ਜੀਵ ਜੰਤੂਆਂ, ਕੀਟਾਣੂਆਂ ਅਤੇ ਕੀਟਨਾਸ਼ਕਾਂ ਦੇ ਖੋਜੀ ਵਿਗਿਆਨੀ ਵਿਚ ਸੁਹਜਾਤਮਿਕ ਪ੍ਰਵਿਰਤੀ ਅਤੇ ਸੂਖ਼ਮ ਕਲਾਵਾਂ ਦਾ ਸੁਮੇਲ ਹੋਣਾ ਵਿਲੱਖਣ ਗੱਲ ਲੱਗਦੀ ਹੈ। ਇਨ•ਾਂ ਦੋਹਾਂ ਵਿਧਾਵਾਂ ਦਾ ਆਪਸ ਵਿਚ ਸੁਮੇਲ ਨਹੀਂ। ਜੀਵ ਵਿਗਿਆਨ ਤੇ ਸਾਹਿਤ ਬਿਲਕੁਲ ਹੀ ਸੋਹਜਾਤਮਿਕ ਵਿਧਾ ਹੈ। ਪੇਂਟਿੰਗ ਉਸ ਤੋਂ ਵੀ ਸੂਖ਼ਮ ਹੈ। ਜੀਵ ਵਿਗਿਆਨ ਵਿਚ ਖੋਜ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਕੇ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਡਾ. ਅਮਰਜੀਤ ਸਿੰਘ ਟਾਂਡਾ ਨੇ ਕਲਾਤਮਿਕ ਪ੍ਰਤਿਭਾ ਤੇ ਪ੍ਰਵਿਰਤੀ ਨੂੰ ਪ੍ਰਫੁਲਤ ਹੀ ਨਹੀਂ ਕੀਤਾ ਸਗੋਂ ਸਾਹਿਤ ਅਤੇ ਚਿਤਰਕਾਰੀ ਦੇ ਖੇਤਰ ਵਿਚ ਵੀ ਪਛਾਣ ਬਣਾਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਨਕੋਦਰ ਨੇੜੇ ਢੇਰੀਆਂ ਪਿੰਡ ਦੇ ਇੱਕ ਪੇਂਡੂ ਪਰਿਵਾਰ ਵਿਚ ਪਰਵਰਸ਼ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚੋਂ ਐਮ. ਐਸ .ਸੀ. ਦੀ ਡਿਗਰੀ ਪਾਸ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। 1983 ਵਿਚ ਜੀਵ ਵਿਗਿਆਨ ਵਿਚ ਹੀ ਪੀ. ਐਚ. ਡੀ. ਦੀ ਡਿਗਰੀ ਲੈ ਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਇਸ ਉਪਰੰਤ ਯੂਨੀਵਰਸਿਟੀ ਵਿਚ ਹੀ 15 ਸਾਲ ਅਧਿਆਪਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦੇ ਰਹੇ ਤੇ ਫਿਰ ਕੁਝ ਸੁਪਨੇ ਸਿਰਜ ਕੇ ਆਸਟਰੇਲੀਆ ਪਰਵਾਸ ਕਰ ਗਏ। ਸਕੂਲ ਸਮੇਂ ਵਿਚ ਹੀ ਕਵਿਤਾਵਾਂ ਲਿਖਣ ਦਾ ਚਸਕਾ ਲੱਗ ਗਿਆ ਸੀ, ਜਿਸ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪੜ•ਦਿਆਂ ਬੂਰ ਪੈਣਾ ਸ਼ੁਰੂ ਹੋ ਗਿਆ। ਜਿਸ ਦੇ ਸਿੱਟੇ ਵਜੋਂ ਅਮਰਜੀਤ ਨੂੰ ਯੂਨੀਵਰਸਿਟੀ ਵਿਚ ਹੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ। ਉਸ ਦੀਆਂ ਕਵਿਤਾਵਾਂ ਸੁਣਨ ਲਈ ਵਿਦਿਆਰਥੀਆਂ ਦਾ ਜਮਘਟਾ ਜੁੜਿਆ ਰਹਿੰਦਾ। ਆਸਟਰੇਲੀਆ ਵਿਚ ਪਰਵਾਸ ਤੋਂ ਬਾਅਦ ਸਿਡਨੀ ਵਿਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ। ਇਸ ਦੌਰਾਨ ਉਸ ਨੇ ਆਪਣੇ ਕਵਿਤਾ ਲਿਖਣ ਦੇ ਸ਼ੌਕ ਨੂੰ ਜਾਰੀ ਰੱਖਿਆ ਹਵਾਵਾਂ ਦੇ ਰੁਖ਼, ਲਿਖਤੁਮ ਨੀਲੀ ਬੰਸਰੀ, ਕੋਰੇ ਕਾਗਜ਼ ਅਤੇ ਦੀਵਾ ਸਫਿਆਂ ਦਾ ਪੁਸਤਕਾਂ ਪ੍ਰਕਾਸ਼ਿਤ ਕਰਵਾਕੇ ਸਿੱਧ ਕਰ ਦਿੱਤਾ ਕਿ ਸੱਚੇ ਸੁਚੇ ਪੰਜਾਬੀ ਵਿਦੇਸ਼ਾਂ ਵਿਚ ਵੀ ਸਫਲ ਹੋਏ। ਉਹ ਕਲੀਰੇ ਮੈਗਜ਼ੀਨ ਦੇ ਵੀ ਸੰਪਾਦਕ ਰਹੇ। ਡਾ. ਅਮਰਜੀਤ ਸਿੰਘ ਟਾਂਡਾ ਨੇ ਆਪਣੇ ਨਿੱਕੇ ਭਰਾ ਬਲਬੀਰ ਟਾਂਡਾ ਜੋ ਇੱਕ ਫਿਲਮ ਨਿਰਦੇਸ਼ਕ ਹਨ, ਨਾਲ ਮਿਲਕੇ ਟਾਂਡਾ ਬਰਦਰਜ਼ ਦੇ ਬੈਨਰ ਹੇਠ ਵੈਰੀ, ਧੀ ਜੱਟ ਦੀ, ਪਹਿਲਾ ਪਹਿਲਾ ਪਿਆਰ, ਦਾ ਲਾਇਨ ਆਫ਼ ਪੰਜਾਬ ਅਤੇ ਇੱਕ ਹਿੰਦੀ ਫੀਚਰ ਫਿਲਮ ਸਮਗਲਰ ਬਣਾਈਆਂ ਹਨ, ਜਿਹੜੀਆਂ ਸਮਾਜਕ ਬੁਰਾਈਆਂ ਤੇ ਝਾਤ ਪਾਉਂਦੀਆਂ ਹਨ। ਆਮ ਤੌਰ ਤੇ ਪਰਵਾਸੀ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਡਾਲਰ ਕਮਾਉਣ ਵਿਚ ਹੀ ਉਲਝ ਜਾਂਦੇ ਹਨ। ਡਾ. ਅਮਰਜੀਤ ਟਾਂਡਾ ਆਪਣੀ ਇੱਕ ਵੱਖਰੀ ਹੀ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਹੋਏ ਹਨ। ਉਸ ਨੂੰ ਵਿਦੇਸ਼ਾਂ ਵਿਚਲੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੇ ਪੰਜਾਬ ਨਾਲ ਜੁੜੇ ਰਹਿਣ ਦੀ ਚਿੰਤਾ ਹੈ, ਇਸ ਕਰਕੇ ਉਹ ਉਨ•ਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਕੇ ਰੱਖਣ ਲਈ ਭੰਗੜਾ, ਗਿੱਧਾ, ਪੰਜਾਬੀ ਡਰੈਸ ਦੇ ਮੁਕਾਬਲੇ ਅਤੇ ਸਭਿਆਚਾਰਿਕ ਤੇ ਧਾਰਮਿਕ ਪ੍ਰੋਗਰਾਮ ਆਯੋਜਤ ਕਰਾਉਂਦੇ ਹਨ। ਡਾ.ਅਮਰਜੀਤ ਸਿੰਘ ਟਾਂਡਾ ਆਪਣੇ ਉਦਮੀ ਸੁਭਾਅ ਕਰਕੇ ਸਮਾਜ ਦੇ ਹਰ ਖੇਤਰ ਵਿਚ ਵਿਚਰਦੇ ਰਹੇ। ਪਰਵਾਸੀ ਪੰਜਾਬੀਆਂ ਦੀ ਵੈਲਫੇਅਰ ਸੋਸਾਇਟੀ ਨੇ ਉਸ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁਖ ਰਖਦਿਆਂ 2010 ਵਿਚ ਹਿੰਦ ਰਤਨ ਅਵਾਰਡ ਅਤੇ ਮੈਲਬਾਰਨ ਸਿਖ ਸੋਸਾਇਟੀ ਨੇ 2001 ਵਿਚ ਅੰਤਰਰਾਸ਼ਟਰੀ ਵਾਲੰਟੀਅਰ ਅਵਾਰਡ ਨਾਲ ਸਨਮਾਨਤ ਕੀਤਾ। ਉਹ ਪੰਜਾਬੀ ਸਾਹਿਤ ਅਕਾਡਮੀ ਸਿਡਨੀ ਦੇ ਫਾਊਂਡਰ ਪ੍ਰੈਜੀਡੈਂਟ ਹਨ। ਸਮਾਜ ਸੇਵਾ ਦਾ ਬੀੜਾ ਵੱਖ ਚੁਕਿਆ ਹੋਇਆ ਹੈ। ਕਵਿਤਾ ਲਿਖਣਾ ਅਤੇ ਕਵਿਤਾ ਮੁਕਾਬਲਿਆਂ ਵਿਚੋਂ ਹਮੇਸ਼ਾ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਸੇਹਰਾ ਵੀ ਉਸ ਨੂੰ ਹੀ ਜਾਂਦਾ ਹੈ। ਡਾ.ਅਮਰਜੀਤ ਸਿੰਘ ਟਾਂਡਾ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ।
ਅੱਗ ਜਦੋਂ ਵੀ ਛਾਤੀ ਵਿਚ ਬਲਦੀ ਹੈ, ਪਰਬਤ ਵੀ ਉੱਚੇ ਨਹੀਂ ਲਗਦੇ।
ਇਸ ਕਵਿਤਾ ਦੀਆਂ ਪੰਕਤੀਆਂ ਦਰਸਾਉਂਦੀਆਂ ਹਨ ਕਿ ਨਿਸ਼ਾਨੇ ਤੇ ਪਹੁੰਚਣ ਲਈ ਪਹਾੜ ਵੀ ਨਹੀਂ ਰੋਕ ਸਕਦੇ। ਬਲਿਊ ਸਟਾਰ ਅਪ੍ਰੇਸ਼ਨ, 1984 ਦਾ ਕਤਲੇਆਮ ਅਤੇ ਪੰਜਾਬ ਵਿਚ ਸਰਕਾਰੀ ਤੰਤਰ ਅਤੇ ਕਥਿਤ ਸਮਾਜ ਵਿਰੋਧੀ ਅਨਸਰਾਂ ਵੱਲੋਂ ਡੋਹਲੇ ਲਹੂ ਨੇ ਵੀ ਉਸ ਦੇ ਦਿਲ ਨੂੰ ਝੰਜੋੜਿਆ ਹੈ ਤੇ ਉਸ ਦੀਆਂ ਕਈ ਕਵਿਤਾਵਾਂ, ਇਨ•ਾਂ ਘਟਨਾਵਾਂ ਨਾਲ ਸੰਬੰਧਤ ਹਨ।
ਰਾਤਾਂ ਲਈ ਜਗਾ ਤੂੰ ਦੀਵੇ ਮੈਂ ਸੁੰਨੇ ਸਜਾਉਨਾਂ ਬਨੇਰੇ,
ਸੂਰਜ ਨੂੰ ਸ਼ਹਿਰੀਂ ਪਿੰਡੀਂ ਸੱਦਦਾ ਪੂੰਝਣ ਲਈ ਹਨੇਰੇ।
ਏਸੇ ਤਰ•ਾਂ ਲਹੂ ਲੁਹਾਣ ਹੋਏ ਪੰਜਾਬ ਦੇ ਸੰਤਾਪ ਦਾ ਜ਼ਿਕਰ ਕਰਦਾ ਹੈ।
ਤੂੰ ਗੁਡ ਤਿਆਰ ਕਰ, ਸਿੰਜ ਸਜਾ ਧਰਤ ਮੇਰੇ ਪੰਜਾਬ ਦੀ,
ਮੈਂ ਚੁਣਕੇ ਕਿਸਮ ਬਹਾਰ ਚੋਂ ਲਿਆਣਾਂ ਸੋਹਣੇ ਗੁਲਾਬ ਦੀ।
ਮੈਂ ਨਾ ਸਿਖ, ਨਾ ਹਿੰਦੂ, ਨਾ ਕੋਈ ਮੁਸਲਮਾਨ ਹਾਂ,
ਪਰ ਮੁੱਦਤਾਂ ਤੋਂ--
ਫਿਰ ਵੀ ਨਾ ਕਰ ਸਕਿਆ, ਡੁਲ•ੇ ਲਹੂ ਦੀ ਪਛਾਣ।
ਮਾਰ ਦਿੱਤੇ ਗਏ ਮੇਰੀ ਰਾਤ ਦੇ ਜੁਗਨੂੰ ਕੱਲ• ਕਈ
ਗੁਨਾਹ ਸੀ ਕਿ ਉਹ ਕੁਲੀਆਂ ਰੁਸ਼ਨਾਣ ਕਿਉਂ ਗਏ।
ਡਾ. ਅਮਰਜੀਤ ਸਿੰਘ ਟਾਂਡਾ ਦਾ ਦਿਲ ਸਮਾਜਕ ਬੁਰਾਈਆਂ ਵੇਖ ਕੇ ਵਲੂੰਧਰਿਆ ਜਾਂਦਾ ਹੈ।
ਗ਼ਰੀਬ ਦੀ ਕੁਲੀ ਸਾੜੀ ਹੈ, ਹੁਣ ਕੋਈ ਯਾਦਗਾਰ ਤਾਂ ਬਣਾ ਦਿਓ
ਦੋ ਤਿੰਨ ਉਹਦੇ ਸੁਪਨੇ ਲੈ ਕੇ, ਉਹਦੀ ਲਾਸ਼ ਹੇਠ ਤਾਂ ਵਿਛਾ ਦਿਓ
ਪੰਜਾਬ ਵਿਚ ਅੱਸੀਵਿਆਂ ਵਿਚ ਵਿਛੇ ਸੱਥਰਾਂ ਅਤੇ ਮਜ਼ਲੂਮਾਂ, ਮਾਸੂਮਾਂ, ਨੌਜਵਾਨਾਂ, ਇਸਤਰੀਆਂ, ਬੱਚਿਆਂ ਦੇ ਹੋਏ ਕਤਲੇਆਮ ਬਾਰੇ ਉਸ ਦੀ ਇਕ ਕਵਿਤਾ ਹੈ ।
ਕੀ ਕਰੇ ਕੋਈ ਦਲੀਲਾਂ ਨੂੰ ਤੇ ਬੇਗ਼ੁਨਾਹ ਅਪੀਲਾਂ ਨੂੰ,
ਕਿਸੇ ਵੀ ਨਾ ਹੱਥ ਫੜਨਾ ਸਲੀਬ ਵੱਲ ਲੈ ਜਾਣਗੇ।
ਇੱਕ ਚੰਦ ਤੇ ਮੁੱਠੀ ਭਰ ਸਿਤਾਰੇ ਲਿਆਇਆ ਹਾਂ,
ਹਵਾ ਚੋਂ ਖ਼ੂਨ ਪੂੰਝੋ ਮੈਂ ਸਜਾਉਣਾ ਹੈ ਇਹਨਾਂ ਨੂੰ।
ਓਦਣ ਦੀਆਂ ਮਾਵਾਂ ਨਹੀਂ ਸੁਤੀਆਂ,
ਜਿਹਨਾਂ ਦੇ ਪੁੱਤ ਘਰੋਂ ਕਾਲਜ ਨੂੰ ਗਏ ਨਾ ਪਰਤੇ।
ਕੀ ਦਿਆਂ ਦਿਲਾਸਾ ਉਹਨਾਂ ਨੂੰ।
ਉਸਦੀ ਕਵਿਤਾ ਸਮਾਜਿਕ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ, ਬੱਚਿਆਂ ਵੱਲੋਂ ਇੰਟਰਨੈਟ ਦੀ ਵਧੇਰੇ ਵਰਤੋਂ ਅਤੇ ਆਧੁਨਿਕਤਾ ਦੇ ਮਾੜੇ ਪ੍ਰਭਾਵਾਂ ਦਾ ਪ੍ਰਗਟਾਵਾ ਵੀ ਕਰਦੀ ਹੈ।
ਬੰਦ ਘਰਾਂ ਵਿਚ ਬੱਚੇ ਮਾਂ ਬਾਪ ਏਨੇ ਨਜ਼ਦੀਕ ਹਨ,
ਚਿਰਾਂ ਬਾਅਦ ਲੱਗਿਆ ਕਰੂ ਪਤਾ ਕਿ ਬਾਪ ਨਹੀਂ ਰਿਹਾ।
ਹੋ ਚਲੇ ਹਨ ਘਰੀਂ ਮਾਵਾਂ ਨੂੰ ਵੰਡਣ ਜੋਗੇ ਹੁਣ ਪੁੱਤ,
ਬਾਪ ਦੀ ਪੱਗ ਸੰਭਾਲੋ ਮੌਸਮ ਚ ਫਿਰਦੀ ਹੈ ਰੁੱਤ।
ਉਸਦੀ ਇਕ ਹੋਰ ਕਵਿਤਾ ਆਪਣੇ ਆਪ ਨੂੰ ਪਵਿਤਰ ਤੇ ਧਾਰਮਿਕ ਅਖਵਾਉਣ ਵਾਲਿਆਂ ਦਾ ਪਰਦਾਫਾਸ਼ ਕਰਦੀ ਹੈ।
ਸਪੀਕਰਾਂ ਤੇ ਵਾਰ ਵਾਰ ਬੁਲਵਾਉਂਦੇ ਨਾਂ ਨੂੰ ਜੋ,
ਉਂਝ ਕਹਿੰਦੇ ਕਿ ਅਸੀਂ ਕੀਤਾ ਗੁਪਤ ਦਾਨ ਏ।
ਸਮਾਜਕ ਤਾਣੇ ਬਾਣੇ ਵਿਚ ਆਈ ਗਿਰਾਵਟ ਬਾਰੇ ਵੀ ਉਸਨੇ ਲਿਖਿਆ।
ਆਪਣੇ ਘਰ ਦੇ ਮਸਲੇ ਨਾ ਸੁਲਝਦੇ,
ਪਰ ਗੁਆਂਢੀਆਂ ਲਈ ਹਰ ਕੋਈ ਪ੍ਰੇਸ਼ਾਨ ਹੈ।
ਡਾ. ਅਮਰਜੀਤ ਸਿੰਘ ਟਾਂਡਾ ਵਿਚ ਇੱਕ ਹੋਰ ਖ਼ੂਬੀ ਵਧੀਆ ਚਿਤਰਕਾਰ ਹੋਣਾ ਵੀ ਹੈ। ਉਨ•ਾਂ ਬਹੁਤ ਸਾਰੇ ਸਿਖ ਗੁਰੂਆਂ, ਮਹਾਤਮਾਵਾਂ, ਧਾਰਮਿਕ ਵਿਅਕਤੀਆਂ, ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ, ਸਿਆਸਤਦਾਨਾਂ ਆਦਿ ਦੀਆਂ ਪੇਂਟਿੰਗਜ਼ ਬਣਾਈਆਂ ਹਨ। ਚਿਤਰਕਲਾ ਸੂਖ਼ਮ ਕਲਾ ਹੈ। ਉਨ•ਾਂ ਨੂੰ ਬਹੁਪੱਖੀ ਕਲਾਕਾਰ ਕਿਹਾ ਜਾ ਸਕਦਾ ਹੈ। ਸਾਹਿਤਕ ਸਰਗਰਮੀਆਂ ਉਸ ਦਾ ਸ਼ੌਕ ਹੈ ਪੰ੍ਰਤੂ ਆਪਣੇ ਕਿੱਤੇ ਵਿਚ ਵੀ ਉਸ ਨੇ ਚੰਗਾ ਨਾਮਣਾ ਖੱਟਿਆ ਹੈ। ਆਪ ਨੇ ਆਪਣੇ ਕਿੱਤੇ ਨਾਲ ਸੰਬੰਧਤ ਚਾਰ ਪੁਸਤਕਾਂ , ਬਨਸਪਤੀ ਵਿਗਿਆਨ, ਚੂਹਿਆਂ ਤੇ ਕਾਬੂ, ਟਰਮਾਈਟਜ਼ ਦੇ ਪ੍ਰਬੰਧ ਬਾਰੇ ਵੀ ਲਿਖੀਆਂ ਹਨ। ਡਾ.ਅਮਰਜੀਤ ਨੂੰ ਇੰਗਲੈਂਡ ਦੀ ਇਨਸਟੀਚਿਊਟ ਆਫ਼ ਬਾਇਆਲੋਜੀ ਵੱਲੋਂ ਚਾਰਟਡ ਬਨਸਪਤੀ ਵਿਗਿਆਨੀ ਦੀ ਆਨਰੇਰੀ ਡਿਗਰੀ ਦਿੱਤੀ ਗਈ। ਇਸਤੋਂ ਇਲਾਵਾ ਬਾਇਓਗਰਾਫੀਕਲ ਇਨਸਟੀਚਿਊਟ ਰੇਲਿੰਗ ਨੇ ਮਾਣਤਾ ਦੇ ਕੇ ਦੁਨੀਆਂ ਦੇ ਪ੍ਰਸਿਧ 500 ਵਿਗਿਆਨੀਆਂ ਵਿਚ ਸ਼ਾਮਲ ਕੀਤਾ। ਮੈਨੂੰ ਅੱਜ ਅਜਿਹੀ ਸਖ਼ਸ਼ੀਅਤ ਬਾਰੇ ਕੁਝ ਲਿਖਦਿਆਂ ਬੇਹਦ ਖ਼ੁਸ਼ੀ ਹੋ ਰਹੀ ਹੈ।
-
ਉਜਾਗਰ ਸਿੰਘ,
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.