ਪੁਰਤਾਨ ਸਮੇਂ ਮਾਨਸਾ ਨੂੰ ਪੰਜਾਬ ਦਾ ਸਭ ਤੋਂ ਵਧੇਰੇ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਵਰਤਮਾਨ ਸਮੇਂ ਇਸ ਇਲਾਕੇ ਨੂੰ ਪੱਤਰਕਾਰਾਂ, ਸਮਾਜ ਸੇਵਕਾਂ, ਸਾਹਿਤਕਾਰਾਂ, ਕਲਾਕਾਰਾਂ, ਗੀਤ ਸੰਗੀਤ ਦੇ ਪ੍ਰੇਮੀਆਂ ਅਤੇ ਗਾਇਕਾਂ ਦੀ ਨਰਸਰੀ ਵੀ ਕਿਹਾ ਜਾ ਸਕਦਾ ਹੈ। ਪੰਜਾਬ ਦੇ ਗੀਤ ਸੰਗੀਤ ਅਤੇ ਗਾਇਕੀ ਦੇ ਅਮੀਰ ਸਭਿਅਚਾਰ ਦੀ ਸਾਂਭ ਸੰਭਾਲ ਕਰਨ ਵਾਲਾ ਅਸ਼ੋਕ ਬਾਂਸਲ ਵੀ ਮਾਨਸਾ ਨਾਲ ਸੰਬੰਧਤ ਹੈ। ਸਰਸਰੀ ਨਿਗਾਹ ਮਾਰਿਆਂ ਉਹ ਇਕ ਪਹਿਲਵਾਨ ਲੱਗਦਾ ਹੈ ਪ੍ਰੰਤੂ ਅਸਲ ਵਿੱਚ ਅਸ਼ੋਕ ਬਾਂਸਲ ਮਾਨਸਾ, ਕਲਾਤਮਿਕ ਕਲਾਵਾਂ ਦਾ ਮੁੱਦਈ ਤੇ ਸਿਦਕ ਦਿਲੀ ਵਾਲਾ ਪ੍ਰਤਿਭਾਵਾਨ ਸੰਗੀਤ ਪ੍ਰੇਮੀ ਹੈ। ਜਿਸ ਦੇ ਰਗ-ਰਗ ਵਿੱਚ ਸੰਗੀਤ ਸਮੋਇਆ ਹੋਇਆ ਹੈ। ਜਿਵੇਂ ਤੂੰਬੀ ਦੀ ਤਾਰ ਨੂੰ ਟੁਣਕਾਇਆਂ ਲੈ ਮਈ ਸੰਗੀਤ ਨਿਕਲਦਾ ਹੈ, ਉਸੇ ਤਰ੍ਹਾਂ ਅਸ਼ੋਕ ਬਾਂਸਲ ਮਾਨਸਾ ਨਾਲ ਵਿਚਾਰ ਵਟਾਂਦਰਾ ਕਰਨ ਸਮੇਂ ਉਸ ਦੀ ਆਵਾਜ਼ ਸੰਗੀਤ ਦੀ ਮਹਿਕ ਦਿੰਦੀ ਹੈ। ਗੀਤਕਾਰਾਂ ਤੇ ਗਾਇਕਾਂ ਦੀਆਂ ਰਚਨਾਵਾਂ ਦੇ ਸਮੇਂ, ਸਥਾਨ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਅਸ਼ੋਕ ਬਾਂਸਲ ਮਾਨਸਾ ਦੇ ਦਿਮਾਗੀ ਕੰਪਿਊਟਰ ਵਿੱਚ ਭਰੀਆਂ ਪਈਆਂ ਹਨ, ਜਿਨ੍ਹਾਂ ਨੂੰ ਕਮਾਂਡ ਦੇਣ ਦੀ ਲੋੜ ਹੈ ਤੇ ਆਪ ਮੁਹਾਰੇ ਜਾਣਕਾਰੀ ਸੰਗੀਤਕ ਧੁਨਾਂ ਵਿੱਚ ਮੁਹੱਈਆ ਹੋਣ ਲੱਗ ਜਾਂਦੀ ਹੈ। ਅਸ਼ੋਕ ਬਾਂਸਲ ਮਾਨਸਾ ਗੀਤਕਾਰਾਂ ਅਤੇ ਗਾਇਕਾਂ ਦੀ ਲਾਇਬਰੇਰੀ ਹੈ। ਵੇਖਣ ਵਾਲਿਆਂ ਨੂੰ ਉਹ ਸਾਧਾਰਨ ਮਲਵਈ ਭਾਸਦਾ ਹੈ ਪ੍ਰੰਤੂ ਉਸਦੀ ਗੀਤ ਸੰਗੀਤ ਬਾਰੇ ਜਾਣਕਾਰੀ ਉਸ ਦੀ ਸੰਗੀਤਕ ਵਿਦਵਤਾ ਦਾ ਪ੍ਰਤੀਕ ਹੈ। ਪੁਰਾਤਨ ਜ਼ਮਾਨੇ ਤੋਂ ਲੈ ਕੇ ਵਰਤਮਾਨ ਗੀਤਕਾਰਾਂ ਅਤੇ ਗਾਇਕਾਂ ਬਾਰੇ ਉਹ ਕਿਹੜਾ ਤਵਾ ਹੈ, ਜਿਹੜਾ ਅਸ਼ੋਕ ਬਾਂਸਲ ਮਾਨਸਾ ਦੀ ਲਾਇਬਰੇਰੀ ਦੀ ਸ਼ੋਭਾ ਨਹੀਂ ਵਧਾਉਂਦਾ। ਹਰ ਗੀਤਕਾਰ ਦੇ ਗੀਤਾਂ ਅਤੇ ਗਾਇਕਾਂ ਬਾਰੇ ਉਸ ਕੋਲ ਜਾਣਕਾਰੀ ਹੈ, ਜਿਹੜੀ ਜਾਣਕਾਰੀ ਹੋਰ ਕਿਸੇ ਕੋਲੋਂ ਵੀ ਨਹੀਂ ਮਿਲਦੀ , ਉਹ ਜਾਣਕਾਰੀ ਅਸ਼ੋਕ ਬਾਂਸਲ ਮਾਨਸਾ ਦੇ ਖ਼ਜਾਨੇ ਵਿੱਚੋਂ ਉਪਲਭਧ ਹੋ ਸਕਦੀ ਹੈ। ਉਸ ਦਾ ਕੰਮ ਕਿਸੇ ਵੀ ਸਭਿਅਚਾਰਕ ਸੰਸਥਾ ਨਾਲੋਂ ਵਧੇਰੇ ਹੈ। ਉਸ ਦੇ ਰੈਣ ਬਸੇਰੇ ਨੂੰ ਗੀਤਕਾਰਾਂ ਅਤੇ ਗਾਇਕਾਂ ਦਾ ਅਜਾਇਬ ਘਰ ਕਿਹਾ ਜਾ ਸਕਦਾ ਹੈ। ਉਹ ਕਲਮ ਕੱਲਾ ਇਕ ਸੰਸਥਾ ਹੈ। ਜਿਹੜੇ ਗੀਤਾਂ ਤੇ ਗੀਤਕਾਰਾਂ ਨੂੰ ਸਾਡੀ ਨੌਜਵਾਨੀ ਢੋਲ ਢਮੱਕੇ ਵਾਲੇ ਪੌਪ ਸਭਿਅਚਾਰ ਵਿੱਚ ਗਲਤਾਨ ਹੋਣ ਕਰਕੇ ਭੁੱਲੀ ਬੈਠੀ ਹੈ, ਅਸ਼ੋਕ ਬਾਂਸਲ ਮਾਨਸਾ ਉਨ੍ਹਾਂ ਦੀ ਪੈੜ ਨੱਪਕੇ ਲੱਭਦਾ ਹੈ ਤੇ ਫਿਰ ਨੌਜਵਾਨਾ ਤੱਕ ਪਹੁੰਚਾਉਣ ਲਈ ਉਪਰਾਲੇ ਹੀ ਨਹੀਂ ਕਰ ਰਿਹਾ ਸਗੋਂ ਉਹ ਆਪਣਾ ਫਰਜ਼ ਸਮਝਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਜੇ ਸਾਡੀ ਨੌਜਵਾਨ ਪੀੜ੍ਹੀ ਆਪਣੇ ਸਭਿਆਚਾਰ ਦੀ ਅਮੀਰ ਵਿਰਾਸਤ ਤੋਂ ਮੁੱਖ ਮੋੜ ਗਈ ਤਾਂ ਪੰਜਾਬ ਵਿੱਚ ਗੀਤ ਸਭਿਅਚਾਰ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਅਸ਼ੋਕ ਬਾਂਸਲ ਮਾਨਸਾ ਕੋਲ ਗੀਤ ਸੰਗੀਤ ਦਾ ਬੇਸ਼ਕੀਮਤੀ ਖ਼ਜਾਨਾ ਹੈ। ਉਹ ਗੀਤ ਸੰਗੀਤ ਦੇ ਪਿਆਰ ਮੁਹੱਬਤ ਦੀ ਖ਼ੁਸ਼ਬੋ ਸੰਸਾਰ ਵਿੱਚ ਫੈਲਾਉਣ ਦੇ ਮਕਸਦ ਨਾਲ ਪਰਵਾਸ ਵਿੱਚ ਜਾ ਕੇ ਪੁਰਾਤਨ ਗੀਤਕਾਰਾਂ ਦੇ ਦੂਤ ਦੀ ਤਰ੍ਹਾਂ ਵਿਚਰਿਆ ਹੈ। ਉਹ ਲਗਪਗ ਪਿਛਲੀ ਅੱਧੀ ਸਦੀ ਤੋਂ ਗੀਤ ਸੰਗੀਤ ਦੇ ਖ਼ਜਾਨੇ ਦੀ ਖੋਜ ਕਰਦਾ ਆ ਰਿਹਾ ਹੈ। ਅਖ਼ੀਰ ਉਸ ਦੀ ਮਿਹਨਤ ਤੇ ਸਭਿਆਚਾਰ ਪ੍ਰਤੀ ਦ੍ਰਿੜ੍ਹਤਾ ਰੰਗ ਲਿਆਈ ਤੇ ਅਸ਼ੋਕ ਬਾਂਸਲ ਨੇ ਪੰਜਾਬੀ ਸਭਿਆਚਾਰ ਦੇ ਬੇਸ਼ਕੀਮਤੇ ਹੀਰੇ ਗੀਤਕਾਰਾਂ ਦੇ ਲਿਖੇ ਗੀਤ ਲੱਭਕੇ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਹਨ। ਅਸ਼ੋਕ ਬਾਂਸਲ ਮਾਨਸਾ ਗੀਤ ਸੰਗੀਤ ਦੀ ਵਿਰਾਸਤ ਦਾ ਪਹਿਰੇਦਰ ਹੈ। ਇਸ ਮੰਤਵ ਲਈ ਜਿਥੇ ਵੀ ਉਸ ਨੂੰ ਪਤਾ ਲੱਗਿਆ ਦੇਸ਼ ਵਿਦੇਸ਼ ਵਿੱਚ ਉਹ ਜਾ ਕੇ ਗੀਤਕਾਰਾਂ ਬਾਰੇ ਪਤਾ ਕਰਕੇ ਆਇਆ। ਘਰ ਫ਼ੂਕ ਤਮਾਸ਼ਾ ਵੇਖਦਾ ਰਿਹਾ ਹੈ। ਗਾਇਕਾਂ ਦੇ ਨਾਮ ਤਵਿਆਂ, ਕੈਸਟਾਂ ਅਤੇ ਇੰਟਰਨੈਟ ਤੇ ਭਮੀਰੀ ਦੀ ਤਰ੍ਹਾਂ ਘੁੰਮਦੇ ਫਿਰਦੇ ਵਿਖਾਈ ਦਿੰਦੇ ਹਨ, ਪਰੰਤੂ ਕੰਪਨੀਆਂ ਨੇ ਗੀਤਕਾਰਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੋਇਆ। ਇਸ ਅਣਗੌਲੇਪਣ ਦਾ ਹੰਦੇਸ਼ਾ ਅਸ਼ੋਕ ਬਾਂਸਲ ਨੂੰ ਕੁਰੇਦਦਾ ਰਿਹਾ ਹੈ। ਜਿਸ ਕਰਕੇ ਅਸ਼ੋਕ ਬਾਂਸਲ ਮਾਨਸਾ ਨੇ ਲੰਮੀ ਜਦੋਜਹਿਦ ਅਤੇ ਮਿਹਨਤ ਤੋਂ ਬਾਅਦ ਲੋਕਾਂ ਵਿੱਚ ਹਰਮਨ ਪਿਆਰੇ ਗੀਤਾਂ ਦੇ ਗੀਤਕਾਰਾਂ ਦੇ ਨਾਮ ਲੱਭਕੇ ਸੰਗੀਤ ਦੇ ਉਪਾਸ਼ਕਾਂ ਦੇ ਸਾਹਮਣੇ ਲਿਆਂਦੇ ਹਨ ਕਿਉਂਕਿ ਪੁਰਾਣੇ ਸਮੇਂ ਵਿੱਚ ਆਮ ਤੌਰ ‘ਤੇ ਗੀਤਕਾਰ ਦਾ ਨਾਮ ਤਵਿਆਂ ਅਤੇ ਕੈਸਟਾਂ ‘ਤੇ ਲਿਖਿਆ ਨਹੀਂ ਹੁੰਦਾ ਸੀ, ਸਿਰਫ ਗਾਇਕਾਂ ਦਾ ਲਿਖਿਆ ਹੁੰਦਾ ਸੀ। ਗੀਤਕਾਰ ਦੀ ਥਾਂ ਗਾਇਕ ਹੀ ਨਾਮਣਾ ਖੱਟਦੇ ਰਹੇ। ਅਸ਼ੋਕ ਬਾਂਸਲ ਮਾਨਸਾ ਨੂੰ ਗੀਤ ਸੰਗੀਤ ਨਾਲ ਇਸ਼ਕ ਹੈ, ਇਹ ਇਸ਼ਕ ਜਨੂੰਨ ਦੀ ਤਰ੍ਹਾਂ ਹੈ। ਉਸ ਦਾ ਦਿਲ ਗੀਤ ਸੰਗੀਤ ਲਈ ਹੀ ਧੜਕਦਾ ਹੈ। ਗੀਤ ਸੰਗੀਤ ਅਸ਼ੋਕ ਬਾਂਸਲ ਮਾਨਸਾ ਦੀ ਰੂਹ ਦੀ ਖੁਰਾਕ ਹੈ। ਸਕੂਲ ਵਿੱਚ ਪੜ੍ਹਦਿਆਂ ਹੀ ਅਸ਼ੋਕ ਬਾਂਸਲ ਦੇ ਅਲ੍ਹੜ ਮਨ ‘ਤੇ ਗੀਤ ਸੰਗੀਤ ਦਾ ਰਸ ਅਜਿਹਾ ਜਾਦੂ ਕਰ ਗਿਆ ਤੇ ਉਹ ਇਸ ਦਾ ਗ਼ੁਲਾਮ ਬਣਕੇ ਰਹਿ ਗਿਆ। ਅਸ਼ੋਕ ਬਾਂਸਲ ਮਾਨਸਾ ਨੂੰ ਜਿਥੇ ਵੀ ਕਿਤੇ ਗੀਤ ਸੰਗੀਤ ਦੀ ਸੁਰ ਸੁਣਾਈ ਦਿੰਦੀ ਹੈ, ਉਹ ਉਥੇ ਹੀ ਲਟਾਪੀਂਘ ਹੋ ਕੇ ਪਹੁੰਚ ਜਾਂਦਾ ਹੈ। ਅਸ਼ੋਕ ਬਾਂਸਲ ਮਾਨਸਾ ਨੂੰ ਭੁੱਲੇ ਵਿਸਰੇ ਗੀਤਕਾਰਾਂ ਦਾ ਖੋਜੀ ਕਿਹਾ ਜਾ ਸਕਦਾ ਹੈ। ਉਸ ਨੇ ਅਜਿਹੇ 60 ਗੀਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਗੀਤਾਂ ਨੇ ਪੰਜਾਬੀ ਦੇ ਸੰਗੀਤਕ ਪ੍ਰੇਮੀਆਂ ਦੇ ਦਿਲਾਂ ਨੂੰ ਹਲੂਣਿਆਂ ਹੋਇਆ ਹੈ, ਉਨ੍ਹਾਂ ਵਿੱਚੋਂ ਪਹਿਲੀ ਕਿਸ਼ਤ ਵਿੱਚ ਵੀਹ ਗੀਤਕਾਰਾਂ ਦੇ ਗੀਤਾਂ ਅਤੇ ਉਨ੍ਹਾਂ ਦੇ ਗਾਇਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਹੈ। ਉਸ ਦੀ ਲਾਇਬਰੇਰੀ ਵਿੱਚ ਪੱਥਰ ਦੇ ਤਵੇ, ਪਲਾਸਟਿਕ ਦੇ ਤਵੇ, ਕੈਸਟਾਂ ਅਤੇ ਸੀ.ਡੀਜ਼ ਦਾ ਭੰਡਾਰ ਸ਼ਸ਼ੋਭਤ ਹੈ। ਭਾਵੇਂ ਅੱਜ ਇੰਟਰਨੈਟ ਦਾ ਜ਼ਮਾਨਾ ਹੈ ਪ੍ਰੰਤੂ ਪੁਰਾਤਨ ਗੀਤ ਸੰਗੀਤ ਸਿਰਫ ਤਵਿਆਂ ਵਿੱਚੋਂ ਹੀ ਮਿਲ ਸਕਦਾ ਹੈ। ਉਨ੍ਹਾਂ ਗੁਆਚੇ ਹੋਏ ਗੀਤਾਂ ਦੇ ਰਿਕਾਰਡ ਲੱਭ ਕੇ ਦੁਬਾਰਾ ਮਾਸਟਰਿੰਗ ਕਰਕੇ 200 ਐਲਬਮ ਐਚ.ਐਮ.ਵੀ.ਕੰਪਨੀ ਨੂੰ ਦਿੱਤੀਆਂ ਹਨ, ਜਿਸ ਨੇ ਨਵੇਂ ਸਿਰੇ ਤੋਂ ਕੈਸਿਟਾਂ ਤੇ ਸੀ.ਡੀਜ਼ ਬਣਾ ਕੇ ਮਾਰਕੀਟ ਵਿੱਚ ਲਿਆਂਦੀਆਂ ਹਨ। ਉਹ ਸਿਆਸਤਦਾਨ ਤਾਂ ਨਹੀਂ ਹੈ, ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਐਲਾਨ ਕਰੇਗਾ ਪ੍ਰੰਤੂ ਉਹ ਪੁਰਾਤਨ ਗੀਤਕਾਰਾਂ ਦੇ ਸੰਗੀਤ ਦੀਆਂ ਧੁਨਾਂ ਨਾਲ ਪੰਜਾਬ ਦੀ ਆਬੋ ਹਵਾ ਨੂੰ ਸੁਗੰਧਤ ਕਰਨ ਨਾਲ ਰੰਗਲਾ ਪੰਜਾਬ ਦਾ ਸਪਨਾ ਸਾਕਾਰ ਕਰ ਰਿਹਾ ਹੈ। ਉਹ ਗੀਤਕਾਰ ਜਿਨ੍ਹਾਂ ਦੇ ਗੀਤ ਹਿਟ ਹੋਏ ਹਨ, ਪਰੰਤੂ ਸੰਗੀਤ ਦਾ ਰਸ ਮਾਨਣ ਵਾਲੇ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਹੀ ਨਹੀਂ। ਗੀਤਕਾਰ ਗਿਆਨ ਚੰਦ ਧਵਨ ਜਿਹੜੇ ਜੀ.ਸੀ.ਧਵਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਉਸ ਦੇ ਲਿਖੇ ਕੁੱਝ ਗੀਤਾਂ ਨੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਮੁਹੰਮਦ ਰਫੀ ਅਤੇ ਸਰਦਾਰ ਅਲੀ ਨੇ ਵਰਗੇ ਗਾਇਕਾਂ ਨੇ ਗਾਇਆ ਪ੍ਰੰਤੂ ਸੰਗੀਤ ਪ੍ਰੇਮੀਆਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਗੀਤਾਂ ਦਾ ਲੇਖਕ ਕੌਣ ਹੈ। ਉਨ੍ਹਾਂ ਗੀਤਾਂ ਵਿੱਚੋਂ ਕੁਝ ਸ਼ੇਅਰ ਹੇਠ ਲਿਖੇ ਅਨੁਸਾਰ ਹਨ-
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ।
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ।
ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ।-(ਸੁਰਿੰਦਰ ਕੌਰ-ਪ੍ਰਕਾਸ਼ ਕੌਰ)
ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ੳੁੱਥੇ ਲੈ ਚਲ ਚਰਖਾ ਮੇਰਾ ਵੇ, ਜਿੱਥੇ ਤੇਰੇ ਹਲ ਚਲਦੇ।-(ਸੁਰਿੰਦਰ ਕੌਰ)
ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ।-(ਪ੍ਰਕਾਸ਼ ਕੌਰ)
ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚਲ ਮੇਰੇ ਨਾਲ ਕੁੜੇ।-(ਆਸਾ ਸਿੰਘ ਮਸਤਾਨਾ)
ਮੁੰਡੇ ਮਰ ਗਏ ਕਮਾਈਆਂ ਕਰਦੇ, ਨੀ ਹਾਲੇ ਤੇਰੇ ਬੰਦ ਨਾ ਬਣੇ।
ਸਾਡੀ ਰੁੱਸ ਗਈ ਝਾਂਜਰਾਂ ਵਾਲੀ ਤੇ ਸਾਡੇ ਭਾਣੇ ਰੱਬ ਰੁੱਸਿਆ-(ਮੁਹੰਮਦ ਰਫੀ)
ਮੇਰਾ ਢੋਲ ਨੀਂ ਮੱਕੀ ਦਾ ਰਾਖਾ, ਡੱਬ ਵਿੱਚ ਲਿਆਵੇ ਛੱਲੀਆਂ।-(ਮੁਹੰਮਦ ਸਦੀਕ)
ਚੀਕੇ ਚਰਖਾ ਗੋਬਿੰਦੀਏ ਤੇਰਾ ਤੇ ਲੋਕਾਂ ਭਾਣੇ ਮੋਰ ਕੂਕਦਾ।-(ਸਰਦਾਰ ਅਲੀ)
ਅਜਿਹੇ 60 ਗੀਤਕਾਰਾਂ ਬਾਰੇ ਜਾਣਕਾਰੀ ਅਸ਼ੋਕ ਬਾਂਸਲ ਮਾਨਸਾ ਦੀ ਲਾਇਬਰੇਰੀ ਦਾ ਸ਼ਿੰਗਾਰ ਬਣੀ ਹੋਈ ਹੈ। ਅਸ਼ੋਕ ਬਾਂਸਲ ਅਜੇ ਵੀ ਪੂਰੀ ਤਰ੍ਹਾਂ ਸਰਗਰਮ ਹੈ, ਉਮੀਦ ਕੀਤੀ ਜਾਂਦੀ ਹੈ ਕਿ ਭਵਿਖ ਵਿੱਚ ਵੀ ਉਹ ਕੋਈ ਸੰਗੀਤਕ ਸੱਪ ਕੱਢਕੇ ਲਿਆਵੇਗਾ, ਜਿਸ ਨਾਲ ਸੰਗੀਤਕ ਜਗਤ ਹੋਰ ਮਹਿਕ ਖਿਲਾਰਦਾ ਹੋਇਆ ਪੰਜਾਬੀਆਂ ਦੀ ਸੰਗੀਤਕ ਭੁੱਖ ਦੀ ਤ੍ਰਿਪਤੀ ਕਰੇਗਾ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.