ਸਦੀਆਂ ਤੋਂ ਸੱਚ ਤੇ ਪਹਿਰਾ ਦੇਣ ਵਾਲੇ ਤੇ ਵਿਗਿਆਨਕ ਸੋਚ ਦੇ ਮਾਲਕ ਮਹਾਨ ਵਿਅਕਤੀਆਂ ਨੂੰ ਤਸੱਦਦ ਝੱਲਣਾ ਪਿਐ। ਲੋਕਾਂ ਨੂੰ ਵਹਿਮਾਂ ਭਰਮਾਂ ’ਚ ਪਾ ਕੇ ਆਪਣੇ ਮਗਰ ਲਾਉਣ ਵਾਲੇ ਕੂੜ ਦੇ ਪਹਿਰੇਦਾਰਾਂ ਤੇ ਧਰਮਾਂ ਦੇ ਅਖੌਤੀ ਠੇਕੇਦਾਰਾਂ ਵੱਲੋਂ ਸੱਤ੍ਹਾਧਾਰੀਆਂ ਨਾਲ ਮਿਲ ਕੇ ਉਹਨਾਂ ਨੂੰ ਜ਼ੁਲਮ ਕਰਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਡਰ ਪਾਇਆ ਜਾ ਸਕੇ। ਪਰ ਸੱਚ ਖਤਮ ਨਹੀਂ ਹੋਇਆ ਸਗੋਂ ਵਧਦਾ ਰਿਹੈ। ਅਜਿਹੇ ਜ਼ੁਲਮਾਂ ਦਾ ਸ਼ਿਕਾਰ ਦੁਨੀਆਂ ਦਾ ਮਹਾਨ ਫਿਲਾਸਫਰ ਤੇ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ ਵੀ ਹੋਇਆ ਹੈ। ਜਿਸਨੇ ਸੱਚ ਨੂੰ ਨਹੀਂ ਤਿਆਗਿਆ ਤੇ ਜਿਉਂਦਿਆਂ ਸੜ ਕੇ ਮਰਨ ਨੂੰ ਤਰਜੀਹ ਕੀਤਾ।
1548 ਈਸਵੀ ਵਿੱਚ ਇਟਲੀ ਦੇ ਸ਼ਹਿਰ ਨੇਲਾ ਵਿੱਚ ਪਿਤਾ ਸੋਹਵਾਨੀ ਬਰੂਨੋ ਦੇ ਘਰ ਮਾਤਾ ਫਰਾਲੀਸਾ ਸੈਵੋਲੀਨੋ ਦੀ ਕੁੱਖੋਂ ਪੈਦਾ ਹੋਏ ਪੁੱਤਰ ਫਿਲਿਪੋ ਬਰੂਨੋ ਨੇ ਸੇਂਟ ਅਗਸਟੀਨ ਮੱਠ ਚੋਂ ਵਿੱਦਿਆ ਹਾਸਲ ਕੀਤੀ। ਸਤਾਰਾਂ ਸਾਲਾਂ ਦੀ ਉਮਰ ’ਚ ਉਹ ਕੈਥੋਲਿਕ ਸੰਤਾਂ ਦੇ ਡੋਮੀਨੀਕਨ ਫਿਰਕੇ ਵਿੱਚ ਸ਼ਾਮਲ ਹੋ ਗਿਆ, ਫਿਰਕੇ ਦੇ ਆਗੂਆਂ ਨੇ ਉਸਦਾ ਨਾਂ ਬਦਲ ਕੇ ਜਿਓਰਦਾਨੋ ਬਰੂਨੋ ਰੱਖ ਦਿੱਤਾ। ਉਸਨੇ ਕੈਥੋਲਿਕ ਫ਼ਲਸਫ਼ੇ ਤੇ ਧਰਮ ਦੇ ਖੇਤਰ ਵਿੱਚ ਕੰਮ ਕੀਤਾ ਤਾਂ ਉਸਦੀ ਵਿਦਵਤਾ ਨੂੰ ਦੇਖਦਿਆਂ ਫਿਰਕੇ ਨੇ 1572 ਵਿੱਚ ਉਸਨੂੰ ਪਾਦਰੀ ਨਿਯੁਕਤ ਕਰਕੇ ਬਣਦੇ ਕੋਰਸ ਵਿੱਚ ਦਾਖਲ ਕਰ ਲਿਆ, ਜਿੱਥੇ ਉਸਨੇ 1575 ਵਿੱਚ ਇਹ ਕੋਰਸ ਪੂਰਾ ਕੀਤਾ। ਇਸ ਸਮੇਂ ਦੌਰਾਨ ਉਸਨੂੰ ਧਾਰਮਿਕ ਖੇਤਰ ਵਿੱਚ ਫੈਲੇ ਅੰਧ ਵਿਸ਼ਵਾਸਾਂ ਤੇ ਗੈਰ ਵਿਗਿਆਨਕ ਧਾਰਨਾਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਅਤੇ ਉਹ ਅੰਧ ਵਿਸ਼ਵਾਸ ਤਿਆਗ ਕੇ ਧਰਮ ਦੇ ਅਸਲ ਫ਼ਲਸਫ਼ੇ ਨਾਲ ਜੁੜਣ ਦਾ ਪ੍ਰਚਾਰ ਕਰਨ ਲੱਗਾ।
ਬਰੂਨੋ ਹਰ ਗੱਲ ਤੇ ਵਿਚਾਰ ਨੂੰ ਤਰਕ ਤੇ ਵਿਗਿਆਨਕ ਢੰਗ ਨਾਲ ਦੇਖਦਾ। ਉਹ ਮਹਾਨ ਖਗੋਲ ਵਿਗਿਆਨੀ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋ ਗਿਆ, ਜਿਸਨੇ ਕਿਹਾ ਸੀ ਕਿ ਬ੍ਰਹਮੰਡ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈ। ਯੂਰਪ ਦੇ ਲੋਕ ਧਰਮ ‘ਚ ਅੰਨ੍ਹਾਂ ਵਿਸ਼ਵਾਸ ਰਖਦੇ ਹੋਏ ਬ੍ਰਹਮੰਡ ਦਾ ਧੁਰਾ ਧਰਤੀ ਨੂੰ ਮੰਨਦੇ ਸਨ। ਬਰੂਨੋ ਦਾ ਵੀ ਵਿਰੋਧ ਸੁਰੂ ਹੋ ਗਿਆ, ਪਰ ਉਹ ਵਿਗਿਆਨਕ ਖੋਜਾਂ ਦੇ ਰਾਹ ਵਧਦਾ ਗਿਆ। ਉਸਨੇ ਕਾਰਪਨਿਕਸ ਤੋਂ ਵੀ ਅੱਗੇ ਵਧ ਕੇ ਕਿਹਾ ਕਿ ਅਕਾਸ਼ ਸਿਰਫ਼ ਓਨਾ ਹੀ ਨਹੀਂ ਜਿਨਾਂ ਸਾਨੂੰ ਦਿਖਾਈ ਦਿੰਦਾ ਹੈ, ਬਲਕਿ ਬਹੁਤ ਅਕਾਸ਼ ਹਨ।
ਸੌਰ ਮੰਡਲ ਬਾਰੇ ਬਰੂਨੋ ਨੇ ਕਿਹਾ ਕਿ ਹਰ ਤਾਰੇ ਦਾ ਆਪਣਾ ਪਰਿਵਾਰ ਹੈ ਜਿਵੇਂ ਧਰਤੀ, ਸੂਰਜ ਦਾ। ਉਸਨੇ ਬੜੀ ਦਲੇਰੀ ਨਾਲ ਸਪਸ਼ਟ ਕੀਤਾ ਕਿ ਸੂਰਜ ਵੀ ਆਪਣੇ ਧੁਰੇ ਦੁਆਲੇ ਘੁੰਮਦਾ ਹੈ। ਧਰਮ ਬਾਰੇ ਉਸਦਾ ਵਿਚਾਰ ਸੀ ਕਿ ਅਸਲ ਧਰਮ ਉਹ ਹੈ, ਜਿਸ ’ਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਧਰਮ ਬਾਰੇ ਖੁਲ੍ਹ ਕੇ ਚਰਚਾ ਕਰ ਸਕਣ। ਉਸਦਾ ਕਹਿਣਾ ਸੀ ਕਿ ਬਾਈਬਲ ਗ੍ਰੰਥ ਤੋਂ ਧਰਮ, ਲੋਕ ਭਲਾਈ ਤੇ ਨੈਤਿਕਤਾ ਦੀ ਸਿੱਖਿਆ ਤਾਂ ਲਈ ਜਾਵੇ ਪਰ ਵਿਗਿਆਨ ਨੂੰ ਵਿਗਿਆਨੀਆਂ ਲਈ ਛੱਡ ਦਿੱਤਾ ਜਾਵੇ। ਬਰੂਨੋ ਦੇ ਵਿਚਾਰ ਧਾਰਮਿਕ ਲੋਕਾਂ ਨੂੰ ਹਜ਼ਮ ਨਹੀਂ ਸਨ ਹੋ ਰਹੇ, ਉਹਨਾਂ ਬਰੂਨੋ ਵਿਰੁੱਧ ਪ੍ਰਚਾਰ ਕਰਨਾ ਹੋਰ ਤੇਜ ਕਰ ਦਿੱਤਾ। ਧਾਰਮਿਕ ਆਗੂਆਂ ਤੇ ਉਹਨਾਂ ਦੇ ਸਹਾਰੇ ਸਤ੍ਹਾ ਭੋਗਣ ਵਾਲਿਆਂ ਨੇ ਬਰੂਨੋ ਤੇ ਝੂਠੇ ਮੁਕੱਦਮੇ ਬਣਾਏ ਅਤੇ ਕਰੀਬ ਅੱਠ ਸਾਲ ਉਸਨੂੰ ਜੇਲ੍ਹਾਂ ਵਿੱਚ ਰਹਿਣਾ ਪਿਆ। ਆਪਣੇ ਬਚਾਅ ਲਈ ਉਹ ਰੋਮ ਚਲਾ ਗਿਆ, ਉੱਥੇ ਵੀ ਉਸਤੇ ਦਬਾਅ ਪਾਇਆ ਗਿਆ ਕਿ ਉਹ ਬ੍ਰਹਮੰਡ ਤੇ ਧਰਮ ਬਾਰੇ ਆਪਣੇ ਵਿਚਾਰਾਂ ਨੂੰ ਛੱਡ ਦੇਵੇ ਅਤੇ ਧਰਮ ਦਾ ਆਗੂ ਬਣ ਕੇ ਕੰਮ ਕਰੇ, ਪਰ ਬਰੂਨੋ ਨੇ ਸੱਚ ਤੇ ਪਹਿਰਾ ਦੇਣ ਦਾ ਪ੍ਰਣ ਕਰ ਲਿਆ ਸੀ ਅਤੇ ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਕੋਈ ਉਸਨੂੰ ਡੋਲਾਅ ਨਾ ਸਕਿਆ।
ਆਖ਼ਰ ਉਸ ਵਿਰੁੱਧ ਅਫ਼ਵਾਹਾਂ ਫੈਲਾਉਣ ਦੇ ਦੋਸ਼ ਅਧੀਨ ਮੁਕੱਦਮਾ ਚਲਾ ਕੇ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 17 ਫਰਵਰੀ 1600 ਨੂੰ ਉਸਨੂੰ ਰੋਮ ਦੇ ਕੈਂਪੋ ਡੀ ਫਿਓਰੀ ਚੌਂਕ ਵਿੱਚ ਲੋਕਾਂ ਦੇ ਸਾਹਮਣੇ ਇੱਕ ਖੰਬੇ ਤੇ ਪੁੱਠਾ ਲਟਕਾਇਆ ਗਿਆ ਅਤੇ ਆਪਣੇ ਵਿਚਾਰ ਵਾਪਸ ਲੈਣ ਲਈ ਆਖ਼ਰੀ ਮੌਕਾ ਦਿੱਤਾ। ਬਹਾਦਰ ਵਿਗਿਆਨੀ ਬਰੂਨੋ ਨੇ ਵਿਚਾਰ ਵਾਪਸ ਲੈਣ ਤੋਂ ਇਨਕਾਰ ਕਰਕੇ ਮੌਤ ਕਬੂਲਦਿਆਂ ਕਿਹਾ ਕਿ ਇੱਕ ਦਿਨ ਆਵੇਗਾ ਜਦ ਦੁਨੀਆਂ ਉਸਦੀ ਖੋਜ ਨੂੰ ਸੱਚ ਮੰਨੇਗੀ। ਇਸ ਉਪਰੰਤ ਬਰੂਨੋ ਦੇ ਸਰੀਰ ਤੇ ਤੇਲ ਪਾ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ।
ਉਸਦੀਆਂ ਲਿਖਤਾਂ ਤੇ ਪਾਬੰਦੀ ਲਾ ਦਿੱਤੀ ਗਈ ਜੋ 1966 ਤੱਕ ਲੱਗੀ ਰਹੀ। ਉਸਦੀ ਮੌਤ ਤੋਂ ਸਦੀਆਂ ਬਾਅਦ ਹੁਣ ਸਮੁੱਚੀ ਦੁਨੀਆਂ ਉਸਦੀ ਖੋਜ ਨੂੰ ਸਵੀਕਾਰ ਕਰਦੀ ਹੈ। ਅੱਜ ਉਸਨੂੰ ਦੁਨੀਆਂ ਭਰ ਵਿੱਚ ‘ਅਜ਼ਾਦ ਚਿੰਤਨ ਸ਼ਹੀਦ’ ਤੇ ‘ਅਧੁਨਿਕ ਵਿਗਿਆਨੀ ਵਿਚਾਰਾਂ ਦਾ ਮੋਢੀ ਵਿਅਕਤੀ’ ਮੰਨਿਆਂ ਜਾਂਦਾ ਹੈ। ਬਰੂਨੋ ਦੀ ਸਹਾਦਤ ਤੋਂ ਕਰੀਬ ਤਿੰਨ ਸਦੀਆ ਬਾਅਦ ਉਸ ਚੌਂਕ ਵਿੱਚ ਉਸ ਖਗੋਲ ਵਿਗਿਆਨੀ ਦਾ ਬੁੱਤ ਲਾਇਆ ਗਿਆ ਸੀ, ਜਿੱਥੇ ਉਸਨੂੰ ਸਾੜ ਕੇ ਸਹੀਦ ਕੀਤਾ ਸੀ। ਇਹ ਚੌਂਕ ਅੱਜ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
-
ਬਲਵਿੰਦਰ ਸਿੰਘ ਭੁੱਲਰ, ਲੇਖਕ
bhullarbti@gmail.com
098882 75913
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.