ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦਾ ਬਹੁਤ ਮਹੱਤਵ ਹੁੰਦਾ ਹੈ।
ਪੜ੍ਹਾਈ ਹੀ ਮਨੁੱਖ ਨੂੰ ਮਨੁੱਖ ਹੋਣਾ ਸਿਖਾਉਂਦੀ ਹੈ। ਪੜ੍ਹਾਈ ਦੇ ਦੌਰਾਨ ਇਮਤਿਹਾਨ ਅਹਿਮ ਸਥਾਨ ਰੱਖਦੇ ਹਨ। ਵਿਦਿਆਰਥੀਆਂ ਵਿੱਚ ਅਕਸਰ ਹੀ ਇਮਤਿਹਾਨਾਂ ਨੂੰ ਲੈ ਕੇ ਤਣਾਅ ਬਣਿਆਂ ਰਹਿੰਦਾ ਹੈ।
ਇਮਤਿਹਾਨਾਂ ਦੇ ਦੌਰਾਨ ਪੜ੍ਹਾਈ ਕਰਨ ਦੇ ਕੁਝ ਤਰੀਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹਾਂ ਜਿਨ੍ਹਾਂ ਨਾਲ਼ ਤੁਸੀਂ ਤਣਾਅ ਮੁਕਤ ਹੋ ਕੇ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹੋ।
***ਡੇਟਸ਼ੀਟ
ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਜੇਕਰ ਤੁਹਾਡੇ ਪੇਪਰਾਂ ਦੀ ਡੇਟਸ਼ੀਟ ਆ ਗਈ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਉਸ ਦੀਵਾਰ 'ਤੇ ਚਿਪਕਾ ਲਓ ਜਿੱਥੇ ਬੈਠ ਕੇ ਤੁਸੀਂ ਪੜ੍ਹਦੇ ਹੋ।
ਉਸ ਉਪਰੰਤ ਡੇਟਸ਼ੀਟ ਵਿੱਚ ਉਹਨਾਂ ਵਿਸ਼ਿਆਂ ਵੱਲ ਖਾਸ ਧਿਆਨ ਦਿਓ ਜਿਨ੍ਹਾਂ ਵਿੱਚ ਕੋਈ ਛੁੱਟੀ ਨਹੀਂ ਹੈ ਜਾਂ ਸਿਰਫ ਇੱਕ ਛੁੱਟੀ ਹੋਵੇ। ਉਹਨਾਂ ਵਿਸ਼ਿਆਂ ਨੂੰ ਪੇਪਰਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਫੀ ਹੱਦ ਤੱਕ ਪੰਜਾਹ ਫੀਸਦੀ ਤਿਆਰੀ ਕਰ ਲਓ।
ਉਸ ਉਪਰੰਤ ਡੇਟਸ਼ੀਟ ਅਨੁਸਾਰ ਜੋ ਪੇਪਰ ਪਹਿਲਾ ਹੈ ਉਸਦੀ ਤਿਆਰੀ ਘੱਟੋ-ਘੱਟ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਕਰ ਦਿਓ। ਇਸੇ ਤਰ੍ਹਾਂ ਅਗਲੇ ਪੇਪਰਾਂ ਦੀ ਤਿਆਰੀ ਕਰਦੇ ਰਹੋ।
***ਪੜ੍ਹਾਈ ਕਰਨ ਲਈ ਬੈਠਣ ਦਾ ਤਰੀਕਾ
ਪੜ੍ਹਾਈ ਕਰਨ ਵੇਲ਼ੇ ਕਦੇ ਵੀ ਬੈੱਡ ਜਾਂ ਬਿਸਤਰ 'ਤੇ ਬੈਠ ਕੇ ਨਾ ਪੜ੍ਹੋ।
ਹਮੇਸ਼ਾ ਕੁਰਸੀ 'ਤੇ ਬੈਠ ਕੇ ਅਤੇ ਪੁਸਤਕ ਨੂੰ ਮੇਜ਼ 'ਤੇ ਰੱਖ ਕੇ ਪੜ੍ਹੋ। ਕਿਉਂਕਿ ਬੈੱਡ ਤੇ ਬੈਠ ਕੇ ਪੜ੍ਹਨ ਨਾਲ਼ ਪੜ੍ਹਾਈ ਦੌਰਾਨ ਆਲਸ ਪੈਦਾ ਹੁੰਦੀ ਹੈ ਨੀਂਦ ਜਲਦੀ ਆ ਜਾਂਦੀ ਹੈ।
***ਰਾਤ ਦਾ ਭੋਜਨ
ਇਮਤਿਹਾਨਾਂ ਦੇ ਸਮੇਂ ਸ਼ਾਮ ਦੇ ਭੋਜਨ ਦੀ ਮਾਤਰਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਭੋਜਨ ਜ਼ਿਆਦਾ ਮਾਤਰਾ ਵਿੱਚ ਖਾ ਲੈਂਦੇ ਹਾਂ ਤਾਂ ਸਾਨੂੰ ਨੀਂਦ ਜਲਦੀ ਆਉਣ ਲੱਗ ਜਾਂਦੀ ਹੈ। ਇਸ ਲਈ ਰਾਤ ਦਾ ਭੋਜਨ ਬਹੁਤ ਹਲਕਾ ਜਾਂ ਘੱਟ ਮਾਤਰਾ ਵਿੱਚ ਖਾਓ ਅਤੇ ਜੇ ਸੰਭਵ ਹੋ ਸਕੇ ਤਾਂ ਰਾਤ ਦਾ ਖਾਣਾ ਸ਼ਾਮ ਛੇ ਵਜੇ ਦੇ ਨੇੜੇ ਹੀ ਖਾ ਲੈਣਾ ਚਾਹੀਦਾ ਹੈ ਇਸ ਨਾਲ ਸ਼ਰੀਰ ਨੂੰ ਵੀ ਲਾਭ ਮਿਲਦਾ ਹੈ ਅਤੇ ਤੁਸੀਂ ਵਧੇਰੇ ਸਮੇਂ ਤੱਕ ਪੜ੍ਹਾਈ ਵੀ ਕਰ ਸਕਦੇ ਹੋ। ਇਸ ਲਈ ਪੇਪਰਾਂ ਦੇ ਦੌਰਾਨ ਰਾਤ ਦਾ ਖਾਣਾ ਜਲਦੀ ਖਾਓ ਅਤੇ ਥੋੜ੍ਹਾ ਖਾਓ।
*** ਸਵੇਰੇ ਜਲਦੀ ਉੱਠਣਾ
ਪੇਪਰਾਂ ਦੇ ਦੌਰਾਨ ਜਿੱਥੇ ਵਿਦਿਆਰਥੀ ਦਿਨ ਨੂੰ ਵੀ ਪੜ੍ਹਾਈ ਕਰਦੇ ਹਨ ਅਤੇ ਰਾਤ ਨੂੰ ਵੀ ਪੜ੍ਹਦੇ ਹਨ। ਉੱਥੇ ਹੀ ਪੜ੍ਹਨ ਦਾ ਸਭ ਤੋਂ ਚੰਗਾ ਸਮਾਂ ਸਵੇਰੇ ਜਲਦੀ ਉੱਠ ਕੇ ਪੜ੍ਹਨ ਦਾ ਮੰਨਿਆਂ ਜਾਂਦਾ ਹੈ। ਇੱਕ ਤਾਂ ਰਾਤ ਦੀ ਨੀਂਦ ਤੋਂ ਬਾਅਦ ਸਵੇਰੇ ਦਿਮਾਗ ਪੂਰੀ ਤਰ੍ਹਾਂ ਅਰਾਮ ਲੈ ਚੁੱਕਿਆ ਹੁੰਦਾ ਹੈ ਅਤੇ ਦੂਜਾ ਸਵੇਰੇ ਪੜ੍ਹਿਆ ਯਾਦ ਵੀ ਜਲਦੀ ਹੁੰਦਾ ਹੈ। ਰਾਤੀ ਸਮੇਂ ਨਾਲ਼ ਸੌਂ ਕੇ ਸਵੇਰੇ ਜਲਦੀ ਉੱਠਣਾ ਸਿਹਤ ਲਈ ਵੀ ਲਾਭਕਾਰੀ ਹੈ।
***ਸਿਲੇਬਸ ਨੂੰ ਵੰਡਣਾ
ਜਦੋਂ ਇੱਕ ਵਿਸ਼ੇ ਦੇ ਪੇਪਰ ਦੀ ਤਿਆਰੀ ਕਰ ਰਹੇ ਹੋਵੋਂ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ਼ ਸਿਲੇਬਸ ਵਿੱਚ ਕੀ ਕੀ ਹੈ। ਉਸ ਦੇ ਨਾਲ਼ ਨਾਲ਼ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਉਸ ਸਿਲੇਬਸ ਨੂੰ ਪੜ੍ਹਨ ਲਈ ਯਾਦ ਕਰਨ ਲਈ ਤੁਹਾਡੇ ਕੋਲ਼ ਮੌਜੂਦ ਸਮਾਂ ਕਿੰਨਾ ਹੈ। ਉਸ ਸਿਲੇਬਸ ਵਿੱਚੋਂ ਤੁਹਾਨੂੰ ਪਹਿਲਾਂ ਜੋ ਯਾਦ ਹੈ ਉਸ ਨੂੰ ਆਪਣੇ ਸਿਲੇਬਸ ਤੇ ਪੈਨਸਿਲ ਨਾਲ਼ ਟਿੱਕ ਕਰ ਲਓ। ਜੋ ਸਿਲੇਬਸ ਬਾਕੀ ਹੈ ਉਸ ਨੂੰ ਪੜ੍ਹਦੇ ਜਾਓ ਅਤੇ ਜੋ ਜੋ ਯਾਦ ਹੋ ਰਿਹਾ ਹੈ ਉਸਨੂੰ ਸਿਲੇਬਸ ਤੇ ਟਿੱਕ ਕਰਦੇ ਜਾਓ। ਇਸ ਤਰ੍ਹਾਂ ਤੁਸੀਂ ਇੱਕ ਵਿਸ਼ੇ ਦਾ ਸਾਰਾ ਸਿਲੇਬਸ ਯਾਦ ਕਰ ਲੈਣਾ ਹੈ।
*** ਯਾਦ ਕਰਨ ਦਾ ਢੰਗ
ਸਿਲੇਬਸ ਅਨੁਸਾਰ ਆਪਣੇ ਵਿਸ਼ੇ ਨੂੰ ਯਾਦ ਕਰਨ ਦੇ ਦੋ ਚੰਗੇ ਤਰੀਕੇ ਹਨ
*ਇੱਕ ਯਾਦ ਕਰਕੇ ਉਸਨੂੰ ਕਿਸੇ ਕਾਪੀ ਤੇ ਲਿਖ ਕੇ ਦੇਖਣਾ
*ਦੂਜਾ ਯਾਦ ਕੀਤੇ ਨੂੰ ਆਪਣੇ ਕਿਸੇ ਸਾਥੀ ਜਾਂ ਭੈਣ ਭਰਾ ਨੂੰ ਸੁਣਾਉਣਾ।
ਤੁਸੀਂ ਕੋਈ ਵੀ ਤਰੀਕਾ ਅਪਣਾ ਸਕਦੇ ਹੋਂ। ਜੇਕਰ ਸਮਾਂ ਘੱਟ ਹੈ ਤਾਂ ਤੁਸੀਂ ਯਾਦ ਕਰਕੇ ਸੁਣਾਉਣ ਵਾਲ਼ਾ ਤਰੀਕਾ ਵਰਤ ਸਕਦੇ ਹੋਂ। ਜੇਕਰ ਸਮਾਂ ਜ਼ਿਆਦਾ ਹੋਵੇ ਤਾਂ ਕਾਪੀ ਤੇ ਲਿਖ ਕੇ ਵੇਖ ਲੈਣਾ ਚੰਗਾ ਤਰੀਕਾ ਹੋਵੇਗਾ।
ਇੱਕ ਵਾਰ ਜੋ ਯਾਦ ਹੋ ਗਿਆ ਜਾਂ ਲਿਖ ਕੇ ਵੇਖਿਆਂ ਜੇਕਰ ਲਗਦਾ ਹੈ ਕਿ ਇਹ ਤੁਹਾਨੂੰ ਚੰਗੀ ਤਰ੍ਹਾਂ ਆ ਗਿਆ ਹੈ ਤਾਂ ਉਸਨੂੰ ਵਾਰ ਵਾਰ ਪੜ੍ਹਨ ਦੀ ਲੋੜ ਨਹੀਂ ਹੈ। ਇਸ ਉਪਰੰਤ ਜੋ ਸਿਲੇਬਸ ਔਖਾ ਲਗਦਾ ਹੈ ਉਸਨੂੰ ਪੜ੍ਹੋ ਅਤੇ ਵਾਰ ਵਾਰ ਲਿਖ ਕੇ ਵੇਖੋ।
ਤਣਾਅ ਮੁਕਤ ਹੋਣਾ
ਲਗਾਤਾਰ ਪੜ੍ਹਾਈ ਕਰਨ ਨਾਲ਼ ਦਿਮਾਗ ਅਤੇ ਸ਼ਰੀਰ ਦੋਵੇਂ ਥਕਾਵਟ ਮਹਿਸੂਸ ਕਰਨ ਲਗਦੇ ਹਨ। ਇਸ ਲਈ ਇੱਕ ਘੰਟਾ ਜਾਂ ਡੇਢ ਘੰਟੇ ਦੀ ਲਗਾਤਾਰ ਪੜ੍ਹਾਈ ਤੋਂ ਬਾਅਦ ਦਸ ਮਿੰਟ ਲਈ ਖੁਦ ਨੂੰ ਅਰਾਮ ਦਿਓ। ਇਸ ਅਰਾਮ ਦੇ ਸਮੇਂ ਵਿੱਚ ਤੁਸੀਂ ਚਾਹ ਪਾਣੀ ਪੀ ਸਕਦੇ ਹੋ, ਥੋੜ੍ਹੀ ਸੈਰ ਕਰ ਸਕਦੇ ਹੋ, ਕੋਈ ਯੋਗ ਆਸਣ ਕਰ ਸਕਦੇ ਹੋਂ। ਵਿਸ਼ਰਾਮ ਮਿਲਣ ਨਾਲ਼ ਦਿਮਾਗ ਤਰੋ - ਤਾਜ਼ਾ ਹੋ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਤਾਜ਼ਾ ਮਹਿਸੂਸ ਕਰੋਂਗੇ ਅਤੇ ਫਿਰ ਤੋਂ ਦੁਬਾਰਾ ਪੜ੍ਹਾਈ ਲਈ ਬੈਠ ਜਾਓ ਅਤੇ ਫਿਰ ਤੋਂ ਇੱਕ ਜਾਂ ਦੋ ਘੰਟੇ ਦੀ ਪੜ੍ਹਾਈ ਕਰੋ।
ਫੋਨ ਤੋਂ ਗੁਰੇਜ਼
ਪੇਪਰਾਂ ਦੌਰਾਨ ਜਿੰਨਾ ਸੰਭਵ ਹੋ ਸਕੇ ਮੋਬਾਈਲ ਫੋਨ ਦੀ ਵਰਤੋਂ ਬਿਲਕੁਲ ਬੰਦ ਕਰ ਦਿਓ। ਕਿਉਂਕਿ ਜੇਕਰ ਮੋਬਾਈਲ ਤੁਹਾਡੇ ਕੋਲ਼ ਹੋਵੇਗਾ ਤਾਂ ਤੁਸੀਂ ਵਾਰ-ਵਾਰ ਇਸਨੂੰ ਵੇਖੋਂਗੇ। ਜਿੱਥੇ ਇਹ ਤੁਹਾਡਾ ਸਮਾਂ ਖਰਾਬ ਕਰੇਗਾ ਉੱਥੇ ਹੀ ਤੁਹਾਡੀ ਨਿਗਾ ਤੇ ਵੀ ਅਸਰ ਪਾਵੇਗਾ ਅਤੇ ਦਿਮਾਗੀ ਥਕਾਵਟ ਦਾ ਕਾਰਨ ਵੀ ਬਣੇਗਾ।
ਇਸ ਤਰ੍ਹਾਂ ਆਪਣੇ ਖਾਣ ਪੀਣ, ਪੜ੍ਹਾਈ ਦੇ ਚੰਗੇ ਤਰੀਕਿਆਂ ਨਾਲ਼, ਸਵੇਰੇ ਜਲਦੀ ਉੱਠਣ ਦੀ ਆਦਤ ਪਾ ਕੇ, ਬੈਠ ਕੇ ਪੜ੍ਹਾਈ ਕਰਕੇ, ਸਿਲੇਬਸ ਅਤੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣੇ ਇਮਤਿਹਾਨਾਂ ਵਿੱਚ ਵਧੀਆ ਨੰਬਰ ਪ੍ਰਾਪਤ ਕਰ ਸਕਦੇ ਹੋ।
-
ਗੁਰਪ੍ਰੀਤ ਕੌਰ ਲੇਘਾ , ਹੈਡਮਿਸਟ੍ਰੈਸ ਸਰਕਾਰੀ ਹਾਈ ਸਕੂਲ ਪੱਤੋਂ
*********
9501682316
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.