧਾਨ ਅਤੇ ਬੀਜੇਪੀ ਦੇ ਪਾਰਲੀਮੈਂਟ ਮੈਂਬਰ ਬ੍ਰਿਜ ਭੂਸ਼ਨ ਸਰਨ ਸਿੰਘ ਖਿਲਾਫ਼ ਚੱਲੇ ਮਹੀਨਿਆਂ ਬੱਧੀ ਸੰਘਰਸ਼ ਵਿੱਚ ਵੀ ਬੀਜੇਪੀ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ੁਬਾਨ ਵੀ ਠਾਕੀ ਰਹੀ ਅਤੇ ਉਸ ਦੀ ਪੁਸ਼ਤਪਨਾਹੀ ਕੀਤੀ ਗਈ। ਕਠੂਆ ਕਾਂਡ ਮੌਕੇ ਬਜਰੰਗ ਦਲੀਆਂ ਨੇ ਤਿਰੰਗਾ ਝੰਡਾ ਲੈਕੇ ਬਲਾਤਕਾਰੀਆਂ ਦੇ ਹੱਕ ਵਿੱਚ ਮਾਰਚ ਕੀਤੇ। ਇੱਥੋਂ ਤੱਕ ਕਿ ਆਸਿਫਾ ਦੇ ਕੇਸ ਦੀ ਪੈਰਵਾਈ ਕਰਨ ਵਾਲੀ ਵਕੀਲ ਨੂੰ ਬੀਜੇਪੀ ਦੇ ਆਈਟੀ ਸੈੱਲ ਨੇ ਟਰੌਲ ਕਰਕੇ ਦਹਿਸ਼ਤਜ਼ਦਾ ਕਰਨ ਦੀ ਸਿਰਤੋੜ ਕੋਸ਼ਿਸ਼ ਕੀਤੀ। ਬੀਜੇਪੀ ਦੇ ਹੀ ਇੱਕ ਯੂਪੀ ਦੇ ਐਮਪੀ ਚਿਮਿਆਨੰਦ ਵੱਲੋਂ ਚਲਾਏ ਜਾ ਰਹੇ ਲਾਅ ਕਾਲਜ ਦੀ ਵਿਦਿਆਰਥਣ ਨਾਲ ਕੀਤੇ ਸਰੀਰਕ ਸ਼ੋਸ਼ਣ ਸਮੇਂ ਨਾ ਯੋਗੀ ਨਾ ਸ਼ਾਹ ਨਾ ਮੋਦੀ ਦੀ ਜੁਬਾਨ ਖੁੱਲੀ। ਬਿਲਕੀਸ ਬਾਨੋ ਦੇ ਸਮੂਹਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਦੀਆਂ ਸਜ਼ਾਵਾਂ ਮੁਆਫ਼ ਕਰਨ ਸਮੇਂ ਉਨ੍ਹਾਂ ਦੀ ਸਜ਼ਾ ਮੁਆਫ ਕਰਕੇ ਉੱਚ-ਸੰਸਕਾਰੀ ਕਹਿਕੇ ਵਡਿਆਇਆ ਗਿਆ, ਬੀਜੇਪੀ ਦੇ ਐਮਐਲਏ ਨੇ ਮਠਿਆਈ ਵੰਡਕੇ ਸਵਾਗਤ ਕੀਤਾ। ਉੱਤਰਾਖੰਡ ਬੀਜੇਪੀ ਦੇ ਵਿਧਾਇਕ ਦੇ ਪੁੱਤ ਵੱਲੋਂ ਚਲਾਏ ਜਾਂਦੇ ਰਿਜ਼ੌਰਟ ਵਿੱਚ ਕੰਮ ਕਰਦੀ ਅੰਕਿਤਾ ਭੰਡਾਰੀ ਦੀ ਰਹੱਸਮਈ ਹਾਲਤਾਂ ਵਿੱਚ ਹੋਈ ਮੌਤ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਨੇ ਜਾਂਚ ਕਰਨ ਦੀ ਥਾਂ ਰਿਜ਼ੌਰਟ ਉੱਪਰ ਬੁਲਡੋਜ਼ਰ ਚਲਾਕੇ ਸਬੂਤ ਹੀ ਮਿਟਾ ਦਿੱਤੇ ਹਨ। ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਵਾਲੇ ਪੱਤਰਕਾਰ ਅਭਿਸ਼ੇਕ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਅਜਿਹਾ ਹੀ ਕਾਰਾ ਹਾਥਰਸ ਕਾਂਡ ਦੀ ਰਿਪੋਰਟ ਕਰਨ ਵਾਲੇ ਪੱਤਰਕਾਰ ਸਿਦੀਕੀ ਕੱਪਨ ਨੂੰ ਹੀ ਗ੍ਰਿਫਤਾਰ ਕਰਕੇ ਕੀਤਾ ਸੀ। ਬਨਾਰਸ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਯੂਨੀਵਰਸਿਟੀ ਦੇ ਅੰਦਰ ਹੀ ਬੀਜੇਪੀ ਆਈਟੀ ਸੈੱਲ ਦੇ ਦੋ ਗੁੰਡਿਆਂ ਵੱਲੋਂ ਅਗਵਾ ਕਰਕੇ ਬਲਾਤਕਾਰ ਦੇ ਦੇ ਦੋਸ਼ੀਆਂ ਦੀ ਪਛਾਣ ਹੋਣ ਦੇ ਬਾਵਜੂਦ ਵੀ ਗ੍ਰਿਫ਼ਤਾਰ ਤਾਂ ਕੀ ਕਰਨਾ ਸੀ ਸਗੋਂ ਮੱਧ ਪ੍ਰਦੇਸ਼ ਦੀਆਂ ਚੋਣਾਂ ਮੌਕੇ ਬੀਜੇਪੀ ਦੇ ਉਮੀਦਵਾਰਾਂ ਲਈ ਪ੍ਰਚਾਰ ਮੁਹਿੰਮ ਚਲਾਉਂਦੇ ਰਹੇ। ਦੋ ਮਹੀਨਿਆਂ ਤੱਕ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਸੁਰੱਖਿਆ ਨੂੰ ਲੈਕੇ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਕਰਦੇ ਰਹੇ। ਅਖੀਰ ਦੋ ਮਹੀਨਿਆਂ ਬਾਅਦ ਮਜ਼ਬੂਰੀ ਵੱਸ ਗ੍ਰਿਫ਼ਤਾਰ ਕਰਕੇ ਬਿਨਾਂ ਕਿਸੇ ਗੰਭੀਰ ਪੁੱਛ-ਪੜਤਾਲ ਚੁੱਪ-ਚਾਪ ਜੇਲ੍ਹ ਭੇਜਕੇ ਖਾਨਾ ਪੂਰਤੀ ਕਰ ਦਿੱਤੀ। ਯੂਪੀ ਵਿੱਚ ਹੀ ਬੀਜੇਪੀ ਦੇ ਐਮਐਲਏ ਕੁਲਦੀਪ ਸੈਂਗਰ ਦਾ ਮਾਮਲਾ ਵੀ ਕੋਈ ਵੱਖਰਾ ਨਹੀਂ ਹੈ। ਜਿੱਥੇ ਇੱਕ ਦਲਿਤ ਔਰਤ ਨਾਲ ਬਲਾਤਕਾਰ ਕਰਨ ਕਰਨ ਵਾਲੇ ਐਮਐਲਏ ਖਿਲ਼ਾਫ਼ ਉਸ ਸਮੇਂ ਤੱਕ ਕੋਈ ਕਾਰਵਾਈ ਨਾ ਕੀਤੀ ਗਈ ਜਦ ਉਸ ਨੇ ਆਤਮਹੱਤਿਆ ਕਰਨ ਦੀ ਧਮਕੀ ਨਾ ਦਿੱਤੀ। ਕੇਸ ਦਰਜ ਹੋਣ ਤੋਂ ਬਾਅਦ ਵੀ ਉਸ ਨੂੰ ਅਤੇ ਉਸ ਦੇ ਪ੍ਰੀਵਾਰਕ ਮੈਂਬਰਾਂ ਨੂੰ ਸੜਕ ਦੁਰਘਟਨਾ ਵਿੱਚ ਦਰੜਕੇ ਮਾਰਨ ਦੀ ਕੋਸ਼ਿਸ਼ ਕੀਤੀ। ਮਨੀਪੁਰ ਵਿੱਚ ਦੋ ਕੁੱਕੀ ਔਰਤਾਂ ਨੂੰ ਨਗਨ ਕਰਕੇ ਸਮੂਹਕ ਬਲਾਤਕਾਰ ਕਰਨ ਦਾ ਜੱਗ ਜਾਹਰਾ ਮਾਮਲਾ ਸਾਹਮਣੇ ਆਉਣ ਉਪਰੰਤ ਵੀ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਉੱਪਰ ਬੀਜੇਪੀ ਵੱਲੋਂ ਸੁਰੱਖਿਅਤ ਸਿਆਸੀ ਛਤਰੀ ਤਾਣੇ ਰੱਖਣਾ ਇਸੇ ਗੱਲ ਦਾ ਜਾਹਰਾ ਸਬੂਤ ਹੈ।
ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਪੈਰ-ਪੈਰ 'ਤੇ ਔਰਤ ਹੱਕਾਂ ਦਾ ਚੀਕ ਚਿਹਾੜਾ ਪਾਉਣ ਵਾਲੀ ਬੜਬੋਲੀ ਕੇਂਦਰੀ ਔਰਤ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦੀ ਜੁਬਾਨ ਠਾਕੀ ਰਹੀ। ਔਰਤਾਂ ਨੂੰ ਸਸ਼ਕਤੀਕਰਨ ਦੇ ਨਾਹਰੇ ਮਾਰਨ ਵਾਲਿਆਂ ਦੀ ਅਸਲੀਅਤ ਇਹ ਹੈ ਕਿ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਅਪਰਾਧੀਆਂ ਦੀ ਗਿਣਤੀ ਵਧਦੀ ਹੋਈ 43% ਤੱਕ ਜਾ ਪਹੁੰਚੀ ਹੈ। ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ(ਸੀਪੀਆਈ,ਐਮ) 75% ਜਾਂ ਅੱਠ ਵਿੱਚੋਂ ਛੇ ਸੰਸਦ ਮੈਂਬਰਾਂ ਨਾਲ, ਕਾਂਗਰਸ(53%) 81 ਵਿੱਚੋਂ 43 ਸੰਸਦ ਮੈਂਬਰਾਂ ਨਾਲ, ਵਾਈਐਸਆਰ ਕਾਂਗਰਸ ਪਾਰਟੀ(ਵਾਈਐਸਸੀਆਰਪੀ, 42%) 13 ਵਿੱਚੋਂ 31 ਸੰਸਦ ਮੈਂਬਰਾਂ 'ਚੋਂ ਤ੍ਰਿਣਮੂਲ ਕਾਂਗਰਸ(ਏਆਈਟੀਸੀ, 39%) 36 'ਚੋਂ 14 ਸੰਸਦ ਮੈਂਬਰਾਂ ਨਾਲ, ਰਾਸ਼ਟਰਵਾਦੀ ਕਾਂਗਰਸ ਪਾਰਟੀ(ਐੱਨਸੀਪੀ, 38%) ਅੱਠ 'ਚੋਂ ਦੋ ਸੰਸਦ, ਭਾਜਪਾ(36%) 385 'ਚੋਂ 139 ਨਾਲ। ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ, 27%) ਦੇ ਨਾਲ 11 ਵਿੱਚੋਂ ਤਿੰਨ ਸੰਸਦ ਮੈਂਬਰਾਂ ਵਿਰੁੱਧ ਮੁਜ਼ਰਮਾਨਾ ਮਾਮਲੇ ਹਨ। ਗੰਭੀਰ ਅਪਰਾਧਕ ਮਾਮਲਿਆਂ ਵਾਲੇ ਸੰਸਦ ਮੈਂਬਰਾਂ ਦੀ ਪਾਰਟੀ ਅਨੁਸਾਰ ਆਰਜੇਡੀ ਫਿਰ 50% ਜਾਂ ਇਸ ਦੇ ਛੇ ਸੰਸਦ ਮੈਂਬਰਾਂ ਵਿੱਚੋਂ ਤਿੰਨ ਦੇ ਨਾਲ ਸਭ ਤੋਂ ਅੱਗੇ ਹੈ, ਜਿਨ੍ਹਾਂ ਦੇ ਖਿਲਾਫ ਗੰਭੀਰ ਅਪਰਾਧਕ ਮਾਮਲੇ ਹਨ।
ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਇਹਨਾਂ ਖਿਲਾਫ਼ ਚੱਲ ਰਹੇ ਮੁਕੱਦਮਿਆਂ ਦਾ ਜਲਦ ਨਿਬੇੜਾ ਕਰਨ ਲਈ ਬਣਾਈਆਂ ਵਿਸ਼ੇਸ਼ ਅਦਾਲਤਾਂ ਸਿਰਫ 6% ਕੇਸਾਂ ਦਾ ਹੀ ਨਿਪਟਾਰਾ ਕਰ ਸਕੀਆਂ ਹਨ। ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਕਤਲ, ਬਲਾਤਕਾਰ, ਅਗਵਾ ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਪਰਾਧੀਆਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਹੈ। ਹੋਰ ਵਧੇਰੇ ਸਪੱਸ਼ਟ ਕਹਿਣਾ ਹੋਵੇ ਤਾਂ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਅਜਿਹੀ ਵਾਸ਼ਿੰਗ ਮਸ਼ੀਨ ਹਨ ਜਿਸ ਦੀਆਂ ਪੌੜੀਆਂ ਚੜ੍ਹਣ ਵਾਲੇ ਸਿਆਸਤਦਾਨਾਂ ਦੇ ਸਾਰੇ ਕੁਕਰਮ ਮੁਆਫ਼ ਹੀ ਨਹੀਂ ਹੋ ਜਾਂਦੇ ਸਗੋਂ ਔਰਤਾਂ ਸਮੇਤ ਆਮ ਲੋਕਾਈ ਉੱਪਰ ਜਬਰ ਢਾਹੁਣ ਦਾ ਲਾਇਸੈਂਸ ਪ੍ਰਦਾਨ ਕਰ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿੱਚ ਸੱਭੇ ਪਾਰਲੀਮਾਨੀ ਪਾਰਟੀਆਂ ਦਾ ਕਿਰਦਾਰ ਇੱਕੋ ਜਿਹਾ ਹੈ। ਬਹੁਜਨ ਸਮਾਜ ਪਾਰਟੀ ਦੇ ਮੁਖਤਾਰ ਅੰਸਾਰੀ, ਅਤੀਕ ਅਹਿਮਦ, ਸਮਾਜਵਾਦੀ ਪਾਰਟੀ ਦੇ ਰਕੇਸ਼ ਸੋਰੇਨ, ਮਿੱਤਰਾ ਸੇਨ, ਬੀਆਰਐਸ ਦੇ ਮੁਖੀ ਤਿੰਲੰਗਾਨਾ ਦੇ ਮੁੱਖ ਮੰਤਰੀ ਕੇਸੀ ਰਾਓ 64 ਫੌਜਦਾਰੀ ਮੁਕੱਦਮਿਆਂ ਸਾਹਮਣਾ ਕਰਦਾ ਹੋਇਆ ਅੱਵਲ ਨੰਬਰ ‘ਤੇ ਹੇ। 385 ਫੌਜਦਾਰੀ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ 139 ਇਕੱਲੇ ਬੀਜੇਪੀ ਦੇ ਰਮਾਕਾਂਤ ਯਾਦਵ ੳਤੇ ਕਮਲ਼ੇਸ਼ ਪਾਸਵਾਨ ਜਿਹੇ ਹਨ। ਗੱਲ ਹੋਰ ਵਧੇਰੇ ਸਾਫ ਕਰਨੀ ਹੋਵੇ ਤਾਂ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਫੌਜਦਾਰੀ ਮੁਕੱਦਮਿਆਂ ਦਾ ਸਾਹਮਣਾ ਕਰਨ ਵਾਲੇ ਸਿਆਸਤਦਾਨਾਂ ਦੀ ਅਜਿਹੀ ਖਾਣ ਹੈ, ਜਿਸ ਦੀ ਖਾਈ ਹਰ ਆਏ ਦਿਨ ਡੂੰਘੀ ਹੁੰਦੀ ਜਾ ਰਹੀ ਹੈ।
ਜਿਵੇਂ ਕਿ ਗੁਸਾਈਂ ਤੁਲਸੀ ਦਾਸ ਨੇ ਭੀ ਲਿਖਿਆ ਹੈ ਕਿ "ਢੋਲ, ਗੁਵਾਰ, ਸ਼ੂਦਰ, ਪਸ਼ੂ, ਨਾਰੀ— ਏਹ ਪਾਂਚੋਂ ਤਾੜਨ ਕੇ ਅਧਿਕਾਰੀ" ਅਰਥਾਤ ਢੋਲ, ਬੇਵਕੂਫ਼, ਸ਼ੂਦਰ, ਪਸ਼ੂ, ਤੇ ਔਰਤ ਇਹ ਪੰਜੇ ਮਾਰ-ਕੁੱਟ ਦੇ ਹੀ ਹੱਕਦਾਰ ਹਨ। ਏਸੇ ਤਰਾਂ ਹੋਰ ਪੁਰਾਣੇ ਖਿਆਲਾਂ ਦੇ ਗ੍ਰੰਥਾਂ ਵਿੱਚ ਸ਼ੂਦਰਾਂ ਉਪਰ ਕਈ ਕਿਸਮ ਦੇ ਪੱਥਰ ਸੁਟੇ ਸਨ। ਹਿੰਦ ਵਾਸੀ ਪਸ਼ੂਆਂ ਨੂੰ ਤਾਂ ਦੇਵਤਾ ਮੰਨਕੇ ਓਹਨਾਂ ਦੇ ਪੈਰ ਪੂਜਦੇ ਸਨ। ਸੱਪਾਂ, ਠੂਹਿਆਂ, ਤੇ ਚੂਹਿਆਂ ਦੀ ਪੂਜਾ ਕਰਦੇ ਸਨ, ਦਰੱਖਤ, ਪੱਥਰ ਆਦਿ ਨੂੰ ਰੱਬ ਮੰਗ ਬੈਠਦੇ ਸਨ, ਪਰ ਇੱਕ ਆਪਣੇ ਜਿਹੇ ਮਨੁੱਖ ਨੂੰ ਸ਼ੂਦਰ ਆਖਕੇ ਉਸ ਦੀ ਐਨੀ ਬੇਇਜਤੀ ਕਰਦੇ ਸਨ ਕਿ ਉਸ ਨਾਲ ਪੱਲਾ ਜਾਂ ਹੱਥ ਛੁਹਾਉਣਾ ਤਾਂ ਕਿਤੇ ਰਿਹਾ ਉਸਦਾ ਪ੍ਰਛਾਵਾਂ ਭੀ ਲੈਣ ਨੂੰ ਤਿਆਰ ਨਹੀਂ ਹੁੰਦੇ ਸਨ। ਇੱਕ ਸ਼ੂਦਰ ਭਾਵੇਂ ਤੜਫਦਾ ਪਿਆ ਹੋਵੇ, ਪਰ ਉਸ ਦੀ ਸੇਵਾ ਲਈ ਇੱਕ ਉੱਚੀ ਜ਼ਾਤ ਦੇ ਆਦਮੀ ਦਾ ਦਿਲ ਨਹੀਂ ਸੀ ਲੋਚਦਾ, ਕਿਓਂਕਿ ਅਜੇਹਾ ਕਰਨਾ ਹਿੰਦੂ ਸੰਸਕ੍ਰਿਤੀ ਦੇ ਅਨੁਸਾਰੀ ਨਹੀਂ ਹੈ।
ਇਹ ਸਾਰੇ ਅੰਕੜੇ ਬੋਲਦੇ ਹਨ ਕਿ ਆਉਣ ਵਾਲੇ ਪਾਰਲੀਮੈਂਟਰੀ ਚੋਣਾਂ ਅੰਦਰ ਕਿਹੋ ਜਿਹਾ ਮਾਹੌਲ ਦੇਸ਼ ਅੰਦਰ ਹੋਣ ਜਾ ਰਿਹਾ ਹੈ। ਔਰਤਾਂ ਦੀ ਹਾਲਤ ਨੂੰ ਲੈ ਕੇ ਹੁਣ ਤੱਕ ਸਰਕਾਰ ਤੇ ਸਿਆਸੀ ਪਾਰਟੀਆਂ ਦੇ ਵਤੀਰੇ ਦੇ ਇਹ ਕੁੱਝ ਉੱਭਰਵੇਂ ਵਿਹਾਰ ਦੇ ਇਹ ਪਦ-ਚਿੰਨ੍ਹ ਕਿਸੇ ਵਿਸ਼ੇਸ਼ ਵਿਆਖਿਆ ਦੀ ਹੋਰ ਕੋਈ ਲੋੜ ਨਹੀਂ ਰਹਿਣ ਦਿੰਦੇ। ਭਾਜਪਾ ਦਾ ਇਹ ਰਵੱਈਆ ਕਿਸੇ ਵੀ ਤਰ੍ਹਾਂ ਉਸਦੇ ਐਲਾਨੀਆ ਮਨੂੰ ਸਮ੍ਰਿਤੀ ਵਾਲੇ ਸੰਵਿਧਾਨ ਦੀ ਸਥਾਪਨਾ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੇ। ਮਨੂੰ ਸਮ੍ਰਿਤੀ ਤੋਂ ਬਿਨਾਂ ਔਰਤਾਂ ਨੂੰ ਪੈਰ ਦੀ ਜੁੱਤੀ ਗਰਦਾਨਣ ਵਾਲੇ ਹੋਰ ਵੀ ਧਾਰਮਕ ਗ੍ਰੰਥਾਂ ਅਨੁਸਾਰ ਸਮਾਜਕ ਕਦਰਾਂ ਕੀਮਤਾਂ ਸਥਾਪਤ ਕਰਨ ਵੱਲ ਵੱਧ ਰਹੀ ਭਾਜਪਾ ਦਾ ਰਾਜ ਬਾਕੀ ਦੀ ਲੋਕਾਈ ਨਾਲ ਔਰਤਾਂ ਲਈ ਕੀ ਪਰੋਸੀ ਬੈਠਾ ਹੈ ਇਹਦੇ ‘ਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਤਕੜੀ ਲੋਕ ਲਹਿਰ ਤੇ ਇਸਦੇ ਅੰਗ ਬਣ ਉੱਠੀ ਮਜ਼ਬੂਤ ਔਰਤ ਲਹਿਰ ਹੀ ਅਜਿਹੇ ਔਰਤ ਦੋਖੀ ਕਦਮਾਂ ਤੇ ਅਨਸਰਾਂ ਨੂੰ ਨੱਥ ਮਾਰ ਸਕਦੀ ਹੈ।
-
ਨਰੈਣ ਦੱਤ, ਲੇਖਕ
ndutt2011@gmail.com
8427511770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.