ਅਜੋਕਾ ਯੁੱਗ ਵਿਗਿਆਨਿਕ ਯੁੱਗ ਹੈ ਜਿਸ ਨੇ ਅੱਜ ਦੇ ਮਨੁੱਖ ਦੀ ਦੁਨੀਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਹ ਉਸ ਯੁਗ ਤੋਂ ਬਿਲਕੁਲ ਹੀ ਵੱਖਰਾ ਹੈ ਜਿਹੜਾ ਸਾਡੇ ਪੁਰਖਿਆਂ ਨੇ ਦੇਖਿਆ ਸੀ। ਜਿਸ ਅਸਮਾਨ ਨੂੰ ਸਾਡੇ ਪੁਰਖੇ ਰੱਬ ਮੰਨੀ ਬੈਠੇ ਸੀ ਹੁਣ ਉੱਥੇ ਅਸੀਂ ਚੰਦਰਮਾ ਜਾਂ ਪੁਲਾੜ ਦੀ ਯਾਤਰਾ ਕਰ ਸਕਦੇ ਹਾਂ ਇਹ ਸਭ ਵਿਗਿਆਨਿਕ ਖੋਜਾਂ ਕਾਰਨ ਹੀ ਸੰਭਵ ਹੋ ਸਕਿਆ ਹੈ।
ਵਿਗਿਆਨ ਨੇ ਮਸ਼ੀਨੀ ਕਾਢ ਨਾਲ ਮਨੁੱਖੀ ਜੀਵਨ ਨੂੰ ਇੰਨਾ ਸੁਖਾਲਾ ਬਣਾ ਦਿੱਤਾ ਹੈ ਕਿ ਹੁਣ ਮਨੁੱਖ ਕੰਮ ਕਾਜ ਦੇ ਭਾਰ ਹੇਠ ਨਾ ਦੱਬਿਆ ਹੋਇਆ ਆਰਾਮਦਾਇਕ ਢੰਗ ਨਾਲ ਬੋਝ ਮੁਕਤ ਜੀਵਨ ਗੁਜ਼ਾਰ ਰਿਹਾ ਹੈ। ਇਸ ਤੋਂ ਇਲਾਵਾ ਬਿਜਲੀ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਕਾਢਾਂ ਜਿਵੇਂ ਟੈਲੀਵਿਜ਼ਨ, ਰੇਡੀਓ, ਟੈਲੀਫੋਨ ਆਦਿ ਦੀ ਅਸੀਂ ਖਪਤ ਕਰ ਰਹੇ ਹਾਂ, ਜੀਵਨ ਨੂੰ ਬਚਾਉਣ ਵਾਲੀਆਂ ਦਵਾਈਆਂ, ਨਵੀਂ ਜ਼ਿੰਦਗੀ ਦੇਣ ਵਾਲੀਆਂ ਦਵਾਈਆਂ, ਕੰਪਿਊਟਰ, ਇੰਟਰਨੈਟ, ਕਾਰਾਂ ਅਤੇ ਹਵਾਈ ਜਹਾਜਾਂ ਦੀ ਕਾਢ ਨੇ ਤਾਂ ਜਿਵੇਂ ਸਾਡਾ ਕੋਈ ਸੁਪਨਾ ਹੀ ਸਾਕਾਰ ਕਰ ਦਿੱਤਾ ਹੈ। ਵਿਗਿਆਨ ਨੇ ਸਮੇਂ ਅਤੇ ਦੂਰੀ ਨੂੰ ਜਿੱਤਦੇ ਹੋਏ ਬ੍ਰਹਿਮੰਡ ਨੂੰ ਬੜਾ ਛੋਟਾ ਬਣਾ ਕੇ ਸਾਡੀ ਪਹੁੰਚ ਵਿੱਚ ਕਰ ਦਿੱਤਾ ਹੈ।
ਹੋਰ ਤਾਂ ਹੋਰ ਵਿਗਿਆਨ ਮਨੁੱਖੀ ਖੁਰਾਕ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਵੀ ਕਾਰਗਰ ਸਾਬਤ ਹੋਇਆ ਹੈ ਇਸ ਨੇ ਦੱਸਿਆ ਹੈ ਕਿ ਮਨੁੱਖ ਨੂੰ ਕਿਹੋ ਜਿਹੀ ਤੇ ਕਿੰਨੀ ਖੁਰਾਕ ਖਾਣੀ ਚਾਹੀਦੀ ਹੈ, ਖੁਰਾਕ ਦਾ ਸਾਡੇ ਰੋਜ਼ਾਨਾ ਜੀਵਨ ਵਿੱਚ ਕੀ ਮਹੱਤਵ ਹੈ ਤੇ ਖੁਰਾਕ ਨਾਲ ਅਸੀਂ ਕਿਸ ਤਰ੍ਹਾਂ ਲੰਬਾ ਸਮਾਂ ਆਰਾਮਦਾਇਕ ਤੇ ਅਰੋਗੀ ਜੀਵਨ ਗੁਜ਼ਾਰ ਸਕਦੇ ਹਾਂ। ਵਿਗਿਆਨ ਦੇ ਖੋਜੀਆਂ ਨੇ ਜਿੱਥੇ ਸਾਡੇ ਜੀਵਨ ਵਿੱਚ ਇੱਕ ਨਵਾਂ ਮੋੜ ਲਿਆਂਦਾ ਹੈ ਸਾਡੀ ਘਰੇਲੂ, ਵਪਾਰਕ, ਦਫਤਰੀ ਅਤੇ ਹਰ ਪ੍ਰਕਾਰ ਦੀ ਜ਼ਿੰਦਗੀ ਨੂੰ ਬਿਲਕੁਲ ਹੀ ਤਬਦੀਲ ਕਰ ਦਿੱਤਾ ਹੈ ਇਸ ਦੇ ਉਲਟ ਕਈ ਇਹੋ ਜਿਹੀਆਂ ਵਿਗਿਆਨਿਕ ਕਾਢਾਂ ਵੀ ਹਨ ਜੋ ਮਨੁੱਖ ਲਈ ਬਿਲਕੁਲ ਹੀ ਹਾਨੀਕਾਰਕ ਸਾਬਤ ਹੋਈਆਂ ਹਨ। ਇਹਨਾਂ ਕਾਢਾਂ ਨੇ ਮਨੁੱਖੀ ਜੀਵਨ ਨੂੰ ਤਬਾਹ ਕਰ ਦਿੱਤਾ ਹੈ। ਜਿਵੇਂ ਕਿ ਮਨੁੱਖ ਨੇ ਐਟਮ ਬੰਬ, ਨਿਊਟਰੋਨ ਬੰਬ ਅਤੇ ਹੋਰ ਦੂਰ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਜਿਹੇ ਕਈ ਮਾਰੂ ਹਥਿਆਰ ਅਤੇ ਸ਼ਸਤਰ ਵੀ ਬਣਾ ਲਏ ਹਨ। ਜੋ ਪਲਕ ਝਪਕਦੇ ਹੀ ਕਈ ਮੀਲਾਂ ਤੱਕ ਮਨੁੱਖੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦੇ ਹਨ, ਮਨੁੱਖ ਦੇ ਜੀਵਨ ਦਾ ਸਤਿਆਨਾਸ਼ ਹੋ ਜਾਂਦਾ ਹੈ ਪਰ ਜੇਕਰ ਸੋਚਿਆ ਜਾਵੇ ਤਾਂ ਇਸ ਵਿੱਚ ਵਿਗਿਆਨ ਦਾ ਬਿਲਕੁਲ ਵੀ ਦੋਸ਼ ਨਹੀਂ ਹੈ ਸਗੋਂ ਦੋਸ਼ ਹੈ ਤਾਂ ਵਿਗਿਆਨ ਨੂੰ ਗਲਤ ਢੰਗ ਨਾਲ ਇਸਤੇਮਾਲ ਕਰਨ ਵਾਲੇ ਮਨੁੱਖਾਂ ਦਾ। ਸੋ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਵਿਗਿਆਨ ਦੀ ਸਹੀ ਤੇ ਸੁਚੱਜੇ ਢੰਗ ਨਾਲ ਵਰਤੋਂ ਕਰਨਾ ਤਾਂ ਜੋ ਇਸ ਦੀਆਂ ਖੋਜਾਂ ਸਮਾਜ ਲਈ ਕਾਰਗਰ ਸਾਬਤ ਹੋ ਸਕਣ।
-
ਰਮਨਦੀਪ ਸ਼ਰਮਾ, ਸਾਇੰਸ ਮਾਸਟਰ
rmndeeeep@gmail.com
9464519891
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.