ਗੁਰਜਤਿੰਦਰ ਸਿੰਘ ਰੰਧਾਵਾ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ। ਪੰਜਾਬ ਵਿੱਚ ਪੱਤਰਕਾਰੀ ਕਰਦਾ ਸੀ ਪ੍ਰੰਤੂ ਅਮਰੀਕਾ ਵਿੱਚ ਪਹੁੰਚ ਕੇ ਵੀ ਪੱਤਰਕਾਰੀ ਕਰ ਰਿਹਾ ਹੈ। ਉਹ ਸਾਧਾਰਨ ਪੱਤਰਕਾਰ/ਸੰਪਾਦਕ ਨਹੀਂ ਸਗੋਂ ਇੱਕ ਖੋਜੀ ਇਤਿਹਾਸਕਾਰ ਦੀ ਤਰ੍ਹਾਂ ਖੋਜ ਕਰਕੇ ਸਮਤੁਲ ਸੰਪਾਦਕੀਆਂ ਲਿਖਦਾ ਹੈ। ਉਸ ਨੇ ਕੈਲੇਫੋਰਨੀਆਂ ਪੰਜਾਬੀਆਂ ਦੇ ਗੜ੍ਹ ਵਾਲੇ ਸੂਬੇ ਦੇ ਸਕਾਰਮੈਂਟੋ ਸ਼ਹਿਰ ਵਿੱਚ ਆਪਣਾ ਸਪਤਾਹਕ ਅਖ਼ਬਾਰ ‘ਪੰਜਾਬ ਮੇਲ ਯੂ.ਐਸ.ਏ’. ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਪ੍ਰਵਾਸ ਵਿੱਚ ਅਖ਼ਬਾਰ ਪ੍ਰਕਾਸ਼ਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ, ਏਥੇ ਤਾਂ ਸੱਪ ਦੀ ਖੁੱਡ ਨੂੰ ਹੱਥ ਪਾਉਣ ਦੇ ਬਰਾਬਰ ਹੁੰਦਾ ਹੈ ਕਿਉਂਕਿ ਅਮਰੀਕਾ ਦੇ ਕਾਨੂੰਨ ਭਾਰਤ ਦੇ ਅਖ਼ਬਾਰੀ ਕਾਨੂੰਨਾਂ ਨਾਲੋਂ ਵੱਖਰੀ ਕਿਸਮ ਦੇ ਹਨ। ਅਖ਼ਬਾਰ ਨੂੰ ਪੜ੍ਹਨਯੋਗ ਬਣਾਉਣ ਲਈ ਬੜੀ ਜਦੋਜਹਿਦ ਕਰਨੀ ਪੈਂਦੀ ਹੈ। ਉਸ ਦੀਆਂ ਸੰਪਾਦਕੀਆਂ ਦੀ ਸੁਰ ਪੰਜਾਬੀ ਭਾਈਚਾਰੇ ਨੂੰ ਪ੍ਰਭਾਵਤ ਕਰਨ ਲਈ ਕਾਇਲ ਕਰ ਗਈ, ਜਿਸ ਕਰਕੇ ਇਹ ਅਖ਼ਬਾਰ ਜਲਦੀ ਹੀ ਅਮਰੀਕਾ ਦੀ ਧਰਤੀ ‘ਤੇ ਪੰਜਾਬੀਆਂ ਦਾ ਮੁੱਦਈ ਬਣਕੇ ਹਰਮਨ ਪਿਆਰਾ ਹੋ ਗਿਆ। ਪੰਜਾਬੀ ਪਾਠਕ ਹਰ ਹਫ਼ਤੇ ਨਵੇਂ ਅੰਕ ਦੀ ਇੰਤਜ਼ਾਰ ਕਰਦੇ ਰਹਿੰਦੇ ਹਨ। ਇਸ ਅਖ਼ਬਾਰ ਦੀਆਂ ਸੰਪਾਦਕੀਆਂ ਰਾਹੀਂ ਉਸ ਨੇ ਪੰਜਾਬੀਆਂ ਦੀਆਂ ਸਮੱਸਿਆਵਾਂ ਤੇ ਜਦੋਜਹਿਦ, ਉਨ੍ਹਾਂ ਦੇ ਸਮਾਧਾਨ ਅਤੇ ਪ੍ਰਵਾਸ ਤੇ ਪੰਜਾਬ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ। ਉਸ ਨੇ ਇਨ੍ਹਾਂ ਸੰਪਾਦਕੀਆਂ ਦੀਆਂ ਅੱਧਾ ਦਰਜਨ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ, ਜੋ ਪੰਜਾਬੀਆਂ ਦੀ ਪ੍ਰਵਾਸ ਵਿੱਚ ਸੈਟਲ ਹੋਣ ਲਈ ਕੀਤੀ ਜਦੋਜਹਿਦ ਦੀ ਮੂੰਹ ਬੋਲਦੀ ਤਸਵੀਰ ਹਨ। ਇਹ ਪੁਸਤਕਾਂ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ।
ਚਰਚਾ ਅਧੀਨ ਪੁਸਤਕ ‘ਪ੍ਰਵਾਸੀ ਕਸਕ’ ਵਿੱਚ ਉਸ ਵੱਲੋਂ ਵੱਖ-ਵੱਖ ਵਿਸ਼ਿਆਂ ‘ਤੇ ਜਨਵਰੀ 2020 ਤੋਂ ਮਈ 2021 ਤੱਕ ਸਵਾ ਸਾਲ ਦੇ ਸਮੇਂ ਵਿੱਚ ਲਿਖੀਆਂ ਗਈਆਂ 71 ਸੰਪਾਦਕੀਆਂ ਸ਼ਾਮਲ ਹਨ। ਇਹ ਸੰਪਾਦਕੀਆਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਪੰਜਾਬੀਆਂ ਦੀ ਖ਼ੁਸ਼ਹਾਲੀ ਲਈ ਚੇਤਨਤਾ, ਸੰਜੀਦਗੀ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਹਨ। ਪ੍ਰਵਾਸ ਵਿੱਚ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੇ ਰਾਹ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਮੁੱਚੇ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਖਾਸ ਕਰਕੇ ਜਿਸ ਦਾ ਪ੍ਰਵਾਸੀਆਂ, ਪੰਜਾਬੀਆਂ ਅਤੇ ਸਿੱਖਾਂ ਦੀ ਜੀਵਨ ਸ਼ੈਲੀ ‘ਤੇ ਪ੍ਰਭਾਵ ਪੈਂਦਾ ਹੋਵੇ, ਉਸ ਬਾਰੇ ਉਸਨੇ ਆਪਣੀ ਸੰਪਾਦਕੀ ਵਿੱਚ ਬੇਬਾਕੀ, ਨਿਡਰਤਾ ਅਤੇ ਨਿਰਪੱਖਤਾ ਨਾਲ ਲਿਖਿਆ ਹੈ। ਉਸਨੇ ਕਿਸਾਨੀ ਅੰਦੋਲਨ ਬਾਰੇ 15, ਕੋਵਿਡ ਬਾਰੇ 11, ਸਿੱਖਾਂ ਵਿਸ਼ੇਸ਼ ਤੌਰ ਤੇ ਘੱਟ ਗਿਣਤੀਆਂ, ਨਸਲੀ ਵਿਤਕਰੇ, ਪੰਜਾਬ ਦੀ ਰਾਜਨਂੀਤੀ, ਇਮੀਗਰੇਸ਼ਨ ਅਤੇੇ ਐਨ.ਆਰ.ਆਈ.ਮਸਲਿਆਂ ਬਾਰੇ 12, ਡੋਨਾਲਡ ਟਰੰਪ ਅਤੇ ਜੋ ਬਾਇਡਨ ਦੀ ਕਾਰਗੁਜ਼ਾਰੀ, ਰਾਸ਼ਟਰਪਤੀ ਦੀ ਚੋਣ ਤੇ ਟਰੰਪ ਦੇ ਆਪਹੁਦਰੇ ਫ਼ੈਸਲਿਆਂ ਬਾਰੇ 18 ਅਤੇ ਹੋਰ ਫੁਟਕਲ ਸੰਪਾਦਕੀਆਂ ਲਿਖੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਗੁਰਜਤਿੰਦਰ ਸਿੰਘ ਰੰਧਾਵਾ ਦੀ ਪੰਜਾਬੀਆਂ ਪ੍ਰਤੀ ਸੰਵੇਦਨਾ ਦਾ ਪਤਾ ਚਲਦਾ ਹੈ। ਕਿਸਾਨੀ ਅੰਦੋਲਨ ਸੰਸਾਰ ਦਾ ਸਭ ਤੋਂ ਲੰਬੇ ਸਮੇਂ ਲਈ ਚਲਣ ਵਾਲਾ ਸ਼ਾਂਤਮਈ ਅੰਦੋਲਨ ਸੀ, ਜਿਸ ਦੀ ਵਕਾਲਤ ਉਨ੍ਹਾਂ ਬਾਖ਼ੂਬੀ ਅਤੇ ਤੱਥਾਂ ਨਾਲ ਕੀਤੀ ਹੈ। ਗੁਰਜਤਿੰਦਰ ਸਿੰਘ ਰੰਧਾਵਾ ਵੱਲੋਂ ਕਿਸਾਨ ਅੰਦੋਲਨ ਬਾਰੇ ਲਿਖੀਆਂ ਆਪਣੀਆਂ ਸੰਪਾਦਕੀਆਂ ਦੇ ਸਿਰਲੇਖ ਵੀ ਕਾਬਲੇ ਤਾਰੀਫ਼ ਤੇ ਢੁਕਵੇਂ ਹਨ, ਜਿਨ੍ਹਾਂ ਤੋਂ ਉਨ੍ਹਾਂ ਦੀ ਕਿਸਾਨਾ ਪ੍ਰਤੀ ਬੇਅੰਤਹਾ ਹਮਦਰਦੀ ਦਾ ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਹੋ ਸਕਦਾ। ਸੰਪਾਦਕੀਆਂ ਦੇ ਸਿਰਲੇਖ : ਖੇਤੀ ਆਰਡੀਨੈਂਸਾਂ ਵਿੱਚ ਉਲਝੀ ਪੰਜਾਬ ਦੀ ਸਿਆਸਤ, ਕਿਸਾਨਾਂ ਦੇ ਸੰਘਰਸ਼ ਨੇ ਮੋਦੀ ਸਰਕਾਰ ਨੂੰ ਵਖਤ ‘ਚ ਪਾਇਆ, ਕਿਸਾਨ ਸੰਘਰਸ਼ : ਬੁਰੀ ਤਰ੍ਹਾਂ ਘਿਰੀ ਮੋਦੀ ਸਰਕਾਰ, ਮੋਦੀ ਸਰਕਾਰ ਵੱਲੋਂ ਪੰਜਾਬ ਦੀ ਘੇਰਾਬੰਦੀ, ਦਿੱਲੀ ਦਾ ਗਰੂਰ ਭੰਨਣ ਤੁਰਿਆ ਕਿਸਾਨਾਂ ਦਾ ਰੋਹ, ਪਹਿਲੀ ਵਾਰ ਕਿਸਾਨ ਅੰਦੋਲਨ ਨੇ ਘੇਰੀ ਮੋਦੀ ਸਰਕਾਰ, ਖੇਤੀ ਕਾਨੂੰਨਾਂ ‘ਤੇ ਕਿਸਾਨਾ ਅਤੇ ਸਰਕਾਰ ‘ਚ ਟਕਰਾਅ ਵਧਿਆ, ਦੁਨੀਆਂ ਦਾ ਬੇਮਿਸਾਲ ਸੰਘਰਸ਼ ਬਣ ਗਿਆ ਹੈ ਕਿਸਾਨ ਸੰਘਰਸ਼, ਕਿਸਾਨ ਅੰਦੋਲਨ ਦਾ ਘੇਰਾ ਵਿਸ਼ਾਲ ਹੋ ਰਿਹਾ, ਕਿਸਾਨਾ ਵੱਲੋਂ ਲੰਬੇ ਸੰਘਰਸ਼ ਦੀ ਤਿਆਰੀ, ਬੇਹੱਦ ਨਾਜ਼ੁਕ ਮੋੜ ‘ਤੇ ਪੁਜਿਆ ਕਿਸਾਨ ਸੰਘਰਸ਼, ਕਿਸਾਨ ਟਰੈਕਟਰ ਪਰੇਡ ਨੇ ਹਿਲਾਈ ਦਿੱਲੀ, 26 ਜਨਵਰੀ ਦੀ ਘਟਨਾ ਤੋਂ ਬਾਅਦ ਉਭਰਿਆ ਕਿਸਾਨ ਸੰਘਰਸ਼, ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਪੇਸ਼ ਕੀਤੀ ਰਿਪੋਰਟ ਨਾਲ ਕੀ ਕਿਸਾਨਾਂ ਨੂੰ ਮਿਲੇਗਾ ਨਿਆਂ?, ਕੀ ਨਵੇਂ ਖੇਤੀ ਕਾਨੂੰਨ ਹਾੜ੍ਹੀ ਦੀ ਫ਼ਸਲ ‘ਤੇ ਲਾਗੂ ਹੋ ਰਹੇ ਹਨ? ਆਦਿ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ। ਸੰਪਾਦਕੀਆਂ ਪੜ੍ਹਨ ਤੋਂ ਬਾਅਦ ਇਉਂ ਲੱਗਦਾ ਹੈ ਕਿ ਰੰਧਾਵਾ ਮਹਿਸੂਸ ਕਰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਉਨ੍ਹਾਂ ਕਿਸਾਨਾ ਨਾਲ ਜ਼ਿਆਦਤੀ ਕਰਨ ਜਾ ਰਹੀ ਹੈ, ਜਿਨ੍ਹਾਂ ਨੇ ਦੇਸ਼ ਦੇ ਭੁੱਖਮਰੀ ਦੇ ਹਾਲਾਤ ਸਮੇਂ ਅਨਾਜ ਪੈਦਾ ਕਰਕੇ ਭਾਰਤ ਨੂੰ ਆਤਮ ਨਿਰਭਰ ਬਣਾਇਆ ਸੀ। ਏਥੇ ਹੀ ਬਸ ਨਹੀਂ ਉਹ ਆਪਣੀਆਂ ਸੰਪਾਦਕੀਆਂ ਵਿੱਚ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ, ਪੰਥਕ ਮਸਲਿਆਂ ਜਿਨ੍ਹਾਂ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਨਾ ਹੋਣਾ, ਅਫ਼ਗਾਨਿਸਤਾਨ ਦੇ ਸਿੱਖਾਂ ਦੀ ਮਦਦ ਲਈ ਸਿੱਖਾਂ ਨੂੰ ਅੱਗੇ ਆਉਣ ਲਈ ਕਹਿਣਾ, ਹਜ਼ੂਰ ਸਾਹਿਬ ਤੋਂ ਕਰੋਨਾ ਦੌਰਾਨ ਵਾਪਸ ਆਈ ਸੰਗਤ ਨੂੰ ਬਦਨਾਮ ਕਰਨ, ਬੇਅਦਬੀ ਦੇ ਮਸਲਿਆਂ ਦਾ ਹਲ ਨਾ ਕਰਨ, ਸਿੱਖ ਪੰਥ ਦੀ ਉਲਝੀ ਤਾਣੀ ਦਾ ਫ਼ਿਕਰ ਕਰਨਾ, ਕਰੋਨਾ ਦੌਰਾਨ ਜਦੋਂ ਹਰ ਕੋਈ ਵਿਅਕਤੀ ਮੌਤ ਤੋਂ ਡਰਦਾ ਘਰੋਂ ਬਾਹਰ ਨਹੀਂ ਨਿਕਲ ਰਿਹਾ ਸੀ, ਉਸ ਸਮੇਂ ਸਿੱਖ ਪੰਥ ਨੇ ਗੁਰਦੁਆਰਿਆਂ ਰਾਹੀਂ ਅਤੇ ਸਿੱਧੇ ਤੌਰ ‘ਤੇ ਖਾਣਾ/ਲੰਗਰ ਲਾ ਕੇ ਮਾਨਵਤਾ ਦੀ ਧਿਰ ਬਣਕੇ ਖੜ੍ਹੇ, ਇਥੋਂ ਤੱਕ ਕਿ ਲੋਕਾਂ ਦੇ ਘਰਾਂ ਵਿੱਚ ਜਾ ਕੇ ਆਪਣੀਆਂ ਜਾਨਾ ਦੀ ਪਰਵਾਹ ਨਾ ਕਰਦਿਆਂ ਹੋਇਆਂ ਖਾਣਾ ਦਿੱਤਾ। ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਲੰਗਰ ਪਹੁੰਚਾਏ ਗਏ। ਵਿਦਿਆਰਥੀਆਂ ਨੂੰ ਵੀ ਰੋਜ਼ਾਨਾ ਖਾਣਾ ਪਹੁੰਚਾਇਆ ਜਾਂਦਾ ਸੀ। ਗੁਰਜਤਿੰਦਰ ਸਿੰਘ ਰੰਧਾਵਾ ਨੇ ਸਿੱਖਾਂ ਦੇ ਇਸ ਯੋਗਦਾਨ ਨੂੰ ਸੰਪਾਦਕੀਆਂ ਵਿੱਚ ਲਿਖਕੇ ਸਿੱਖ ਧਰਮ ਦੀ ਸਰਬਤ ਦਾ ਭਲਾ ਕਰਨ ਦੀ ਵਿਚਾਰਧਾਰਾ ਦੀ ਵਿਲੱਖਣਤਾ ਦਾ ਝੰਡਾ ਬੁਲੰਦ ਕੀਤਾ ਹੈ। ਪੰਜਾਬ ਦੀ ਆਰਥਿਕਤਾ ਦਾ ਸੰਕਟ, ਕਰਜ਼ੇ ਦਾ ਵਧਣਾ, ਖੁਦਕਸ਼ੀਆਂ, ਨਸ਼ੇ ਅਤੇ ਨਕਲੀ ਸ਼ਰਾਬ ਦੇ ਮੁੱਦਿਆਂ ਦੀ ਚਿੰਤਾ ਨੂੰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸੰਪਾਦਕੀਆਂ ਦੇ ਵਿਸ਼ੇ ਬਣਾਕੇ ਇਨ੍ਹਾਂ ਸਮਾਜਿਕ ਬੁਰਾਈਆਂ ਵਿਰੁੱਧ ਲੋਕ ਰਾਇ ਪੈਦਾ ਕਰਨ ਦਾ ਤਹੱਈਆ ਕੀਤਾ ਹੈ। ‘ਪ੍ਰਵਾਸੀ ਕਸਕ’ ਪੁਸਤਕ ਇੱਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਇਹ ਸੰਪਾਦਕੀਆਂ ਪ੍ਰਵਾਸ ਵਿੱਚ ਜਾ ਰਹੀ ਨਵੀਂ ਪੀੜ੍ਹੀ ਲਈ ਵੀ ਮਾਰਗ ਦਰਸ਼ਕ ਦਾ ਕੰਮ ਕਰਨਗੀਆਂ। ਪੰਜਾਬੀ ਪ੍ਰਵਾਸ ਵਿੱਚ ਵੱਡੇ ਪੱਧਰ ‘ਤੇ ਜਾ ਰਹੇ ਹਨ, ਉਥੇ ਪੰਜਾਬੀਆਂ ਨੂੰ ਪੱਕੇ ਤੌਰ ‘ਤੇ ਸੈਟਲ ਹੋਣ ਲਈ ਇਮੀਗਰੇਸ਼ਨ ਦੀਆਂ ਕਈ ਤਰ੍ਹਾਂ ਦੀਆਂ ਬਾਰੀਕੀਆਂ ਵਿੱਚੋਂ ਲੰਘਣਾ ਪੈਂਦਾ ਹੈ। ਰੰਧਾਵਾ ਨੇ ਇਸ ਪੁਸਤਕ ਵਿੱਚ ਸਮੇਂ-ਸਮੇਂ ਇਮੀਗਰੇਸ਼ਨ ਦੇ ਕਾਨੂੰਨਾਂ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਦੇ ਕੇ ਪੰਜਾਬੀਆਂ ਦੀ ਅਗਵਾਈ ਕੀਤੀ ਹੈ। ਡੋਨਾਲਡ ਟਰੰਪ ਰਾਸ਼ਟਰਪਤੀ ਵੱਲੋਂ ਘੱਟ ਗਿਣਤੀ ਕੌਮਾਂ ਲਈ ਮਰਦਮਸ਼ੁਮਾਰੀ ਵਿੱਚ ਗਿਣਤੀ ਲਈ ਵੱਖਰਾ ਖਾਨਾ ਬਣਾਏ ਜਾਣ ਦਾ ਵਿਰੋਧ ਕੀਤਾ ਤਾਂ ਲੇਖਕ ਨੇ ਉਸ ਦੀ ਨੀਤੀ ਦਾ ਭਾਂਡਾ ਵੀ ਭੰਨਿਆਂ। ਟਰੰਪ ਸਰਕਾਰ ਦੇ ਪ੍ਰਵਾਸੀਆਂ ਵਿਰੁੱਧ ਲਗਾਤਾਰ ਕੀਤੇ ਜਾ ਰਹੇ ਫ਼ੈਸਲਿਆਂ ਦੇ ਵਿਰੋਧ ਵਿੱਚ ਲਿਖਣਾ, ਟਰੰਪ ਤੇ ਮੋਦੀ ਦੀਆਂ ਜੱਫ਼ੀਆਂ ਨੂੰ ਖ਼ਤਰੇ ਦੀ ਘੰਟੀ ਕਹਿਣਾ ਅਤੇ ਟਰੰਪ ਦੀਆਂ ਮੁਸ਼ਕਲਾਂ ਸੰਬੰਧੀ ਲਿਖਣਾ ਦਲੇਰੀ ਦਾ ਕਦਮ ਸੀ। ਟਰੰਪ ਅਤੇ ਬਾਇਡਨ ਦੀ ਚੋਣ ਸਮੇਂ ਘੱਟ ਗਿਣਤੀਆਂ ਅਤੇ ਖਾਸ ਤੌਰ ‘ਤੇ ਪੰਜਾਬੀਆਂ ਨੂੰ ਜਾਗ੍ਰਤ ਕਰਨ ਦੀ ਦਲੇਰੀ ਨਿਰਪੱਖ ਪੱਤਰਕਾਰੀ ਦਾ ਨਮੂਨਾ ਸੀ। ਇੱਕ ਹੋਰ ਬਹੁਤ ਹੀ ਮਹੱਤਵਪੂਰਨ ਵਿਸ਼ਾ ਨਸਲੀ ਵਿਤਕਰਾ ਹੈ, ਰੰਧਾਵਾ ਨੇ ਅਮਰੀਕਾ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ‘ਤੇ ਹੋਏ ਨਸਲੀ ਵਿਤਕਰਿਆਂ ਬਾਰੇ ਵੀ ਦਲੇਰੀ ਨਾਲ ਆਪਣੀਆਂ ਸੰਪਾਦਕੀਆਂ ਵਿੱਚ ਲਿਖਿਆ ਹੈ। ਅਮਰੀਕਾ ਵਿੱਚ 9/11 ਤੋਂ ਬਾਅਦ ਸਿੱਖਾਂ ਦੀ ਪਛਾਣ ਦੇ ਮਸਲੇ ਕਰਕੇ ਨਸਲੀ ਹਮਲੇ ਜਿਨ੍ਹਾ ਵਿੱਚ ਬਲਬੀਰ ਸਿੰਘ ਸੋਢੀ ਦਾ ਕਤਲ ਤੇ ਫਰਿਜਨੋ ਵਿਖੇ ਗੁਰਦੁਆਰਾ ਮੱਥਾ ਟੇਕਣ ਗਏ ਬਜ਼ੁਰਗ ‘ਤੇ ਹਮਲਾ ਕਰਨ ਬਾਰੇ ਸੰਪਾਦਕੀਆਂ ਵਿੱਚ ਲਿਖਿਆ। 2020 ਵਿੱਚ ਏਸ਼ੀਆਈ ਵਿਤਕਰੇ ਦੀਆਂ 1691 ਰਿਪੋਰਟਾਂ ਅਤੇ 19 ਮਾਰਚ 2020 ਤੋਂ ਫਰਵਰੀ 2021 ਤੱਕ 3795 ਘਟਨਾਵਾਂ ਰਿਪੋਰਟ ਹੋਣ ਬਾਰੇ ਲਿਖਕੇ ਸਰਕਾਰਾਂ ਦੀ ਅਣਗਹਿਲੀ ਦੀ ਨਿੰਦਿਆ ਕੀਤੀ ਗਈ ਹੈ।
ਮੁਕਦੀ ਗੱਲ ਇਹ ਹੈ ਕਿ ਗੁਰਜਤਿੰਦਰ ਸਿੰਘ ਰੰਧਾਵਾ ਨੇ ਇਹ ਸੰਪਾਦਕੀਆਂ ਲਿਖਕੇ ਪੰਜਾਬੀਆਂ ਨੂੰ ਆਪਣਾ ਰਿਣੀ ਬਣਾ ਲਿਆ ਹੈ, ਜਿਨ੍ਹਾਂ ਕਰਕੇ ਪੰਜਾਬੀ ਅਜਿਹੀਆਂ ਘਟਨਾਵਾਂ ਤੋਂ ਬਾਅਦ ਜਾਗ੍ਰਤ ਅਤੇ ਸਤਰਕ ਹੋ ਗਏ ਹਨ। ਰੰਧਾਵਾ ਸਾਹਿਬ ਨੂੰ ਪਰਵਾਸ ਵਿੱਚ ਘੱਟ ਗਿਣਤੀਆਂ, ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੇ ਹਿੱਤਾਂ ਦਾ ਪਹਿਰੇਦਾਰ ਅਤੇ ਮਾਰਗ ਦਰਸ਼ਕ ਕਿਹਾ ਜਾ ਸਕਦਾ ਹੈ। ਇਹ ਪੁਸਤਕ ਪੰਜਾਬੀਆਂ ਦੀ ਹਿੰਮਤ, ਦਲੇਰੀ ਅਤੇ ਜਦੋਜਹਿਦ ਦੀ ਪ੍ਰਤੀਕ ਵੀ ਕਹੀ ਜਾ ਸਕਦੀ ਹੈ। ‘ਪੰਜਾਬੀ ਕਸਕ’ ਪੁਸਤਕ ਦੇ ਪ੍ਰਕਾਸ਼ਤ ਕਰਨ ਲਈ ਮੈਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੰਦਾ ਹਾਂ। ਉਮੀਦ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੀ ਮੀਡੀਆ ਰਾਹੀਂ ਵਕਾਲਤ ਕਰਦੇ ਰਹਿਣਗੇ। ਇਹ ਪੁਸਤਕ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਦੇ ਪ੍ਰਮੁੱਖ ਸਾਹਿਤਕਾਰਾਂ ਵੱਲੋਂ ਸਾਂਝੇ ਤੌਰ ‘ਤੇ ਲੋਕ ਅਰਪਨ ਕੀਤੀ ਗਈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.