ਆਲ ਇੰਡੀਆ ਰੇਡੀਓ ਯਾਨਿ AIR ਨੂੰ ਹੁਣ ਪੂਰੀ ਤਰਾਂ ਦਫਤਰੀ ਤੌਰ ਤੇ ਆਕਾਸ਼ਵਾਣੀ ਕਿਹਾ ਜਾਣ ਲੱਗ ਪਿਆ ਹੈ। ਆਕਾਸ਼ਵਾਣੀ ਸਰਕਾਰੀ ਦਖਲ ਹੇਠ ਚਲਣ ਵਾਲੀ ਸੰਸਥਾ ਹੈ, ਭਾਵੇਂ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੂੰ ਚਲਾਉਣ ਲਈ ਪ੍ਰਸਾਰ ਭਾਰਤੀ ਨਾਂ ਦੀ ਇਕ ਆਜ਼ਾਦ ਬਾਡੀ ਬਣਾਈ ਗਈ ਹੈ। ਇਹ ਵੀ ਜੱਗ ਜਾਹਰ ਹੈ ਕਿ ਭਾਰਤ ਚ ਆਕਾਸ਼ਵਾਣੀ ਤੇ ਦੂਰਦਰਸ਼ਨ ਕਦੇ ਵੀ ਸਰਕਾਰੀ ਦਖਲ ਤੋਂ ਆਜ਼ਾਦ ਨਹੀਂ ਰਹੇ ਅਤੇ ਨਾ ਸਨ। ਪਰ 2014 ਤੋਂ ਬਾਅਦ ਦਖਲਅੰਦਾਜ਼ੀ ਜਿਆਦਾ ਵੱਧ ਗਈ। ਫਿਰ ਆਇਆ ਕਰੋਨਾ ਕਾਲ। ਫਿਰ ਤਾਂ ਸਰਕਾਰ ਨੂੰ ਮੌਕਾ ਮਿਲ ਗਿਆ ਆਕਾਸ਼ਵਾਣੀ ਦੇ ਮੀਡੀਅਮ ਵੇਵ, ਸ਼ਾਰਟਵੇਵ ਚੈਨਲ ਬੰਦ ਕਰਨ ਦਾ। ਕਰੋਨਾ ਕਾਲ ਕਾਰਨ ਜਿੱਥੇ ਸ਼ਾਰਟਵੇਵ ਤੋਂ ਵਿਵਿਧ ਭਾਰਤੀ, ਰਾਤਰੀ ਰਾਸ਼ਟਰੀਆ ਸੇਵਾ ਤੇ ਉਰਦੂ ਸਰਵਿਸ ਨੂੰ ਖਤਮ ਕਰ ਦਿੱਤੀ ਗਈ, ਉਥੇ ਹੀ ਸਦਾ ਲਈ ਰਾਤਰੀ ਰਾਸ਼ਟਰੀਆ ਸੇਵਾ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ। ਪੰਜਾਬ ਚ ਆਕਾਸ਼ਵਾਣੀ ਜਲੰਧਰ ਬੀ ਦਾ ਦੇਸ਼ ਪੰਜਾਬ ਦੇ ਪ੍ਰੋਗਰਾਮ 702 ਟ੍ਰਾਂਸਮੀਟਰ ਤੋਂ ਬੰਦ ਕਰ ਦਿੱਤੇ ਗਏ ਅਤੇ ਐਪ ਤੇ ਚਲਾ ਦਿੱਤਾ ਗਏ। ਲਗਦਾ ਹੈ ਭਾਰਤ ਚ ਆਕਾਸ਼ਵਾਣੀ ਤੇ ਭਿਆਨਕ ਕਾਲ ਮੰਡਰਾ ਰਿਹਾ ਹੈ।
ਸਭ ਤੋਂ ਵੱਡੀ ਫਿਕਰ ਐ ਕਿ ਕਿਧਰੇ ਸਾਰੇ ਟ੍ਰਾਂਸਮੀਟਰ ਹੀ ਬੰਦ ਨਾ ਕਰ ਦੇਣ ਅਤੇ ਐਪ ਦਾ ਪ੍ਰਚਾਰ ਕਰਕੇ ਸੁਰਖਰੂ ਹੋ ਜਾਣ। ਫਿਕਰ ਤਾਂ ਕਰਨੀ ਬਣਦੀ ਹੈ। ਆਖਰ ਨੂੰ ਆਕਾਸ਼ਵਾਣੀ ਤੇ ਦੂਰਦਰਸ਼ਨ ਲੋਕ ਪ੍ਰਸਾਰਕ ਹੈ ਭਾਰਤ ਦਾ ਬੀਬੀਸੀ ਵਾਂਗ
ਗੱਲ ਚੱਲ ਰਹੀ ਹੈ ਆਕਾਸ਼ਵਾਣੀ ਦੇ ਉਰਦੂ ਚੈਨਲ ਦੀ। ਇਹ ਚੈਨਲ ਹੁਣ 1071 ਮੀਡੀਮਵੇਵ ਤੇ ਚਲਦਾ ਹੈ, ਜਿਸ ਦਾ ਪ੍ਰਸਾਰਨ ਦਿੱਲੀ, ਹਰਿਆਣੇ, ਯੂ ਪੀ, ਪੰਜਾਬ, ਪਾਕਿਸਤਾਨੀ ਪੰਜਾਬ ਅਤੇ ਜੰਮੂ ਕਸ਼ਮੀਰ ਚ ਰੇਡੀਓ ਤੇ ਨਹੀਂ ਆਉਂਦਾ, ਕਿਉਂ ਦੂਰ ਗੁਜਰਾਤ ਦੇ ਰਾਜਕੋਟ ਚ ਇਸ ਲਈ ਟ੍ਰਾਂਸਮੀਟਰ ਲਾਇਆ ਹੋਇਆ। ਨਾ ਹੀ ਬਾਕੀ ਉਤਰੀ ਭਾਰਤ ਚ ਕੋਈ ਟ੍ਰਾਂਸਮੀਟਰਹੈ। ਗੁਜਰਾਤ ਚ ਟ੍ਰਾਂਸਮੀਟਰ ਲਗਾਉਣਾ ਸਮਝ ਨਹੀਂ ਆਉਂਦਾ। ਕਿਉਂਕੀ ਉਰਦੂ ਤੇ ਪੰਜਾਬੀ ਨੂੰ ਨਾ ਕੋਈ ਗੁਜਰਾਤ ਚ ਪਸੰਦ ਕਰਦਾ ਹੈ ਤੇ ਪਰਲੇ ਪਾਸੇ ਸਿੰਧ ਚ। ਜੇ ਆਕਾਸ਼ਵਾਣੀ ਦੇ ਅਧਿਕਾਰੀਆਂ ਨੂੰ ਇਸ ਬਾਬਤ ਕਿਹਾ ਜਾਵੇ ਤਾਂ ਉਹ ਅੱਗੋ ਸਰੋਤੇ ਤੇ ਹੱਸ ਕੇ ਕਹਿੰਦੇ ਹਨ ਕਿ ਅੱਜ ਕੱਲ੍ਹ ਰੇਡੀਓ ਕੌਣ ਸੁਣਦਾ ਹੈ! ਐਪ ਤੇ ਨੈਟ ਨਾਲ ਸੁਣੋ। ਐਪ ਤੇ ਸੁਣਨ ਲਈ ਇਕ ਆਮ ਭਾਰਤੀ ਨੂੰ ਖਾਸੀ ਮੋਟੀ ਰਕਮ ਲਗਾਉਣੀ ਪੈਣੀ ਹੈ ਤੇ ਮਹੀਨੇ ਦਾ ਇੰਟਰਨੈੱਟ ਅਲੱਗ।
ਹੁਣ ਗੱਲ ਕਰਦੇ ਹਾਂ ਐਪ ਜਾਂ ਡੀ ਟੀ ਐਚ ਤੇ ਆ ਰਹੀ ਉਰਦੂ ਸਰਵਿਸ ਦੀ। ਸਵੇਰ, ਦੁਪਹਿਰ, ਸ਼ਾਮ ਦੇ ਤਿੰਨ ਟੋਟਿਆਂ ਚ ਆਉਂਦੀ ਹੈ, ਜਦੋਂ ਕਿ ਭਾਰਤੀ ਭਾਸ਼ਾ ਹੋਣ ਦੇ ਨਾਤੇ ਇਸ ਦੀ ਬਰਾਡਕਾਸਟਿੰਗ ਵਿਵਿਧ ਭਾਰਤੀ ਵਾਂਗ 24 ਦੀ ਹੋਣੀ ਚਾਹੀਦੀ ਹੈ।
ਚਲੋਂ ਜੋ ਹੈ, ਉਹ ਵੀ ਕੁਝ ਖਾਸ ਨਹੀਂ। ਪਹਿਲਾਂ ਸਵੇਰੇ ਸੂਰਜ ਕੇ ਸਾਥ ਸਾਥ ਆਉਂਦਾ ਸੀ ਤੇ ਹੁਣ ਕੇਂਦਰ ਦੀਆਂ ਹਿੰਦੀ ਅੰਗਰੇਜੀ ਦੀਆਂ ਖਬਰਾਂ। ਨਾ ਹੀ ਕੋਈ ਨਵਾਂ ਪ੍ਰੋਗਰਾਮ ਸੁਣਾਇਆ ਜਾਂਦਾ ਹੈ। ਉਹੀ ਰਿਪੀਟ ਉਰਦੂ ਨਾਟਕ, ਦਿੱਲੀ ਕੇਂਦਰ ਦਾ ਮਨੀ ਮੰਤਰਾ ਜਾਂ ਫਿਰ ਹਿੰਦੀ ਸਪਾਂਸਰ ਪ੍ਰੋਗਰਾਮ। ਹੋਣਾ ਤਾਂ ਇਹ ਚਾਹੀਦਾ ਸੀ ਕਿ ਨਿੱਤ ਨਵੇਂ ਪ੍ਰੋਗਰਾਮ ਪਹਿਲਾਂ ਦੀ ਤਰਾਂ ਸੁਣਾਏ ਜਾਂਦੇ, ਪਰ ਅਫਸੋਸ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਰਦੂ ਸਰਵਿਸ ਕੋਲ ਨਵੇਂ ਪ੍ਰੋਗਰਾਮ ਬਣਾਉਣ ਲਈ ਫੰਡ ਨਹੀਂ। ਫੰਡ ਕਿਸ ਨੇ ਦੇਣੇ ਹਨ ਇਹ ਹਰ ਨੌਜਵਾਨ ਜਾਣਦਾ ਹੈ। ਪ੍ਰੋਗਰਾਮਾਂ ਦੀ ਕਮੀ ਚ ਗੈਰ ਉਰਦੂ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਾਂ ਗੀਤ। ਲਗਦਾ ਹੈ ਕਿ ਉਰਦੂ ਸਰਵਿਸ ਬੰਦ ਹੋਣ ਕਿਨਾਰੇ ਹੈ। ਅਜਿਹਾ ਹੋਣਾ ਉਰਦੂ ਭਾਸ਼ਾ ਅਤੇ ਸ਼ਰੋਤਿਆਂ ਲਈ ਖਤਰਨਾਕ ਸਿੱਧ ਹੋ ਸਕਦਾ ਹੈ।
ਪਹਿਲਾਂ ਦੁਪਹਿਰ ਦੀ ਉਰਦੂ ਸੇਵਾ ਚ ਵੀ ਵੰਨ ਸੁਵੰਨੇ ਪ੍ਰੋਗਰਾਮ ਹੁੰਦੇ ਸੀ। ਅੱਜ ਉਨਾਂ ਦੀ ਥਾਂ ਹਿੰਦੀ ਰਿਕਾਰਡ ਪ੍ਰੋਗਰਾਮ, ਗੀਤ ਸੰਗੀਤ ਤੇ ਅੰਤ ਚ ਉਰਦੂ ਖਬਰਾਂ ਬਸ। ਉਹ ਪੁਰਾਣੇ ਦਿਨ ਵੀ ਬਹੁਤ ਯਾਦ ਆਉਂਦੇ ਹਨ, ਜਦੋਂ ਟਿਕੀ ਗਰਮ ਦੁਪਹਿਰ ਚ ਡੇਕ ਹੇਠ ਬਹਿ ਕੇ ਉਰਦੂ ਸਰਵਿਸ ਸੁਣਦੇ ਸੀ। ਇਕ ਰੇਡੀਓ ਦਾ ਪ੍ਰੋਗਰਾਮ ਮੇਰੀ ਪਸੰਦ ਹੋਇਆ ਕਰਦਾ ਸੀ।
ਜੇ ਸ਼ਾਮ ਦੀ ਗੱਲ ਕਰੀਏ। ਇਸ ਸਮੇਂ ਕੋਈ ਉਰਦੂ ਸਰਵਿਸ ਨਹੀਂ ਚਲਦੀ। ਸਰਕਾਰੀ ਬਾਬੂ ਸ਼ਾਮ 5 ਵਜੇ ਛੁੱਟੀ ਕਰ ਜਾਂਦੇ ਹਨ। ਫਿਰ ਆਉਂਦੇ ਹਨ ਰਾਤ 9 ਵਜੇ। ਸ਼ੁਰੂ ਚ ਖਬਰਾਂ ਲੈ ਕੇ। ਫਿਰ ਘਸੇ ਪਿਟੇ ਪ੍ਰੋਗਰਾਮ ਪੇਸ਼ ਹੁੰਦੇ ਹਨ। ਹਿੰਦੀ ਵਾਲੇ। ਰਾਤ ਨੂੰ ਜੋ ਕਦੇ ਕਦੇ ਰੇਡੀਓ ਫੀਚਰ ਜਾਂ ਨਾਟਕ ਸੁਣਾਉਂਦੇ ਹਨ, ਉਸ ਦੀ ਆਵਾਜ਼ ਦੀ ਗੁਣਵਤਾ ਸਹੀ ਨਹੀਂ ਹੁੰਦੀ। ਰਾਤ ਦਾ ਈਮੇਲ ਤੇ ਆਧਾਰਿਤ ਤਾਮਿਲ ਏ ਅਰਸ਼ਾਦ ਪ੍ਰੋਗਰਾਮ ਭਾਵੇਂ ਥੋੜਾ ਬਹੁਤਾ ਸਹੀ ਹੈ, ਪਰ ਇਕ ਪ੍ਰੋਗਰਾਮ ਤੇ ਇਕ ਰੇਡੀਓ ਚੈਨਲ ਕਦੋਂ ਤੱਕ ਜਿਊਂਦਾ ਰਹਿ ਪਾਵੇਗਾ । ਗੀਤਾਂ ਦੀ ਚੋਣ ਵੀ ਸਹੀ ਨਹੀ ਰਹੀ। ਜੋ ਹੋਣੀ ਚਾਹੀਦੀ ਹੈ।
ਕਰੋਨਾ ਕਾਲ ਤੋਂ ਪਹਿਲਾਂ ਡੀ ਟੀ ਐਚ ਤੇ ਲਗਾਤਾਰ 18+ ਘੰਟੇ ਦੀ ਉਰਦੂ ਸਰਵਿਸ ਕਰ ਦਿੱਤੀ ਗਈ ਸੀ। ਹੁਣ ਤਾਂ ਫੰਡਾਂ ਦੀ ਕਮੀ ਅਤੇ ਉਡਦੀਆਂ ਖਬਰਾਂ ਤੋਂ ਲਗਦਾ ਹੈ ਕਿ ਆਕਾਸ਼ਵਾਣੀ ਉਰਦੂ ਸਰਵਿਸ ਚੈਨਲ ਕਿਧਰੇ ਬੰਦ ਹੀ ਨਾ ਹੋ ਜਾਵੇ। ਆਕਾਸ਼ਵਾਣੀ ਦਿੱਲੀ ਬੀ ਰਾਜਧਾਨੀ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਭਾਜਪਾ ਮੋਦੀ ਸਰਕਾਰ ਰੇਡੀਓ ਨੂੰ ਐਨਾਲਾਗ ਟ੍ਰਾਂਸਮੀਟਰਾਂ ਤੋਂ ਖਤਮ ਕਰਨ ਲਈ ਕਾਹਲੀ ਹੈ। ਐਫ ਐਮ ਚੈਨਲ 70 ਕਿਲੋਮੀਟਰ ਤੱਕ ਹੀ ਜਾ ਪਾਉਂਦੇ ਹਨ। ਬਿਨਾਂ ਮੀਡੀਮਵੇਵ ਤੇ ਸ਼ਾਰਟਵੇਵ ਬੈਂਡ ਸਿਗਨਲ ਤੋਂ ਬਿਹਾਰ, ਝਾਰਖੰਡ, ਉੜੀਸਾ, ਮੱਧ ਪ੍ਰਦੇਸ਼ ਦੇ ਦੂਰ ਦੁਰਾਡੇ ਦੇ ਲੋਕ ਰੇਡੀਓ ਦੇ ਮਨੋਰੰਜਨ ਤੋਂ ਸੱਖਣੇ ਹੋ ਜਾਣਗੇ। ਅਸਲ ਹੋ ਹੀ ਗਏ ਹਨ। ਉਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਅਜਿਹੇ ਇਲਾਕਿਆਂ ਚ ਹਾਲੇ ਤਾਂ ਮੋਬਾਇਲ ਰੇਂਜ ਹੀ ਸਹੀਂ ਤਰੀਕੇ ਨਾਲ ਨਹੀਂ ਪਹੁੰਚ ਪਾਈ। ਉਨਾ ਮੋਬਾਇਲ ਤੇ ਐਪ ਕਿਥੋਂ ਚਲਾਉਣੀ। ਇਸੇ ਲਈ ਭਾਰਤ ਚ ਰੇਡੀਓ, ਟ੍ਰਾਂਸਮੀਟਰ ਪ੍ਰਸਾਰਣ ਅਤੇ ਉਰਦੂ ਸਰਵਿਸ ਵਰਗੇ ਚੈਨਲ ਬਚਾਉਣ ਦੀ ਸਖ਼ਤ ਜ਼ਰੂਰਤ ਹੈ। ਸਰਕਾਰ ਦੀਆਂ ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ। ਇਸ ਲਈ ਲੋਕ ਕਹਿੰਦੇ ਹਨ ਕਿ ਮੀਡੀਮਵੇਵ ਬੈਂਡ ਰੇਡੀਓ ਦੀ ਮਿਆਰੀ ਉਰਦੂ ਸਰਵਿਸ ਬਹੁਤ ਯਾਦ ਆਉਂਦੀ ਹੈ। ਭਾਰਥ ਸਰਕਾਰ ਰੇਡੀਓ ਤੇ ਉਰਦੂ ਸਰਵਿਸ ਨੂੰ ਬਚਾਉਣ ਲਈ ਫੰਡ ਜਾਰੀ ਕਰੇ ਤੇ ਗੰਭੀਰ ਹੋ ਕੇ ਕੰਮ ਕਰੇ। ਬਹੁਤ ਯਾਦ ਆਉਂਦੀ ਹੈ ਪੁਰਾਣੀ ਉਰਦੂ ਸਰਵਿਸ
-
ਗੁਰਪ੍ਰੀਤ ਸਿੰਘ ਬਿਲਿੰਗ , ਲੇਖਕ
*********
7508698066
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.