ਪ੍ਰੋ.ਜਸਵੰਤ ਸਿੰਘ ਗੰਡਮ ਵਿਦਵਾਨ ਖੋਜੀ ਵਿਅੰਗਕਾਰ ਹੈ। ਉਸ ਦੇ ਵਿਅੰਗ ਦੇ ਤੀਰ ਤਿੱਖੇ ਹੁੰਦੇ ਹਨ, ਜਿਹੜੇ ਬੇਸਮਝ ਇਨਸਾਨ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ। ਉਸ ਦੇ ਵਿਅੰਗ ਦੀਆਂ ਦੋ ਪੁਸਤਕਾਂ ‘ਕੁਛ ਤੇਰੀਆਂ ਕੁਛ ਮੇਰੀਆਂ’ ਅਤੇ ‘ਸੁੱਤੇ ਸ਼ਹਿਰ ਦਾ ਸਫ਼ਰ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉੱਗਦੇ ਸੂਰਜ ਦੀ ਅੱਖ ਉਸ ਦੀ ਤੀਜੀ ਪੁਸਤਕ ਹੈ। ਇਸ ਪੁਸਤਕ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੇ ਹਿੱਸੇ ਵਿਚ 19 ਜਾਣਕਾਰੀ ਭਰਪੂਰ ਸੰਜੀਦਗੀ ਵਾਲੇ ਅਤੇ ਦੂਜੇ ਹਿੱਸੇ ਵਿੱਚ 14 ਵਿਅੰਗਾਤਮਿਕ ਲੇਖ ਹਨ। ਪਹਿਲੇ ਭਾਗ ਵਾਲੇ ਲੇਖਾਂ ਵਿੱਚ ਵੀ ਵਿਅੰਗ ਦੇ ਤੀਰ ਲੱਗੇ ਹੋਏ ਹਨ। ਉਹ ਪੜ੍ਹਿਆ ਲਿਖਿਆ ਵਿਦਵਾਨ ਤੇ ਗੁੜ੍ਹਿਆ ਤਜਰਬੇਕਾਰ ਵਿਅੰਗਕਾਰ ਹੈ। ਪ੍ਰੋ.ਜਸਵੰਤ ਸਿੰਘ ਗੰਡਮ ਦੇ ਲੇਖ ਲਗਪਗ ਹਰ ਵਿਸ਼ੇ ਨਾਲ ਸੰਬੰਧਤ ਹੁੰਦੇ ਹਨ। ਉਹ ਅੰਗਰੇਜ਼ੀ ਦੇ ਪ੍ਰੋਫ਼ੈਸਰ ਰਹੇ ਹਨ, ਇਸ ਲਈ ਉਨ੍ਹਾਂ ਦਾ ਗਿਆਨ ਬਹੁਤ ਜ਼ਿਆਦਾ ਹੈ, ਜਿਸ ਕਰਕੇ ਹਰ ਲੇਖ ਵਿੱਚ ਜਿਹੜੀਆਂ ਗੱਲਾਂ ਲਿਖਦੇ ਹਨ, ਉਹ ਸਚਾਈ ‘ਤੇ ਅਧਾਰਤ ਹੁੰਦੀਆਂ ਹਨ। ਕਿਸੇ ਵਿਸ਼ੇ ‘ਤੇ ਲੇਖ ਲਿਖਣ ਲਈ ਉਸ ਖੇਤਰ ਦੀ ਜਾਣਕਾਰੀ ਅਰਥਾਤ ਗਿਆਨ ਹੋਣਾ ਅਤਿਅੰਤ ਜ਼ਰੂਰੀ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਦੀ ਖੂਬੀ ਇਹੋ ਹੈ ਕਿ ਉਹ ਗਿਆਨ ਦਾ ਭੰਡਾਰ ਹੈ। ਇਸ ਲਈ ਉਸ ਦੇ ਲੇਖ ਜਾਣਕਾਰੀ ਭਰਪੂਰ ਤੇ ਦਿਲਚਸਪ ਮਨੋਰੰਜਨ ਵਾਲੇ ਹੁੰਦੇ ਹਨ। ਉਹ ਆਪਣੇ ਵਿਸ਼ੇ ਦੀ ਤਹਿ ਤੱਕ ਅਜਿਹੀ ਜਾਣਕਾਰੀ ਦਿੰਦਾ ਹੈ, ਜਿਹੜੀ ਪਾਠਕ ਨੂੰ ਅੱਗੇ ਪੜ੍ਹਨ ਲਈ ਪ੍ਰੇਰਦੀ ਹੈ। ਇਕ ਵਾਰ ਲੇਖ ਸ਼ੁਰੂ ਕਰਕੇ ਖ਼ਤਮ ਕੀਤੇ ਬਿਨਾ ਰੁਕ ਨਹੀਂ ਸਕਦੇ ਕਿਉਂਕਿ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਵਾਰ-ਵਾਰ ਉਹ ਵਿਅੰਗ ਦੇ ਤੁਣਕੇ ਮਾਰਦਾ ਰਹਿੰਦਾ ਹੈ। ਲੇਖਾਂ ਵਿੱਚ ਇਤਨੀ ਜਾਣਕਾਰੀ ਹੁੰਦੀ ਹੈ, ਕਈ ਵਾਰ ਹੈਰਾਨ ਹੋਈਦਾ ਹੈ, ਇਤਨੀ ਜਾਣਕਾਰੀ ਕਿਵੇਂ ਤੇ ਕਿਥੋਂ ਇਕੱਤਰ ਕੀਤੀ ਹੈ। ਇਹ ਛੋਟੇ-ਛੋਟੇ ਲੇਖ ਪੀ.ਐਚ.ਡੀ. ਦੇ ਖੋਜੀ ਵਿਦਿਆਰਥੀਆਂ ਦੇ ਲਈ ਲਿਖੇ ਮਹਿਸੂਸ ਹੁੰਦੇ। ਉਸ ਦੇ ਲੇਖਾਂ ਦੇ ਵਾਕ ਛੋਟੇ ਅਤੇ ਸਰਲ ਹੁੰਦੇ ਹਨ। ਇਹੋ ਉਸ ਦੀ ਸ਼ੈਲੀ ਦੀ ਖ਼ੂਬੀ ਹੈ। ਲੇਖਾਂ ਦੇ ਸਿਰਲੇਖ ਵੀ ਪਾਠਕ ਦੇ ਮਨਾ ਨੂੰ ਟੁੰਬਦੇ ਹਨ, ਜਿਸ ਕਰਕੇ ਪਾਠਕ ਦੀ ਪੜ੍ਹਨ ਲਈ ਉਤੇਜਨਾ ਵੱਧ ਜਾਂਦੀ ਹੈ। ਉਦਾਹਰਣ ਲਈ ‘ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ’, ‘ਮੁੰਡਾ ਮੋਹ ਲਿਆ ਤਵੀਤਾਂ ਵਾਲਾ ਤੇ ਦਮੜੀ ਦਾ ਸੱਕ ਮਲ ਕੇ’, ‘ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ’, ‘ਸਾਗ ਮੱਥੇ ਦੇ ਭਾਗ’, ‘ ਚਮਚਿਆਂ ਦੇ ਸੱਤੀਂ ਕਪੜੀਂ ਅੱਗ’, ‘ਜਦੋਂ ਅਸੀਂ ਰੱਬ ਨੂੰ ਪਿਆਰੇ ਹੋ ਗਏ’, ‘ਐਤਕੀਂ ਤਾਂ ਨਿਚੋੜ ਸੁਟੇ ਨਿੰਬੂ ਨੇ’, ਜਦੋਂ ਅਸੀਂ ਮੂੰਹ ਕਾਲਾ ਕੀਤਾ’, ‘ਤੈਨੂੰ ਚੰਦ ਦੀ ਮੈਂ ਸੈਰ ਕਰਾਵਾਂ ਅਤੇ ‘ਇਸਰੋ’ ਦੀ ਮੋਟਰ ‘ਤੇ’। ਉਸ ਦੇ ਵਿਅੰਗ ਨਿਰਾ ਹਾਸਾ ਠੱਠਾ ਪੈਦਾ ਕਰਨ ਵਾਲੇ ਹੀ ਨਹੀਂ ਸਗੋਂ ਤੱਥਾਂ ਸਹਿਤ ਸਾਰਥਿਕ ਹੁੰਦੇ ਹਨ, ਜਿਨ੍ਹਾਂ ਦਾ ਪਾਠਕ ਦੇ ਮਨ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ। ਉਹ ਹੌਲੇ ਪੱਧਰ ਦਾ ਵਿਅੰਗ ਨਹੀਂ ਕਰਦਾ। ਉਸ ਦੀ ਇਸ ਪੁਸਤਕ ਵਿੱਚ 33 ਲੇਖ ਹਨ। ਇਸ ਪੁਸਤਕ ਦੇ ਲੇਖ ਵੀ ਰੰਗ ਬਰੰਗੇ ਹਨ, ਜਿਹੜੇ ਵਿਅੰਗ ਦੀ ਖ਼ੁਸ਼ਬੂ ਨਾਲ ਵਾਤਾਵਰਨ ਨੂੰ ਮਹਿਕਾ ਦਿੰਦੇ ਹਨ। ਪਹਿਲਾ ਲੇਖ ‘ਮਾਵਾਂ ਠੰਡੀਆਂ ਛਾਵਾਂ’ ਬਹੁਤ ਹੀ ਪ੍ਰੇਰਨਾਦਾਇਕ ਹੈ। ਇਸ ਲੇਖ ਦੀ ਮਹੱਤਤਾ ਆਧੁਨਿਕ ਸਮੇਂ ਵਿੱਚ ਹੋਰ ਵੱਧ ਜਾਂਦੀ ਹੈ ਕਿਉਂਕਿ ਬੱਚਿਆਂ ਵੱਲੋਂ ਮਾਂ ਨੂੰ ਉਹ ਸਤਿਕਾਰ ਨਹੀਂ ਮਿਲਦਾ ਜਿਹੜਾ ਮਿਲਣਾ ਚਾਹੀਦਾ ਹੈ। ਇਸ ਲੇਖ ਵਿੱਚ ਮਾਂ ਦੀ ਮਹੱਤਤਾ ਬਾਰੇ ਉਦਾਹਰਣਾ ਸਮੇਤ ਦੱਸਿਆ ਗਿਆ ਹੈ। ਪੁਸਤਕ ਦਾ ਦੂਜਾ ਲੇਖ ‘ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ’ ਅੰਬਾਂ ਬਾਰੇ ਕਾਬਲੇਤਾਰੀਫ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦੇ ਸਿਰਲੇਖ ਵਾਲਾ ‘ਉੱਗਦੇ ਸੂਰਜ ਦੀ ਅੱਖ’ ਸੂਰਜ ਦੀਆਂ ਕਿਰਨਾ ਦੀ ਸਮੇਂ ਅਨੁਸਾਰ ਅਹਿਮੀਅਤ ਵੱਖ-ਵੱਖ ਸਰੋਤਾਂ ਤੋਂ ਲੈ ਕੇ ਦੱਸੀ ਗਈ ਹੈ। ‘ਮੁੰਡਾ ਮੋਹ ਲਿਆ ਤਵੀਤਾਂ ਵਾਲਾ ਦਮੜੀ ਦਾ ਸੱਕ ਮਲ ਕੇ’ ਵਰਤਮਾਨ ਨੌਜਵਾਨ ਪੀੜ੍ਹੀ ਲਈ ਨਵੀਂ ਜਾਣਕਾਰੀ ਹੈ ਕਿਉਂਕਿ ਅੱਜ ਕਲ੍ਹ ਤਾਂ ਹਰ ਚੀਜ਼ ਬਾਜ਼ਾਰ ਦੀ ਵਸਤੂ ਬਣ ਚੁੱਕੀ ਹੈ। ਇਸ ਲੇਖ ਦੀ ਮਹੱਤਤਾ ਦਰਸਾਉਣ ਲਈ ਉਦਾਹਰਣਾ ਦਿੱਤੀਆਂ ਗਈਆਂ ਹਨ। ਕੁਦਰਤ ਦੇ ਦਿੱਤੇ ਰੂਪ ਨੂੰ ਸ਼ਿੰਗਾਰਾਂ ਦੀ ਕੋਈ ਲੋੜ ਨਹੀਂ। ਆਧੁਨਿਕ ਚੀਜ਼ਾਂ ਵਿਚਲਾ ਕੈਮੀਕਲ ਨੁਕਸਾਨਦਾਇਕ ਦਰਸਾਇਆ ਹੈ। ‘ਕਿਰਤ ਵਿਰਿਤ ਕਰ ਧਰਮ ਕੀ’ ਵਿੱਚ ਇਮਾਨਦਾਰੀ ਤੇ ਨੈਤਿਕਤਾ ਨਾਲ ਕਿਰਤ ਕਰਨ ‘ਤੇ ਜ਼ੋਰ ਦਿੱਤਾ ਗਿਆ। ‘ਜੰਜ ਪਰਾਈ ਅਹਿਮਕ ਨੱਚੇ’ ਵਿੱਚ ਦਰਸਾਇਆ ਗਿਆ ਹੈ ਕਿ ਅਮੀਰ ਲੋਕ ਫ਼ਜੂਲ ਖ਼ਰਚੀ ਕਰਕੇ ਰੁਪਏ ਉਜਾੜ ਰਹੇ ਪ੍ਰੰਤੂ ਗ਼ਰੀਬ ਭੁੱਖਮਰੀ ਹੰਢਾ ਰਹੇ ਹਨ। ਜੇਕਰ ਉਤਨੀ ਰਕਮ ਭੁੱਖਮਰੀ ਦੂਰ ਕਰਨ ਲਈ ਖ਼ਰਚੀ ਜਾਵੇ ਤਾਂ ਕੋਈ ਵੀ ਭੁੱਖਾ ਨਹੀਂ ਮਰੇਗਾ, ਵਿਖਾਵਾ ਤੇ ਹਓਮੈ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ‘ਅੱਖ ਚੁੱਭੀ ਅਮਨ ਦੀ’ ਰੂਸ ਯੂਕਰੇਨ ਯੁੱਧ ਦੀ ਦਾਸਤਾਂ ਹੈ। ਸੰਸਾਰਿਕ ਧੜੇਬੰਦੀ ਮਾਨਵਤਾ ਦਾ ਸਤਿਆਨਾਸ ਕਰ ਰਹੀ ਹੈ। ਜੰਗ ਨੁਕਸਾਨ ਦੇ ਪ੍ਰਤੀਕ ਹੁੰਦੇ ਹਨ। ‘ਚੱਕੀ ਦੇ ਪੁੜਾਂ ‘ਚ ਪਿਸਦੀ ਪੀੜ੍ਹੀ’ ਲੇਖ ਵਿੱਚ ਪੁਰਾਤਨ ਸਮੇਂ ਬੱਚਿਆਂ ਵੱਲੋਂ ਮਾਪਿਆਂ ਦਾ ਸਤਿਕਾਰ ਤੇ ਅੱਜ ਦੀ ਜੈਨਰੇਸ਼ਨ ਵੱਲੋਂ ਦੁਰਕਾਰ ਬਾਰੇ ਚਾਨਣਾ ਪਾਇਆ ਗਿਆ ਹੈ। ਇਸ ਲੇਖ ਵਿੱਚ ਸਿਆਸੀ ਤੀਰ ਵੀ ਮਾਰੇ ਹਨ। ‘ਕਾਲੇ ਕਾਲੇ ਰਸ ਭਰੇ ਜਾਮਣੂ’ ਲੇਖ ਵਿੱਚ ਇਨ੍ਹਾਂ ਦੀਆਂ ਕਿਸਮਾਂ ਅਤੇ ਪੌਸ਼ਟਿਕ ਮਹੱਤਤਾ, ਕੁੱਤੇ ਮਾਨਵਤਾ ਦੀ ਭਾਵਨਾਤਿਮਿਕ ਕਮੀ ਨੂੰ ਪੂਰਾ ਕਰਦੇ, ਪੱਖੀ ਪੰਜਾਬੀ ਸਭਿਅਚਾਰ ਦਾ ਅਨਿਖੜਵਾਂ ਅੰਗ, ਹੰਝੂਆਂ ਦੀ ਅੱਖਾਂ ਲਈ ਮਹੱਤਤਾ, ਸਮੱਸਿਆਵਾਂ ਦੇ ਟਾਕਰੇ ਸਮੇਂ ਹੰਝੂ ਨਾ ਕੇਰਨਾ, ਸਾਗ ਵਿਚ ਖੁਰਾਕੀ ਤੱਤ, ਵਿਟਾਮਿਨਾ ਆਦਿ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ। ਦੋਸਤ ਨੂੰ ਸ਼ਰਧਾਂਜਲੀ, ਤਾਜਮਹਿਲ ਪਿਆਰ ਦਾ ਪ੍ਰਤੀਕ ਵਾਦਵਿਵਾਦ ਗ਼ਲਤ, ਇਤਿਹਾਸਕ ਵਸਤਾਂ ਨਾਲ ਖਿਲਵਾੜ ਨਾ ਕਰਨਾ, ਗਵਾਏ ਮੌਕਿਆਂ ਦੀ ਦਾਸਤਾਂ ਲੇਖਕ ਦੀ ਨਿੱਜੀ ਜ਼ਿੰਦਗੀ ਬਾਰੇ, ਪਗੜੀ ਅਤੇ ਪੰਜ ਕਕਾਰ ਸਿੱਖਾਂ ਦੇ ਅਨਿਖੜਵੇਂ ਅੰਗ ਕਿਸੇ ਧਰਮ ਨਾਲ ਮੁਕਾਬਲਾ ਨਹੀਂ ਅਤੇ ਗਿਣਤੀ ਬਾਰੇ ਅੰਕੜੇ ਅਤੇ ਸ਼ੁਭ ਤੇ ਅਸ਼ੁਭ ਸਾਰੇ ਵਹਿਮ ਭਰਮ ਹਨ। ਨਮਕ ਤੋਂ ਨਕਦੀ ਦਾ ਸਫਰ ਲੇਖ ਵਿੱਚ ਦੱਸਿਆ ਹੈ ਕਿ ਪੁਰਾਣੇ ਸਮੇਂ ਵਿੱਚ ਤਨਖਾਹ ਜਾਂ ਮਿਹਨਤ ਦਾ ਇਵਜਾਨਾ ਲੂਣ ਅਤੇ ਜਿਨਸਾਂ ਨਾਲ ਦਿੱਤਾ ਜਾਂਦਾ ਸੀ। ਸਮਾਂ ਬਦਲਣ ਨਾਲ ਰੁਪਏ ਪੈਸੇ ਰਾਹੀਂ ਦਿੱਤਾ ਜਾਂਦਾ ਹੈ। ਚਮਚਿਆਂ ਵਾਲੇ ਲੇਖ ਵਿੱਚ ਦੱਸਿਆ ਹੈ ਕਿ ਖ਼ੁਸ਼ਾਮਦੀ ਲੋਕਾਂ ਦੀ ਸਿਆਸਤਦਾਨ ਅਤੇ ਅਧਿਕਾਰੀ ਜ਼ਿਆਦਾ ਸੁਣਦੇ ਹਨ। ਚਮਚਿਆਂ ਦੀਆਂ ਕਿਸਮਾ ਵੀ ਦੱਸੀਆਂ ਹਨ। ਇਹ ਇਨਸਾਫ਼ ਦੇ ਰਸਤੇ ਵਿੱਚ ਰੁਕਾਵਟ ਬਣਦੇ ਹਨ। ਸਾਡੇ ਲੋਕਾਂ ਵਿੱਚ ਬਿਮਾਰ ਦੀ ਖ਼ਬਰ ਲੈਣ ਦਾ ਰਿਵਾਜ਼ ਹੈ। ਖ਼ਬਰਾਂ ਲੈਣ ਵਾਲੇ ਸਗੋਂ ਚੰਗੇ ਭਲੇ ਨੂੰ ਬਿਮਾਰ ਕਰ ਦਿੰਦੇ ਹਨ। ਛੋਟੀ ਘਟਨਾ ਨੂੰ ਅਫ਼ਵਾਹਾਂ ਫੈਲਾ ਕੇ ਵੱਡੀਆਂ ਦੱਸਿਆ ਜਾਂਦਾ ਹੈ। ਖ਼ਬਰ ਲੈਣਾ ਵੀ ਵਿਖਾਵਾ ਹੀ ਹੈ। ਜਦੋਂ ਕੋਈ ਮਰ ਜਾਂਦਾ ਹੈ ਤਾਂ ਦੁਸ਼ਮਣ ਵੀ ਮਗਰਮੱਛ ਦੇ ਅਥਰੂ ਵਹਾਉਂਦੇ ਹਨ। ਜਿਉਂਦੇ ਦੀ ਭਾਵੇਂ ਵੇਖ ਭਾਲ ਨਾ ਕੀਤੀ ਹੋਵੇ ਮਰੇ ਤੇ ਵੱਡਾ ਕਰਕੇ ਵਿਖਾਵਾ ਕੀਤਾ ਜਾਂਦਾ ਹੈ। ਬਾਤ ਦਾ ਬਤੰਗੜ ਬਣਨਾ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਦੀ ਆਦਤ ਹੈ। ਬੜੀ ਲੱਸੀ ਹੋਈ ਵੀ ਆਪਣੀ ਮਾਂ ਬੋਲੀ ਦੀ ਕਦਰ ਕਰਨ ਦੀ ਸਿਖਿਆ ਦਿੰਦੀ ਹੈ। ਪ੍ਰੰਤੂ ਕਈ ਵਾਰੀ ਅੰਗਰੇਜ਼ੀ ਤੋਂ ਰੀਜਨਲ ਭਾਸ਼ਾ ਵਿੱਚ ਉਲੱਥਾ ਅਰਥ ਹੀ ਬਦਲ ਦਿੰਦਾ ਹੈ। ਕੇਂਦਰ ਸਰਕਾਰ ਤੇ ਵਿਅੰਗ ਹੈ ਕਿ ਉਹ ਹਿੰਦੀ ਧੱਕੇ ਨਾਲ ਲਾਗੂ ਕਰਵਾਉਂਦੀ ਹੈ। ਟੁੱਟ ਪਓ ਖੁਰਲੀਆਂ ਤੇ ਇਹ ਵੀ ਵਿਆਹਾਂ ਸ਼ਾਦੀਆਂ ਵਿੱਚ ਸ਼ਗਨ ਘੱਟ ਦਿੰਦੇ ਹਨ ਪ੍ਰੰਤੂ ਖਾਣੇ ਤੇ ਟੁੱਟ ਕੇ ਪੈ ਜਾਂਦੇ ਹਨ, ਖਾਣਿਆਂ ਵਿੱਚ ਵੀ ਨਵੇਂ-ਨਵੇਂ ਢੰਗ ਆ ਗਏ ਹਨ। ਪੁਰਾਣੇ ਸਮੇਂ ਵਿੱਚ ਪਿੰਡ ਦੇ ਲੋਕ ਹੀ ਆਪਸ ਵਿੱਚ ਮਿਲ ਕੇ ਕੰਮ ਕਰ ਲੈਂਦੇ ਸਨ। ਖਿਲਾਰਾ ਸਿੰਘ ਵਾਲੇ ਲੇਖ ਵਿੱਚ ਸਲੀਕੇ ‘ਤੇ ਜ਼ੋਰ ਦਿੱਤਾ ਗਿਆ ਹੈ। ਖਿਲਾਰਾ ਲਾਪ੍ਰਵਾਹੀ ਕਰਕੇ ਪੈਂਦਾ ਹੈ। ਬਿਮਾਰੀਆਂ ਦਾ ਵੀ ਡਰ ਰਹਿੰਦਾ ਹੈ। ਇਕ ਗਰਮ ਚਾਏ ਕੀ ਪਿਆਲੀ ਹੋ, ਲੇਖ ਵਿੱਚ ਕਿਸੇ ਹੋਰ ਦੇਸ਼ ਵਿੱਚ ਮੰਤਰੀ ਵੱਲੋਂ ਦੇਸ਼ ਦੀ ਕਰੰਸੀ ਬਚਾਉਂਦਾ ਨਹੀਂ ਚਾਹ ਘੱਟ ਪੀਣ ਦੀ ਅਪੀਲ ਤੇ ਬਾਵਰੋਲਾ ਖੜ੍ਹਾ ਹੋ ਗਿਆ ਪ੍ਰੰਤੂ ਸਾਡੇ ਦੇਸ਼ ਵਿੱਚ ਚਾਹ ਪੀਣ ਨਾਲ ਹੀ ਸੰਬੰਧ ਬਣਦੇ ਹਨ। ਮਹਿਮਾਨਾ ਨੂੰ ਧੱਕੇ ਨਾਲ ਚਾਹ ਪਿਲਾਈ ਜਾਂਦੀ ਹੈ। ਸਾਡੇ ਵਿਖਾਵੇ ਕਰਕੇ ਕਈ ਕਿਸਮ ਦੀਆਂ ਚਾਹ ਪੀਂਦੇ ਹਨ। ਪਸ਼ੂ ਵਾੜਾ ਵਿੱਚ ਸਿਆਸਤਦਾਨਾ ਵੱਲੋਂ ਆਪਣੇ ਵਿਰੋਧੀਆਂ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਜਾਂਦੀ ਹੈ। ਸਲੀਕੇ ਦੀ ਘਾਟ ਹੈ। ਨਿੰਬੂਆਂ ਦੀ ਮਹਿੰਗਾਈ ਨੇ ਤਾਂ ਗ਼ਰੀਬਾਂ ਦੇ ਵੱਟ ਕੱਢ ਦਿੱਤੇ। ਸਰਕਾਰਾਂ ਆਮ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ‘ਤੇ ਵੀ ਕਾਬੂ ਨਹੀਂ ਰੱਖ ਸਕਦੀਆਂ। ਮੁਨਾਫ਼ਾਖੋਰ ਸਰਕਾਰਾਂ ਨਾਲ ਮਿਲਕੇ ਮੁਨਾਫਾ ਕਮਾਉਂਦੇ ਹਨ। ਖਾਣ ਵਾਲੀਆਂ ਚੀਜ਼ਾਂ ਤੇ ਟੈਕਸ ਲਗਾਉਣ ਦਾ ਵਿਰੋਧ ਕੀਤਾ ਗਿਆ ਹੈ। ਪੰਜਾਬੀਆਂ ‘ਤੇ ਵਿਅੰਗ ਹੈ ਕਿ ਉਹ ਪਰੌਂਠੇ ਬਹੁਤ ਖਾਂਦੇ ਹਨ, ਜਿਹੜੇ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਸਾਦਾ ਖਾਣਾ, ਖਾਣ ਦੀ ਨਸੀਹਤ ਹੈ। ਕਲਫ ਲਗਾਉਣ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ, ਸਿਹਤ ਲਈ ਨੁਕਸਾਨਦਾਇਕ। ਸ਼ਰਾਬ ਦੇ ਨਸ਼ੇ ਦੇ ਮੁਕਾਬਲੇ ਸਿੰਥੈਟਿਕ ਨਸ਼ੇਆਂ ਦਾ ਦੌਰ ਹੋ ਗਿਆ। ਮਹਿੰਗਾਈ ਨੇ ਲੋਕਾਂ ਦਾ ਜੀਣਾ ਦੁਭਰ ਕਰ ਦਿੱਤਾ। ਖਾਮਖਾਹ ਦੀਆਂ ਇਛਾਵਾਂ ਫੜ੍ਹਾਂ ਮਾਰਨ ਵਾਲੇ ਕਰਦੇ ਹਨ।
176 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ ਫਗਵਾੜਾ (ਰਜਿ) ਨੇ ਪ੍ਰਕਾਸ਼ਤ ਕੀਤੀ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.