ਰਾਮ ਦੁਲਾਰੀ ਘਰਾਂ ਵਿੱਚ ਕੰਮ ਕਰਕੇ ਪਰਿਵਾਰ ਪਾਲਣ ਵਾਲੀ ਪ੍ਰਵਾਸੀ ਅਨਪੜ ਔਰਤ ਹੈ | ਜੋ ਕੋਠੀਆਂ ਵਿੱਚ ਕੰਮ ਕਰਦੀ ਇਹ ਬੁਝ ਗਈ ਕਿ ਪੜ੍ਹਾਈ ਦਾ ਮੁੱਲ ਪੈਸੇ ਨਾਲੋਂ ਵੀ ਜਿਆਦਾ ਹੈ | ਸਵੇਰੇ 6 ਵਜੇ ਤੋਂ ਲੈ ਕੇ ਦਿਨ ਢਲਦੇ ਤੱਕ ਕੰਮ ਕਰਦੀ । ਉਸ ਨੂੰ ਇਮਾਨਦਾਰੀ ਤੇ ਸਾਫ- ਸਫਾਈ ਸਦਕੇ ਕੋਈ ਵੀ ਕੰਮ ਤੋਂ ਨਾ ਹਟਾਉਂਦਾ । ਉਹ ਮੀਹ,ਹਨੇਰੀ,ਠੰਡ,ਗਰਮੀ ਵਿੱਚ ਵੀ ਸਮੇਂ ਦੀ ਪਬੰਦ ਸੀ। ਬਬਲੂ ਰਾਮ ਦੁਲਾਰੀ ਦਾ ਘਰ ਵਾਲਾ ਰਿਕਸ਼ਾ ਚਲਾਉਂਦਾ, ਦੋਵੇਂ ਜੀਆ ਨੇ ਪਰਿਵਾਰ ਨੂੰ ਬੜੇ ਸੁਚੱਜੇ ਢੰਗ ਨਾਲ ਸਾਂਭਿਆ ਹੋਇਆ ਸੀ|
ਉਸ ਦਾ ਲੜਕਾ ਤੇ ਲੜਕੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹਨ । ਪ੍ਰਾਈਮਰੀ ਪਾਸ ਕਰਨ ਦੇ ਮਗਰੋਂ ਜਦੋਂ ਹਾਈ ਸਕੂਲ ਵਿੱਚ ਗਏ ਤਾਂ ਅਧਿਆਪਕਾਂ ਨੇ ਖਾਸ ਤੌਰ ਤੇ ਸਕੂਲ ਵਿੱਚ ਬੁਲਾ ਕੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਲਈ ਜ਼ੋਰ ਦਿੱਤਾ ਜਦੋਂ ਕਿ ਉਹ ਪਹਿਲਾਂ ਹੀ ਅਨੁਸਾਸਨੀ ਸਨ। ਉਸ ਦਿਨ ਤੋਂ ਆਪਣੀ ਕਮਾਈ ਦਾ ਜਿਆਦਾ ਹਿੱਸਾ ਬੱਚਿਆਂ ਦੀ ਸਿਹਤ ਤੇ ਪੜ੍ਹਾਈ ਵਿੱਚ ਲਗਾਉਣਾ ਜਰੂਰੀ ਸਮਝਿਆ । ਘਰ ਦੇ ਖਰਚੇ ਦੀ ਜਿੰਮੇਵਾਰੀ ਬਬਲੂ ਨੂੰ ਸੌਪ ਦਿੱਤੀ ।ਬਿਹਾਰ ਤੋਂ ਪੰਜਾਬ ਆ ਕੇ ਘਰ ਦੀ ਤਰੱਕੀ ਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਤਾਂਘ ਨੇ ਰਾਮ ਦੁਲਾਰੀ ਨੂੰ ਕਦੇ ਥੱਕਣ ਨਾ ਦਿੱਤਾ|
ਸਭ ਦੇ ਨਾਲ ਬਿਨਾਂ ਭੇਦ-ਭਾਵ ਤੋਂ ਮਿਲ ਵਰਤਦੀ ਤੇ ਬਰਾਬਰ ਦਾ ਕੰਮ ਕਰਦੀ । ਇੱਕ ਕੋਠੀ ਵਿੱਚ ਅਧਖੜ ਉਮਰ ਦੇ ਅਫਸਰ ਪਤੀ ਪਤਨੀ ਰਿਹਦੇ , ਜਿਨਾਂ ਦੇ ਕੋਈ ਔਲਾਦ ਨਹੀਂ ਸੀ । ਘਰ ਵਿੱਚ ਵੱਡੀ ਗੱਡੀ ਤੇ ਐਸੋ ਆਰਾਮ ਦੀਆ ਸਭ ਸਹੂਲਤਾਂ ਮੌਜੂਦ ਸਨ। ਇਸ ਘਰ ਵੀ ਕੰਮ ਕਰਦੀ ਉਸ ਨਾਲ ਵੀ ਸਿੱਧੇ ਮੂੰਹ ਗੱਲ ਨਾ ਕਰਦੇ, ਉੁਹ ਵੀ ਚੁੱਪ ਚਾਪ ਕੰਮ ਕਰਕੇ ਚਲੀ ਜਾਂਦੀ । ਉਹਨਾਂ ਦੀ ਮੁਹੱਲੇ ਵਿੱਚ ਬੋਲ-ਚਾਲ ਨਹੀਂ ਸੀ । ਬੱਚੇ ਤਾ ਕੀ ਜਾਨਵਰਾਂ ਤੋਂ ਵੀ ਨਫਰਤ ਕਰਦੇ ਹਰ ਸਮੇ ਮੱਥੇ ਤਿਊੜੀਆਂ ਪਾ ਕੇ ਰੱਖਦੇ । ਉਹਨਾਂ ਦੇ ਘਰ ਹਮੇਸਾ ਸੁੰਨ ਪਸਰੀ ਰਹਿਦੀ ਕੋਈ ਵੀ ਗੁਆਢੀ ਜਾ ਰਿਸ਼ਤੇਦਾਰ ਨੂੰ ਆਉਂਦੇ ਨਹੀਂ ਦੇਖਿਆ | ਰਾਮ ਦੁਲਾਰੀ ਦਾ ਕਮਰਾ ਕੋਠੀਆ ਤੋਂ ਕੁਝ ਦੂਰੀ ਤੇ ਸੀ ਇਕ ਦਿਨ ਸਵੇਰੇ ਹੀ ਰਸਤੇ ਵਿੱਚ ਕੁੱਤੇ ਨੇ ਵੱਡ ਲਿਆ । ਉੁਂਜ ਹੀ ਤੱਤੇ ਘਾਹ ਚੁੰਨੀ ਦੀ ਲੀਰ ਬੰਨ ਕੇ ਕੰਮ ਕਰਨ ਆ ਗਈ ਤੇ ਕਿਸੇ ਨਾਲ ਇਹ ਗੱਲ ਸਾਝੀ ਨਾ ਕੀਤੀ।
ਮਾਂ ਦੇ ਘਰ ਪਹੁੰਚਦਿਆ ਹੀ ਬੱਚੇ ਪਹਿਲਾਂ ਟੀਕਾ ਲਗਵਾਉਣ ਗਏ ਤੇ ਡਾਕਟਰ ਮੁਤਾਬਕ ਕੁਝ ਦਿਨ ਆਰਾਮ ਕਰਨ ਲਈ ਆਖਿਆ | ਇਸ ਸਮੇ ਦੌਰਾਨ ਕਿਸੇ ਵੀ ਕੋਠੀ ਵਾਲੇ ਨੇ ਕੰਮ ਕਰਨ ਲਈ ਫੋਨ ਨਾ ਕੀਤਾ| ਪਰ ਉਸ ਜੋੜੇ ਨੇ ਦੁੱਖ ਨੂੰ ਨਾ ਸਮਝਦਿਆਂ ਹੋਇਆ ਉਸ ਨੂੰ ਕੰਮ ਕਰਨ ਲਈ ਆਖ ਦਿੱਤਾ| ਅੱਗਿਓ ਰਾਮ ਦੁਲਾਰੀ ਨੇ ਵੀ ਬੜੀ ਨਿਮਰਤਾ ਨਾਲ ਉਤਰ ਦਿੱਤਾ “ਬੀਬੀ ਜੀ ਕੱਲ ਆਖਰੀ ਟੀਕਾ ਲਗਨਾ ਹੈ ਉਸ ਤੇ ਬਾਅਦ ਸੀਧਾ ਆਪ ਕੇ ਘਰ ਕਾਮ ਕਰਨੇ ਆ ਜਾਊਗੀ।
ਅਜਿਹੇ ਦੁੱਖ ਦੀ ਘੜੀ ਸਭ ਜਾਣਕਾਰਾ ਨੇ ਪੂਰਾ ਸਾਥ ਦਿੱਤਾ । ਬੱਚਿਆ ਦਾ ਅੱਠਵੀ ਜਮਾਤ ਵਿੱਚੋ ਬਲਾਕ ਪੱਧਰ ਤੇ ਫਸਟ ਆਉਣਾ ਜੇਠ ਦੇ ਮਹੀਨੇ ਵਿੱਚ ਮੀਹ ਦੇ ਛਰਾਟੇ ਵਾਂਗ ਜਾਪਿਆ | ਸਾਰਾ ਪਰਿਵਾਰ ਬੜਾ ਖੁਸ਼ ਸੀ ਕਿ ਮਿਹਨਤ ,ਇਮਾਨਦਾਰੀ ਤੇ ਸਲੀਕੇ ਦੇ ਕਰਕੇ ਓਪਰੀ ਜਗ੍ਹਾ ਤੇ ਵੀ ਮਾਣ ਪ੍ਰਾਪਤ ਹੋਇਆ । ਇਹ ਸਭ ਕੁਝ ਪਰਿਵਾਰ ਨੇ ਬੜੇ ਸਹਿਜ ਤਰੀਕੇ ਨਾਲ ਹੀ ਮਾਣਿਆ।
ਇਕ ਦਿਨ ਰਾਮ ਦਲਾਰੀ ਅਫਸਰ ਜੋੜੇ ਦੇ ਘਰ ਕੰਮ ਕਰ ਰਹੀ ਸੀ ਤਾਂ ਸਵੇਰੇ ਟੀਵੀ ਤੇ ਪਾਠ ਚੱਲਣ ਕਰਕੇ ਆਪ ਮੁਹਾਰੇ ਸਿਰ ਢੱਕ ਲਿਆ | ਉਧਰੋਂ ਬੇਔਲਾਦ ਜੋੜਾ ਮਖਮਲੀ ਸੋਫਿਆ ਤੇ ਬੈਠਾ ਆਪਸ ਵਿੱਚ ਗੱਲਾਂ ਕਰ ਰਿਹਾ ਸੀ “ਕਿ ਕੁੱਤਾ ਦਿਲ ਦੇ ਖੋਟੇ ਤੇ ਕਰਮਾ ਮਾਰਿਆ ਨੂੰ ਹੀ ਕੱਟਦਾ ਹੈ” ਰਾਮ ਦੁਲਾਰੀ ਆਪਣੇ ਜੀਵਨ ਦੀਆਂ ਖੁਸ਼ੀਆਂ ਤੇ ਜੋੜੇ ਦੀ ਕੋਠੀ ਵਿੱਚ ਸਭ ਸਹੂਲਤਾਂ ਹੁੰਦੇ ਵੀ ਮਨਫੀ ਹੋਈਆ ਖੁਸ਼ੀਆਂ ਦੇਖ ਕੇ ਸੋਚਾਂ ਵਿੱਚ ਪੈ ਗਈ ਕਿ ਸਾਡੇ ਦੋਵਾਂ ਵਿੱਚੋਂ ਅਸਲ ਕਰਮਾਂ ਮਾਰਿਆ ਕੌਣ ਹੈ?
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੈਟ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ
Adv.dhaliwal@gmail.com
78374 90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.