ਬੇਅੰਤ ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ ਅਧਵਾਟੇ
ਬੇਅੰਤ ਸਿੰਘ ਮਾਨਵਤਾ ਦੇ ਹਿੱਤਾਂ ਦੇ ਪੁਜਾਰੀ ਸਨ ਕਿਉਂਕਿ ਉਹ ਸਮਝਦੇ ਸਨ ਕਿ ਲੋਕਤੰਤਤਰ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਭਾਈਵਾਲ ਬਣਨ ਤੋਂ ਬਿਨਾ ਸਫਲਤਾ ਸੰਭਵ ਨਹੀਂ। ਇਸ ਲਈ ਉਨ੍ਹਾਂ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਦੇ ਰਹਿਣ ਲਈ ਸਰਾਂ ਬਣਾਉਣ ਦਾ ਸੁਪਨਾ ਸਿਰਜਿਆ ਸੀ। ਸਿਆਸਤਦਾਨਾ ਦੇ ਕਿਰਦਾਰ ਅਤੇ ਵਰਤਾਰੇ ਵਿੱਚ ਦਿਨ-ਬਦਿਨ ਨਿਘਾਰ ਵਿਖਾਈ ਦੇ ਰਿਹਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵਿੱਚ ਸਿਆਸਤਦਾਨਾਂ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਹੀ ਨਹੀਂ ਲਈ। ਹੁਣ ਸਿਆਸਤਦਾਨ ਸਿਰਫ ਵੋਟਾਂ ਦੀ ਸਿਆਸਤ ਕਰਦੇ ਹਨ, ਉਨ੍ਹਾਂ ਨੂੰ ਵੋਟਾਂ ਕਿਸ ਢਕਵੰਜ ਕਰਨ ਨਾਲ ਪ੍ਰਾਪਤ ਹੋ ਸਕਦੀਆਂ ਹਨ, ਇਸ ਦੇ ਢੰਗ ਤਰੀਕੇ ਸੋਚਦੇ ਰਹਿੰਦੇ ਹਨ। ਉਹ ਲੋਕਾਂ ਦੀ ਭਲਾਈ ਨੂੰ ਪ੍ਰਮੁੱਖਤਾ ਨਹੀਂ ਦਿੰਦੇ ਸਗੋਂ ਲੰਬਾ ਸਮਾਂ ਰਾਜ ਕਰਨ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਹਨ। ਵੋਟਾਂ ਵਟੋਰਨ ਦੇ ਨਵੇਂ-ਨਵੇਂ ਢੰਗ ਅਪਣਾ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮੰਤਵ ਲਈ ਉਹ ਰਣਨੀਤੀਕਾਰਾਂ ਦੀ ਮਦਦ ਲੈ ਰਹੇ ਹਨ। ਸਿਆਸਤਦਾਨਾ ਵਿੱਚ ਮਨੁੱਖਤਾ ਦੀ ਸੇਵਾ ਭਾਵਨਾ ਖੰਭ ਲਾ ਕੇ ਉਡ ਗਈ ਹੈ। ਇਸ ਲਈ ਲੋਕਾਂ ਦਾ ਪਰਜਾਤੰਤਰ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਸਿਆਸਤਦਾਨਾਂ ਦੀ ਨਵੀਂ ਪੀੜ੍ਹੀ ਨੂੰ ਆਜ਼ਾਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਵਾਲੇ ਸਵਤੰਤਰਤਾ ਸੈਨਾਨੀਆਂ ਤੋਂ ਪ੍ਰੇਰਨਾ ਲੈ ਕੇ ਸਿਆਸਤ ਕਰਨੀ ਚਾਹੀਦੀ ਹੈ। ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇਕਰ ਉਹ ਲੋਕਾਂ ਦੀ ਸੇਵਾ ਭਾਵਨਾ ਨਾਲ ਰਹਿਨੁਮਾਈ ਕਰਨਗੇ ਤਾਂ ਵੋਟਾਂ ਖੁਦ-ਬਖੁਦ ਮਿਲਣਗੀਆਂ। ਸ੍ਰ.ਬੇਅੰਤ ਸਿੰਘ ਜਦੋਂ ਫ਼ਰਵਰੀ 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਸੈਕਟਰ 15 ਵਿੱਚ ਇੱਕ ਸਰਾਂ ਬਣਾਉਣ ਦਾ ਪ੍ਰਣ ਕੀਤਾ। ਕਾਂਗਰਸ ਭਵਨ ਪੀ.ਜੀ.ਆਈ.ਹਸਪਤਾਲ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਹੈ। ਪੀ.ਜੀ.ਆਈ.ਉਤਰੀ ਭਾਰਤ ਦਾ ਸਰਵੋਤਮ ਇਲਾਜ ਕਰਨ ਵਾਲਾ ਹਸਪਤਾਲ ਹੈ। ਏਥੇ ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੰਜਾਬ ਵਿੱਚੋਂ ਮਰੀਜ਼ ਆਉਂਦੇ ਹਨ। ਜਦੋਂ ਉਹ ਪੀ.ਜੀ.ਆਈ.ਵਿੱਚ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਇਲਾਕਿਆਂ ਤੋਂ ਆਉਂਦੇ ਹਨ ਤਾਂ ਮਰੀਜਾਂ ਅਤੇ ਉਨ੍ਹਾਂ ਦੇ ਨਾਲ ਆਏ ਸੰਬੰਧੀਆਂ ਨੂੰ ਇਲਾਜ ਵਾਸਤੇ ਕਈ ਦਿਨ ਰਹਿਣਾ ਪੈਂਦਾ ਹੈ। ਪ੍ਰੰਤੂ ਉਹ ਵਿਚਾਰੇ ਹਸਪਤਾਲ ਦੇ ਵਰਾਂਡਿਆਂ ਵਿੱਚ ਰੁਲਦੇ ਰਹਿੰਦੇ ਹਨ। ਇਸ ਲਈ ਬੇਅੰਤ ਸਿੰਘ ਨੇ ਸਰਾਂ ਦੀ ਉਸਾਰੀ ਦਾ ਪ੍ਰਣ ਕੀਤਾ ਸੀ। ਉਸ ਸਰਾਂ ਵਿੱਚ ਘੱਟ ਦਰਾਂ ਤੇ ਰਹਿਣ ਲਈ ਕਮਰੇ ਅਤੇ ਇਕ ਰਸੋਈ ਬਣਾਉਣੀ ਸੀ, ਜਿਥੇ ਮਰੀਜਾਂ ਦੇ ਵਾਰਸ ਰਹਿ ਸਕਣ ਅਤੇ ਸਸਤਾ ਖਾਣਾ ਮਿਲ ਸਕੇ। ਪੰਜਾਬ ਕਾਂਗਰਸ ਭਵਨ ਵਿੱਚ ਬਰੈਡਲੇ ਹਾਲ ਬਣਾਉਣ ਲਈ ਥਾਂ ਰਾਖਵੀਂ ਰੱਖੀ ਹੋਈ ਸੀ, ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਬਰੈਡਲੇ ਹਾਲ ਬਣਿਆਂ ਹੋਇਆ ਸੀ। ਉਨ੍ਹਾਂ ਮੁੱਖ ਮੰਤਰੀ ਬਣਦਿਆਂ ਹੀ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਬਰੈਡਲੇ ਹਾਲ ਦੀ ਤਜਵੀਜ ਨੂੰ ਬਦਲ ਕੇ ਸਰਾਂ ਬਣਾਉਣ ਦੀ ਇਜ਼ਾਜ਼ਤ ਦਿੱਤੀ ਜਾਵੇ। ਲੰਬੀ ਦਫ਼ਤਰੀ ਕਾਰਵਾਈ ਤੋਂ ਬਾਅਦ ਲੱਖਾਂ ਰੁਪਏ ਸਰਾਂ ਬਣਾਉਣ ਦੀ ਉਸਾਰੀ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਜਮ੍ਹਾਂ ਕਰਵਾਉਣ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਪ੍ਰਵਾਨਗੀ ਦਿੱਤੀ। ਵੱਡੇ ਆਰਕੀਟੈਕਟ ਤੋਂ ਤਿੰਨ ਮੰਜਲਾ ਇਮਾਰਤ ਦਾ ਨਕਸ਼ਾ ਬਣਵਾਇਆ ਅਤੇ ਦਾਨੀ ਸੱਜਣਾ ਤੋਂ ਪੈਸਾ ਇਕੱਠਾ ਕੀਤਾ। ਨੀਂਹਾਂ ਪੁੱਟੀਆਂ ਗਈਆਂ ਅਤੇ ਦਾਨੀ ਦੋਸਤਾਂ ਮਿਤਰਾਂ ਨੇ ਰੇਤਾ ਬਜਰੀ ਤੇ ਸਰੀਆ ਲਿਆ ਕੇ ਦਿੱਤਾ। ਸੀਨੀਅਰ ਕਾਂਗਰਸੀ ਨੇਤਾਵਾਂ ਦੀ ਕਮੇਟੀ ਬਣਾ ਕੇ ਉਸਾਰੀ ਦੀ ਵੇਖ ਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ। ਦਾਨੀ ਸੱਜਣਾ ਦੀ ਰਕਮ ਕਾਂਗਰਸ ਪਾਰਟੀ ਦੇ ਖ਼ਜਾਨਚੀ ਕੋਲ ਜਮ੍ਹਾ ਕਰਵਾਈ ਗਈ। ਠੇਕੇਦਾਰ ਨੂੰ ਉਸਾਰੀ ਦਾ ਠੇਕਾ ਦੇ ਦਿੱਤਾ ਗਿਆ। ਨੀਹਾਂ ਭਰੀਆਂ ਗਈਆਂ, ਇਤਨੀ ਦੇਰ ਨੂੰ ਸ੍ਰ.ਬੇਅੰਤ ਸਿੰਘ ਬੰਬ ਧਮਾਕੇ ਵਿੱਚ ਸਵਰਗਵਾਸ ਹੋ ਗਏ। ਸਰਾਂ ਦੀ ਉਸਾਰੀ ਦਾ ਕੰਮ ਉਨ੍ਹਾਂ ਦੀ ਮੌਤ ਤੋਂ ਬਾਅਦ ਖੂਹ ਖਾਤੇ ਪੈ ਗਿਆ। ਕਾਂਗਰਸ ਪਾਰਟੀ ਦੇ ਕਿਸੇ ਵੀ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਨਹੀਂ ਲਈ, ਸਗੋਂ ਜਿਹੜੀ ਦਾਨੀਆਂ ਦੀ ਰਕਮ ਸੀ, ਉਹ ਵੀ ਪਾਰਟੀ ਦੇ ਸਮਾਗਮਾਂ ਵਿੱਚ ਖ਼ਰਚ ਕਰ ਦਿੱਤੀ ਗਈ। ਜਦੋਂ ਉਸ ਸਮੇਂ ਦੇ ਖ਼ਜਾਨਚੀ ਤੋਂ ਉਸ ਰਕਮ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਗਲੇ ਪ੍ਰਧਾਨਾ ਨੇ ਸਾਰੀ ਰਕਮ ਕਾਂਗਰਸ ਪਾਰਟੀ ਲਈ ਖ਼ਰਚ ਦਿੱਤੀ। ਸਰਾਂ ਦੀ ਉਸਾਰੀ ਦੀ ਤਾਂ ਗੱਲ ਹੀ ਛੱਡੋ, ਇਥੋਂ ਤੱਕ ਕਿ ਜਿਹੜਾ ਰੇਤਾ, ਬਜਰੀ, ਸਰੀਆ ਅਤੇ ਸੀਮਿੰਟ ਉਥੇ ਪਿਆ ਸੀ, ਉਹ ਵੀ ਖੁਰਦ-ਬੁਰਦ ਹੋ ਗਿਆ। ਇਹ ਸਿਆਸਤਦਾਨਾਂ ਦੀ ਸੋਚ ਦਾ ਨਤੀਜਾ ਹੈ, ਜਿਸ ਕਰਕੇ ਅੱਜ ਵੀ ਪੀ.ਜੀ.ਆਈ ਵਿੱਚ ਆਉਣ ਵਾਲੇ ਮਰੀਜ ਰੁਲਦੇ ਫਿਰਦੇ ਹਨ ਕਿਉਂਕਿ ਉਹ ਗ਼ਰੀਬ ਲੋਕ ਮਹਿੰਗੇ ਹੋਟਲਾਂ ਵਿੱਚ ਰਹਿ ਨਹੀਂ ਸਕਦੇ। ਰਾਜਨੀਤਕ ਲੋਕ ਤਾਂ ਸਰਕਾਰੀ ਆਰਾਮ ਘਰਾਂ ਅਤੇ ਹੋਟਲਾਂ ਵਿੱਚ ਠਹਿਰਦੇ ਹਨ ਪ੍ਰੰਤੂ ਗ਼ਰੀਬ ਲੋਕਾਂ ਦੀ ਬਾਂਹ ਕੋਈ ਨਹੀਂ ਫੜ੍ਹਦਾ। ਇਹ ਸਾਰਾ ਕਿਰਾਰਡ ਕਾਂਗਰਸ ਭਵਨ ਦੇ ਖੱਲ ਖੂੰਜੇ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਮੌਜੂਦ ਪਿਆ ਹੋਵੇਗਾ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਲੋਕ ਪੱਖੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਜੇਕਰ ਕੋਈ ਸੰਜੀਦਾ ਸਿਆਸਤਦਾਨ ਲੋਕ ਭਲਾਈ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਅੱਗੇ ਆ ਕੇ ਸਰਾਂ ਦੀ ਉਸਾਰੀ ਦਾ ਸ਼ੁਭ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਦਾਨੀ ਸੱਜਣ ਬਹੁਤ ਹਨ ਪ੍ਰੰਤੂ ਕੰਮ ਜਰੂਰ ਸ਼ੁਰੂ ਕਰਨਾ ਚਾਹੀਦਾ ਹੈ। ਸਰਾਂ ਦੀ ਉਸਾਰੀ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।
ਅੱਜ 19 ਫਰਵਰੀ 2024 ਨੂੰ ਸ੍ਰ.ਬੇਅੰਤ ਸਿੰਘ ਦੇ ਜਨਮ ਦਿਨ ‘ਤੇ 42 ਸੈਕਟਰ ਚੰਡੀਗੜ੍ਹ ਉਨ੍ਹਾਂ ਦੀ ਸਮਾਧੀ ਤੇ ਪਰਿਵਾਰ ਵੱਲੋਂ ਸਰਵ ਧਰਮ ਪ੍ਰਾਰਥਨਾ ਸਭਾ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਆਯੋਜਤ ਕੀਤੀ ਜਾ ਰਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.