ਜਿਉਂ-ਜਿਉਂ ਤਕਨਾਲੋਜੀ ’ਚ ਵਾਧਾ ਹੋ ਰਿਹਾ ਹੈ, ਮਨੁੱਖੀ ਜੀਵਨ ਦੀਆਂ ਆਰਾਮਦਾਇਕ ਸਹੂਲਤਾਂ ’ਚ ਵੀ ਵਾਧਾ ਹੋ ਰਿਹਾ ਹੈ। ਅੱਜ ਵਰਦਾਨ ਮੰਨੀ ਜਾਂਦੀ ਤਕਨਾਲੋਜੀ ਕਈ ਖੇਤਰਾਂ ’ਚ ਮਨੁੱਖ ਦੇ ਨੁਕਸਾਨ ਦਾ ਕਾਰਨ ਬਣ ਰਹੀ ਹੈ। ਅਜਿਹਾ ਹੀ ਵੱਡਾ ਨੁਕਸਾਨ, ਜੋ ਆਧੁਨਿਕ ਤਕਨਾਲੋਜੀ ਦੀ ਦੇਣ ਮੰਨਿਆ ਜਾ ਰਿਹਾ ਹੈ ਉਹ ਹੈ ਛੋਟੇ ਬੱਚਿਆਂ ’ਚ ਨਿਰਧਾਰਤ ਸਮੇਂ ਤੋਂ ਦੇਰ ਨਾਲ ਬੋਲਣ ਦੀ ਸਮੱਸਿਆ
ਤਕਨਾਲੋਜੀ ਬਣ ਰਹੀ ਬੱਚਿਆਂ ’ਚ ਰੋਗਾਂ ਦਾ ਕਾਰਨ
ਜਿਉਂ-ਜਿਉਂ ਤਕਨਾਲੋਜੀ ’ਚ ਵਾਧਾ ਹੋ ਰਿਹਾ ਹੈ, ਮਨੁੱਖੀ ਜੀਵਨ ਦੀਆਂ ਆਰਾਮਦਾਇਕ ਸਹੂਲਤਾਂ ’ਚ ਵੀ ਵਾਧਾ ਹੋ ਰਿਹਾ ਹੈ। ਅੱਜ ਵਰਦਾਨ ਮੰਨੀ ਜਾਂਦੀ ਤਕਨਾਲੋਜੀ ਕਈ ਖੇਤਰਾਂ ’ਚ ਮਨੁੱਖ ਦੇ ਨੁਕਸਾਨ ਦਾ ਕਾਰਨ ਬਣ ਰਹੀ ਹੈ। ਅਜਿਹਾ ਹੀ ਵੱਡਾ ਨੁਕਸਾਨ, ਜੋ ਆਧੁਨਿਕ ਤਕਨਾਲੋਜੀ ਦੀ ਦੇਣ ਮੰਨਿਆ ਜਾ ਰਿਹਾ ਹੈ ਉਹ ਹੈ ਛੋਟੇ ਬੱਚਿਆਂ ’ਚ ਨਿਰਧਾਰਤ ਸਮੇਂ ਤੋਂ ਦੇਰ ਨਾਲ ਬੋਲਣ ਦੀ ਸਮੱਸਿਆ, ਜੋ ਤਕਰੀਬਨ ਅੱਜ 40 ਫ਼ੀਸਦੀ ਬੱਚਿਆਂ ’ਚ ਪਾਈ ਜਾ ਰਹੀ ਹੈ। ਇਸ ਸਮੱਸਿਆ ਦੇ ਵਧਣ ਦੇ ਵੱਖ-ਵੱਖ ਕਾਰਨ ਹਨ।
ਬਿਮਾਰੀ ਦੇ ਲੱਛਣ
ਮਨੁੱਖੀ ਜੀਵਨ ’ਚ ਸਰੀਰ ਨੂੰ ਜਦੋਂ ਕੋਈ ਬਿਮਾਰੀ ਘੇਰਦੀ ਹੈ ਤਾਂ ਉਹ ਆਪਣੇ ਆਉਣ ਦੇ ਲੱਛਣ ਪਹਿਲਾਂ ਦਰਸਾਉਣ ਲੱਗ ਪੈਂਦੀ ਹੈ। ਜੇ ਸਮਾਂ ਰਹਿੰਦਿਆਂ ਉਨ੍ਹਾਂ ਲੱਛਣਾਂ ਨੂੰ ਪਛਾਣ ਕੇ ਉਸ ਦੇ ਹੱਲ ਕੱਢ ਲਏ ਜਾਣ ਤਾਂ ਅਸੀਂ ਉਸ ਬਿਮਾਰੀ ਦੇ ਕਹਿਰ ਤੋਂ ਬਚ ਸਕਦੇ ਹਾਂ। ਜੇ ਸਮਾਂ ਰਹਿੰਦਿਆਂ ਗੌਰ ਨਾ ਕੀਤੀ ਜਾਵੇ ਤਾਂ ਬਿਮਾਰੀ ਦੀ ਉਲਝਣ ਕਾਰਨ ਇਲਾਜ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਛੋਟੀ ਉਮਰ ਦੇ ਬੱਚਿਆਂ ’ਚ ਦੇਰੀ ਨਾਲ ਬੋਲਣ ਦੀ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਆਮ ਜ਼ਿੰਦਗੀ ’ਚ ਇਕ ਬੱਚਾ ਆਪਣੇ ਜਨਮ ਤੋਂ ਲਗਪਗ 18 ਮਹੀਨਿਅ ਤੱਕ ਇਕਹਿਰੇ ਸ਼ਬਦਾਂ ਨੂੰ ਬੋਲਣਾ ਤੇ ਸਮਝਣਾ ਸ਼ੁਰੂ ਕਰ ਦਿੰਦਾ ਹੈ। ਕਈ ਬੱਚੇ ਇਸ ਸਮੇਂ ਤੋਂ ਕੁਝ ਪਹਿਲਾਂ ਹੀ ਇਕੱਲੇ ਸ਼ਬਦਾਂ ਨੂੰ ਬੋਲਣਾ ਸਿੱਖ ਜਾਂਦੇ ਹਨ। ਕੁਝ ਬੱਚੇ ਅਜਿਹੇ ਹੁੰਦੇ ਹਨ, ਜਿਨ੍ਹਾਂ ’ਚ 24 ਤੋਂ 36 ਮਹੀਨਿਆਂ ਦਾ ਸਮਾਂ ਲੰਘਣ ਤੋਂ ਬਾਅਦ ਵੀ ਇਕਹਿਰੇ ਸ਼ਬਦਾਂ ਨੂੰ ਬੋਲਣ ਤੇ ਸਮਝਣ ਦੀ ਸਮਰੱਥਾ ਦਾ ਵਿਕਾਸ ਨਹੀਂ ਹੁੰਦਾ। ਇਹ ਵੱਡਾ ਲੱਛਣ ਹੁੰਦਾ ਹੈ ਕਿ ਬੱਚਾ ਦੇਰੀ ਨਾਲ ਬੋਲਣ ਦੀ ਸਮੱਸਿਆ ਦਾ ਪੀੜਤ ਹੋ ਗਿਆ ਹੈ। ਕਈ ਵਾਰ ਬੱਚੇ ਦਾ ਜਨਮ ਤੋਂ ਹੀ ਮੰਦਬੁੱਧੀ ਹੋਣਾ ਵੱਡਾ ਕਾਰਨ ਹੁੰਦਾ ਹੈ।
ਦੂਜਾ ਲੱਛਣ ਇਹ ਵੀ ਹੈ ਕਿ ਜੇ ਬੱਚਾ 24 ਮਹੀਨਿਆਂ ਤੋਂ ਬਾਅਦ ਵੀ ਸਾਡੀ ਗੱਲ ਸੁਣਨ ਤੋਂ ਬਾਅਦ ਸਾਡੇ ਨਾਲ ਸਿੱਧੀਆਂ ਨਜ਼ਰਾਂ ਨਹੀਂ ਮਿਲਾਉਦਾਂ ਜਾਂ ਫਿਰ ਬੋਲਣ ਵਾਲੇ ਵਿਅਕਤੀ ਨੂੰ ਅਣਦੇਖਿਆ ਕਰਦਾ ਹੈ ਤੇ ਗੱਲ ਸਮਝਣ ’ਚ ਦੇਰੀ ਲਗਾਉਂਦਾ ਹੈ ਤਾਂ ਇਹ ਲੱਛਣ ਦੇਰ ਨਾਲ ਬੋਲਣ ਦੀ ਸਮੱਸਿਆ ਦੀ ਸ਼ੁਰੂਆਤ ਹੁੰਦੇ ਹਨ। ਬਾਕੀ 50 ਫ਼ੀਸਦੀ ਬੱਚੇ ਸਾਡੀਆਂ ਖ਼ੁਦ ਦੀਆਂ ਗ਼ਲਤੀਆਂ ਜਾਂ ਅਣਗਹਿਲੀਆਂ ਕਾਰਨ ਹੀ ਦੇਰੀ ਨਾਲ ਬੋੋਲਣ ਦੀ ਸਮੱਸਿਆ ਦਾ ਸ਼ਿਕਾਰ ਹੁੰਦੇ ਹਨ।
ਆਧੁਨਿਕ ਸਮੇਂ ’ਚ ਸਭ ਤੋਂ ਵੱਡਾ ਕਾਰਨ ਤਕਨਾਲੋਜੀ ਹੈ, ਜਿਸ ਦੀ ਗ਼ਲਤ ਵਰਤੋਂ ਤੇ ਲੋੜ ਤੋਂ ਜ਼ਿਆਦਾ ਹੋ ਰਹੀ ਵਰਤੋਂ ਹੀ ਬੱਚਿਆ ਵਿਚ ਦੇਰੀ ਨਾਲ ਬੋਲਣ ਦਾ ਕਾਰਨ ਬਣ ਰਹੀ ਹੈ। ਜੇ ਬੱਚਾ 2-4 ਸਾਲ ਤੱਕ ਬੋਲਣਾ ਨਹੀਂ ਸ਼ੁਰੂ ਕਰਦਾ ਤਾਂ ਅਸੀਂ ਉਸ ਨੂੰ ਦੇਰ ਨਾਲ ਬੋਲਣ ਦੇ ਰੋਗ ਦਾ ਸ਼ਿਕਾਰ ਕਹਾਂਗੇ, ਜਿਸ ਦਾ ਇਲਾਜ ਕਰਵਾਉਣਾ ਲਾਜ਼ਮੀ ਹੁੰਦਾ ਹੈ।
ਟੀਵੀ ਤੇ ਮੋਬਾਈਲ ਦੀ ਜ਼ਿਆਦਾ ਵਰਤੋਂ
ਤਕਨਾਲੋਜੀ ਦੀ ਤਰੱਕੀ ਸਦਕਾ ਹੀ ਅੱਜ ਦੁਨੀਆ ’ਚ ਬੱਚੇ-ਬੱਚੇ ਦੇ ਹੱਥ ਵਿਚ ਮੋਬਾਈਲ ਆ ਗਿਆ ਹੈ। ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਲਈ ਸਮਾਂ ਨਾ ਕੱਢ ਸਕਣ ਕਾਰਨ ਬੱਚਿਆਂ ਵੱਲੋਂ ਜ਼ਿਆਦਾ ਸਮਾਂ ਟੀਵੀ ਦੇਖਣਾ ਜਾਂ ਫਿਰ ਹਰ ਸਮੇਂ ਮੋਬਾਈਲ ਦੀ ਵਰਤੋਂ ਕਰ ਕੇ ਟਾਈਮਪਾਸ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ, ਜੋ ਬੋਲਣ ਦਾ ਵਿਕਾਸ ਦੇਰੀ ਨਾਲ ਹੋਣ ਦਾ ਕਾਰਨ ਬਣ ਰਿਹਾ ਹੈ। ਮਾਪੇ ਆਪਣੀ ਸਹੂਲਤ ਲਈ ਛੋਟੇ ਬੱਚਿਆਂ ਨੂੰ ਜ਼ਿਆਦਾ ਸਮਾਂ ਟੀਵੀ ’ਤੇ ਕਾਰਟੂਨ ਦੇਖਣ ਜਾਂ ਮੋਬਾਈਲ ’ਤੇ ਗੇਮ ਖੇਡਣ ਲਈ ਪ੍ਰੇਰਦੇ ਹਨ, ਜਿਸ ਕਾਰਨ ਬੱਚਿਆਂ ਵਿਚ ਆਪਸੀ ਬੋਲਚਾਲ ਦੀ ਸਮਰੱਥਾ ਦਾ ਵਿਕਾਸ ਦੇਰੀ ਨਾਲ ਹੁੰਦਾ ਹੈ। ਬੱਚਾ ਸਿਰਫ ਇਕਤਰਫਾ ਸੰਚਾਰ ਹੀ ਕਰਦਾ ਹੈ, ਜਿਸ ਕਾਰਨ ਉਸ ਵਿਚ ਬੋਲਣ ਦੀ ਕਿਰਿਆ ਨਾਲੋਂ ਦੇਖਣ ਦੀ ਕਿਰਿਆ ਦਾ ਜ਼ਿਆਦਾ ਵਿਕਾਸ ਹੁੰਦਾ ਹੈ। ਜ਼ਿਆਦਾ ਟੀਵੀ ਦੇਖਣ ਨਾਲ ਜਿੱਥੇ ਨਜ਼ਰ ’ਤੇ ਬੁਰਾ ਪ੍ਰਭਾਵ ਪੈਂਦਾ ਹੈ, ਨਾਲ ਹੀ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਸੁਣਨ ਸ਼ਕਤੀ ’ਤੇ ਵੀ ਅਸਰ ਪੈਂਦਾ ਹੈ। ਅੱਜ ਅਜਿਹੇ ਸਾਧਨਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਸਰੀਰਕ ਨੁਕਸਾਨ ਦਾ ਕਾਰਨ ਬਣ ਰਹੀ ਹੈ।
ਸਰੀਰਕ ਬਿਮਾਰੀਆਂ ’ਚ ਵਾਧਾ
ਮਾਪਿਆਂ ਦੀਆਂ ਗ਼ਲਤੀਆਂ ਸਦਕਾ ਅੱਜ ਛੋਟੇ ਬੱਚਿਆਂ ਦੀਆਂ ਸਰੀਰਕ ਬਿਮਾਰੀਆਂ ’ਚ ਵੀ ਕਾਫ਼ੀ ਵਾਧਾ ਹੋ ਰਿਹਾ ਹੈ। ਜੇ ਦੋ-ਤਿੰਨ ਦਹਾਕੇ ਪਹਿਲਾਂ ਦੇ ਬੱਚਿਆਂ ਦੀ ਤੁਲਨਾ ਅੱਜ ਦੀ ਪੀੜ੍ਹੀ ਨਾਲ ਕੀਤੀ ਜਾਵੇ ਤਾਂ ਸਾਡੇ ਸਾਹਮਣੇ ਬਹੁਤ ਹੀ ਚਿੰਤਾਜਨਕ ਨਤੀਜੇ ਆਉਂਦੇ ਹਨ। ਉਨ੍ਹਾਂ ਸਮਿਆਂ ’ਚ ਤਕਨਾਲੋਜੀ ਦੀ ਘਾਟ, ਬਾਹਰੀ ਵਧੀਆ ਵਾਤਾਵਰਨ ਅਤੇ ਮਾਪਿਆਂ ਦਾ ਹਰ ਸਮੇਂ ਬੱਚਿਆਂ ਨਾਲ ਵਿਚਰਨਾ ਹੀ ਉਨ੍ਹਾਂ ਵਿਚ ਬਿਮਾਰੀਆਂ ਨਾ ਹੋਣ ਦਾ ਵੱਡਾ ਕਾਰਨ ਸੀ। ਇਸ ਦੇ ਉਲਟ ਅੱਜ ਮਾਪਿਆਂ ਦਾ ਬੱਚਿਆ ਲਈ ਸਮਾਂ ਨਾ ਕੱਢਣਾ ਤੇ ਅਯੋਗ ਵਾਤਾਵਰਨ ਮਿਲਣ ਕਾਰਨ ਹੀ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਕਈ ਤਰ੍ਹਾਂ ਦੇ ਸਰੀਰਕ ਰੋਗ ਜਕੜ ਰਹੇ ਹਨ। ਹਰ ਸਮੇਂ ਟੀਵੀ, ਮੋਬਾਈਲ, ਕੰਪਿਊਟਰ, ਇੰਟਰਨੈੱਟ ਦੀ ਲਗਾਤਾਰ ਇੱਕੋ ਸਥਿਤੀ ਵਿਚ ਬੈਠ ਕੇ ਵਰਤੋਂ ਕਰਨ ਨਾਲ ਦੇਸ਼ ਦੇ ਲਗਪਗ 45 ਫ਼ੀਸਦੀ ਬੱਚੇ ਛੋਟੀ ਉਮਰ ਵਿਚ ਹੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਅੱਗੇ ਜਾ ਕੇ ਸ਼ੂਗਰ ਦਾ ਕਾਰਨ ਵੀ ਬਣ ਜਾਂਦਾ ਹੈ।
ਯੋਗ ਵਾਤਾਵਰਨ ਨਾ ਮਿਲਣਾ
ਇਸ ਤੋਂ ਇਲਾਵਾ ਦੇਰੀ ਨਾਲ ਬੋਲਣ ਦੀ ਸਮੱਸਿਆ ਦਾ ਵੱਡਾ ਕਾਰਨ ਬੱਚੇ ਨੂੰ ਜਨਮ ਤੋਂ ਹੀ ਸਹੀ ਵਾਤਾਵਰਨ ਨਾ ਮਿਲਣਾ ਵੀ ਹੁੰਦਾ ਹੈ। ਅੱਜ ਦੇ ਵਿਗਿਆਨਕ ਤੇ ਮਹਿੰਗਾਈ ਦੇ ਯੁੱਗ ’ਚ ਹਰ ਪਰਿਵਾਰ ਦੇ ਤਕਰੀਬਨ ਸਾਰੇ ਮੈਂਬਰ ਹੀ ਨੌਕਰੀਸ਼ੁਦਾ ਹੁੰਦੇ ਹਨ, ਜਿਸ ਕਾਰਨ ਬੱਚੇ ਨੂੰ ਜਨਮ ਤੋਂ ਅਜਿਹਾ ਵਾਤਾਵਰਨ ਮਿਲਦਾ ਹੈ, ਜਿਸ ਵਿਚ ਉਸ ਨੂੰ ਸਵੇਰ ਤੋਂ ਸ਼ਾਮ ਤੱਕ ਇਕੱਲੇ ਕਿਸੇ ਘਰ ਦੇ ਵੱਡੇ ਬਜ਼ੁਰਗ ਜਾਂ ਕੰਮ ਵਾਲੀ ਕੋਲ ਹੀ ਰਹਿਣਾ ਪੈਂਦਾ ਹੈ, ਜੋ ਬਹੁਤ ਹੀ ਸ਼ਾਂਤ ਮਾਹੌਲ ਹੁੰਦਾ ਹੈ, ਜਿਸ ਕਾਰਨ ਬੱਚੇ ਵਿਚ ਬੋਲਣ ਦੀ ਕਿਰਿਆ ਦਾ ਛੇਤੀ ਵਿਕਾਸ ਨਹੀਂ ਹੁੰਦਾ। ਮਾਪਿਆਂ ਦਾ ਬੱਚਿਆਂ ਨਾਲ ਲੋੜ ਮੁਤਾਬਿਕ ਨਾ ਬੋਲਣਾ ਤੇ ਰੁੱਝੇ ਰਹਿਣਾ ਹੀ ਬੱਚਿਆਂ ਵਿਚ ਬੋਲਚਾਲ ਦੀ ਭਾਸ਼ਾ ਦਾ ਵਿਕਾਸ ਨਾ ਹੋਣ ਦਾ ਵੱਡਾ ਕਾਰਨ ਬਣ ਰਿਹਾ ਹੈ।
ਵਿਹਾਰਕ ਤਬਦੀਲੀ
ਉਪਰੋਕਤ ਕਾਰਨਾਂ ਕਰਕੇ ਹੀ ਅੱਜ ਦੇ ਸਮੇਂ ਵਿਚ ਛੋਟੀ ਉਮਰ ਦੇ ਬੱਚਿਆਂ ਵਿਚ ਕਈ ਪ੍ਰਕਾਰ ਦੇ ਰੋਗਾਂ ਦਾ ਵਾਧਾ ਹੋ ਰਿਹਾ ਹੈ। ਮਾਪਿਆਂ ਦੀਆਂ ਗ਼ਲਤੀਆਂ ਤੇ ਤਕਨਾਲੋਜੀ ਦੀ ਦੁਰਵਰਤੋਂ ਸਦਕਾ ਹੀ ਅੱਜ ਕੁਝ ਫ਼ੀਸਦੀ ਵਿਚ ਨਿੱਕੀ ਉਮਰੇ ਹੀ ਬੱਚੇ ਔਟੀਜ਼ਮ ਦਾ ਸ਼ਿਕਾਰ ਹੋ ਰਹੇ ਹਨ। ਇਹ ਵਿਹਾਰ ਦੀ ਅਜਿਹੀ ਤਬਦੀਲੀ ਹੁੰਦੀ ਹੈ, ਜਿਸ ’ਚ ਬੱਚੇ ਸਿਰਫ਼ ਆਪਣੇ ਆਪ ਵਿਚ ਹੀ ਖੋਏ ਰਹਿੰਦੇ ਹਨ। ਉਹ ਹਰ ਗੱਲ ਨੂੰ ਸੁਣਨ ਤੇ ਸਮਝਣ ’ਚ ਦੇਰੀ ਲਾਉਂਦੇ ਹਨ। ਜ਼ਿਆਦਾਤਰ ਮਾਪੇ ਇਨ੍ਹਾਂ ਲੱਛਣਾਂ ਨੂੰ ਆਮ ਸਮਝ ਕੇ ਬੱਚੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਪਰ ਇਸ ਸਮੱਸਿਆ ਨੂੰ ਜੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਤਾਂ ਭਵਿੱਖ ’ਚ ਇਹ ਸਮੱਸਿਆ ਬੱਚੇ ਦੇ ਸਰੀਰਕ ਤੇ ਮਾਨਸਿਕ ਰੋਗਾਂ ਦਾ ਕਾਰਨ ਵੀ ਬਣਦੀ ਹੈ।
ਸੁਝਾਅ
ਸਭ ਤੋਂ ਪਹਿਲਾਂ ਅੱਜ ਹਰ ਮਾਪੇ ਵੱਲੋਂ ਬੱਚਿਆਂ ਨੂੰ ਮੋਬਾਈਲ, ਟੀਵੀ, ਇੰਟਰਨੈੱਟ ਦੀ ਵਰਤੋਂ ਲਈ ਸਿਰਫ਼ ਨਿਰਧਾਰਤ ਸਮਾਂ ਹੀ ਦਿੱਤਾ ਜਾਵੇ।
ਬੱਚਿਆਂ ਨੂੰ ਜ਼ਿਆਦਾ ਤੋਂ ਜਿਆਦਾ ਬਾਹਰੀ ਖੇਡਾਂ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਸਹੀ ਤਰੀਕੇ ਨਾਲ ਹੁੰਦਾ ਹੈ।
ਬੱਚਿਆਂ ਨੂੰ ਯੋਗਾ ਕਰਨ ਤੇ ਹੋਰ ਸਰੀਰਕ ਕਸਰਤਾਂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਜੋ ਸਰੀਰਕ ਤੇ ਮਾਨਿਸਕ ਸਥਿਤੀ ਨੂੰ ਮਜ਼ਬੂਤ ਕਰਦੀਆਂ ਹਨ।
ਜ਼ਿਆਦਾ ਛੋਟੀ ਉਮਰ ਦੇ ਬੱਚਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੱਲਾਂ ਕਰਨੀਆਂ ਚਾਹੀਦੀਆਂ ਹਨ, ਜੋ ਉਨ੍ਹਾਂ ਦੀ ਬੋਲਣ ਦੀ ਕਿਰਿਆ ਦੇ ਵਿਕਾਸ ਵਿਚ ਮਦਦਗਾਰ ਸਾਬਿਤ ਹੁੰਦੀਆਂ ਹਨ ਤੇ ਉਨ੍ਹਾਂ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਇਕੱਲੇ ਖੇਡਣ ਤੋਂ ਜ਼ਿਆਦਾ ਬਿਹਤਰ ਹੈ ਸਮਾਂ ਕੱਢ ਕੇ ਉਨ੍ਹਾਂ ਨਾਲ ਆਪ ਖੇਡਣਾ ਚਾਹੀਦਾ ਹੈ।
ਜੇ ਕੋਈ ਬੱਚਾ ਦੇਰੀ ਨਾਲ ਬੋਲਣ ਸਬੰਧਤ ਬਿਮਾਰੀ ਦੇ ਲੱਛਣ ਦਰਸਾਉਂਦਾ ਹੈ ਤਾਂ ਉਸ ਨੂੰ ਤਰੁੰਤ ਸਪੀਚ ਥੈਰੇਪੀ ਦੇ ਮਾਹਿਰ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.