ਬਿਕਰਮ ਸਿੰਘ ਗਰੇਵਾਲ ਸਾਬਕਾ ਮੁੱਖ ਇੰਜਿਨੀਅਰ ਲੋਕ ਨਿਰਮਾਣ (ਬੀ.ਐਂਡ.ਆਰ.) ਵਿਭਾਗ ਪੰਜਾਬ 31 ਜਨਵਰੀ 2024 ਨੂੰ ਆਪਣਾ 101ਵਾਂ ਜਨਮ ਦਿਨ ਮਨਾਉਣ ਤੋਂ 15 ਦਿਨ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 2023 ਵਿੱਚ ਉਨ੍ਹਾਂ ਦਾ 100ਵਾਂ ਜਨਮ ਦਿਨ ਧੂਮ ਧਾਮ ਨਾਲ ਪੰਜਾਬ ਇੰਜਿਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਇੰਜਿਨੀਅਰਜ਼ ਅਲੂਮਨੀ ਨੇ ਬਿਕਰਮ ਸਿੰਘ ਗਰੇਵਾਲ ਨੂੰ ਬਿਹਤਰੀਨ ਜ਼ਿੰਦਗੀ ਦੇ 100 ਸਾਲ ਪੂਰੇ ਕਰਨ ਲਈ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਦੇ ਕੇ ਸਨਮਾਨਤ ਕਰਦਿਆਂ ਤੇ ਮਨਾਉਂਦਿਆਂ ਕਿਹਾ ਸੀ ‘‘ਬਿਕਰਮ ਸਿੰਘ ਗਰੇਵਾਲ ਇੰਜਿਨੀਅਰਿੰਗ ਜਗਤ ਲਈ ਰੋਲ ਮਾਡਲ ਹਨ। ਬਿਕਰਮ ਸਿੰਘ ਗਰੇਵਾਲ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਦਾ ਮਾਣ ਸਨ, ਜਿਨ੍ਹਾਂ ਦਿਆਨਤਦਾਰੀ ਨਾਲ ਨੌਕਰੀ ਕਰਦਿਆਂ ਜ਼ਿੰਦਗੀ ਦੇ 10 ਦਹਾਕਿਆਂ ਦਾ ਲੁਤਫ਼ ਲਿਆ ’’।
ਅੱਜ ਦੇ ਇੰਜਿਨੀਅਰਜ਼ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਭਰਿਸ਼ਟਾਚਾਰ ਵਰਗੀ ਸਮਾਜਿਕ ਲਾਹਣਤ ਜੋ ਕੈਂਸਰ ਦੀ ਬਿਮਾਰੀ ਦੀ ਤਰ੍ਹਾਂ ਸਮਾਜ ਵਿੱਚ ਫੈਲ ਗਈ ਹੈ, ਤੋਂ ਖਹਿੜਾ ਛੁਡਾਇਆ ਜਾ ਸਕੇ। ਉਨ੍ਹਾਂ ਨੂੰ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਇਮਾਨਦਾਰੀ ਦੇ ਪਹਿਰੇਦਾਰ ਦੇ ਤੌਰ ‘ਤੇ ਜਾਣਿਆਂ ਜਾਂਦਾ ਸੀ। ਉਨ੍ਹਾਂ ਦੇ ਜਾਣ ਨਾਲ ਇਮਾਨਦਾਰੀ ਦੀ ਪੁਰਾਤਨ ਵਿਰਾਸਤ ਦੀ ਇੱਕ ਪੁਸ਼ਤ ਦਾ ਇੱਕ ਥੰਮ ਗਿਰ ਗਿਆ ਹੈ। ਉਨ੍ਹਾਂ ਆਪਣੀ ਸਰਕਾਰੀ ਨੌਕਰੀ ਲੋਕ ਸੇਵਕ ਦੇ ਤੌਰ ‘ਤੇ ਮਿਸ਼ਨਰੀ ਸਪਿਰਿਟ ਨਾਲ ਕੀਤੀ ਸੀ। ਵਰਤਮਾਨ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਲਈ ਉਹ ਚਾਨਣ ਮੁਨਾਰਾ ਸਨ। ਉਨ੍ਹਾਂ ਸਾਰੀ ਉਮਰ ਮਨੁੱਖੀ ਜੀਵਨ ਨੂੰ ਪਰਮਾਤਮਾ ਵੱਲੋਂ ਇੱਕ ਵਾਰ ਦਿੱਤਾ ਤੋਹਫ਼ਾ ਸਮਝਦਿਆਂ ਹਮੇਸ਼ਾ ਇਨਸਾਫ਼ ਦੀ ਤਰਾਜੂ ਦਾ ਪੱਲਾ ਫੜੀ ਰੱਖਿਆ। ਉਹ ਦ੍ਰਿੜ੍ਹ ਇਰਾਦੇ ਦੇ ਮਾਲਕ ਸਨ।
ਉਹ 1981 ਵਿੱਚ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ ਪ੍ਰੰਤੂ ਸੇਵਾ ਮੁਕਤੀ ਤੋਂ ਬਾਅਦ ਆਪਣੀ ਕਾਰ ਆਪ ਚਲਾ ਕੇ 98 ਸਾਲ ਦੀ ਉਮਰ ਤੱਕ ਗੋਲਫ ਕਲੱਬ ਚੰਡੀਗੜ੍ਹ ਵਿੱਚ ਗੋਲਫ ਖੇਡਦੇ ਰਹੇ। ਸਿਰਫ ਪਿਛਲੇ ਦੋ ਸਾਲਾਂ ਤੋਂ ਗੋਲਫ਼ ਖੇਡਣਾ ਛੱਡਿਆ ਸੀ। ਅਜੇ ਵੀ ਉਹ ਚੁਸਤ ਫਰੁਸਤ, ਤੰਦਰੁਸਤ ਅਤੇ ਤੁਰਦੇ ਫਿਰਦੇ ਸਨ। ਉਨ੍ਹਾਂ ਦੀ ਯਾਦਾਸ਼ਤ ਅਖ਼ੀਰ ਤੱਕ ਬਰਕਰਾਰ ਰਹੀ ਹੈ। ਇਮਾਨਦਾਰੀ ਦੀ ਆਵਾਜ਼ ਉਸੇ ਤਰ੍ਹਾਂ ਗੜ੍ਹਕਦੀ ਰਹੀ।
ਉਹ ਸਾਰੀ ਉਮਰ ਸਚਾਈ ਅਤੇ ਇਮਾਨਦਾਰੀ ਤੇ ਪਹਿਰਾ ਦਿੰਦੇ ਰਹੇ, ਉਨ੍ਹਾਂ ਆਪਣੀ ਨੌਕਰੀ ਧੜੱਲੇ ਅਤੇ ਖ਼ੁਦਦਾਰੀ ਨਾਲ ਆਪਣੀਆਂ ਸ਼ਰਤਾਂ ‘ਤੇ ਕੀਤੀ ਅਤੇ ਨਾ ਹੀ ਕਿਸੇ ਦੀ ਈਨ ਮੰਨੀ ਅਤੇ ਨਾ ਮਨਵਾਈ ਹੈ। ਆਪਣੇ ਸਰਕਾਰੀ ਅਹੁਦੇ ਦੇ ਫ਼ਰਜਾਂ ਦੀ ਪਹਿਰੇਦਾਰੀ ਕੀਤੀ। ਇਨਸਾਫ ਦੀ ਤਰਾਜੂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ। ਹਮੇਸ਼ਾ ਹੱਕ ਤੇ ਸੱਚ ‘ਤੇ ਪਹਿਰਾ ਦਿੱਤਾ। ਕਦੀਂ ਵੀ ਕਿਸੇ ਸੀਨੀਅਰ ਅਧਿਕਾਰੀ ਜਾਂ ਸਿਆਸਤਦਾਨ ਦੇ ਕਹਿਣ ‘ਤੇ ਗ਼ਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਕਰਨ ਦਿੱਤਾ ਭਾਵੇਂ ਉਸ ਨੂੰ ਇਸ ਕਰਕੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਸੀਨੀਅਰ ਅਧਿਕਾਰੀਆਂ ਦੀ ਤਾਂ ਛੱਡੋ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੀ ਗ਼ਲਤ ਹੁਕਮਾ ਨੂੰ ਅਣਡਿਠ ਕਰ ਦਿੰਦੇ ਸਨ।
ਕੋਈ ਵੀ ਵਿਅਕਤੀ ਛੇਤੀ ਕੀਤਿਆਂ ਉਨ੍ਹਾਂ ਕੋਲ ਕਿਸੇ ਕਿਸਮ ਦੀ ਸ਼ਿਫਾਰਸ਼ ਕਰਨ ਦੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਕੋਲ ਜਾਣ ਤੋਂ ਹੀ ਤਿਬਕਦਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਉਹ ਸਹੀ ਕੰਮ ਹੀ ਕਰਨਗੇ। ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਕੋਈ ਸਮੱਸਿਆ ਹੁੰਦੀ ਤਾਂ ਉਹ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਸੀ ਪ੍ਰੰਤੂ ਕੰਮ ਉਹ ਤਾਂ ਹੀ ਕਰਦੇ ਸਨ ਜੇਕਰ ਜ਼ਾਇਜ ਅਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਹੋ ਸਕਦਾ ਹੁੰਦਾ ਸੀ। ਵਿਭਾਗ ਵਿੱਚ ਉਹ ਕਿਸੇ ਨਾਲ ਨਾ ਬੇਇਨਸਾਫੀ ਕਰਦੇ ਸਨ ਅਤੇ ਨਾ ਹੀ ਕਰਨ ਦਿੰਦੇ ਸਨ। ਉਨ੍ਹਾਂ ਨੇ ਵਿਭਾਗ ਦੇ ਮੁੱਖੀ ਹੁੰਦਿਆਂ ਭਰਿਸ਼ਟਾਚਾਰ ਨਹੀਂ ਹੋਣ ਦਿੱਤਾ।
ਉਨ੍ਹਾਂ ਦੀ ਸਰਕਾਰੀ ਅਧਿਕਾਰੀ ਦੇ ਤੌਰ ‘ਤੇ ਵੱਖ-ਵੱਖ ਅਹੁਦਿਆਂ ਸਬ ਡਵੀਜਨਲ ਇੰਜੀਨੀਅਰ ਤੋਂ ਮੁੱਖ ਇੰਜੀਨੀਅਰ ਤੱਕ ਦੀ 37 ਸਾਲ ਦਾ ਕੈਰੀਅਰ ਬੇਦਾਗ਼ ਰਿਹਾ। ਲੋਕ ਨਿਰਮਾਣ ਵਿੱਚ ਸੜਕਾਂ, ਪੁਲਾਂ ਅਤੇ ਉਸਾਰੀ ਦੇ ਕੰਮ ਚਲਦੇ ਰਹਿੰਦੇ ਸਨ, ਜਦੋਂ ਉਹ ਦੌਰੇ ਤੇ ਜਾਂਦੇ ਸਨ ਤਾਂ ਆਪਣਾ ਖਾਣਾ ਨਾਲ ਹੀ ਲੈ ਜਾਂਦੇ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਸਾਂਝਾ ਪੰਜਾਬ ਬਹੁਤ ਵੱਡਾ ਸੀ, ਕਈ ਵਾਰ ਕਈ ਰਾਤਾਂ ਬਾਹਰ ਕੱਟਣੀਆਂ ਪੈਂਦੀਆਂ ਸਨ ਤਾਂ ਉਹ ਆਪਣਾ ਬਿਸਤਰਾ, ਖਾਣੇ ਦਾ ਸਾਰਾ ਸਾਮਾਨ, ਸਟੋਵ, ਦਾਲਾਂ, ਸਬਜ਼ੀਆਂ ਅਤੇ ਆਟਾ ਨਾਲ ਹੀ ਲੈ ਜਾਂਦੇ ਸਨ। ਕਿਸੇ ਦਫ਼ਤਰ ਦੇ ਅਧਿਕਾਰੀ ਕੋਲੋਂ ਚਾਹ ਤੱਕ ਨਹੀਂ ਪੀਂਦੇ ਸਨ। ਉਨ੍ਹਾਂ ਦਾ ਪਰਿਵਾਰ ਸਰਦਾਰ ਬਿਕਰਮ ਸਿੰਘ ਗਰੇਵਾਲ ਦੀ ਵਿਰਾਸਤ ‘ਤੇ ਪਹਿਰਾ ਦੇ ਰਿਹਾ ਹੈ।
ਬਿਕਰਮ ਸਿੰਘ ਗਰੇਵਾਲ ਦਾ ਸਿਖਿਆ ਪ੍ਰਾਪਤ ਕਰਨ ਦਾ ਰਿਕਾਰਡ ਵੀ ਬਿਹਤਰੀਨ ਰਿਹਾ ਹੈ। ਉਹ ਹਮੇਸ਼ਾ ਹਰ ਕਲਾਸ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੁੰਦੇ ਰਹੇ। ਉਨ੍ਹਾਂ ਨੇ ਅੱਠਵੀਂ 1936 ਤੇ ਦਸਵੀਂ 1938 ਵਿੱਚ ਮਾਲਵਾ ਹਾਈ ਸਕੂਲ ਲੁਧਿਆਣਾ ਤੋਂ ਫਸਟ ਡਵੀਜਨ ਵਿੱਚ ਪਾਸ ਕਰਕੇ 1940 ਵਿੱਚ ਫੈਕਿਲਿਟੀ ਆਫ ਸਾਇੰਸ (ਐਫ.ਐਸ.ਸੀ) ਖਾਲਸਾ ਕਾਲਜ ਅੰਮਿ੍ਰਤਸਰ ਤੋਂ ਪਾਸ ਕੀਤੀ। ਫਿਰ ਉਨ੍ਹਾਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਲਈ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ। ਉਨ੍ਹਾਂ 1943 ਵਿੱਚ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਡਿਗਰੀ ਕਰਨ ਤੋਂ ਤੁਰੰਤ ਬਾਅਦ 1944 ਵਿੱਚ ਉਨ੍ਹਾਂ ਦੀ ਸਾਂਝੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਵਿੱਚ ਬਤੌਰ ਸਬ ਡਵੀਜਨਲ ਇੰਜੀਨੀਅਰ ਦੀ ਚੋਣ ਹੋ ਗਈ। ਉਨ੍ਹਾਂ ਦੀ ਸਭ ਤੋਂ ਪਹਿਲੀ ਪੋਸਟਿੰਗ ਰਾਵਲਪਿੰਡੀ ਵਿੱਚ ਹੋਈ, ਉਸ ਤੋਂ ਬਾਅਦ ਜਲੰਧਰ ਅਤੇ 1951 ਵਿੱਚ ਉਨ੍ਹਾਂ ਦੀ ਤਰੱਕੀ ਕਾਰਜਕਾਰੀ ਇਜੀਨੀਅਰ ਦੀ ਹੋ ਗਈ ਤੇ ਫੀਰੋਜਪੁਰ ਵਿਖੇ ਤਾਇਨਾਤ ਕਰ ਦਿੱਤੇ ਗਏ।
ਇਸ ਤੋਂ ਬਾਅਦ 1963 ਵਿੱਚ ਸੁਪਰਇਟੈਂਡੈਂਟ ਇੰਜੀਨੀਅਰ ਅਤੇ 1966 ਵਿੱਚ ਪੰਜਾਬ ਦੀ ਵੰਡ ਹੋਣ ਤੋਂ ਬਾਅਦ 1971 ਵਿੱਚ ਮੁੱਖ ਇਜੀਨੀਅਰ ਦੀ ਤਰੱਕੀ ਹੋ ਗਈ, ਉਨ੍ਹਾਂ ਨੂੰ ਵਿਭਾਗ ਦੇ ਮੁੱਖੀ ਨਿਯੁਕਤ ਕਰ ਦਿੱਤਾ ਗਿਆ। 10 ਸਾਲ ਵਿਭਾਗ ਦੇ ਮੁੱਖੀ ਰਹਿਣ ਸਮੇਂ ਉਨ੍ਹਾਂ ਨੇ ਵਿਭਾਗ ਦੀ ਕਾਰਜ਼ ਪ੍ਰਣਾਲੀ ਵਿੱਚ ਵਿਲੱਖਣ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਦੇ ਸਮੇਂ ਬਹੁਤ ਸਾਰੇ ਵਿਭਾਗੀ ਪੁਲਾਂ ਅਤੇ ਸਰਕਾਰੀ ਇਮਾਰਤਾਂ ਦੀ ਉਸਾਰੀ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਅਤੇ ਅੰਮਿ੍ਰਤਸਰ ਮੈਡੀਕਲ ਕਾਲਜ ਦੇ ਨਵੇਂ ਬਲਾਕਾਂ ਅਤੇ ਰੋਹਤਕ ਵਿਖੇ ਨਿਊ ਮੈਡੀਕਲ ਕਾਲਜ ਰੋਹਤਕ ਦੀਆਂ ਇਮਾਰਤਾਂ ਦੀ ਉਸਾਰੀ ਕਰਵਾਈ, ਜਿਹੜੀ ਅੱਜ ਤੱਕ ਬਿਹਤਰੀਨ ਉਸਾਰੀ ਦੀ ਤਕਨੀਕ ਦਾ ਨਮੂਨਾ ਹਨ। ਉਨ੍ਹਾਂ ਇੰਜਿਨੀਅਰਿੰਗ ਕਾਲਜ ਚੰਡੀਗੜ੍ਹ ਦੀ ਉਸਾਰੀ ਵੀ ਕਰਵਾਈ ਸੀ।
ਪਿੰਡਾਂ ਨੂੰ ਦਿਹਾਤੀ ਸੜਕਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ 37 ਸਾਲ ਦੀ ਬੇਦਾਗ਼ ਨੌਕਰੀ ਕਰਨ ਤੋਂ ਬਾਅਦ ਫਰਵਰੀ 1981 ਵਿੱਚ ਸੇਵਾ ਮੁਕਤ ਹੋਏ ਸਨ। ਬਿਕਰਮ ਸਿੰਘ ਗਰੇਵਾਲ ਦਾ ਜਨਮ ਪਿਤਾ ਸ੍ਰ.ਬੂਟਾ ਸਿੰਘ ਗਰੇਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਲੁਧਿਆਣਾ ਜਿਲ੍ਹੇ ਦੇ ਪਿੰਡ ਲਲਤੋਂ ਵਿਖੇ 15 ਫਰਵਰੀ 1923 ਨੂੰ ਹੋਇਆ। ਬੂਟਾ ਸਿੰਘ ਗਰੇਵਾਲ ਪੰਜਾਬ ਦੇ ਮੰਨੇ ਪ੍ਰਮੰਨੇ ਠੇਕੇਦਾਰ ਸਨ। ਉਨ੍ਹਾਂ ਦਾ ਵੱਡਾ ਸਪੁੱਤਰ ਹਰਜੀਤ ਇੰਦਰ ਸਿੰਘ ਗਰੇਵਾਲ ਆਈ.ਏ.ਐਸ.ਅਧਿਕਾਰੀ ਭਰ ਜਵਾਨੀ ਵਿੱਚ ਸਵਰਗ ਸਿਧਾਰ ਗਏ ਸਨ। ਬਿਕਰਮ ਸਿੰਘ ਗਰੇਵਾਲ ਆਪਣੇ ਪਿੱਛੇ ਪਤਨੀ ਨਿਰਮਲਜੀਤ ਕੌਰ ਗਰੇਵਾਲ, ਸਪੁੱਤਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ, ਸਪੁੱਤਰੀ ਨੀਨਾ ਸਿੰਘ, ਪੋਤਰੇ- ਪੋਤਰੀਆਂ, ਦੋਹਤੇ-ਦੋਹਤਰੀਆਂ ਅਤੇ ਪੜਪੋਤਰੇ-ਪੜਪੋਤਰੀਆਂ ਛੱਡ ਗਏ ਹਨ।
ਬਿਕਰਮ ਸਿੰਘ ਗਰੇਵਾਲ ਦੀ ਅੰਤਮ ਅਰਦਾਸ ਅਤੇ ਕੀਰਤਨ 5 ਫ਼ਰਵਰੀ 2024 ਸੋਮਵਾਰ ਨੂੰ ਗੁਰਦੁਆਰਾ ਸਾਹਿਬ ਸੈਕਟਰ 8 ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 12.30 ਤੋਂ 1.30 ਵਜੇ ਤੱਕ ਹੋਵੇਗਾ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh480yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.