ਸਮਾਜ ਵਿੱਚ ਕੁੱਝ ਵਿਅਕਤੀ ਜਿੰਦਗੀ ਦੇ ਛੋਟੇ ਸਫਰ ਵਿੱਚ ਵੀ ਅਜਿਹੀਆਂ ਪੈੜਾਂ ਪਾ ਜਾਂਦੇ ਹਨ, ਜੋ ਉਸ ਦੇ ਜਿਸਮਾਨੀ ਰੂਪ ‘ਚ ਚਲੇ ਜਾਣ ਤੋਂ ਬਾਅਦ ਵੀ ਲੋਕ ਮਨਾਂ ਦਾ ਹਿੱਸਾ ਬਣ ਜਾਂਦੀਆਂ ਹਨ। ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਅਜਿਹਾ ਹੀ ਇੱਕ ਸਖਸ਼ ਸੀ ਅਨਿਲ ਮੈਨਨ। ਅਪ੍ਰੈਲ 2014 ਦੀ ਕੁਲਹਿਣੀ ਰਾਤ ਸਪੋਕਸਮੈਨ ਦੇ ਦਫਤਰ ਤੋਂ ਆਪਣੀ ਜਿੰਮੇਵਾਰੀ ਨਿਭਾਕੇ ਵਾਪਸ ਜੀਰਕਪੁਰ ਜਾਂਦਿਆਂ ਚੰਡੀਗੜ੍ਹ ਦੀਆਂ ਜਗਮਗਾਉਂਦੀਆਂ ਸੜ੍ਹਕਾਂ ਤੇ ਅਜਿਹਾ ਘਿਨਾਉਣਾ ਹਾਦਸਾ ਵਾਪਰਿਆ ਕਿ ਸਾਡਾ ਅਨਿਲ 8 ਫਰਬਰੀ 2024 ਨੂੰ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਗਿਆ।
ਅਨਿਲ ਮੈਨਨ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ ਧਰਤੀ ਉੱਤੇ ਮਾਤਾ ਸਵਿੱਤਰੀ ਦੇਵੀ ਦੀ ਕੁੱਖੋਂ 10 ਸਤੰਬਰ 1967 ਨੂੰ ਜਨਮ ਲਿਆ। ਪੜ੍ਹਨ ਲਿਖਣ ਵਿੱਚ ਹੁਸ਼ਿਆਰ ਹੋਣ ਕਰਕੇ ਦਸਵੀਂ ਸਥਾਨਕ ਸਰਕਾਰੀ ਸਕੂਲ ਤੋਂ ਹੀ ਪਹਿਲੇ ਦਰਜੇ ਵਿੱਚ ਪਾਸ ਕੀਤੀ। ਮੈਨਨ ਪੜ੍ਹਾਈ ਦੇ ਨਾਲ-ਨਾਲ ਕਲਾ ਦਾ ਵੀ ਸ਼ੌਂਕ ਰੱਖਦਾ ਹੋਣ ਕਰਕੇ ਮਹਾਂਸ਼ਕਤੀ ਕਲਾ ਮੰਦਿਰ ਬਰਨਾਲਾ ਵਿੱਚ ਹੁੰਦੇ ਹਨ ਸਾਲ ਨਾਟਕ ਮੇਲੇ ਵਿੱਚ ਮਰਹੂਮ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲ਼ਖ ਦੇ ਨਾਟਕ "ਜਦੋਂ ਬੋਹਲ ਰੋਂਦੇ ਹਨ" ਵਿੱਚ ਚੰਗੇ ਕਲਾਕਾਰ ਦਾ ਸਨਮਾਨ ਹਾਸਲ ਕੀਤਾ। 1990 ਵਿੱਚ ਸੂਬਾਈ ਸਿਖਲਾਈ ਤੇ ਪੇਸ਼ਕਾਰੀ ਕਾਰਜਸ਼ਾਲਾ ਚੰਡੀਗੜ੍ਹ ਵਿੱਚ ਨਾਟਕ ਅਤੇ ਭੰਗਲਾ ਕਲਾਕਾਰ ਵਜੋਂ ਭਾਗ ਲਿਆ। ਕਲਾ ਦੇ ਨਾਲ-ਨਾਲ ਨਾਨਕੇ ਪਿੰਡ ਰਾਮਪੁਰਾ ਤੋਂ ਲੋਕ ਜਮਹੂਰੀ ਲਹਿਰ ਵਿੱਚ ਸਰਗਰਮ ਆਪਣੇ ਮਾਮਾ ਡੀਡੀ ਵਾਤਿਸ਼ ਹੋਰਾਂ ਤੋਂ ਲੋਕ ਪੱਖੀ ਵਿਗਿਆਨਕ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਹੋਈ। ਪੱਤਰ ਵਿਵਹਾਰ ਰਾਹੀਂ ਐੱਮ. ਏ. ਪੰਜਾਬੀ ਅਤੇ ਐੱਮ. ਏ. ਜਨਰਲਿਜਮ ਪਾਸ ਕੀਤੀ। 1995 ਵਿੱਚ ਪੱਤਰਕਾਰਤਾ ਵੱਲ ਝੁਕਾਅ ਹੋ ਗਿਆ। ਸੰਗਰਾਮਾਂ ਦੀ ਧਰਤੀ ਮਹਿਲਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਵਜੋਂ ਕੰਮ ਸ਼ੁਰੂ ਕੀਤਾ। ਵੱਡੇ ਖੱਬੀ ਖਾਨ ਕਹਾਉਂਦੇ ਘਰਾਣਿਆਂ ਖਿਲਾਫ਼ ਬੇਖੌਫ਼ ਹੋਕੇ ਆਪਣੀ ਕਲਮ ਅਤੇ ਵਿਵੇਕ ਦੀ ਵਰਤੋਂ ਕੀਤੀ।
ਪਿੰਡ ਕਿਰਪਾਲ ਸਿੰਘ ਵਾਲਾ ਦੇ ਮਜਦੂਰ ਪਿਆਰਾ ਸਿੰਘ ਦੇ ਥਾਣੇ ਵਿੱਚ ਪੁਲਿਸ ਵੱਲੋਂ ਕੀਤੇ ਤਸ਼ੱਦਦ ਕਾਰਨ ਹੋਈ ਮੌਤ ਦੀ ਰਿਪੋਰਟਿੰਗ ਕਰਨ ਸਮੇਂ ਵੱਡੇ-ਵੱਡੇ ਖਤਰੇ ਸਹੇੜੇ। ਅਡੋਲ ਰਿਹਾ, ਪੁਲਿਸ, ਸਿਆਸਤਦਾਨਾਂ, ਗੁੰਡਾਢਾਣੀ ਅਨਿਲ ਮੈਨਨ ਦੀ ਲੋਕ ਪ੍ਰਤੀਬੱਧਤਾ ਵਿੱਚ ਰੋੜਾ ਨਹੀਂ ਬਣ ਸਕੀ। 1996-98 ਵਿੱਚ ਨਵਾਂ ਜਮਾਨਾ ਅਖਬਾਰ ਦੇ ਦਫਤਰ ਵਿੱਚ ਵੱਖ-ਵੱਖ ਅਹੁਦਿਆਂ ਉੱਪਰ ਕੰਮ ਕੀਤਾ। ਇੱਥੇ ਕੰਮ ਕਰਦਿਆਂ ਪੱਤਰਕਾਰਤਾ ਦੇ ਖੇਤਰ ਨੂੰ ਹੋਰ ਵਧੇਰੇ ਜਾਨਣ-ਸਿੱਖਣ ਦਾ ਮੌਕਾ ਮਿਲਿਆ। 1999-2004 ਤੱਕ ਦੇਸ਼ ਸੇਵਕ ਅਖਬਾਰ ਵਿੱਚ ਸਬਐਡੀਟਰ ਵਜੋਂ ਅਹਿਮ ਜਿੰਮੇਵਾਰੀ ਨਿਭਾਈ। 2006-09 ਰੋਜਾਨਾ ਸਪੋਕਸਮੈਨ ਵਿੱਚ ਸਬ ਐਡੀਟਰ ਵਜੋਂ ਸੇਵਾਵਾਂ ਦਿੱਤੀਆਂ। 2009-10 ਵਿੱਚ ਰੋਜਾਨਾ ਪਹਿਰੇਦਾਰ ਵਿੱਚ ਸਬ ਐਡੀਟਰ ਵਜੋਂ ਜਿੰਮੇਵਾਰੀ ਨਿਭਾਈ।
ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ ਲੋਕਾਈ ਦੇ ਦਰਦਾਂ ਨੂੰ ਰੰਗਮੰਚ ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਤੇ ਨਿੱਡਰ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਘਰੇਲੂ ਜਿੰਮੇਵਾਰੀਆਂ ਤੇ ਸਮੱਸਿਆਵਾਂ ‘ਚ ਜਕੜਿਆ, ਆਰਥਿਕ ਤੰਗੀਆਂ-ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਰਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਰੋਟੀ-ਰੋਜ਼ੀ ਲਈ ਕਈ ਪਾਪੜ ਵੀ ਵੇਲੇ ਪਰ ਇਮਾਨਦਾਰੀ ਅਤੇ ਵਿਗਿਆਨਕ ਵਿਚਾਰਧਾਰਾ ਦਾ ਪੱਲਾ ਨਹੀਂ ਛੱਡਿਆ।
2012-14 ਤੱਕ ਜੱਗ ਬਾਣੀ/ਪੰਜਾਬ ਕੇਸਰੀ ਵਿੱਚ ਨਿਊਜ ਐਡੀਟਰ ਵਜੋਂ ਸੇਵਾ ਨਿਭਾ ਰਹੇ ਲੋਕਾਂ ਦਾ ਪਿਆਰਾ ਅਨਿਲ ਮੈਨਨ ਰਾਤ ਸਮੇ ਡਿਉਟੀ ਤੋਂ ਪਰਤਦੇ ਸਮੇ ਅਪ੍ਰੈਲ 2014 ਵਿੱਚ ਕਥਿਤ ਸੜਕ ਹਾਦਸੇ ਦਾ ਸ਼ਿਕਾਰ ਹੋਇਆ। ਸਿਰ ਵਿੱਚ ਗੰਭੀਰ ਸੱਟ ਵੱਜੀ ਹੋਣ ਕਾਰਨ ਅਧਰੰਗ ਦਾ ਸ਼ਿਕਾਰ ਹੋ ਗਿਆ। ਇਲਾਜ ਲਈ ਪੀਜੀਆਈ ਤੱਕ ਗੰਭੀਰ ਯਤਨ ਜੁਟਾਉਣ ਦੇ ਬਾਵਜੂਦ ਵੀ ਅਧਰੰਗ ਦੇ ਹਮਲੇ ਚੋਂ ਪੂਰੀ ਤਰ੍ਹਾਂ ਉੱਭਰ ਨਾ ਸਕਿਆ। ਉਹ ਆਪਣੀ ਯਾਦ ਸ਼ਕਤੀ ਵੱਲ ਮੁੜ ਪਰਤਣ ਲਈ ਗੰਭੀਰ ਯਤਨ ਕਰਦਾ ਰਿਹਾ। ਥੋੜਾ ਇਸ਼ਾਰਿਆਂ ਨਾਲ ਸਮਝਾਕੇ ਵੀ ਲਿਖਣ/ਪੜ੍ਹਨ ਦੀ ਪ੍ਰਬਲ ਇੱਛਾ ਦਾ ਇਜਹਾਰ ਕਰਦਾ। 99 % ਮਰਨ ਅਵਸਥਾ ਵਿੱਚ ਹੋਣ ਦੇ ਬਾਵਜੂਦ ਵੀ 2019 ਵਿੱਚ ਮਹਿਲਕਲਾਂ ਲੋਕ ਘੋਲ ਦੇ ਇੱਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੇਲ੍ਹ ਅੱਗੇ ਲੱਗੇ ਪੱਕੇ ਮੋਰਚੇ ਵਿੱਚ ਆਪਣੇ ਜਿਗਰੀ ਯਾਰਾਂ ਨੂੰ ਆਖ ਵੀਲ੍ਹ ਚੇਅਰ ਉੱਪਰ ਸਵਾਰ ਹੋਕੇ ਸ਼ਾਮਿਲ ਹੋਇਆ। ਲੋਕਾਂ ਦੇ ਲਟ-ਲਟ ਕਰਕੇ ਰੋਹਲੇ ਅੰਗਿਆਰਾਂ ਨੇ ਅਨਿਲ ਮੈਨਨ ਨੂੰ ਇੱਕ ਨਵੀਂ ਉਰਜਾ ਪ੍ਰਦਾਨ ਕੀਤੀ। ਵੱਡੇ-ਵੱਡੇ ਖੱਬੀ ਖਾਨਾਂ ਨੂੰ ਵੀ ਜਦ ਅਜਿਹੇ ਵੱਡੇ ਸੰਕਟ/ਹਾਦਸੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੇ ਅਕੀਦੇ ਤੋਂ ਡੋਲ ਜਾਂਦੇ ਹਨ, ਪਰ ਅਨਿਲ ਮੈਨਨ ਕਿਸੇ ਗੈਬੀ ਸ਼ਕਤੀ ਦੀ ਥਾਂ ਇਲਾਜ ਕਰਵਾਉਣ ਲਈ ਹਮੇਸ਼ਾ ਮੈਡੀਕਲ ਪ੍ਰਬੰਧ ਉੱਪਰ ਟੇਕ ਰੱਖੀ, ਆਪਣੇ ਅਕੀਦੇ ਉੱਪਰ ਦ੍ਰਿੜ ਰਿਹਾ।
10 ਸਾਲ ਪੂਰੇ ਸਿਰੜ ਨਾਲ ਅਧਰੰਗ ਵਰਗੀ ਬਿਮਾਰੀ ਨਾਲ ਯੁੱਧ ਲੜ੍ਹਿਆ। ਮੌਤ ਵਰਗੀ ਅਟੱਲ ਸੱਚਾਈ ਦਾ ਸਾਹਮਣਾ ਕਰਦਿਆਂ ਵੀ ਆਪਣਾ ਮ੍ਰਿਤਕ ਸ਼ਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਦਾ ਅਹਿਦ ਕਰਕੇ 8 ਫਰਬਰੀ ਨੂੰ ਰੁਖਸਤ ਹੋ ਗਿਆ। ਪੂਰੇ ਪ੍ਰੀਵਾਰ ਦੀ ਸਹਿਮਤੀ ਨਾਲ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਮੈਡੀਕਲ ਖੋਜਾਂ ਲਈ ਪੂਰੇ ਸਨਮਾਨ ਨਾਲ ਭੇਂਟ ਕਰ ਦਿੱਤਾ ਗਿਆ। ਅਨਿਲ ਮੈਨਨ ਤਾਂ ਇਸ ਇਸ ਕਾਣੀ ਵੰਡ ਵਾਲੇ ਸਮਾਜ ਨੂੰ ਸਹੀ ਮਾਅਨਿਆਂ ਵਿੱਚ ਬਰਾਬਰਤਾ ਵਾਲਾ ਨਵਾਂ ਜਮਹੂਰੀ ਪਰਬੰਧ ਸਿਰਜਣ ਲਈ ਚੱਲ ਰਹੀ ਜਮਾਤੀ ਜੱਦਜਹਿਦ ਦਾ ਹਿੱਸਾ ਬਨਣਾ ਲੋਚਦਾ ਸੀ। ਉਸਨੇ ਆਪਣੀ ਬੌਧਿਕ ਵਿਵੇਕ ਰਾਹੀਂ ਸਮਾਜ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਬਹੁਤ ਸਾਰੇ ਲੇਖ ਲਿਖੇ। ਬਿਨ੍ਹਾਂ ਕਿਸੇ ਧਾਰਮਿਕ ਰਸਮ ਤੋਂ ਉਸ ਦੇ ਮਿੱਤਰ, ਦੋਸਤ, ਲੋਕ ਪੱਖੀ ਵਿਚਾਰਾਂ ਦੇ ਸੰਗੀ ਸਾਥੀ 11 ਫਰਬਰੀ ਐਤਵਾਰ ਨੂੰ ਹਾਰਮੋਨੀ ਲਾਇਨਜ ਕਲੱਬ ਸੇਖਾ ਰੋਡ ਬਰਨਾਲਾ ਵਿਖੇ ਆਪਣੇ ਪਿਆਰੇ ਪੱਤਰਕਾਰ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ। ਚੰਡੀਗੜ੍ਹ ਦੀਆਂ ਚੌੜੀਆਂ ਸੜਕਾਂ ਤੇ ਅੱਧੀ ਰਾਤ ਸੜਕ ਦੁਰਘਟਨਾਂ ਤਾਂ ਮਹਿਜ਼ ਡਰਾਮਾ ਸੀ ਜਾਂ ਸਾਜਿਸ਼ੀ ਢੰਗ ਨਾਲ਼ ਇੱਕ ਕਤਲ ਸੀ? ਹਾਕਮਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਕਤਲਨੁਮਾ ਹਾਦਸੇ ਦੀ ਹਾਲੇ ਤੱਕ ਪੈੜ ਨਹੀਂ ਲੱਭੀ, ਇਹ ਗੰਭੀਰ ਸਵਾਲ ਸਭ ਲੋਕ-ਹਿਤੈਸ਼ੀਆਂ ਸਾਹਮਣੇ ਦਰਪੇਸ਼ ਹੈ।
ਪਿਆਰੇ ਅਨਿਲ ਮੈਨਨ ਨੂੰ ਸੂਹੀ ਸਲਾਮ !!
-
ਨਰਾਇਣ ਦੱਤ, ਲੇਖਕ
*********
8427511770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.